‘ਭਯ ਬਿਨੁ ਹੋਯ ਨਾ ਪ੍ਰੀਤ’

Tuesday, Jan 20, 2026 - 05:02 PM (IST)

‘ਭਯ ਬਿਨੁ ਹੋਯ ਨਾ ਪ੍ਰੀਤ’

ਪਿਛਲੇ ਦਿਨੀਂ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਇਕ ਮਹੱਤਵਪੂਰਨ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਕੰਮਕਾਜੀ ਬੱਚੇ ਆਪਣੇ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਨਗੇ ਉਨ੍ਹਾਂ ਦੀ ਤਨਖਾਹ ’ਚੋਂ ਦਸ ਤੋਂ ਪੰਦਰ ਫੀਸਦੀ ਤੱਕ ਤਨਖਾਹ ਕੱਟ ਕੇ ਮਾਤਾ-ਪਿਤਾ ਨੂੰ ਦਿੱਤੀ ਜਾਵੇਗੀ। ਉਹ ਅਜਿਹਾ ਇਕ ਬਿੱਲ ਵਿਧਾਨ ਸਭਾ ’ਚ ਪੇਸ਼ ਕਰਨਗੇ।

ਕੀ ਇਹ ਜਾਣ ਕੇ ਅਫਸੋਸ ਨਹੀਂ ਹੁੰਦਾ ਹੈ ਕਿ ਅੱਜ ਸਰਕਾਰ ਨੂੰ ਲਗਭਗ ਧਮਕੀ ਦੇ ਅੰਦਾਜ਼ ’ਚ ਕਹਿਣਾ ਪੈ ਰਿਹਾ ਹੈ ਕਿ ਜਾਂ ਤਾਂ ਮਾਤਾ-ਪਿਤਾ ਦੀ ਦੇਖਭਾਲ ਕਰੋ ਜਾਂ ਤਨਖਾਹ ਕਟਵਾਓ।

ਇਸ ਗੱਲ ਨੂੰ ਜ਼ਿਆਦਾ ਦਹਾਕੇ ਨਹੀਂ ਬੀਤੇ ਹਨ ਜਦੋਂ ਸਾਡੇ ਇੱਥੇ ਇਕ ਹੀ ਛੱਤ ਦੇ ਹੇਠਾਂ ਪੀੜ੍ਹੀਆ ਇਕੱਠੀਆਂ ਰਹਿੰਦੀਆਂ ਸਨ, ਦਾਦਾ-ਦਾਦੀ, ਮਾਤਾ-ਪਿਤਾ, ਬਾਲ ਬੱਚੇ, ਦੋਹਤੇ-ਪੋਤੇ। ਇਨ੍ਹਾਂ ਘਰਾਂ ’ਚ ਬਹੁਤ ਸਾਰੇ ਅਜਿਹੇ ਰਿਸ਼ਤੇਦਾਰਾਂ ਨੂੰ ਵੀ ਜਗ੍ਹਾ ਮਿਲ ਜਾਂਦੀ ਸੀ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਸੀ। ਜ਼ਿਆਦਾ ਸਹੂਲਤਾਂ ਨਹੀਂ ਸਨ, ਖਾਣੇ ’ਚ ਹਰ ਰੋਜ਼ ਸਵਾਦੀ ਅਤੇ ਮਹਿੰਗੇ ਭੋਜਨ ਨਹੀਂ ਸਨ ਪਰ ਦੋ ਵਕਤ ਦੀ ਰੋਟੀ ਹਰ ਇਕ ਦੇ ਲਈ ਸੀ।

ਖੇਤੀ ਸਮਾਜ ਦੇ ਮੁਕਾਬਲੇ ਨੌਕਰੀ ਦੇ ਲਈ ਬਾਹਰ ਜਾਣ, ਵੱਖ-ਵੱਖ ਸ਼ਹਿਰਾਂ ’ਚ ਰਹਿਣ ਦੇ ਕਾਰਨ ਪਰਿਵਾਰ ਅਲੱਗ ਹੋਏ ਪਰ ਫਿਰ ਵੀ ਅਜਿਹਾ ਹੁੰਦਾ ਸੀ ਕਿ ਕਿਸੇ ਦਿਨ- ਤਿਉਹਾਰ, ਕਿਸੇ ਸ਼ਾਦੀ-ਵਿਆਹ ਜਾਂ ਕਿਸੇ ਹੋਰ ਉਤਸਵ ਮੌਕੇ ਪੂਰਾ ਪਰਿਵਾਰ ਇਕੱਠਾ ਹੋ ਜਾਂਦਾ ਸੀ। ਗਰਮੀਆਂ ਦੀਆਂ ਛੁੱਟੀਆਂ ਵੀ ਅਜਿਹੇ ਮੌਕੇ ਦਿੰਦੀਆਂ ਸਨ। ਦੋਹਤੇ-ਪੋਤੇ ਆਪਣੇ ਦਾਦਕੇ ਜਾਂ ਨਾਨਕੇ ਘਰ ਛੁੱਟੀਆਂ ਿਬਤਾਉਣ ਆ ਜਾਂਦੇ ਸਨ। ਘਰ ਵਾਲੇ ਵੀ ਬੱਚਿਅਾਂ ਦੇ ਕੋਲ ਚਲੇ ਜਾਂਦੇ ਸਨ।

ਪਰ ਹੌਲੀ-ਹੌਲੀ ਪੁਰਾਣੀਆਂ ਪੀੜ੍ਹੀਆਂ ਇਸ ਸੰਸਾਰ ਤੋਂ ਵਿਦਾ ਹੋਣ ਲੱਗੀਆਂ। ਸ਼ਹਿਰ ’ਚ ਰਹਿਣ ਵਾਲਿਆਂ ਦਾ ਆਪਣੇ ਪੁਰਾਣੇ ਘਰਾਂ, ਪਿੰਡਾਂ ਤੋਂ ਨਾਤਾ ਟੁੱਟਣ ਲੱਗਾ। ਅੱਜ ਵੀ ਬਹੁਤ ਸਾਰੇ ਲੋਕ ਪਿੰਡਾਂ ’ਚ ਖੰਡਰ ਬਣੇ ਆਪਣੇ ਘਰਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਚ ਲਗਾਉਂਦੇ ਰਹਿੰਦੇ ਹਨ। ਕਦੇ ਇੱਥੇ ਪੂਰਾ ਪਰਿਵਾਰ ਆਬਾਦ ਹੋਇਆ ਕਰਦਾ ਸੀ। ਹੁਣ ਇੱਥੇ ਕੋਈ ਨਹੀਂ ਆਉਂਦਾ। ਸ਼ਹਿਰ ’ਚ ਰਹਿਣ ਵਾਲੀਆਂ ਪੀੜ੍ਹੀਆ ਵੀ ਹੁਣ ਪੁਰਾਣੀਆਂ ਪੈਣ ਲੱਗੀਆਂ ਹਨ। ਨਵੀਆਂ ਪੀੜ੍ਹੀਆਂ ਨੂੰ ਤਮਾਮ ਮਾਧਿਅਮਾਂ ਨਾਲ ਇਹ ਦੱਸਿਆ ਗਿਆ ਕਿ ਇਕੱਲੇ ਰਹਿਣਾ ਕਿੰਨਾ ਸੁਖਦਾਈ ਹੈ। ਇੱਥੇ ਆਜ਼ਾਦੀ ਹੀ ਆਜ਼ਾਦੀ। ਹਾਲਾਂਕਿ ਅੱਜਕੱਲ ਸਿੰਗਲ ਪਰਿਵਾਰ ’ਚ ਜਦੋਂ ਆਫਤ ਆਉਂਦੀ ਹੈ ਤਾਂ ਪਹਿਲਾਂ ਜੋ ਦੇਖਭਾਲ ਸਾਂਭ-ਸੰਭਾਲ ਪਰਿਵਾਰ ਦੇ ਲੋਕ ਕਰ ਲਿਆ ਕਰਦੇ ਸਨ, ਹੁਣ ਇਸ ਦੇ ਲਈ ਬਾਹਰ ਵਾਲਿਆਂ ਦਾ ਸਹਾਰਾ ਲੱਭਣਾ ਪੈਂਦਾ ਹੈ। ਬਾਹਰ ਵਾਲੇ ਵੀ ਕਿੰਨਾ ਸਮਾਂ ਕੱਢ ਸਕਦੇ ਸਨ। ਉਨ੍ਹਾਂ ਦੇ ਹੀ ਆਪਣੇ ਕੰਮ ਹਨ, ਨੌਕਰੀ ਹੈ, ਪਰਿਵਾਰ ਹੈ। ਫਿਰ ਉਹ ਵੀ ਦੂਜਿਆਂ ਵਾਂਗ ਸਿੰਗਲ ਪਰਿਵਾਰਾਂ ’ਚ ਹੀ ਰਹਿੰਦੇ ਹਨ। ਇਸੇ ਲਈ 70 ਦੇ ਦਹਾਕੇ ’ਚ ਅਸੀਂ ਦੇਖਿਆ ਕਿ ਪਹਿਲਾਂ ਤਾਂ ਦਾਦਾ-ਦਾਦੀ, ਚਾਚਾ, ਤਾਇਆ, ਭੂਆ, ਉਨ੍ਹਾਂ ਦੇ ਬਾਲ-ਬੱਚੇ ਸੰਯੁਕਤ ਪਰਿਵਾਰ ਮੰਨੇ ਜਾਂਦੇ ਹਨ ਪਰ ਹੁਣ ਸੰਯੁਕਤ ਪਰਿਵਾਰ ਦੀ ਪਰਿਭਾਸ਼ਾ ਮਾਤਾ-ਪਿਤਾ ਅਤੇ ਬਹੁਤ ਹੋਇਆ ਤਾਂ ਭਰਾ-ਭੈਣ ਤੱਕ ਸੀਮਤ ਹੋ ਗਈ। ਵਿਆਹ ਤੋਂ ਬਾਅਦ ਬਹੁਤ ਸਾਰੇ ਬੱਚੇ ਉਸੇ ਸ਼ਹਿਰ ’ਚ ਰਹਿੰਦੇ ਹੋਏ ਵੀ ਆਪਣੇ ਮਾਤਾ-ਪਿਤਾ ਤੋਂ ਅਲੱਗ ਰਹਿਣ ਲੱਗੇ ਅਤੇ ਹੁਣ ਹਾਲਤ ਇਹ ਹੈ ਕਿ ਮਾਤਾ-ਪਿਤਾ ਵੀ ਬੋਝ ਲੱਗਣ ਲੱਗੇ। ਕੌਣ ਉਨ੍ਹਾਂ ਦੇ ਖਰਚੇ ਉਠਾਏ, ਕੌਣ ਬੀਮਾਰੀ ’ਚ ਦੇਖਭਾਲ ਕਰੇ।

ਇਹ ਸਮੱਸਿਆ ਸਿਰਫ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਪਿੰਡ-ਪਿੰਡ ਅੱਜ ਬਜ਼ੁਰਗਾਂ ਦੀ ਹਾਲਤ ਖਰਾਬ ਹੈ। ਉਨ੍ਹਾਂ ਦੀ ਮੌਤ ਦੀ ਕਾਮਨਾ ਹੀ ਜਿਵੇਂ ਪਰਿਵਾਰ ਦੇ ਲਈ ਸਭ ਤੋਂ ਵੱਡੀ ਉਪਲਬਧੀ ਹੈ। ਕਿੰਨੇ ਵੀਡੀਓ ਅਤੇ ਰੀਲਜ਼ ਵਗੈਰਾ ਦੇਖਦੀ ਹਾਂ ਜਿੱਥੇ ਮਾਤਾ-ਪਿਤਾ ਨੂੰ ਬ੍ਰਿਧ ਆਸ਼ਰਮ ’ਚ ਛੱਡਣ ਦੀ ਗੱਲ ਕੀਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਗੁਜਰਾਤ ’ਚ ਇਕ ਬੱਚੀ ਸਕੂਲ ਵਲੋਂ ਬਿਰਧ ਆਸ਼ਰਮ ’ਚ ਗਈ। ਉਥੇ ਆਪਣੀ ਦਾਦੀ ਨਾਲ ਉਸ ਦੀ ਮੁਲਾਕਾਤ ਹੋਈ। ਭਾਵ ਕਿ ਪੋਤੀ ਨੂੰ ਉਸ ਦੇ ਮਾਤਾ-ਪਿਤਾ ਨੇ ਹੀ ਦੱਸਿਆ ਸੀ ਕਿ ਦਾਦੀ ਨੂੰ ਕਿੱਥੇ ਛੱਡ ਆਏ। ਇਕ ਸਮਾਂ ਸੀ ਜਦੋਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਉਣ ਦੇ ਬਹਾਨੇ ਕਿਸੇ ਤੀਰਥ ਸਥਾਨ ’ਚ ਲਿਜਾਇਆ ਜਾਂਦਾ ਸੀ। ਉਥੇ ਹੀ ਛੱਡ ਕੇ ਪਰਿਵਾਰ ਵਾਲੇ ਚਲੇ ਆਉਂਦੇ ਸਨ। ਇਨ੍ਹਾਂ ਦੇ ਕੋਲ ਆਉਣ-ਜਾਣ ਅਤੇ ਜੀਵਨ ਗੁਜ਼ਾਰਨ ਦੇ ਲਈ ਕੋਈ ਪੈਸਾ ਨਹੀਂ ਹੁੰਦਾ ਸੀ। ਇਸ ਮਾਮਲੇ ’ਤੇ ਬਹੁਤ ਸਾਰੀਆਂ ਕਹਾਣੀਆਂ ਵੀ ਿਲਖੀਆਂ ਗਈਆਂ ਸਨ।

ਸ਼ਹਿਰਾਂ ’ਚ ਮੰਨ ਲਓ ਕਿ ਕਿਸੇ ਬਜ਼ੁਰਗ ਦੇ ਲਈ ਬਿਰਧ ਆਸ਼ਰਮ ਵੀ ਹੋਣ ਪਰ ਪਿੰਡਾਂ ’ਚ ਤਾਂ ਇਹ ਸਹੂਲਤ ਵੀ ਨਹੀਂ ਹੈ। ਹਾਲਾਂਕਿ ਸ਼ਹਿਰਾਂ ’ਚ ਵੀ ਬਿਰਧ ਆਸ਼ਰਮ ਗਿਣੇ ਚੁਣੇ ਹਨ।

ਜਦੋਂ ਸਾਡੇ ਸਮਾਜ ’ਚ ਪਰਿਵਾਰ ਇਸ ਤਰ੍ਹਾਂ ਨਾਲ ਟੁੱਟ-ਫੁੱਟ ਰਿਹਾ ਹੈ ਤਾਂ ਕਿਉਂ ਨਹੀਂ ਸਾਡੇ ਨੀਤੀ ਨਿਰਮਾਤਾ ਬਿਰਧ ਆਸ਼ਰਮਾਂ ਦੀ ਗਿਣਤੀ ਵਧਾਉਂਦੇ। ਇਹ ਬਜ਼ੁਰਗ, ਆਖਿਰ ਇਨ੍ਹਾਂ ਨੇ ਵੀ ਤਾਂ ਆਪਣੇ ਸਮੇਂ ’ਚ ਦੇਸ਼ ’ਚ ਕੁਝ ਨਾ ਕੁਝ ਕੀਤਾ ਹੋਵੇਗਾ। ਦੇਸ਼ ਦੀ ਅਰਥਵਿਵਸਥਾ ਵਧਾਉਣ ’ਚ ਯੋਗਦਾਨ ਦਿੱਤਾ ਹੋਵੇਗਾ। ਤਮਾਮ ਕਿਸਮ ਦੇ ਕਰ ਦਿੱਤੇ ਹੋਣਗੇ ਪਰ ਜਦੋਂ ਅੱਜ ਇਨ੍ਹਾਂ ਦੇ ਬੱਚਿਆਂ ਨੇ ਹੀ ਇਨ੍ਹਾਂ ਤੋਂ ਮੂੰਹ ਮੋੜ ਲਿਆ ਹੈ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਤਾਂ ਜ਼ਰੂਰ ਹੈ ਕਿ ਉਹ ਵੀ ਇਨ੍ਹਾਂ ਦੀ ਮਦਦ ਕਰੇ।

ਇਸ ਲਈ ਰੇਵੰਤ ਰੈੱਡੀ ਦੀ ਇਸ ਪਹਿਲ ਨੂੰ ਮਹੱਤਵਪੂਰਨ ਮੰਨਿਆ ਜਾਣਾ ਚਾਹੀਦਾ ਪਰ ਇਸ ’ਚ ਇਕ ਹੋਰ ਗੱਲ ਵੀ ਹੈ, ਜੋ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਦੀ ਤਨਖਾਹ ’ਚੋਂ ਤਾਂ ਪੈਸੇ ਕੱਟੇ ਜਾ ਸਕਦੇ ਹਨ ਪਰ ਜੋ ਲੋਕ ਨੌਕਰੀ ਨਹੀਂ ਕਰਦੇ ਵਪਾਰ ਕਰਦੇ ਹਨ, ਕੁਝ ਹੋਰ ਕਰਦੇ ਹਨ, ਵਿਦੇਸ਼ ’ਚ ਰਹਿੰਦੇ ਹਨ ਅਤੇ ਬਹੁਤੀ ਵਾਰ ਮਾਤਾ-ਪਿਤਾ ਦੇ ਅੰਤਿਮ ਸੰਸਕਾਰ ’ਚ ਵੀ ਸ਼ਾਮਲ ਨਹੀਂ ਹੁੰਦੇ। ਉਨ੍ਹਾਂ ਦਾ ਕੀ ਕਰੋਗੇ। ਉਨ੍ਹਾਂ ਨੂੰ ਕਿਸ ਤਰ੍ਹਾਂ ਦੱਸਿਆ ਜਾਵੇਗਾ ਕਿ ਉਹ ਆਪਣੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਨੌਕਰੀ ਪੇਸ਼ਾ ਤਾਂ ਸਜ਼ਾ ਦੇ ਡਰ ਨਾਲ ਕੁਝ ਕਰ ਸਕਦੇ ਹਨ ਪਰ ਦੂਜੇ ਲੋਕਾਂ ਲਈ ਸਜ਼ਾ ਦੀ ਵਿਵਸਥਾ ਕਿਵੇਂ ਕੀਤੀ ਜਾ ਸਕਦੀ ਹੈ। ਆਖਿਰ ਮਹਾਨ ਕਵੀ ਤੁਲਸੀਦਾਸ ਨੇ ਹੀ ਨਹੀਂ ਲਿਖਿਆ ਸੀ ਕਿ ‘ਭਯ ਿਬਨੁ ਹੋਯ ਨਾ ਪ੍ਰੀਤ’। ਹਾਲਾਂਕਿ ਡਰ ਨਾਲ ਜੋ ਕੰਮ ਕੀਤਾ ਜਾਂਦਾ ਹੈ ਉਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਪਰ ਕਦੇ-ਕਦੇ ਡਰ ਵੀ ਜ਼ਰੂਰੀ ਹੁੰਦਾ ਹੈ।

ਸ਼ਮਾ ਸ਼ਰਮਾ


author

Rakesh

Content Editor

Related News