ਅਟਲ ਜੀ ਬਹੁਤ ਯਾਦ ਆਉਂਦੇ ਹਨ

Thursday, Dec 21, 2023 - 05:09 PM (IST)

ਅਟਲ ਜੀ ਬਹੁਤ ਯਾਦ ਆਉਂਦੇ ਹਨ

25 ਦਸੰਬਰ ਦਾ ਦਿਨ ਦੇਸ਼ ਤੇ ਦੁਨੀਆ ਲਈ ਬਹੁਤ ਅਹਿਮ ਹੈ। ਇਸ ਦਿਨ ਭਾਵ 4 ਦਿਨ ਬਾਅਦ ਭਾਰਤ ਸਮੇਤ ਸਮੁੱਚੀ ਦੁਨੀਆ ਦੇ ਕਰੋੜਾਂ ਇਸਾਈ ਆਪਣੇ ਆਰਾਧਿਆ ਈਸਾ ਮਸੀਹ ਦਾ ਜਨਮ ਦਿਨ ਹਰ ਸਾਲ ਵਾਂਗ ਬਹੁਤ ਹੀ ਖੁਸ਼ੀਆਂ ਨਾਲ ਮਨਾਉਣਗੇ। ਯਿਸੂ ਦੇ ਅਣਗਿਣਤ ਸ਼ਰਧਾਲੂਆਂ ਨੂੰ ਇਸ ਗੱਲ ਨਾਲ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਕਿ ਇਹ ਦਿਨ ਇਕ ਪੋਪ ਦੀ ਕੋਰੀ-ਕਲਪਨਾ ’ਤੇ ਆਧਾਰਿਤ ਹੈ ਜਿਸ ਦਾ ਜ਼ਿਕਰ ਬਾਈਬਲ ਤੱਕ ’ਚ ਨਹੀਂ ਹੈ।

ਉਨ੍ਹਾਂ ਲਈ ਆਪਣੇ ਇਸ਼ਟ ਵੱਲੋਂ ਪ੍ਰਦਾਨ ਕੀਤੀਆਂ 10 ਆਗਿਆਵਾਂ ਦੀ ਪਾਲਣਾ, ਉਨ੍ਹਾਂ ਦੀ ਨਿਮਰਤਾ ਭਰੀ ਸ਼ਖਸੀਅਤ ਅਤੇ ਵਿਨੈਸ਼ੀਲ ਜੀਵਨ ਹੀ ਅਹਿਮੀਅਤ ਰੱਖਦਾ ਹੈ। ਇਹ ਸੰਜੋਗ ਹੀ ਹੈ ਕਿ ਉਸੇ ਦਿਨ ਭਾਵ 1924 ’ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਜਨ-ਨਾਇਕ ਅਤੇ ਹੁਨਰਮੰਦ ਸਿਆਸਤਦਾਨ ਸਵ. ਅਟਲ ਬਿਹਾਰੀ ਵਾਜਪਾਈ ਦਾ ਵੀ ਜਨਮ ਹੋਇਆ ਸੀ। ਇਸ ਵਾਰ ਉਨ੍ਹਾਂ ਦਾ 99ਵਾਂ ਜਨਮਦਿਨ ਮਨਾਇਆ ਜਾਵੇਗਾ। ਸਾਲ 2014 ਤੋਂ ਭਾਜਪਾ ਸ਼ਾਸਿਤ ਸੂਬਾਈ ਸਰਕਾਰਾਂ ਇਸ ਦਿਨ ਨੂੰ ਸੁਸ਼ਾਸਨ ਦਿਵਸ ਵਜੋਂ ਮਨਾ ਰਹੀਆਂ ਹਨ।

ਅਟਲ ਜੀ ਨਾਲ ਮੇਰੀ ਨਿੱਜੀ ਜਾਣ-ਪਛਾਣ 1980 ਦੇ ਦਹਾਕੇ ’ਚ ਹੋਈ ਸੀ। ਉਹ ਨਾ ਸਿਰਫ ਉਮਰ ’ਚ ਮੇਰੇ ਨਾਲੋਂ ਲਗਭਗ 25 ਸਾਲ ਵੱਡੇ ਸਨ ਸਗੋਂ ਜ਼ਿੰਦਗੀ ਦੇ ਕਈ ਪੱਖਾਂ ’ਚ ਸਰਵੋਤਮ ਵੀ ਸਨ। ਜਿੱਥੇ ਅਟਲ ਜੀ ਬੇਮਿਸਾਲ ਦਿਮਾਗੀ ਸਮਰੱਥਾ, ਉੱਚ ਸਿਆਸੀ ਸ਼ਖਸੀਅਤ ਅਤੇ ਤਿੱਖੇ ਬੁਲਾਰੇ ਵਾਲੇ ਗੁਣਾਂ ਨਾਲ ਭਰਪੂਰ ਸਨ, ਉਦੋਂ ਮੈਂ ਉਸ ਸਮੇਂ ਦਿੱਲੀ ਸਥਿਤ ਇਕ ਪ੍ਰਸਿੱਧ ਅੰਗ੍ਰੇਜ਼ੀ ਦੀ ਰੋਜ਼ਾਨਾ ਅਖਬਾਰ ਦਾ ਸਾਧਾਰਨ ਜਿਹਾ ਪੱਤਰਕਾਰ ਹੁੰਦਾ ਸੀ। ਇੰਨੇ ਭਾਰੀ ਫਰਕ ਹੋਣ ਦੇ ਬਾਅਦ ਵੀ ਉਹ ਆਪਣੇ ਸੁਭਾਅ ਦੇ ਅਨੁਸਾਰ ਮੇਰੇ ਨਾਲ ਦੋਸਤਾਨਾ ਅਤੇ ਪਿਆਰ ਭਰਿਆ ਵਤੀਰਾ ਰੱਖਦੇ ਸਨ।

ਅਟਲ ਜੀ ਦੀਆਂ ਯਾਦਾਂ ਨਾਲ ਉਨ੍ਹਾਂ ਰਾਹੀਂ ਮੈਨੂੰ ਕਹੀ ਇਕ-ਇਕ ਗੱਲ, ਉਨ੍ਹਾਂ ਨਾਲ ਬੀਤੇ ਖੁਸ਼ੀ ਵਾਲੇ ਪਲ, ਹਾਸੇ-ਠਹਾਕੇ, ਵਿਅੰਗਾ ਨਾਲ ਲਿਪਟੀਆਂ ਉਨ੍ਹਾਂ ਦੀਆਂ ਚੁਟੀਲੀਆਂ ਟਿੱਪਣੀਆਂ, ਉਨ੍ਹਾਂ ਦੇ ਸਰਲ ਆਦਰਸ਼ ਪਰ ਸ਼ਾਨ ਭਰੀ ਸ਼ਖਸੀਅਤ ਮੇਰੇ ਮਨ-ਦਿਮਾਗ ’ਚ ਅਚਾਨਕ ਜ਼ਿੰਦਾ ਹੋ ਉੱਠਦੀ ਹੈ। ਅਟਲ ਜੀ ਨਾਲ ਜੁੜੇ ਕੁਝ ਅਜਿਹੇ ਪਲ ਅਤੇ ਘਟਨਾਵਾਂ ਹਨ ਜੋ ਜਾਂ ਤਾਂ ਉਜਾਗਰ ਹੀ ਨਹੀਂ ਹੋਈਆਂ ਜਾਂ ਫਿਰ ਬਹੁਤ ਘੱਟ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਹੈ। ਉਨ੍ਹਾਂ ਸੀਮਤ ਲੋਕਾਂ ਦੀ ਸੂਚੀ ’ਚ ਮੈਂ ਵੀ ਇਕ ਹਾਂ। ਉਨ੍ਹਾਂ ’ਚੋਂ ਹੀ ਕੁਝ ਯਾਦਗਾਰੀ ਪਲਾਂ ਨੂੰ ਵੀ ਮੈਂ ਥੋੜ੍ਹੇ ਸ਼ਬਦਾਂ ’ਚ ਪਿਰੋਨ ਦਾ ਯਤਨ ਕਰ ਰਿਹਾ ਹਾਂ। ਜਦੋਂ ਮੈਨੂੰ ਉਨ੍ਹਾਂ ਨਾਲ ਯਾਤਰਾ ਕਰਨ ਦਾ ਮੌਕਾ ਮਿਲਦਾ, ਉਦੋਂ ਅਣਜਾਣ ਹੋਣ ਕਾਰਨ ਮੈਂ ਅਕਸਰ ਸੂਟ ਕੇਸ ਆਦਿ ਸਾਮਾਨ ਨਾਲ ਭਰੀ ਟਰਾਲੀ ਨੂੰ ਖਿੱਚਿਆ ਕਰਦਾ ਸੀ। ਉਦੋਂ ਅਟਲ ਜੀ ਨੇ ਤੈਅ ਕੀਤਾ ਸੀ ਕਿ ਕੋਈ ਵੀ ਇਕੱਲਾ ਭਾਰ ਨਹੀਂ ਚੁੱਕੇਗਾ। ਸਫਰ ਦੌਰਾਨ ਦੋਵੇਂ ਵਾਰੀ-ਵਾਰੀ ਇੰਝ ਕਰਿਆ ਕਰਾਂਗੇ। ਜਦੋਂ ਅਟਲ ਜੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਉਦੋਂ 12 ਨਵੰਬਰ 2001 ਨੂੰ ਇਕ ਪ੍ਰਸਿੱਧ ਅੰਗ੍ਰੇਜ਼ੀ ਅਖਬਾਰ ਨੇ ਉਨ੍ਹਾਂ ਨਾਲ ਸਬੰਧਤ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ।

ਪੱਤ੍ਰਿਕਾ ਨੇ ਆਪਣੇ ਉਸ ਲੇਖ ਨਾਲ ਜਿਸ ਸਾਲਾਂ ਪੁਰਾਣੀ ਫਾਈਲ ਫੋਟੋ ਦੀ ਵਰਤੋਂ ਕੀਤੀ ਸੀ, ਉਸ ’ਚ ਅਟਲ ਜੀ ਹਵਾਈ ਅੱਡੇ ’ਤੇ ਬੈਗਾਂ ਨਾਲ ਭਰੀ ਟਰਾਲੀ ਨੂੰ ਖਿੱਚਦੇ ਹੋਏ ਨਜ਼ਰ ਆ ਰਹੇ ਸਨ ਜਦੋਂ ਕਿ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਸੀ। ਉਹ ਫਾਈਲ ਫੋਟੋ ਮੇਰੇ ਲਈ ਅੱਜ ਵੀ ਕਿਸੇ ਵਿਰਾਸਤ ਤੋਂ ਘੱਟ ਨਹੀਂ ਹੈ।

ਅਟਲ ਜੀ ਕਿੰਨੇ ਨਿਮਰ ਸੁਭਾਅ ਦੇ ਸਨ, ਇਹ ਸਾਲ 1991 ਦੀ ਉਸ ਘਟਨਾ ਤੋਂ ਸਪੱਸ਼ਟ ਹੋ ਜਾਂਦਾ ਹੈ ਜਦ ਮੈਂ ਬੀਮਾਰ ਹੋਣ ਕਾਰਨ ਦਿੱਲੀ ਸਥਿਤ ਮੂਲਚੰਦ ਹਸਪਤਾਲ ’ਚ ਇਲਾਜ ਲਈ ਦਾਖਲ ਸੀ। ਉਸ ਸਮੇਂ ਅਟਲ ਜੀ ਮੇਰਾ ਹਾਲ-ਚਾਲ ਪੁੱਛਣ ਲਈ ਉੱਥੇ ਆਏ। ਹਸਪਤਾਲ ਦੇ ਮੁੱਖ ਦਰਵਾਜ਼ੇ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਅਟਲ ਜੀ ਨੂੰ ਪਛਾਣ ਨਹੀਂ ਸਕਿਆ ਅਤੇ ਮਿਲਣ ਦਾ ਨਿਰਧਾਰਿਤ ਸਮਾਂ ਨਾ ਹੋਣ ਅਤੇ ਅਗਲੇ ਦਿਨ ਆਉਣ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਜਦੋਂ ਅਟਲ ਜੀ ਵਾਪਸ ਜਾ ਰਹੇ ਸਨ ਤਾਂ ਮੇਰਾ ਇਲਾਜ ਕਰ ਰਹੇ ਡਾ. ਕੇ. ਕੇ. ਅਗਰਵਾਲ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਜਾਣਕਾਰੀ ਲੈਣ ਪਿੱਛੋਂ ਵਾਜਪਾਈ ਜੀ ਨੂੰ ਮੇਰੇ ਨਾਲ ਮੁਲਾਕਾਤ ਕਰਵਾਉਣ ਲਈ ਮੇਰੇ ਕਮਰੇ ’ਚ ਲੈ ਆਏ। ਇਹ ਬੇਮਿਸਾਲ ਘਟਨਾ ਅਟਲ ਜੀ ਦੇ ਸਾਦਗੀ ਅਤੇ ਸੱਭਿਅਕ ਸ਼ਖਸੀਅਤ ਨੂੰ ਸਾਬਤ ਕਰਦੀ ਹੈ ਜੋ ਮੌਜੂਦਾ ਸਮੇਂ ਦੇ ਸਿਆਸਤਦਾਨਾਂ ’ਚ ਦੁਰਲੱਭ ਹੋ ਚੁੱਕੀ ਹੈ।

ਜਦੋਂ ਮੈਂ ਦਿੱਲੀ ਸਥਿਤ ਪੰਡਾਰਾ ਰੋਡ ਵਿਖੇ ਰਹਿੰਦਾ ਸੀ ਤਾਂ ਇਕ ਦਿਨ ਅਟਲ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ। ਜਦੋਂ ਮੈਂ ਪਹੁੰਚਿਆ ਤਾਂ ਅਟਲ ਜੀ ਘਰ ਨਹੀਂ ਸਨ। ਉਨ੍ਹਾਂ ਦਾ ਪਰਿਵਾਰ ਦੇਸ਼ ਤੋਂ ਬਾਹਰ ਸੀ। ਮੈਂ ਇਕੱਲਾ ਬੈਠ ਕੇ ਉਨ੍ਹਾਂ ਦੀ ਉਡੀਕ ਕਰਨ ਲੱਗਾ। ਕਾਫੀ ਉਡੀਕ ਕਰਨ ਪਿੱਛੋਂ ਮੈਂ ਵਾਪਸ ਆਪਣੇ ਘਰ ਪਰਤ ਆਇਆ।

ਕੁਝ ਸਮੇਂ ਬਾਅਦ ਅਟਲ ਜੀ ਦਾ ਡਰਾਈਵਰ ਉਨ੍ਹਾਂ ਵੱਲੋਂ ਲਿਖੀ ਚਿੱਠੀ ਲੈ ਕੇ ਮੇਰੇ ਘਰ ਪੁੱਜਾ,ਚਿੱਠੀ ’ਚ ਲਿਖਿਆ ਸੀ,‘‘ ਟ੍ਰੈਫਿਕ ਜਾਮ ਹੋਣ ਕਾਰਨ ਮੈਂ ਸਮੇਂ ਸਿਰ ਘਰ ਨਹੀਂ ਪਹੁੰਚ ਸਕਿਆ। ਮੈਂ ਮਾਫੀ ਮੰਗਦਾ ਹਾਂ। ਜੇ ਹੁਣ ਸੰਭਵ ਹੋਵੇ ਤਾਂ ਵਾਪਸ ਆ ਕੇ ਮੇਰੇ ਨਾਲ ਭੋਜਨ ਕਰੋ।’’ ਮੈਂ ਤੁਰੰਤ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਸਵਾਦੀ ਭੋਜਨ ਦਾ ਅਨੰਦ ਲਿਆ। ਖਾਣ ਦੇ ਬੇਹੱਦ ਸ਼ੌਕੀਨ ਅਟਲ ਜੀ ਨੇ ਉਦੋਂ ਬੰਗਾਲੀ ਮਾਰਕੀਟ ਤੋਂ ਗਰਮਾ ਗਰਮ ਗੁਲਾਮ-ਜਾਮੁਨ ਮੰਗਵਾਏ ਸਨ।

ਮੈਂ ਗਵਾਹ ਹਾਂ ਕਿ ਭਿਆਨਕ ਹਾਲਾਤ ’ਚ ਵੀ ਅਟਲ ਜੀ ਨੇ ਕਦੀ ਵੀ ਆਪਣਾ ਹੌਸਲਾ ਨਹੀਂ ਹਾਰਿਆ। ਗੱਲ 1990 ਦੇ ਦਹਾਕੇ ਦੀ ਹੈ। ਉਦੋਂ ਹਿਮਾਚਲ ਪ੍ਰਦੇਸ਼ ’ਚ ਇਕ ਚੋਣ ਜਲਸੇ ਲਈ ਮੈਂ ਉਨ੍ਹਾਂ ਨਾਲ ਇਕ ਛੋਟੇ ਪ੍ਰਾਈਵੇਟ ਹਵਾਈ ਜਹਾਜ਼ ’ਚ ਸਫਰ ਕਰ ਰਿਹਾ ਸੀ। ਅਸੀਂ ਧਰਮਸ਼ਾਲਾ ਉਤਰਨਾ ਸੀ। ਮੇਰੇ ਨਾਲ ਦੀ ਸੀਟ ’ਤੇ ਅਟਲ ਜੀ ਆਰਾਮ ਕਰ ਰਹੇ ਸਨ। ਅਚਾਨਕ ਸਹਾਇਕ ਪਾਇਲਟ ਨੇ ਮੈਨੂੰ ਕਾਕਪਿਟ ’ਚ ਸੱਦਿਆ ਅਤੇ ਪੁੱਛਿਆ,‘‘ਕੀ ਤੁਸੀਂ ਇਹ ਵੇਖ ਕੇ ਦੱਸ ਸਕਦੇ ਹੋ ਕਿ ਹੇਠਾਂ ਜੋ ਸ਼ਹਿਰ ਵਿਖਾਈ ਦੇ ਰਿਹਾ ਹੈ, ਉਹ ਧਰਮਸ਼ਾਲਾ ਹੀ ਹੈ?’’ ਮੇਰੇ ਲਈ ਇਹ ਅਨੁਮਾਨ ਲਾਉਣਾ ਅਸੰਭਵ ਸੀ। ਹਵਾਈ ਜਹਾਜ਼ ’ਚ ਬਿਨਾਂ ਰੇਡੀਓ ਸੰਚਾਰ ਯੰਤਰ ਅਤੇ ਦੂਜੀ ਵਿਸ਼ਵ ਜੰਗ ਦਾ ਦਿਸ਼ਾ ਦੱਸਣ ਵਾਲਾ ਨਕਸ਼ਾ ਹੋਣ ਕਾਰਨ ਦੋਵੇਂ ਪਾਇਲਟ ਘਬਰਾਏ ਹੋਏ ਸਨ।

ਜਦੋਂ ਮੈਂ ਚਿੰਤਤ ਮੁਦਰਾ ’ਚ ਕਾਕਪਿਟ ’ਚੋਂ ਬਾਹਰ ਨਿਕਲਿਆ ਤਾਂ ਅਟਲ ਜੀ ਨੇ ਪੁੱਛਿਆ ਕਿ ਕੀ ਕੋਈ ਪ੍ਰੇਸ਼ਾਨੀ ਹੈ? ਮੈਂ ਉਨ੍ਹਾਂ ਨੂੰ ਅਸਲ ਸਥਿਤੀ ਬਾਰੇ ਜਾਣਕਾਰੀ ਦਿੱਤੀ। ਮੇਰੀ ਗੱਲ ਸੁਣਨ ਪਿੱਛੋਂ ਵਾਜਪਾਈ ਜੀ ਮੁੜ ਸੌਂ ਗਏ। ਇਸ ਦੌਰਾਨ ਹਵਾਈ ਜਹਾਜ਼ ਆਸਮਾਨ ’ਚ ਚੱਕਰ ਕੱਟਦਾ ਰਿਹਾ। ਸਾਡੇ ਸਭ ਦੇ ਹੱਥ-ਪੈਰ ਫੁੱਲੇ ਹੋਏ ਸਨ।

ਅਚਾਨਕ ਅਟਲ ਜੀ ਉੱਠੇ ਅਤੇ ਮਜ਼ਾਕ ਕਰਦੇ ਹੋਏ ਕਹਿਣ ਲੱਗੇ,‘‘ਤੇਲ ਖਤਮ ਹੋ ਜਾਣ ’ਤੇ ਹਵਾਈ ਜਹਾਜ਼ ਪਹਾੜ ਨਾਲ ਟਕਰਾ ਕੇ ਚੂਰ-ਚੂਰ ਹੋ ਜਾਵੇਗਾ। ਮੈਂ ਦੇਖ ਰਿਹਾ ਹਾਂ ਕਿ ਮੇਰਾ ਅੰਤਿਮ ਸੰਸਕਾਰ ਹੋ ਰਿਹਾ ਹੈ।’’ ਉਸ ਸਮੇਂ ਵਾਜਪਾਈ ਜੀ ਪੂਰੀ ਤਰ੍ਹਾਂ ਆਮ ਵਾਂਗ ਸਨ। ਚੰਗੇ ਭਾਗੀ ਉਦੋਂ ਇੰਡੀਅਨ ਏਅਰ ਲਾਈਨਜ਼ ਦਾ ਇਕ ਹਵਾਈ ਜਹਾਜ਼ ਅਸੀਂ ਉਤਰਦਾ ਦੇਖਿਆ। ਉਸ ਦੇ ਪਿੱਛੇ ਹੀ ਸਾਡਾ ਹਵਾਈ ਜਹਾਜ਼ ਵੀ ਉਤਰ ਗਿਆ। ਫਿਰ ਪਤਾ ਲੱਗਾ ਕਿ ਅਸੀਂ ਸਭ ਕੁੱਲੂ ’ਚ ਸੀ। ਇਹ ਇਕ ਬੇਹੱਦ ਰੋਮਾਂਚਕ ਯਾਤਰਾ ਸੀ।

ਮੇਰਾ ਮੰਨਣਾ ਹੈ ਕਿ ਦੁਨੀਆ ’ਚ ਅਜਿਹੇ ਕਈ ਯੁੱਗ ਪੁਰਸ਼ਾਂ ਦਾ ਜਨਮ ਹੋਇਆ ਹੈ ਜਿਨ੍ਹਾਂ ਆਪਣੇ ਰਾਸ਼ਟਰ ਅਤੇ ਉਸ ਦੇ ਕਾਲਚੱਕਰ ’ਤੇ ਅਮਿਟ ਛਾਪ ਛੱਡੀ ਹੈ। ਅਟਲ ਜੀ ਦੀ ਗਿਣਤੀ ਉਸੇ ਸ਼੍ਰੇਣੀ ’ਚ ਹੁੰਦੀ ਹੈ। ਉਨ੍ਹਾਂ ਨੂੰ ਮੇਰਾ ਬਹੁਤ-ਬਹੁਤ ਨਮਨ।

ਬਲਬੀਰ ਪੁੰਜ


 


author

Tanu

Content Editor

Related News