ਪ੍ਰਧਾਨ ਮੰਤਰੀ ਦੀ ਪੰਜਾਬ ਲਈ ਭਾਰਤੀਯ ਜਨ ਔਸ਼ਧੀ ਪਰਿਯੋਜਨਾ

Saturday, Dec 09, 2023 - 02:24 PM (IST)

ਪ੍ਰਧਾਨ ਮੰਤਰੀ ਦੀ ਪੰਜਾਬ ਲਈ ਭਾਰਤੀਯ ਜਨ ਔਸ਼ਧੀ ਪਰਿਯੋਜਨਾ

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਤਹਿਤ ਪੰਜਾਬ ਦੇ ਸਾਰੇ 23 ਜ਼ਿਲਿਆਂ ਵਿਚ 335 ਜਨ ਔਸ਼ਧੀ ਕੇਂਦਰ ਇਸ ਵੇਲੇ ਲੋਕਾਂ ਨੂੰ ਸਸਤੀ ਕੀਮਤ ’ਤੇ ਦਵਾਈਆਂ ਮੁਹੱਈਆ ਕਰਵਾ ਕੇ ਵੱਡੀ ਰਾਹਤ ਪ੍ਰਦਾਨ ਕਰ ਰਹੇ ਹਨ।

ਸਾਲ 2023-24 ਵਿਚ ਨਵੰਬਰ ਤਕ ਐੱਮ. ਆਰ. ਪੀ. ’ਤੇ ਕੁਲ 41 ਕਰੋੜ 30 ਲੱਖ ਰੁਪਏ ਦੀਆਂ ਦਵਾਈਆਂ ਦੀ ਵਿਕਰੀ ਇਨ੍ਹਾਂ ਕੇਂਦਰਾਂ ਰਾਹੀਂ ਕੀਤੀ ਗਈ ਅਤੇ ਇਸ ਨਾਲ ਲੋਕਾਂ ਨੂੰ ਕੁਲ 206 ਕਰੋੜ 50 ਲੱਖ ਰੁਪਏ ਤਕ ਦੀ ਵੱਡੀ ਬੱਚਤ ਹੋਈ ਹੈ I ਇਸ ਸਮੇਂ ਦੌਰਾਨ ਸੂਬੇ ਵਿਚ 21 ਨਵੇਂ ਜਨ ਔਸ਼ਧੀ ਕੇਂਦਰ ਵੀ ਖੋਲ੍ਹੇ ਗਏ ਹਨ।

ਇਸ ਸਮੇਂ ਸੂਬੇ ਵਿਚ ਸਭ ਤੋਂ ਵੱਧ 78 ਔਸ਼ਧੀ ਕੇਂਦਰ ਲੁਧਿਆਣਾ ਜ਼ਿਲੇ ਵਿਚ ਚੱਲ ਰਹੇ ਹਨ ਜਦਕਿ ਬਠਿੰਡਾ ਤੇ ਪਟਿਆਲਾ ਵਿਚ ਇਨ੍ਹਾਂ ਕੇਂਦਰਾਂ ਦੀ ਗਿਣਤੀ 34 ਹੈ ਤੇ ਜਲੰਧਰ ਜ਼ਿਲੇ ਵਿਚ 32 ਜਨ ਔਸ਼ਧੀ ਕੇਂਦਰ ਚੱਲ ਰਹੇ ਹਨ।

ਇਨ੍ਹਾਂ ਕੇਂਦਰਾਂ ’ਤੇ ਇਸ ਵੇਲੇ 1200 ਕਿਸਮ ਦੀਆਂ ਦਵਾਈਆਂ ਅਤੇ 147 ਕਿਸਮ ਦੇ ਸਰਜੀਕਲ ਉਪਕਰਣ ਮਿਲਦੇ ਹਨ। ਅੰਮ੍ਰਿਤਸਰ ਵਿਚ 21 ਜਨ ਔਸ਼ਧੀ ਕੇਂਦਰਾਂ ਨੇ ਇਸ ਮਾਲੀ ਵਰ੍ਹੇ ਦੌਰਾਨ ਅਕਤੂਬਰ ਮਹੀਨੇ ਤਕ 1 ਕਰੋੜ 39 ਲੱਖ ਰੁਪਏ ਦੀਆਂ ਦਵਾਈਆਂ ਦੀ ਖਰੀਦ ਕੀਤੀ ਅਤੇ ਮਹੀਨੇ ਦੀ ਔਸਤ ਖਰੀਦ ਕੋਈ 19 ਲੱਖ 86 ਹਜ਼ਾਰ ਰੁਪਏ ਦੀ ਰਹੀ ਹੈ।

ਇਸੇ ਤਰ੍ਹਾਂ ਜਲੰਧਰ ਵਿਚ 32 ਕੇਂਦਰਾਂ ਨੇ 1 ਕਰੋੜ 63 ਲੱਖ ਰੁਪਏ ਦੀ ਖਰੀਦ ਕੀਤੀ ਅਤੇ ਮਹੀਨੇ ਦੀ ਔਸਤ 23 ਲੱਖ 40 ਹਜ਼ਾਰ ਰਹੀ ਜਦਕਿ ਲੁਧਿਆਣਾ ਵਿਚ 78 ਕੇਂਦਰਾਂ ਨੇ 3 ਕਰੋੜ 31 ਲੱਖ ਰੁਪਏ ਦੀ ਖਰੀਦ ਕੀਤੀ ਅਤੇ ਮਹੀਨੇ ਦੀ ਔਸਤ 47 ਲੱਖ 32 ਹਜ਼ਾਰ ਰੁਪਏ ਦੀ ਰਹੀ ਹੈ।

ਸਿਵਲ ਹਸਪਤਾਲ ਅੰਮ੍ਰਿਤਸਰ ਵਿਚ ਸਥਿਤ ਜਨ ਔਸ਼ਧੀ ਕੇਂਦਰ ਵਿਚ ਮਾਲੀ ਵਰ੍ਹੇ 2020 ਤੋਂ ਅਕਤੂਬਰ 2023 ਤਕ ਸਿਰਫ 17 ਹਜ਼ਾਰ 761 ਰੁਪਏ ਦੀਆਂ ਹੀ ਦਵਾਈਆਂ ਖਰੀਦੀਆਂ ਗਈਆਂ ਅਤੇ ਇਹ ਖਰੀਦ ਵੀ ਅਕਤੂਬਰ 2020 ਵਿਚ ਕੀਤੀ ਗਈ ਅਤੇ ਉਸ ਮਗਰੋਂ ਕੋਈ ਵੀ ਦਵਾਈ ਨਹੀਂ ਖਰੀਦੀ ਗਈ I ਇਸੇ ਤਰ੍ਹਾਂ ਸਿਵਲ ਹਸਪਤਾਲ ਜਲੰਧਰ ’ਚ ਸਥਿਤ ਔਸ਼ਧੀ ਕੇਂਦਰ ’ਚ 31 ਹਜ਼ਾਰ 775 ਰੁਪਏ ਦੀ ਖਰੀਦ ਹੋਈ ਅਤੇ ਇਹ ਵੀ 2020 ਵਿਚ ਹੀ ਕੀਤੀ ਗਈ ਜਦਕਿ ਲੁਧਿਆਣਾ ਦੇ ਸਿਵਲ ਹਸਪਤਾਲ ਸਥਿਤ ਜਨ ਔਸ਼ਧੀ ਕੇਂਦਰ ਲਈ ਇਸ ਪੂਰੇ ਸਮੇਂ ਦੌਰਾਨ ਹਾਲੇ ਤਕ ਇਕ ਵੀ ਪੈਸੇ ਦੀ ਖਰੀਦ ਨਹੀਂ ਕੀਤੀ ਗਈ।

ਪ੍ਰਵੀਨ ਨਿਰਮੋਹੀ


author

Rakesh

Content Editor

Related News