ਗਾਂਧੀ ਜੀ ਦੇ ਸਮੇਂ ’ਚ ਬਾਬਾ ਖੜਕ ਸਿੰਘ ਦਾ ਵਿਲੱਖਣ ਯੋਗਦਾਨ
Sunday, Oct 27, 2019 - 01:31 AM (IST)

ਆਰ. ਪੀ. ਸਿੰਘ (ਕੌਮੀ ਸਕੱਤਰ ਭਾਜਪਾ)
ਆਜ਼ਾਦੀ ਅੰਦੋਲਨ ਵਿਚ ਸਿੱਖਾਂ ਦਾ ਯੋਗਦਾਨ ਕੋਈ ਛੋਟੀ-ਮੋਟੀ ਪ੍ਰਾਪਤੀ ਨਹੀਂ। ਆਜ਼ਾਦੀ ਦੇ ਸੰਘਰਸ਼ ਦੌਰਾਨ ਫਾਂਸੀ ’ਤੇ ਲਟਕਾਏ ਗਏ 121 ਦੇਸ਼ਭਗਤਾਂ ’ਚੋਂ 93 ਸਿੱਖ ਸਨ ਅਤੇ ਉਮਰਕੈਦ ਦੀ ਸਜ਼ਾ ਪ੍ਰਾਪਤ ਕਰਨ ਵਾਲੇ 2626 ਆਜ਼ਾਦੀ ਘੁਲਾਟੀਆਂ ’ਚੋਂ 2147 ਸਿੱਖ ਸਨ। ਜਲਿਆਂਵਾਲਾ ਬਾਗ ’ਚ ਸ਼ਹੀਦ ਹੋਣ ਵਾਲੇ ਲੱਗਭਗ 1300 ਲੋਕਾਂ ’ਚੋਂ ਵੀ 799 ਸਿੱਖ ਸਨ। ਇਹ ਮੰਨਦੇ ਹੋਏ ਕਿ ਉਦੋਂ ਭਾਰਤ ਦੀ ਕੁਲ ਆਬਾਦੀ ’ਚ ਸਿੱਖ ਮੁਸ਼ਕਿਲ ਨਾਲ ਡੇਢ ਫੀਸਦੀ ਸਨ, ਉਨ੍ਹਾਂ ਦੀਆਂ ਕੁਰਬਾਨੀਆਂ ਦੀ ਗਿਣਤੀ 90 ਫੀਸਦੀ ਬਣਦੀ ਹੈ।
ਬਾਬਾ ਖੜਕ ਸਿੰਘ ਸਾਡੇ ਇੰਡੋ-ਬ੍ਰਿਟਿਸ਼ ਇਤਿਹਾਸ ਦੇ ਸਭ ਤੋਂ ਚਮਕਦਾਰ ਸਿਤਾਰਿਆਂ ’ਚੋਂ ਇਕ ਸਨ, ਜਿਨ੍ਹਾਂ ਦਾ ਨਾਂ ਪੰਜਾਬ ਵਿਚ ਸਿਆਸੀ ਚੈਤੰਨਯ ਨਾਲ ਜੁੜਿਆ ਹੈ। ਸਿਆਲਕੋਟ (ਹੁਣ ਪਾਕਿਸਤਾਨ) ਵਿਚ ਜਨਮੇ ਬਾਬਾ ਖੜਕ ਸਿੰਘ ਵਿਦਿਆਰਥੀਆਂ ਦੇ ਪਹਿਲੇ ਜਥੇ ’ਚੋਂ ਸਨ, ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਆਪਣਾ ਜਨਤਕ ਜੀਵਨ 1912 ਵਿਚ ਸ਼ੁਰੂ ਕੀਤਾ ਪਰ 1919 ਦੇ ਜਲਿਆਂਵਾਲਾ ਬਾਗ ਕਾਂਡ ਅਤੇ ਉਸ ਤੋਂ ਬਾਅਦ ਪੰਜਾਬ ਵਿਚ ਮਾਰਸ਼ਲ ਲਾਅ ਦੇ ਤਹਿਤ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਨੂੰ ਸਿੱਖ ਸਿਆਸਤ ਦੇ ਕੇਂਦਰ ਵਿਚ ਲੈ ਆਂਦਾ।
1921 ਵਿਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਵਿਰੁੱਧ ਪਹਿਲੇ ਅੰਦੋਲਨ ਦੀ ਸਫਲਤਾਪੂਰਵਕ ਅਗਵਾਈ ਕੀਤੀ, ਜਿਸ ਨੂੰ ‘ਚਾਬੀਆਂ ਦਾ ਮੋਰਚਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸ੍ਰੀ ਹਰਿਮੰਦਰ ਸਾਹਿਬ ਦੇ ਖਜ਼ਾਨੇ (ਤੋਸ਼ਾਖਾਨਾ) ਦੀਆਂ ਚਾਬੀਆਂ ਵਾਪਿਸ ਲੈਣ ਲਈ ਸਿੱਖਾਂ ਦਾ ਮੁਜ਼ਾਹਰਾ ਸੀ, ਜੋ ਅੰਮ੍ਰਿਤਸਰ ਦੇ ਬ੍ਰਿਟਿਸ਼ ਡਿਪਟੀ ਕਮਿਸ਼ਨਰ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਸਨ।
ਖੜਕ ਸਿੰਘ ਗ੍ਰਿਫਤਾਰ ਹੋਣ ਵਾਲਿਆਂ ’ਚ ਪਹਿਲੇ ਸਿੱਖ ਸਨ ਪਰ ਅੰਦੋਲਨ ਜਾਰੀ ਰਿਹਾ ਅਤੇ ਆਖਿਰ ਬ੍ਰਿਟਿਸ਼ ਸ਼ਾਸਕਾਂ ਨੂੰ ਬਾਬਾ ਖੜਕ ਸਿੰਘ ਦੀ ਇੱਛਾ ਸ਼ਕਤੀ ਅੱਗੇ ਝੁਕਣਾ ਪਿਆ। 17 ਜਨਵਰੀ 1922 ਨੂੰ ਅਕਾਲ ਤਖਤ ਸਾਹਿਬ ’ਤੇ ਇਕ ਜਨਤਕ ਸਮਾਗਮ ਦੌਰਾਨ ਬ੍ਰਿਟਿਸ਼ ਸਾਮਰਾਜ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਚਾਬੀਆਂ ਸੌਂਪ ਦਿੱਤੀਆਂ।
ਉਸ ਦਿਨ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਟੈਲੀਗ੍ਰਾਮ ਭੇਜੀ ਕਿ ‘‘ਭਾਰਤ ਦੀ ਆਜ਼ਾਦੀ ਲਈ ਪਹਿਲੀ ਫੈਸਲਾਕੁੰਨ ਲੜਾਈ ਜਿੱਤ ਲਈ ਗਈ ਹੈ, ਵਧਾਈ ਹੋਵੇ।’’ ਇਸ ਜਿੱਤ ਨੇ ਗਾਂਧੀਵਾਦੀ ਤਰੀਕੇ ਲਈ ਆਪਣੀ ਕਿਸਮ ਦੀ ਪਹਿਲੀ ਪ੍ਰਥਾ ਸਥਾਪਿਤ ਕਰ ਦਿੱਤੀ। ਸਫਲਤਾਪੂਰਵਕ ਅਹਿੰਸਕ ਅੰਦੋਲਨ ਸ਼ੁਰੂ ਕਰਨਾ ਅਤੇ ਬਸਤੀਵਾਦੀ ਸ਼ਾਸਕਾਂ ਨੂੂੰ ਝੁਕਾਉਣਾ ਭਾਰਤ ਵਿਚ ਸਹਿਣਸ਼ੀਲ ਵਿਰੋਧ ਦੇ ਪ੍ਰਯੋਗ ਦੀ ਪਹਿਲੀ ਜਿੱਤ ਸੀ।
ਇਸ ਤੋਂ ਬਾਅਦ ਉਨ੍ਹਾਂ ਦੀ ਜੀਵਨ ਯਾਤਰਾ ਇਕ ਲਗਾਤਾਰ ਤੇ ਬਹਾਦਰੀ ਵਾਲੇ ਸੰਘਰਸ਼ ਦੀ ਗਾਥਾ ਬਣ ਗਈ, ਜਿਸ ਦੌਰਾਨ ਉਨ੍ਹਾਂ ਨੇ ਬੇਇਨਸਾਫੀ ਅਤੇ ਸਾਮਰਾਜਵਾਦ ਦੇ ਵਿਰੁੱਧ ਲੜਾਈ ਲਈ ਕਈ ਵਾਰ ਜੇਲ ਦੀ ਸਜ਼ਾ ਵੀ ਭੁਗਤੀ। ਉਹ ਤਿੱਖੇ ਭਾਸ਼ਣਾਂ ਜਾਂ ਆਪਣੇ ਕਾਰਖਾਨੇ ’ਚ ਕਿਰਪਾਨਾਂ ਬਣਾਉਣ ਵਰਗੇ ਅਪਰਾਧਾਂ ਲਈ ਕਈ ਵਾਰ ਜੇਲ ਗਏ। ਉਨ੍ਹਾਂ ਨੂੰ ਡੇਰਾ ਗਾਜ਼ੀ ਖਾਨ (ਹੁਣ ਪਾਕਿਸਤਾਨ) ਦੀ ਜੇਲ ਵਿਚ ਭੇਜ ਦਿੱਤਾ ਗਿਆ, ਜਿੱਥੇ ਜੇਲ ਅਧਿਕਾਰੀਆਂ ਨੇ ਇਕ ਹੁਕਮ ਜਾਰੀ ਕੀਤਾ, ਜਿਸ ਦੇ ਤਹਿਤ ਉਨ੍ਹਾਂ ਨੂੰ ਕੁਝ ਵੀ ਅਜਿਹਾ ਪਹਿਨਣ ਦੀ ਇਜਾਜ਼ਤ ਨਹੀਂ ਸੀ, ਜੋ ਉਨ੍ਹਾਂ ਦੇ ਕੌਮੀ ਪਹਿਰਾਵੇ ਦਾ ਹਿੱਸਾ ਬਣਦਾ ਹੋਵੇ। ਇਸ ਲਈ ਸਿੱਖ ਕਾਲੀਆਂ ਪੱਗਾਂ ਅਤੇ ਗੈਰ-ਸਿੱਖ ਗਾਂਧੀ ਟੋਪੀਆਂ ਨਹੀਂ ਪਹਿਨ ਸਕਦੇ ਸਨ। ਇਹ ਇਕ ਅੰਦੋਲਨ ਦਾ ਕਾਰਣ ਬਣਿਆ, ਜਿਸ ਵਿਚ ਕੈਦੀਆਂ ਨੇ ਆਪਣੇ ਕੱਪੜੇ ਤਿਆਗ ਦਿੱਤੇ। ਜਿੱਥੇ ਸਿੱਖਾਂ ਨੇ ਸਿਰਫ ਕਛਹਿਰਾ ਪਹਿਨਿਆ, ਉਥੇ ਹੀ ਹਿੰਦੂਆਂ ਨੇ ਧੋਤੀ ਪਹਿਨੀ, ਜਦੋਂ ਤਕ ਪਾਬੰਦੀ ਹਟਾ ਨਹੀਂ ਲਈ ਗਈ।
ਇਸ ਨੇ ਗਾਂਧੀ ਜੀ ਦੇ ਸਿਵਲ ਨਾਫਰਮਾਨੀ ਅੰਦੋਲਨ ’ਚ ਇਕ ਨਵਾਂ ਆਯਾਮ ਜੋੜਿਆ। 4 ਜੂਨ 1927 ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਹੋਣ ਤਕ (ਜੋ ਹੁਕਮ-ਅਦੂਲੀ ਕਾਰਣ 2 ਵਾਰ ਵਧਾਈ ਗਈ)। ਉਹ ਇਸ ਜਗ੍ਹਾ ਬਹੁਤ ਮੁਸ਼ਕਿਲ ਮੌਸਮੀ ਸਥਿਤੀਆਂ ਦੇ ਬਾਵਜੂਦ ਨੰਗੇ ਧੜ ਰਹੇ। 1930 ਵਿਚ ਹੋਈਆਂ ਚੋਣਾਂ ਤੋਂ ਬਾਅਦ ਉਹ ਆਪਣੀ ਗੈਰ-ਹਾਜ਼ਰੀ ਵਿਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਛੇਤੀ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ, ਹਾਲਾਂਕਿ ਉਹ ਦੇਸ਼ ਦੀ ਆਜ਼ਾਦੀ ਅਤੇ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰਦੇ ਰਹੇ। ਇਸ ਲਈ ਬਾਬਾ ਖੜਕ ਸਿੰਘ ਨੂੰ ਮਹਾਤਮਾ ਗਾਂਧੀ ਵਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਅੰਦੋਲਨਾਂ ਦੇ ਸਫਲ ਮਾਡਲ ਵਜੋਂ ਸਲਾਮ ਕੀਤਾ ਜਾ ਸਕਦਾ ਹੈ।
1928-29 ਦੌਰਾਨ ਉਨ੍ਹਾਂ ਨੇ ਨਹਿਰੂ ਕਮੇਟੀ ਰਿਪੋਰਟ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ, ਜਿਸ ਵਿਚ ਬਸਤੀਵਾਦੀ ਦਰਜੇ ਨੂੰ ਸਵੀਕਾਰ ਕੀਤਾ ਗਿਆ ਸੀ, ਜਦੋਂ ਤਕ ਕਾਂਗਰਸ ਪਾਰਟੀ ਨੇ ਇਸ ਨੂੰ ਰੱਦ ਨਹੀਂ ਕਰ ਦਿੱਤਾ ਅਤੇ ਭਵਿੱਖ ’ਚ ਸੰਵਿਧਾਨਿਕ ਮਤੇ ਬਣਾਉਣ ਲਈ ਸਿੱਖਾਂ ਨੂੰ ਸ਼ਾਮਿਲ ਕਰਨ ਲਈ ਰਾਜ਼ੀ ਨਹੀਂ ਹੋ ਗਈ। ਬਾਬਾ ਖੜਕ ਸਿੰਘ ਨੇ ਕਮਿਊਨਲ ਐਵਾਰਡ ਦਾ ਵੀ ਅਸਫਲ ਵਿਰੋਧ ਕੀਤਾ, ਜੋ ਪੰਜਾਬ ਵਿਚ ਮੁਸਲਮਾਨਾਂ ਨੂੰ ਵਿਧਾਨਕ ਬਹੁਮਤ ਪ੍ਰਦਾਨ ਕਰਦਾ ਸੀ। ਉਹ ਕੌਮੀ ਏਕਤਾ ਦੇ ਕੱਟੜ ਸਮਰਥਕ ਅਤੇ ਮੁਸਲਿਮ ਲੀਗ ਦੀ ਪਾਕਿਸਤਾਨ, ਤਾਂ ਸਿੱਖਾਂ ਦੇ ਇਕ ਵਰਗ ਵਲੋਂ ਆਜ਼ਾਦ ਪੰਜਾਬ ਦੀ ਮੰਗ ਦੇ ਵਿਰੁੱਧ ਸਨ। ਮਹਾਤਮਾ ਗਾਂਧੀ ਵੀ ਅਖੀਰ ਤਕ ਦੇਸ਼ ਦੀ ਵੰਡ ਦੇ ਵਿਰੁੱਧ ਰਹੇ।
ਰਾਜਧਾਨੀ ਦਿੱਲੀ ’ਚ ਕਨਾਟ ਪਲੇਸ ਤੋਂ ਗੁਰਦੁਆਰਾ ਬੰਗਲਾ ਸਾਹਿਬ ਵੱਲ ਜਾਂਦੀ ਇਕ ਪ੍ਰਮੁੱਖ ਸੜਕ ਦਾ ਨਾਂ ਇਸ ਮਹਾਨ ਸਿੱਖ ਯੋਧੇ ਦੇ ਨਾਂ ’ਤੇ ਰੱਖਿਆ ਗਿਆ ਹੈ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਸ ਮਹਾਨ ਆਤਮਾ ਅਤੇ ਆਜ਼ਾਦੀ ਸੰਘਰਸ਼ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਪਾਠ ਪੁਸਤਕਾਂ ਵਿਚ ਵੀ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਹੋਰ ਤਾਂ ਹੋਰ, 6 ਜੂਨ 2018 ਨੂੰ ਉਨ੍ਹਾਂ ਦੀ 150ਵੀਂ ਜੈਅੰਤੀ ਬੇਖ਼ਬਰੀ ਵਿਚ ਲੰਘ ਗਈ। ਨਾ ਇਸ ਦੀ ਕੋਈ ਰਿਪੋਰਟਿੰਗ ਹੋਈ ਅਤੇ ਨਾ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਕਦਮ ਚੁੱਕਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਸ ਦੇ ਪਹਿਲੇ ਪ੍ਰਧਾਨ ਹੋਣ ਨਾਤੇ 1920 ਦੇ ਦਹਾਕੇ ਦੌਰਾਨ ਉਹ ਲਗਾਤਾਰ ਜੇਲ ਜਾਂਦੇ ਰਹੇ। ਅਕਾਲੀਆਂ ਵਲੋਂ ਉਨ੍ਹਾਂ ਨੂੰ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ, ਹਾਲਾਂਕਿ ਉਹ ਆਖਰੀ ਦਮ ਤਕ ਆਪਣੇ ਦਿਲੋਂ ਤੇ ਆਤਮਾ ਤੋਂ ਅਕਾਲੀ ਰਹੇ।
ਇਸ ਮਹਾਨ ਦੇਸ਼ਭਗਤ ਦੇ ਜੀਵਨ ਅਤੇ ਯੋਗਦਾਨ ਦੇ ਸਨਮਾਨ ’ਚ ਗੁਰਦੁਆਰਾ ਬੰਗਲਾ ਸਾਹਿਬ ਨਾਲ ਖੜਕ ਸਿੰਘ ਮਾਰਗ ’ਤੇ ਹਲਕੇ ਦੀ ਸੰਸਦ ਮੈਂਬਰ ਮਿਨਾਕਸ਼ੀ ਲੇਖੀ, ਮਾਣਯੋਗ ਗ੍ਰਹਿ ਮੰਤਰੀ ਅਤੇ ਐੱਨ. ਡੀ. ਐੱਮ. ਸੀ. ਦੇ ਚੇਅਰਮੈਨ ਦੇ ਸਹਿਯੋਗ ਨਾਲ ਉਨ੍ਹਾਂ ਦੀ ਇਕ ਯਾਦਗਾਰ ਬਣਾਈ ਗਈ ਹੈ। ਅਹਿੰਸਾ ਅਤੇ ਸੱਚ ਦਾ ਜੋ ਰਾਹ ਉਨ੍ਹਾਂ ਨੇ ਚੁਣਿਆ, ਉਸ ਨੂੰ ਗਾਂਧੀ ਜੀ ਵਲੋਂ ਦੇਸ਼ ਵਿਚ ਸਫਲਤਾਪੂਰਵਕ ਦੁਹਰਾਇਆ ਗਿਆ। ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਮਹਾਤਮਾ ਗਾਂਧੀ ਦੇ ਯਾਦਗਾਰੀ ਸੰਦੇਸ਼ ਨਾਲ ਬਾਬਾ ਖੜਕ ਸਿੰਘ ਦੀ ਤਸਵੀਰ ਵਾਲੀ ਤਖ਼ਤੀ ਲਾਉਣ ਲਈ ਗ੍ਰਹਿ ਮੰਤਰੀ ਸਹਿਮਤ ਹੋ ਗਏ ਹਨ।