ਕਿੰਨੀ ਕੁ ਉਚਿਤ ਹੋਵੇਗੀ ਵਿਦਿਆਰਥੀਆਂ ਦੇ ਅੰਦਰੂਨੀ ਮੁਲਾਂਕਣ ਦੀ ਸਮਾਪਤੀ?

07/26/2015 6:59:45 PM

ਪੰਜਾਬ ਸਕੂਲ ਸਿੱਖਿਆ ਬੋਰਡ ਸਕੂਲੀ ਸਿੱਖਿਆ ਨਾਲ ਜੁੜਿਆ ਹੋਇਆ ਇਕ ਖੁਦਮੁੱਖਤਿਆਰ ਅਦਾਰਾ ਹੈ, ਜਿਹੜਾ ਸੈਕੰਡਰੀ ਅਤੇ ਸੀਨੀਅਸੈਕੰਡਰੀ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਤਹਿਸ਼ੁਦਾ ਢੰਗ-ਤਰੀਕਿਆਂ (ਪ੍ਰੀਖਿਆ ਪ੍ਰਣਾਲੀਰ ) ਨਾਲ ਪਰਖ ਕੇ ਇਸ ਗੱਲ ਨੂੰ ਸਨਦੀ ਰੂਪ ਵਿਚ ਪ੍ਰਮਾਣਿਤ ਕਰਦਾ ਹੈ ਕਿ ਸਬੰਧਤ ਜਮਾਤ ਦਾ ਪਾੜ੍ਹਾ ਜਾਂ ਪਾੜ੍ਹੀ ਕਿੰਨੇ ਕੁ ਪਾਣੀ (ਨਤੀਜੇ ਦੇ ਰੂਪ ''ਚ) ਵਿਚ ਹੈ।ਗਿਆਨ ਰੂਪੀ ਇਸ ਪਾਣੀ ਨੂੰ ਮਿਣਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਵਿਦਿਆਰਥੀਆਂ ਦੁਆਰਾ ਪੜ੍ਹੇ ਹੋਏ ਵਿਸ਼ਿਆਂ ਦਾ (ਇਮਤਿਹਾਨੀ ਪ੍ਰਬੰਧ ਰਾਹੀਂ) ਮੁਲਾਂਕਣ ਕੀਤਾ ਜਾਂਦਾ ਹੈ।ਪਹਿਲੇ ਸਮਿਆਂ ਵਿਚ ਇਹ ਮੁਲਾਂਕਣ ਵਿਦਿਆਰਥੀ ਦੀ ਬੌਧਿਕਤਾ ਜਾਂ ਉਸ ਦੀ ਰੱਟਣ ਸ਼ਕਤੀ ਨੂੰ ਹੀ ਆਪਣੇ ਘੇਰੇ ਵਿਚ ਲੈਂਦਾ ਰਿਹਾ ਹੈ।ਪ੍ਰੀਖਿਆਰਥੀ/ਵਿਦਿਆਰਥੀ ਨੂੰ ਤਿੰਨ ਘੰਟਿਆਂ ਦੇ ਸਮੇਂ ਲਈ ਲੱਗਭਗ ਸੌ ਕੁ ਅੰਕਾਂ ਦਾ ਪੇਪਰ ਹੱਲ ਕਰਨ ਲਈ ਦਿੱਤਾ ਜਾਂਦਾ ਸੀ।ਜਿਹੜਾ ਪ੍ਰੀਖਿਆਰਥੀ ਜਾਂ ਪ੍ਰੀਖਿਆਰਥਣ ਆਪਣੀ ਸੂਝ-ਬੂਝ ਤੋਂ ਕੰਮ ਲੈ ਕੇ ਜਾਂ ਆਪਣੀ ਰੱਟਾ ਸ਼ਕਤੀ ਦਾ ਚਮਤਕਾਰ ਦਿਖਾ ਕੇ ਸੌ ਅੰਕਾਂ ਵਿਚੋਂ ਘੱਟੋ-ਘੱਟ ਤੀਸਰੇ ਹਿੱਸੇ (ਤੇਤੀ) ਦੇ ਅੰਕ ਹਾਸਲ ਕਰ ਲੈਂਦਾ ਸੀ,ਉਸ ਨੂੰ ਸੰਬੰਧਤ ਵਿਸ਼ੇ ਵਿਚੋਂ ਪਾਸ ਘੋਸ਼ਿਤ ਕਰ ਦਿੱਤਾ ਜਾਂਦਾ ਸੀ।ਇਸ ਦੇ ਉਲਟ ਜਿਹੜਾ ਵਿਦਿਆਰਥੀ ਜਾਂ ਵਿਦਿਆਰਥਣ ਇਸ ਨਿਰਧਾਰਿਤ ਮਾਪਢੰਡ ''ਤੇ ਪੂਰਾ ਨਹੀਂ ਸੀ ਉਤਰਦਾ, ਉਸ ਦੀ ਸਾਰੇ ਸਾਲ ਦੀ ਵਿਦਿਅਕ ਕਾਰਗੁਜ਼ਾਰੀ ਉਪਰ ਕਾਟਾ ਫੇਰ ਕੇ ਉਸ ਨੂੰ ਫੇਲ੍ਹ ਕਰ ਦਿੱਤਾ ਜਾਂਦਾ ਸੀ।ਇਸ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਹ ਪਰਖ-ਪ੍ਰਣਾਲੀ ਪ੍ਰੀਖਿਆਰਥੀ ਦੇ ਕੇਵਲ ਕਿਤਾਬੀ-ਗਿਆਨ ਨੂੰ ਹੀ ਤਰਜ਼ੀਹ ਦਿੰਦੀ ਸੀ ਅਤੇ ਉਸ ਦੇ ਵਿਅਕਤਿੱਤਵ ਦੇ ਕਈ ਅੰਦਰੂਨੀ ਪੱਖਾਂ ਨੂੰ ਅਣਗੌਲਿਆਂ ਹੀ ਛੱਡ ਦਿੰਦੀ ਸੀ। ਸਿੱਖਿਆ ਸ਼ਾਸਤਰੀਆਂ ਅਤੇ ਦਿਮਾਗਦਾਰਾਂ ਨੇ ਇਸ ਅਣਗੌਲਿਤਾ ਨੂੰ ਬੋਰਡ ਦੀ ਪ੍ਰੀਖਿਆ ਪ੍ਰਣਾਲੀ ਦੀ ਇਕ ਵੱਡੀ ਊਣਤਾਈ ਮੰਨਦਿਆਂ ਹੋਇਆਂ ਸੁਝਾਇਆ ਕਿ ਮਨੁੱਖੀ ਸ਼ਖ਼ਸੀਅਤ ਦੇ ਕਈ ਹੋਰ ਵੀ ਅਹਿਮ ਪੱਖ ਹਨ ਜਿਹੜੇ ਇਸ ਮੁਲਾਂਕਣ ਪ੍ਰਣਾਲੀ ਦੇ ਘੇਰੇ ਵਿਚ ਨਹੀਂ ਆਉਂਦੇ। 
ਇਨ੍ਹਾਂ ਪੱਖਾਂ ਨੂੰ ਅਣਡਿੱਠ ਕਰਕੇ ਤਾਲਿਬਇਲਮਾਂ ਨਾਲ ਪੂਰੀ ਤਰ੍ਹਾਂ ਨਾਲ ਇਨਸਾਫ਼ ਨਹੀਂ ਕੀਤਾ ਜਾ ਸਕਦਾ।ਸਿੱਖਿਆ ਪੰਡਿਤਾਂ ਦੀ ਇਸ ਤਰਕੀਲੀ ਸੋਚ ''ਤੇ ਸਹੀ ਪਾਉਂਦਿਆਂ ਹੋਇਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਮੁਲਾਂਕਣ ਪ੍ਰਣਾਲੀ ਦੇ ਘੇਰੇ ਨੂੰ ਮੋਕਲਾ ਕਰਕੇ ਇਸ ਨਾਲ ਤਕਰੀਬਨ ਤੀਸਰੇ ਹਿੱਸੇ (੩੦ ਅੰਕਾਂ) ਦੇ ਅੰਦਰੂਨੀ ਮੁਲਾਂਕਣ ਨੂੰ ਵੀ ਜੋੜ ਦਿੱਤਾ।ਇਹ ਮੁਲਾਂਕਣ ਜਿਸ ਨੇ ਵਿਦਿਆਰਥੀ ਵਰਗ ਦੀਆਂ ਵਿਹਾਰਕ ਵਿਸ਼ੇਸ਼ਤਾਈਆਂ ਅਤੇ ਊਣਤਾਈਆਂ ਨੂੰ ਦ੍ਰਿਸ਼ਟੀਗੋਚਰ ਕਰਕੇ ਉਸ ਨੂੰ ਬਣਦੇ ਅੰਕਾਂ ਨਾਲ ਆਂਕਣਾਂ ਹੁੰਦਾ ਹੈ,ਇਸ ਦੀ ਨਿਰੋਲ ਜ਼ਿੰਮੇਵਾਰੀ ਮਜ਼ਮੂਨ ਮਾਸਟਰਾਂ ਦੇ ਮੋਢਿਆਂ ਉਪਰ ਪਾ ਦਿੱਤੀ ਗਈ।ਇਸ ਤਰ੍ਹਾਂ ਕਰਕੇ ਬੋਰਡ ਵੱਲੋਂ ਜਿਥੇ ਸਿੱਖਿਆਰਥੀ/ਪ੍ਰੀਖਿਆਰਥੀ ਵਰਗ ਦੇ ਬੌਧਿਕ ਬੋਝ ਨੂੰ ਹਲਕਾ ਕਰ ਦਿੱਤਾ ਗਿਆ,ਉਥੇ (ਕਿਸੇ ਹੱਦ ਤੱਕ) ਅਧਿਆਪਕ ਭਾਈਚਾਰੇ ਦੀ ਸਰਦਾਰੀ (ਸਤਿਕਾਰ) ਨੂੰ ਵੀ ਵਧਾ ਦਿੱਤਾ ਗਿਆ।ਅੰਦਰੂਨੀ ਮੁਲਾਂਕਣ (ਇੰਟਰਨਲ ਅਸੈਸਮੈਂਟ) ਦੇ ਤੀਹ ਨੰਬਰ ਵਿਸ਼ਾ ਅਧਿਆਪਕ ਕੋਲ ਰਾਖਵੇਂ ਹੋਣ ਕਰਕੇ ਮੋਢਿਆਂ ਤੋਂ ਦੀ ਥੁੱਕਣ ਵਾਲੇ ਕਈ ਵਿਦਿਆਰਥੀ ਵਿਸ਼ੇ ਨਾਲ ਸੰਬੰਧਤ ਮਾਸਟਰਾਂ/ਭੈਣਜੀਆਂ ਨੂੰ ''ਪਿਆਰ ਭਰੀ ਸਤਿ ਸ੍ਰੀ ਅਕਾਲ'' ਬੁਲਾਉਣ ਲੱਗ ਪਏ।ਭਾਵੇਂ ਨਿਰੀ ਸਤਿ ਸ੍ਰੀ ਅਕਾਲ ਬੁਲਾਈ ਵਧੇਰੇ ਅੰਕ ਪ੍ਰਾਪਤੀ ਦਾ ਸਬੱਬ ਨਹੀਂ ਬਣ ਸਕਦੀ ਪਰ ਕਿਸੇ ਹੱਦ ਅਧਿਆਪਕ ਦੇ ਰੁਝਾਨ ਨੂੰ ਤਰਸੀਲਾ ਜ਼ਰੂਰ ਬਣਾ ਦਿੰਦੀ ਹੈ।ਇਸ ਰੁਝਾਨ ਦੇ ਸਦਕਾ ਉਸ ਅਧਿਆਪਕ ਜਾਂ ਅਧਿਆਪਕਾ ਦਾ ਮਨ ਕਿਸੇ ਬੁੱਤਾ-ਸਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਪਾੜ੍ਹੇ/ਪਾੜ੍ਹੀ ਨੂੰ ਵੀ ਚੰਗੇ ਨੰਬਰਾਂ ਨਾਲ ਨਿਵਾਜ਼ਣ ਦੀ ਹਾਮੀ ਭਰਨ ਲੱਗ ਪੈਂਦਾ ਹੈ।      
ਇਸ ਤਰ੍ਹਾਂ ਅੰਦਰੂਨੀ ਮੁਲਾਂਕਣ ਜਿਥੇ ਵਿਦਿਆਰਥੀਆਂ ਦੇ ਅੰਕੀਂ ਬੋਝ ਨੂੰ ਘੱਟ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਪੰਧ ਸੁਖਾਲਾ ਕਰਦਾ ਆ ਰਿਹਾ ਹੈ ਉਥੇ ਅਧਿਆਪਕਾਂ (ਵਿਸ਼ੇਸ਼ ਕਰਕੇ ਔਖਿਆਲੇ ਵਿਸ਼ੇ ਵਾਲਿਆਂ) ਦੇ ਨਤੀਜਿਆਂ ਨੂੰ ਵੀ ਬੇਹਤਰੀ ਪ੍ਰਦਾਨ ਕਰ ਰਿਹਾ ਹੈ। ਅਖਬਾਰੀ ਖਬਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਉਣ ਵਾਲੇ ਸਮੇਂ ਵਿਚ ਇਸ ਅੰਦਰੂਨੀ ਮੁਲਾਂਕਣ-ਪ੍ਰਣਾਲੀ ਦਾ ਭੋਗ ਪਾਉਣ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ ਜੋ ਕਿ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਧਿਰਾਂ ਲਈ ਮੰਦਭਾਗਾ ਸਾਬਤ ਹੋਵੇਗਾ।   

ਰਮੇਸ਼ ਬੱਗਾ ਚੋਹਲਾ        


Related News