ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ ਵਧਣ ਦੀ ਉਮੀਦ, ਸ਼ੈਲਰਾਂ ਦੀ ਲਿੰਕੇਜ ਵਧਾਈ ਜਾਵੇ: ਬੱਬੀ ਦਾਨੇਵਾਲੀਆ

Tuesday, Nov 10, 2026 - 07:45 PM (IST)

ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ ਵਧਣ ਦੀ ਉਮੀਦ, ਸ਼ੈਲਰਾਂ ਦੀ ਲਿੰਕੇਜ ਵਧਾਈ ਜਾਵੇ: ਬੱਬੀ ਦਾਨੇਵਾਲੀਆ

ਮਾਨਸਾ (ਸੰਦੀਪ ਮਿੱਤਲ): ਜ਼ਿਲ੍ਹਾ ਮਾਨਸਾ ਦੇ ਕਿਸਾਨਾਂ ਵੱਲੋਂ ਇਸ ਵਾਰ ਬਾਸਮਤੀ ਝੋਨੇ ਅਤੇ ਨਰਮੇ ਦੀ ਫ਼ਸਲ ਹੇਠ ਰਕਬਾ ਘੱਟ ਰੱਖਿਆ ਗਿਆ ਹੈ, ਜਦਕਿ ਪਰਮਲ ਝੋਨੇ ਦੀ ਫ਼ਸਲ ਹੇਠ ਰਕਬੇ ਵਿਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਸ ਵਾਰ ਪੰਜਾਬ ਦਾ ਝੋਨਾ ਹਰਿਆਣਾ ਵਿਚ ਜਾਣ ਦੀ ਬਜਾਏ ਪੰਜਾਬ ਦੀਆਂ ਮੰਡੀਆਂ ਵਿਚ ਹੀ ਵਿਕ ਰਿਹਾ ਹੈ। ਇਸ ਕਾਰਨ ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ ਵਧਣ ਦੀ ਪੂਰੀ ਸੰਭਾਵਨਾ ਹੈ। ਇਹ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਵਧੇਰੇ ਆਮਦ ਨੂੰ ਦੇਖਦਿਆਂ ਫੂਡ ਸਪਲਾਈ ਵਿਭਾਗ ਅਤੇ ਸਬੰਧਤ ਖਰੀਦ ਏਜੰਸੀਆਂ ਨੂੰ ਸ਼ੈਲਰਾਂ ਦੀ ਲਿੰਕੇਜ ਵਿਚ ਤੁਰੰਤ ਵਾਧਾ ਕਰਨਾ ਚਾਹੀਦਾ ਹੈ, ਤਾਂ ਜੋ ਮੰਡੀਆਂ ਵਿਚ ਫ਼ਸਲ ਦੀ ਖਰੀਦ ਅਤੇ ਲਿਫਟਿੰਗ ਨਿਰਵਿਘਨ ਜਾਰੀ ਰਹਿ ਸਕੇ।

ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤੋਂ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਮੰਡੀਆਂ ਵਿਚ ਖਰੀਦ ਹੋਣ ਦੇ ਬਾਵਜੂਦ ਬਰਦਾਨੇ ਅਤੇ ਲਿਫਟਿੰਗ ਸਬੰਧੀ ਸਮੱਸਿਆਵਾਂ ਕਾਰਨ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਮੰਡੀ ਵਿੱਚ ਬਿਨਾਂ ਠੋਸ ਕਾਰਨ ਖਰੀਦ ਬੰਦ ਕੀਤੀ ਗਈ ਜਾਂ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਗਿਆ ਤਾਂ ਕਿਸਾਨ, ਆੜ੍ਹਤੀਏ, ਮਜ਼ਦੂਰ ਅਤੇ ਦੁਕਾਨਦਾਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਬੈਠੇ ਅਧਿਕਾਰੀ ਕੰਪਿਊਟਰਾਂ ਵਿੱਚ ਦਰਜ ਅੰਕੜਿਆਂ ਦੇ ਆਧਾਰ 'ਤੇ ਮੰਡੀਆਂ ਵਿੱਚ ਖਰੀਦ ਬੰਦ ਕਰਨ ਦੇ ਹੁਕਮ ਦੇ ਦਿੰਦੇ ਹਨ, ਜਦਕਿ ਜ਼ਮੀਨੀ ਹਕੀਕਤ ਕਈ ਵਾਰ ਇਨ੍ਹਾਂ ਅੰਕੜਿਆਂ ਤੋਂ ਵੱਖਰੀ ਹੁੰਦੀ ਹੈ। ਇਸ ਲਈ ਡਿਪਟੀ ਕਮਿਸ਼ਨਰ ਮਾਨਸਾ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਖੁਦ ਦਾਣਾ ਮੰਡੀਆਂ ਵਿੱਚ ਪਹੁੰਚ ਕੇ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ।

ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੈਲਰਾਂ ਦੀ ਲਿੰਕੇਜ ਵਿਚ ਜਲਦ ਤੋਂ ਜਲਦ ਵਾਧਾ ਕੀਤਾ ਜਾਵੇ ਅਤੇ ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚ ਲਿਫਟਿੰਗ ਤੇ ਖਰੀਦ ਦੇ ਪ੍ਰਬੰਧ ਸੁਚਾਰੂ ਬਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਮੇਂ ਸਿਰ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


author

Anmol Tagra

Content Editor

Related News