ਭਾਰਤੀ ਸੰਵਿਧਾਨ ਵਿਚ ਕਲਾਤਮਕਤਾ
Friday, Dec 06, 2024 - 05:57 PM (IST)
ਸਾਡਾ ਭਾਰਤ ਦੇਸ਼ ਸੰਸਕ੍ਰਿਤੀ ਅਤੇ ਇਤਿਹਾਸਕ ਵਿਰਸੇ ਦਾ ਜਿਊਂਦਾ-ਜਾਗਦਾ ਅਨੁਭਵ ਹੈ। ਇਸ ਦੇ ਇਤਿਹਾਸ ਨੂੰ ਸਾਧਾਰਨ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ। ਸੱਭਿਅਤਾ ਦੇ ਪੰਜ ਹਜ਼ਾਰ ਸਾਲ ਤੋਂ ਵੱਧ ਦੇ ਇਤਿਹਾਸ ਨੂੰ ਇਕ ਦਸਤਾਵੇਜ਼ ਦੇ ਰੂਪ ਵਿਚ ਪ੍ਰਗਟ ਕਰਨਾ ਇਸ ਤੋਂ ਵੀ ਔਖਾ ਹੈ ਜੋ ਇਕ ਨਵੀਂ ਆਜ਼ਾਦ ਕੌਮ ਦੀ ਆਜ਼ਾਦੀ ਦੇ ਸਮੇਂ ਦੀ ਕਿਸਮਤ ਦਾ ਮਾਰਗਦਰਸ਼ਨ ਕਰੇ।
ਪਰ ਆਚਾਰੀਆ ਨੰਦਲਾਲ ਬੋਸ ਸਿਰਫ਼ ਇਕ ਕਲਾਕਾਰ ਹੀ ਨਹੀਂ ਸਨ ਅਤੇ ਭਾਰਤ ਦੇ ਸੰਵਿਧਾਨ ’ਤੇ ਚਿੱਤਰਣ ਉਨ੍ਹਾਂ ਲਈ ਸਿਰਫ਼ ਇਕ ਹੋਰ ਕੰਮ ਨਹੀਂ ਸੀ। ਸੰਵਿਧਾਨ ਵਿਚ ਚਿੱਤਰਣ ਲਈ ਉਨ੍ਹਾਂ ਦੀ ਦ੍ਰਿਸ਼ਟੀ ਹੜੱਪਾ ਸੱਭਿਅਤਾ ਦੇ ਸਮੇਂ ਤੋਂ ਆਜ਼ਾਦੀ ਦੇ ਸਮੇਂ ਤੱਕ ਭਾਰਤ ਦੀ ਯਾਤਰਾ ਦਾ ਵਰਣਨ ਕਰਦੀ ਹੈ।
ਸੰਵਿਧਾਨ ਸਾਡੇ ਰਾਸ਼ਟਰੀ ਚਿੰਨ੍ਹ ਦੇ ਚਿੱਤਰਣ ਨਾਲ ਸ਼ੁਰੂ ਹੁੰਦਾ ਹੈ। ਨੰਦਲਾਲ ਬੋਸ ਬਹੁਤ ਸਪੱਸ਼ਟ ਸਨ ਕਿ ਪ੍ਰਤੀਕ ਵਿਚਲੇ ਸ਼ੇਰ ਬਿਲਕੁਲ ਅਸਲੀ ਸ਼ੇਰਾਂ ਵਰਗੇ ਹੋਣੇ ਚਾਹੀਦੇ ਹਨ, ਉਨ੍ਹਾਂ ਦੀ ਚਾਲ ਤੇ ਚਿਹਰੇ ਦੇ ਹਾਵ-ਭਾਵ ਸਹੀ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਉਮਰ ਦੇ ਅਨੁਸਾਰ ਬਦਲਾਓ ਹੋਣੇ ਚਾਹੀਦੇ ਹਨ।
ਰਾਸ਼ਟਰੀ ਚਿੰਨ੍ਹ ਦੇ ਡਿਜ਼ਾਈਨਰ ਦੀਨਾਨਾਥ ਭਾਰਗਵ, ਜੋ ਉਸ ਸਮੇਂ ਕਲਾ ਭਵਨ ਦੇ ਇਕ ਨੌਜਵਾਨ ਵਿਦਿਆਰਥੀ ਸਨ, ਨੇ ਇਸ ਕਲਾਕਾਰੀ ਨੂੰ ਪੇਂਟ ਕਰਨ ਤੋਂ ਪਹਿਲਾਂ ਸ਼ੇਰਾਂ ਦੇ ਹਾਵ-ਭਾਵ, ਸਰੀਰ ਦੀ ਭਾਸ਼ਾ ਅਤੇ ਢੰਗ-ਤਰੀਕਿਆਂ ਦਾ ਅਧਿਐਨ ਕਰਨ ਲਈ ਮਹੀਨਿਆਂ ਲਈ ਕੋਲਕਾਤਾ ਚਿੜੀਆਘਰ ਦਾ ਦੌਰਾ ਕੀਤਾ। ਪ੍ਰਸਤਾਵਨਾ ਪੰਨਾ ਅਤੇ ਹੋਰ ਕਈ ਪੰਨੇ ਬਿਹਾਰ ਦੇ ਰਾਮਮਨੋਹਰ ਸਿਨਹਾ ਵੱਲੋਂ ਡਿਜ਼ਾਈਨ ਕੀਤੇ ਗਏ ਸਨ।
ਸੰਵਿਧਾਨ ਦੀ ਪ੍ਰਸਤਾਵਨਾ ਇਕ ਆਇਤਾਕਾਰ ਬਾਰਡਰ ਨਾਲ ਘਿਰਿਆ ਇਕ ਹੱਥ ਲਿਖਤ ਪਾਠ ਹੈ। ਬਾਰਡਰ ਦੇ ਚਾਰ ਕੋਨਿਆਂ ਵਿਚ ਚਾਰ ਪਸ਼ੂਆਂ ਨੂੰ ਦਰਸਾਇਆ ਗਿਆ ਹੈ। ਦਰਸਾਏ ਗਏ ਚਾਰ ਜਾਨਵਰ ਭਾਰਤ ਦੇ ਰਾਸ਼ਟਰੀ ਚਿੰਨ੍ਹ ਦੇ ਆਧਾਰ ਤੋਂ ਲਏ ਗਏ ਹਨ। ਬਾਰਡਰ ਆਰਟ ਵਰਕ ਵਿਚ ਕਮਲ ਦਾ ਨਮੂਨਾ ਪ੍ਰਮੁੱਖ ਰੂਪ ਵਿਚ ਦਿਖਾਈ ਦਿੰਦਾ ਹੈ।
ਸੰਵਿਧਾਨ ਦਾ ਹਰ ਹਿੱਸਾ ਇਕ ਚਿੱਤਰ ਨਾਲ ਸ਼ੁਰੂ ਹੁੰਦਾ ਹੈ ਅਤੇ ਵੱਖ-ਵੱਖ ਪੰਨਿਆਂ ’ਤੇ ਵੱਖ-ਵੱਖ ਬਾਰਡਰ ਡਿਜ਼ਾਈਨ ਦਿਖਾਏ ਗਏ ਹਨ। ਚਿੱਤਰ ’ਤੇ ਅਤੇ ਬਾਰਡਰ ਦੇ ਕੋਲ ਕਲਾਕਾਰਾਂ ਦੇ ਦਸਤਖ਼ਤ ਦਿਖਾਈ ਦਿੰਦੇ ਹਨ, ਜੋ ਇਸ ਪ੍ਰਾਜੈਕਟ ’ਤੇ ਸਾਰਿਆਂ ਦੇ ਸਹਿਯੋਗ ਨੂੰ ਦਰਸਾਉਂਦੇ ਹਨ।
ਕਈ ਪੰਨਿਆਂ ’ਤੇ ਬਹੁਤ ਸਾਰੇ ਦਸਤਖ਼ਤ ਹਨ, ਜੋ ਬੰਗਾਲੀ, ਹਿੰਦੀ, ਤਾਮਿਲ ਅਤੇ ਅੰਗਰੇਜ਼ੀ ਵਿਚ ਦਿਖਾਈ ਦਿੰਦੇ ਹਨ। ਭਾਰਤ ਦੇ ਸੰਵਿਧਾਨ ਦੇ ਭਾਗ 19 ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਇਕ ਚਿੱਤਰ ਹੈ, ਜਿਸ ਵਿਚ ਫੌਜੀ ਪਹਿਰਾਵੇ ਵਿਚ ਨੇਤਾ ਜੀ ਆਪਣੇ ਸੈਨਿਕਾਂ ਨਾਲ ਘਿਰੇ ਹੋਏ ਸਲਾਮੀ ਦੇ ਰਹੇ ਹਨ। ਨੰਦਲਾਲ ਬੋਸ ਦੇ ਦਸਤਖ਼ਤ ਚਿੱਤਰ ’ਤੇ ਦਿਖਾਈ ਦਿੰਦੇ ਹਨ ਅਤੇ ਏ. ਪੇਰੂਮਲ ਦੇ ਦਸਤਖ਼ਤ ਪੰਨੇ ਦੇ ਖੱਬੇ ਹੇਠਲੇ ਕੋਨੇ ’ਤੇ ਦਿਖਾਈ ਦਿੰਦੇ ਹਨ।
ਉਹ ਕਲਾ ਨੂੰ ਲੋਕਾਂ ਤੱਕ ਲੈ ਕੇ ਜਾਣ ਵਾਲੇ ਕਲਾਕਾਰ ਵਜੋਂ ਮਸ਼ਹੂਰ ਹੋਏ। ਸੰਵਿਧਾਨ ਦਾ ਭਾਗ VI, ਜੋ ਕਿ ਪਹਿਲੀ ਅਨੁਸੂਚੀ ਦੇ ਭਾਗ ਏ ਵਿਚ ਰਾਜਾਂ ਨਾਲ ਸੰਬੰਧਤ ਹੈ, ਉਹ ਧਿਆਨ ਵਿਚ ਬੈਠੇ ਭਗਵਾਨ ਮਹਾਵੀਰ ਦੀ ਇਕ ਸ਼ਾਨਦਾਰ ਰੰਗੀਨ ਤਸਵੀਰ ਨਾਲ ਸ਼ੁਰੂ ਹੁੰਦਾ ਹੈ, ਜਿਸ ’ਚ ਉਹ ਆਪਣੀਆਂ ਅੱਖਾਂ ਬੰਦ ਕਰ ਕੇ ਅਤੇ ਹਥੇਲੀਆਂ ਇਕ-ਦੂਜੇ ’ਤੇ ਟਿਕਾ ਕੇ ਬੈਠੇ ਹੋਏ ਹਨ।
ਇਹ ਮੂਲ ਸੰਵਿਧਾਨ ਦੀਆਂ ਕੁਝ ਰੰਗੀਨ ਤਸਵੀਰਾਂ ਵਿਚੋਂ ਇਕ ਹੈ। ਰੰਗੀਨ ਚਿੱਤਰਾਂ ’ਤੇ ਜਮੁਨਾ ਸੇਨ ਅਤੇ ਨੰਦਲਾਲ ਬੋਸ ਦੇ ਦਸਤਖ਼ਤ ਹਨ। ਇਸ ਪੰਨੇ ’ਤੇ ਬਾਰਡਰ ਡਿਜ਼ਾਈਨ ’ਤੇ ਕਲਾਕਾਰ ਰਜਨੀਤੀ ਦੇ ਵੀ ਦਸਤਖ਼ਤ ਹਨ।
ਭਾਰਤੀ ਸੰਵਿਧਾਨ ਦਾ ਭਾਗ 15 ਚੋਣਾਂ ’ਤੇ ਕੇਂਦ੍ਰਿਤ ਹੈ। ਇਸ ਪੰਨੇ ’ਤੇ ਦਿੱਤੀਆਂ ਗਈਆਂ ਤਸਵੀਰਾਂ ਭਾਰਤ ਦੇ ਦੋ ਬਹਾਦਰ ਸਪੂਤਾਂ, ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਨੂੰ ਦਰਸਾਉਂਦੀਆਂ ਹਨ। ਇਸ ਪੰਨੇ ’ਤੇ ਚਿੱਤਰ ਧੀਰੇਂਦਰ ਕ੍ਰਿਸ਼ਨ ਦੇਬ ਬਰਮਨ ਵੱਲੋਂ ਤਿਆਰ ਕੀਤੇ ਗਏ ਹਨ, ਜੋ ਤ੍ਰਿਪੁਰਾ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਸਨ ਅਤੇ ਉਨ੍ਹਾਂ ਦੇ ਰਵਿੰਦਰਨਾਥ ਟੈਗੋਰ ਅਤੇ ਨੰਦਲਾਲ ਬੋਸ ਨਾਲ ਨਜ਼ਦੀਕੀ ਸਬੰਧ ਸਨ।
ਬਾਰਡਰ ਡਿਜ਼ਾਈਨ ’ਤੇ ਭਾਰਤ ਦੇ ਪ੍ਰਸਿੱਧ ਕਲਾਕਾਰ ਅਤੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕ੍ਰਿਪਾਲ ਸਿੰਘ ਸ਼ੇਖਾਵਤ ਦੇ ਦਸਤਖ਼ਤ ਹਨ, ਜੋ ਜੈਪੁਰ ਦੇ ਆਈਕਾਨਿਕ ਬਲੂ ਬਰਤਨ ਦੀ ਕਲਾ ਨੂੰ ਮੁੜ-ਸੁਰਜੀਤ ਕਰਨ ਲਈ ਜਾਣੇ ਜਾਂਦੇ ਹਨ।
ਸੰਵਿਧਾਨ ਵਿਚ ਚਿੱਤਰਾਂ ਦੀ ਪ੍ਰੇਰਣਾ ਭਾਰਤ ਦੇ ਵਿਸ਼ਾਲ ਇਤਿਹਾਸ, ਭੌਤਿਕ ਲੈਂਡਸਕੇਪ, ਮਿਥਿਹਾਸਕ ਚਿੱਤਰਾਂ ਅਤੇ ਸੁਤੰਤਰਤਾ ਸੰਗਰਾਮ ਵਿਚੋਂ ਲਈ ਗਈ ਹੈ। ਭਾਰਤ ਦੇ ਸੰਵਿਧਾਨ ਦਾ ਭਾਗ 13 ‘ਭਾਰਤੀ ਖੇਤਰ ਵਿਚ ਵਪਾਰ, ਵਣਜ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ’ ਨਾਲ ਸੰਬੰਧਤ ਹੈ।
ਇਸ ਪੰਨੇ ’ਤੇ ਚਿੱਤਰ ਮਹਾਬਿਲਾਪੁਰਮ ਵਿਖੇ ਸਮਾਰਕਾਂ ਦੇ ਸਮੂਹ ਦਾ ਹਿੱਸਾ ਹੈ, ਜੋ ਕਿ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਹੈ। ‘ਗੰਗਾ ਦੀ ਉਤਰਾਈ’ ਇਕ ਵਿਸ਼ਾਲ, ਖੁੱਲ੍ਹੀ ਹਵਾ ਵਿਚ ਚੱਟਾਨ ਦੀ ਉੱਕਰੀ ਹੋਈ ਮੂਰਤੀ ਹੈ, ਜੋ ਗੰਗਾ ਨਦੀ ਦੇ ਸਵਰਗ ਤੋਂ ਧਰਤੀ ਤੱਕ ਉਤਰਨ ਦੀ ਕਹਾਣੀ ਨੂੰ ਪੱਥਰ ਵਿਚ ਦਰਸਾਉਂਦੀ ਹੈ।
ਭਾਗ 3, ਜੋ ਕਿ ਮੌਲਿਕ ਅਧਿਕਾਰਾਂ ਨਾਲ ਸੰਬੰਧਤ ਹੈ, ਰਾਮਾਇਣ ਦੇ ਇਕ ਦ੍ਰਿਸ਼ ਨੂੰ ਦਰਸਾਉਂਦਾ ਹੈ। ਇਸ ਪੰਨੇ ਦੇ ਬਾਰਡਰ ’ਤੇ ਜਮੁਨਾ ਸੇਨ ਦੇ ਦਸਤਖ਼ਤ ਹਨ। ਭਾਗ 4, ਜੋ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨਾਲ ਸੰਬੰਧਤ ਹੈ, ਮਹਾਭਾਰਤ ਦੇ ਇਕ ਦ੍ਰਿਸ਼ ਨੂੰ ਦਰਸਾਉਂਦਾ ਹੈ।
ਸੰਵਿਧਾਨ ਦਾ ਭਾਗ 7 ‘ਪਹਿਲੀ ਅਨੁਸੂਚੀ ਦੇ ਭਾਗ ਬੀ ਵਿਚ ਸ਼ਾਮਲ ਰਾਜਾਂ’ ਨਾਲ ਸੰਬੰਧਤ ਹੈ। ਇਸ ਭਾਗ ਦੇ ਸ਼ੁਰੂ ਵਿਚ ਦਿੱਤਾ ਗਿਆ ਦ੍ਰਿਸ਼ਟਾਂਤ ਸਮਰਾਟ ਅਸ਼ੋਕ ਦੁਆਰਾ ਬੁੱਧ ਧਰਮ ਦੇ ਪ੍ਰਸਾਰ ਨੂੰ ਦਰਸਾਉਂਦਾ ਹੈ। ਉਸ ਨੂੰ ਹਾਥੀ ’ਤੇ ਸਵਾਰ, ਹਰ ਤਰ੍ਹਾਂ ਨਾਲ ਸ਼ਿੰਗਾਰਿਆ ਅਤੇ ਬੋਧੀ ਭਿਕਸ਼ੂਆਂ ਨਾਲ ਘਿਰਿਆ ਦਿਖਾਇਆ ਗਿਆ ਹੈ।
ਇਹ ਚਿੱਤਰਣ ਅਜੰਤਾ ਸ਼ੈਲੀ ਵਿਚ ਹੈ, ਜਿਸ ਵਿਚ ਭਿਕਸ਼ੂਆਂ ਨੂੰ ਸਰੀਰ ਦੇ ਉੱਪਰਲੇ ਕੱਪੜਿਆਂ ਅਤੇ ਗਹਿਣਿਆਂ ਤੋਂ ਬਿਨਾਂ ਦਿਖਾਇਆ ਗਿਆ ਹੈ। ਇਹ ਚਿੱਤਰਣ ਨੰਦਲਾਲ ਬੋਸ ਵੱਲੋਂ ਕੀਤਾ ਗਿਆ ਸੀ, ਇਹ ਕੰਮ ਅਜੰਤਾ ਦੇ ਚਿੱਤਰਾਂ ਵਿਚ ਪਾਈਆਂ ਗਈਆਂ ਕਲਾਤਮਕ ਪਰੰਪਰਾਵਾਂ ਤੋਂ ਬਹੁਤ ਪ੍ਰਭਾਵਿਤ ਸੀ।
ਭਾਰਤ ਦਾ ਸੰਵਿਧਾਨ ਇਸ ਪੱਖੋਂ ਵਿਲੱਖਣ ਹੈ ਕਿ ਇਹ ਅਸਲ ਵਿਚ ਇਕ ਹੱਥ ਲਿਖਤ ਦਸਤਾਵੇਜ਼ ਸੀ। ਇਹ ਅੰਗਰੇਜ਼ੀ ਵਿਚ ਪ੍ਰੇਮ ਬਿਹਾਰੀ ਰਾਏਜ਼ਾਦਾ ਵੱਲੋਂ ਅਤੇ ਹਿੰਦੀ ਵਿਚ ਵਸੰਤ ਕੇ. ਵੈਦਿਆ ਵੱਲੋਂ ਲਿਖਿਆ ਗਿਆ ਸੀ। ਭਾਰਤ ਦਾ ਸੰਵਿਧਾਨ ਇਕ ਮੌਲਿਕ ਕਲਾ ਗ੍ਰੰਥ ਹੈ, ਜੋ ਸਮੇਂ ਦੀ ਪ੍ਰੀਖਿਆ ’ਤੇ ਖਰਾ ਉੱਤਰਿਆ ਹੈ।
ਗਜੇਂਦਰ ਸਿੰਘ ਸ਼ੇਖਾਵਤ (ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ, ਭਾਰਤ ਸਰਕਾਰ)