ਆਖਿਰ ਕਦੋਂ ਰੁੱਕਣਗੇ ਔਰਤਾਂ ''ਤੇ ਅੱਤਿਆਚਾਰ?
Friday, Jul 10, 2015 - 06:43 PM (IST)

ਭਾਵੇਂ ਔਰਤ ਤੋਂ ਬਿਨਾਂ ਮਨੁੱਖੀ ਸਮਾਜ ਦੀ ਹੋਂਦ ਨਹੀਂ ਹੋ ਸਕਦੀ ਪਰ ਸਦੀਆਂ ਤੋਂ ਹੀ ਇਹ ਮਨੁੱਖੀ ਸਮਾਜ ਸਦਾ ਮਰਦ ਪ੍ਰਧਾਨ ਰਿਹਾ ਹੈ ਅਤੇ ਔਰਤਾਂ ''ਤੇ ਸਦਾ ਜ਼ੁਲਮ ਹੁੰਦੇ ਆਏ ਹਨ। ਔਰਤਾਂ ''ਤੇ ਇਨ੍ਹਾਂ ਜ਼ੁਲਮਾਂ ਦੀ ਕਹਾਣੀ ਅੱਜ ਦੇ ਜ਼ਮਾਨੇ ਵਿਚ ਕੋਈ ਨਵੀਂ ਨਹੀਂ ਹੈ ਸਗੋਂ ਇਹ ਤਾਂ ਮਹਾਭਾਰਤ ਅਤੇ ਰਮਾਇਣ ਦੇ ਸਮਿਆਂ ਤੋਂ ਹੀ ਚਲੀ ਆ ਰਹੀ ਹੈ। ਜੁੱਗਾ-ਜੁਗਾਤਰਾਂ ਤੋਂ ਔਰਤ ਨੂੰ ਕਮਜੋਰ, ਅਵੱਲਾ ਅਤੇ ਨੀਵੀ ਦਰਸਾਉਣ ਦੇ ਯਤਨ ਹੁੰਦੇ ਆਏ ਹਨ, ਇਥੋਂ ਤੱਕ ਕਿ ਤੁਲਸੀਦਾਸ ਨੇ ਰਮਾਇਣ ਵਿਚ ਲਿਖਿਆ ਹੈ ਕਿ:-
''''ਢੋਲ, ਗਵਾਰ, ਸੂਦਰ, ਪਸ਼ੂ ਨਾਰੀ''''
ਜਿਹ ਸਭ ਤਾੜਣ ਕੇ ਅਧਿਕਾਰੀ''''
ਉਨ੍ਹਾਂ ਨੇ ਤਾਂ ਨਾਰੀ ਨੂੰ ਪਸ਼ੂਆਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ। ਇਸੇ ਤਰ੍ਹਾਂ ਜਰਮਨ ਦੇ ਇਕ ਵਿਦਵਾਨ ''ਗੇਟੇ'' ਨੇ ਤਾਂ ਲਿਖਿਆ ਹੈ ਕਿ ''''ਔਰਤ ਵਿਚ ਰੂਹ ਹੀ ਨਹੀਂ ਹੁੰਦੀ।'''' ਇਸ ਤੋਂ ਇਲਾਵਾ ਚੈਸ਼ਟਰ ਫੀਲਡ ਨੇ ਔਰਤਾਂ ਬਾਰੇ ਲਿਖਿਆ ਹੈ ਕਿ ''''ਔਰਤ ਪ੍ਰਮਾਤਮਾ ਦੀ ਇਕ ਮਜ਼ੇਦਾਰ ਗਲਤੀ ਹੈ। ਜੋਗੀ ਮੱਤ ਵਾਲਿਆ ਨੇ ਔਰਤ ਨੂੰ ''''ਬਗਿਆੜਨ'''' ਤੱਕ ਕਹਿ ਦਿੱਤਾ ਹੈ। ਕਹਿਣ ਦਾ ਭਾਵ ਕਿ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਪੱਖੋਂ ਸਦਾ ਔਰਤਾਂ ਨਾਲ ਗਲਤ ਵਿਵਹਾਰ ਹੀ ਹੁੰਦਾ ਆਇਆ ਹੈ। ਔਰਤ ਦੇ ਉੱਪਰ-ਉੱਠਣ ਦੇ ਜਿੰਨੇ ਵੀ ਯਤਨ ਹੁੰਦੇ ਹਨ ਉਹ ਸਭ ਵਿਫਲ ਹੁੰਦੇ ਰਹੇ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੀ ਦਸ਼ਾ ਸੁਧਾਰਣ ਲਈ ਉਪਰਾਲੇ ਕੀਤੇ ਅਤੇ ਲੋਕਾਂ ਨੂੰ '''' ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ''''।। ਜਿਹੇ ਸ਼ਬਦ ਰਾਹੀਂ ਸਮਝਾਉਣ ਦਾ ਯਤਨ ਕੀਤਾ ਪਰ ਸਮਾਜ ਵਿਚ ਬਹੁਤ ਘੱਟ ਬਦਲਾਅ ਆਇਆ। ਸ਼੍ਰੀ ਗੁਰੂ ਅਮਰ ਦਾਸ ਜੀ ਨੇ ''''ਸਤੀ ਪ੍ਰਥਾ'''' ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਔਰਤ ਨੂੰ ਈਮਾਨ ਦੱਸ ਕੇ, ਇਸਤਰੀ ਜਾਤੀ ਨੂੰ ਬਣਦਾ ਸਨਮਾਨ ਦੇਣ ਦਾ ਯਤਨ ਕੀਤਾ ਪਰ ਇਹ ਸਾਡਾ ਸਮਾਜ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿੱਚ ਇਨਾਂ ਗ੍ਰਸਤ ਹੈ ਕਿ ਔਰਤਾਂ ਪਰ ਕਿਸੇ ਵੀ ਤਰ੍ਹਾਂ ਜੁਲਮ ਘਟਣ ਦਾ ਨਾ ਹੀ ਨਹੀਂ ਲੈਂਦੇ। ਇਸਦੇ ਉੱਲਟ ਜਿਉਂ-ਜਿਉਂ ਸਮਾਂ ਅੱਗੇ ਚਲਦਾ ਹੈ ਇਨ੍ਹਾਂ ਜੁਲਮਾਂ ਵਿਚ ਵਾਧਾ ਹੀ ਹੁੰਦਾ ਜਾਂਦਾ ਹੈ। ਕਰਾਇਮ ਬਿਊਰੋ ਦੀ ਇੱਕ ਰਿਪੋਰਟ ਅਨੁਸਾਰ ਇਕੱਲੇ 2006 ਵਿੱਚ 1 ਲੱਖ 64 ਹਜ਼ਾਰ ਔਰਤਾਂ ਜ਼ੁਲਮ ਦਾ ਸ਼ਿਕਾਰ ਹੋਈਆਂ ਜਿਨ੍ਹਾਂ ''ਚੋਂ 19348 ਔਰਤਾਂ ਬਲਾਤਕਾਰ ਦਾ ਸ਼ਿਕਾਰ ਅਤੇ 7618 ਔਰਤਾਂ ਦਾਜ ਦੀ ਬਲੀ ਚੜੀਆ। ਯੂਐਨਓ ਦੀ ਰਿਪੋਰਟ ਅਨੁਸਾਰ 25000 ਔਰਤਾਂ ਹਰ ਸਾਲ ਦਾਜ ਦੀ ਭੇਟ ਚੜਦੀਆਂ ਹਨ।
ਜੇ ਅਸੀਂ ਔਰਤਾਂ ਪਰ ਹੋ ਰਹੇ ਜ਼ੁਲਮਾਂ ਦੇ ਹੋਰ ਅੰਕੜਿਆ ਦੀ ਗੱਲ ਕਰੀਏ ਤਾਂ ਮਨ ਪਸੀਜ਼ ਦੇ ਰਹਿ ਜਾਂਦਾ ਹੈ। ਪ੍ਰੋਫੋਸਰ ਰੈਡਿੰਗ ਨੇ 2009 ਦੀ ਇੱਕ ਰਿਪੋਰਟ ਵਿਚ ਵਿਖਿਆਨ ਕੀਤਾ ਸੀ ਕਿ 1970 ਤੋਂ 1980 ਤੱਕ 10 ਕਰੋੜ ਕੁੜੀਆਂ ਨੂੰ ਮਾਰ ਮੁਕਾਇਆ ਗਿਆ ਸੀ। ਭਾਰਤ ਵਿੱਚ ਹਰ ''ਛੇ'' ਵਿਚ ਇਕ ਕੁੜੀ ਨੂੰ ਆਪਣਾ ਪੰਦਰਵਾਂ ਜਨਮ ਦਿਨ ਦੇਖਣਾ ਨਸੀਬ ਨਹੀਂ ਹੋਇਆ ਅਤੇ 10 ਲੱਖ ਕੁੜੀਆਂ ਨੂੰ ਆਪਣਾ ਮਹਿਲਾਂ ਜਨਮ ਦਿਨ ਵੀ ਦੇਖਣਾ ਨਸੀਬ ਨਹੀਂ ਹੋਇਆ। ਭਾਰਤ ਵਿਚ 2003ਈ: ਸਮੇਂ ਔਰਤਾਂ ਨਾਲ 15247 ਬਲਾਤਕਾਰ ਹੋਏ ਜੋ 2007 ਈ: ਵਿਚ ਵੱਧ ਕੇ 20737 ਹੋ ਗਏ। ਹਰ 10 ਮਿੰਟ ਵਿਚ ਕੋਈ ਨਾ ਕੋਈ ਜੁਰਮ ਔਰਤ ਪਰ ਹੋਇਆ, ਹਰ 7 ਮਿੰਟ ਵਿਚ ਛੇੜਖਾਨੀ, 45 ਮਿੰਟ ਵਿਚ ਅਗਵਾ ਅਤੇ ਦਾਜ ਦੀ ਬਲੀ, 58 ਮਿੰਟ ਵਿਚ ਬਲਾਤਕਾਰ ਅਤੇ 60 ਮਿੰਟ ਵਿਚ 18 ਔਰਤਾਂ ਮਾਨਸਿਕ ਅਤੇ ਸਰੀਰਕ ਹਮਲੇ ਦਾ ਸ਼ਿਕਾਰ ਹੋਈਆਂ। ਸਾਡੇ ਕੌਮੀ ਜੁਰਮ ਬਿਊਰੋ ਦੀ ਰਿਪੋਰਟ ਅਨੁਸਾਰ ਸਾਲ 1971 ਤੋਂ ਸਾਲ 2006 ਤੱਕ ਬਲਾਤਕਾਰ ਦੀਆਂ ਘਟਨਾਵਾਂ ਵਿਚ 700 ਦਾ ਵਾਧਾ ਹੋਇਆ ਹੈ। ਅਜਕਲ ਤਾਂ ਛੋਟੀਆਂ ਬੱਚੀਆਂ ਵੀ ਯੋਨ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਇਕ ਵੇਰਵੇ ਅਨੁਸਾਰ ਹਰ 4 ਬੱਚੀਆਂ ''ਚੋਂ ਇਕ ਬੱਚੀ ਯੋਨ ਸ਼ੋਸ਼ਨ ਦਾ ਸ਼ਿਕਾਰ ਹੁੰਦੀ ਹੈ।
ਭਾਵੇਂ ਸਰਕਾਰਾਂ ਸਖਤ ਹੋ ਰਹੀਆਂ ਹਨ ਇਕ ਤੋਂ ਇਕ ਕਰੜੇ ਕਾਨੂੰਨ ਬਣ ਗਏ ਹਨ ਪਰ ਮਨੁੱਖ ਦੀ ਮਾਨਸਿਕਤਾ ਵਿਚ ਅੰਤਰ ਨਹੀਂ ਆ ਰਿਹਾ ਅਤੇ ਔਰਤਾਂ ਪਰ ਜੁਲਮ ਖਤਮ ਹੋਣ ਦਾ ਨਾਂ ਨਹੀਂ ਲੈਂਦੇ। ਔਰਤਾਂ ਤੇ ਜ਼ੁਲਮ ਰੋਕਣ ਲਈ ਬਹੁਤ ਸਾਰੇ ਕਾਨੂੰਨ ਬਣੇ ਹਨ ਜਿਨ੍ਹਾਂ ਵਿਚ 1994 ਵਿਚ ਦਾਜ ਵਿਰੋਧੀ ਕਾਨੂੰਨ, 2006 ਵਿਚ ਬਾਲ ਵਿਆਹ ਰੋਕੂ ਐਕਟ, 2005 ਵਿਚ ਔਰਤਾਂ ਤੇ ਹਿੰਸਾ ਵਿਰੋਧੀ ਕਾਨੂੰਨ ਪ੍ਰਮੁੱਖ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਕਾਰਨਾਂ ਕਾਨੂੰਨਾਂ ਦੀ ਪ੍ਰਵਾਹ ਨਾ ਕਰਕੇ ਜ਼ੁਲਮ ਵਧਦੇ ਹੀ ਜਾਂਦੇ ਹਨ। ਛੋਟੀਆਂ ਬੱਚੀਆਂ ਦੇ ਅਗਵਾ ਕਰਕੇ, ਰੇਪ ਕਰਕੇ ਅਤੇ ਫਿਰ ਕਤਲ ਦੀਆਂ ਵਾਰਦਾਤਾਂ ਹਰ ਰੋਜ਼ ਅਸੀਂ ਅਖਬਾਰਾਂ ਵਿਚ ਪੜ੍ਹ ਰਹੇ ਹਾਂ। ਦਾਸ ਵਲੋਂ ਇਹ ਲੇਖ ਲਿਖੇ ਜਾਣ ਸਮੇਂ ਵੀ ਟੀਵੀ ਤੇ ਖਬਰ ਚੱਲ ਰਹੀ ਸੀ ਕਿ ਯੂਪੀ ਦੇ ਇਕ ਥਾਣੇ ਵਿਚ ਇਕ ਔਰਤ ਨੂੰ ਅੱਗ ਲਗਾ ਕੇ ਜਿੰਦਾ ਸਾੜ ਦਿੱਤਾ ਗਿਆ ਹੈ। ਅਜਿਹੀਆਂ ਖਬਰਾਂ ਸੁਣ ਕੇ ਜਾਂ ਪੜ੍ਹ ਕੇ ਹਰ ਸਿਆਣੇ ਮਨੁੱਖ ਦਾ ਮਨ ਸੋਚਣ ਲੱਗਦਾ ਹੈ ਕਿ ਔਰਤਾਂ ਪਰ ਇਹ ਜ਼ੁਲਮ ਕਦੋਂ ਰੁੱਕਣਗੇ?
ਬਹਾਦਰ ਸਿੰਘ ਗੋਸਲ