ਜਗਦੀਪ ਨਕੱਈ ਨੇ ਰਾਸ਼ਟਰੀ ਕੋਪਰੇਟਿਵ ਕਾਨਫਰੰਸ ਦੌਰਾਨ ਖੇਤੀਬਾੜੀ ਲਈ ਦਿੱਤੇ ਮਹੱਤਵਪੂਰਨ ਸੁਝਾਅ
Tuesday, Sep 16, 2025 - 03:30 PM (IST)

ਮਾਨਸਾ (ਮਿੱਤਲ) : 13-14 ਸਤੰਬਰ 2025 ਨੂੰ ਸ਼ਿਮਲਾ ਵਿਖੇ ਆਯੋਜਿਤ ਰਾਸ਼ਟਰੀ ਕੋਪਰੇਟਿਵ ਕਾਨਫਰੰਸ ਵਿਚ ਦੇਸ਼ ਭਰ ਤੋਂ ਆਏ ਕੋਆਪਰੇਟਿਵ ਖੇਤਰ ਦੇ ਨੁਮਾਇੰਦਿਆਂ ਅਤੇ ਖੇਤੀਬਾੜੀ ਖੇਤਰ ਦੇ ਮਾਹਿਰਾਂ ਨੇ ਸ਼ਿਰਕਤ ਕੀਤੀ। ਇਸ ਉੱਚ ਪੱਧਰੀ ਸਮਾਗਮ ਦੀ ਮੇਜ਼ਬਾਨੀ ਹਿਮਾਚਲ ਪ੍ਰਦੇਸ਼ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਦਵਿੰਦਰ ਸਿੰਘ ਸ਼ਾਮ ਵੱਲੋਂ ਕੀਤੀ ਗਈ। ਇਸ ਮੌਕੇ ਜਗਦੀਪ ਸਿੰਘ ਨਕੱਈ ਜੋ ਇਫਕੋ ਡਾਇਰੈਕਟਰ ਵੀ ਹਨ, ਨੇ ਇਫਕੋ ਚੇਅਰਮੈਨ ਦਲੀਪ ਭਾਈ ਸਿੰਘਾਣੀ ਦੇ ਨਾਲ ਮਿਲ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਖੇਤੀਬਾੜੀ ਖੇਤਰ ਵਿਚ ਮਹਿਲਾਵਾਂ ਦੇ ਸਸ਼ਕਤੀਕਰਨ, ਆਰਗੈਨਿਕ ਖੇਤੀਬਾੜੀ ਵਿਸ਼ੇਸ਼ ਕਰਕੇ ਕਣਕ, ਮੱਕੀ ਅਤੇ ਜੌ ਦੀ ਖੇਤੀ ਨੂੰ ਹੋਰ ਮਜ਼ਬੂਤ ਕਰਨ, ਨਵੀਂ ਤਕਨੀਕਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਆਦਿ ਰਣਨੀਤੀਆਂ 'ਤੇ ਚਰਚਾ ਹੋਈ।
ਜਗਦੀਪ ਸਿੰਘ ਨਕੱਈ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਬਾਗਬਾਨੀ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ ਦੇ ਨਵੀਨਤਮ ਉਪਕਰਣ, ਆਧੁਨਿਕ ਤਕਨੀਕਾਂ, ਆਰਗੈਨਿਕ ਖੇਤੀ ਪ੍ਰਚਾਰ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਾਲੀਆਂ ਯੋਜਨਾਵਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਇਹ ਭਾਵ ਪ੍ਰਗਟਾਇਆ ਕਿ ਮਹਿਲਾਵਾਂ ਨੂੰ ਖੇਤੀਬਾੜੀ ਖੇਤਰ ਵਿਚ ਆਤਮ-ਨਿਰਭਰ ਬਣਾਉਣ ਲਈ ਕੋਆਪਰੇਟਿਵ ਸੈਕਟਰ ਅਤੇ ਸਰਕਾਰ ਮਿਲ ਕੇ ਨਵੀਂ ਯੋਜਨਾਵਾਂ ਤੇ ਉਪਕਰਣ ਲੈ ਕੇ ਆ ਰਹੇ ਹਨ। ਮਹਿਲਾਵਾਂ ਨੂੰ ਖੇਤੀਬਾੜੀ ਵਿਚ ਸਮਰੱਥ ਬਣਾਉਣਾ, ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਅਤੇ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਖੇਤੀਬਾੜੀ ਖੇਤਰ ਦੀ ਤਰੱਕੀ ਲਈ ਮਹੱਤਵਪੂਰਨ ਹੈ।
ਇਸ ਦੌਰਾਨ ਨਕੱਈ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਨਵੇਂ ਖੇਤੀਬਾੜੀ ਯੁਗ ਦੀ ਸ਼ੁਰੂਆਤ ਹੋਵੇਗੀ, ਜਿਸ ਵਿਚ ਕਿਸਾਨਾਂ ਦੀ ਆਮਦਨ ਤੇ ਜੀਵਨ ਮਿਆਰ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਅਖੀਰ ਵਿਚ ਨਕਈ ਨੇ ਭਵਿੱਖ ਲਈ ਯੋਜਨਾਵਾਂ ਦਾ ਐਲਾਨ ਕਰਕੇ ਦਾਅਵਾ ਕੀਤਾ ਕਿ ਇਫਕੋ ਖੇਤੀਬਾੜੀ ਖੇਤਰ ਦੀ ਵਿਕਾਸ ਯਾਤਰਾ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਰਹੇਗਾ ਅਤੇ ਕਿਸਾਨਾਂ ਨੂੰ ਆਧੁਨਿਕਤਾ ਅਤੇ ਆਤਮ-ਨਿਰਭਰ ਬਣਾਉਣ ਵਾਸਤੇ ਹਰ ਸੰਭਵ ਯਤਨ ਕਰੇਗਾ।