ਬਠਿੰਡਾ ਜ਼ਿਲ੍ਹੇ ’ਚ 'ਲੰਪੀ ਸਕਿਨ' ਨਾਲ 123 ਪਸ਼ੂਆਂ ਦੀ ਮੌਤ, 3168 ਦਾ ਕੀਤਾ ਇਲਾਜ

08/13/2022 5:09:38 PM

ਬਠਿੰਡਾ (ਸੁਖਵਿੰਦਰ) : ਬਠਿੰਡਾ ਜ਼ਿਲ੍ਹੇ ਵਿਚ ਹੁਣ ਤਕ 123 ਪਸ਼ੂਆਂ ਦੀ 'ਲੰਪੀ ਸਕਿਨ' ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਹੁਣ ਤਕ ਇਸ ਬੀਮਾਰੀ ਤੋਂ ਪੀੜਤ 3168 ਪਸ਼ੂਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਲੋਕ ਸੂਚਨਾ ਅਫ਼ਸਰ, ਦਫ਼ਤਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਠਿੰਡਾ ਵੱਲੋਂ ਸੰਜੀਵ ਗੋਇਲ ਸਕੱਤਰ ਜਾਗੋ ਗ੍ਰਹਿ ਨੇ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ। ਪਸ਼ੂਆਂ ਦੀ ਮੌਤ ਦਾ ਉਪਰੋਕਤ ਅੰਕੜਾ ਅਧਿਕਾਰਤ ਤੌਰ ’ਤੇ ਦਰਜ ਹੈ। ਇਸ ਤੋਂ ਇਲਾਵਾ ਜਿਹੜੇ ਬੇਸਹਾਰਾ ਪਸ਼ੂਆਂ ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਵਿਭਾਗ ਨੇ ਬਣਾਈਆਂ 49 ਟੀਮਾਂ
ਵਿਭਾਗ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਲੰਪੀ ਸਕਿਨ ਦੀ ਬੀਮਾਰੀ ਨਾਲ ਨਜਿੱਠਣ ਲਈ ਵਿਭਾਗ ਵੱਲੋਂ 49 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵਿੱਚੋਂ ਹਰੇਕ ਵਿਚ ਇਕ ਵੈਟਰਨਰੀ ਅਫ਼ਸਰ ਸ਼ਾਮਲ ਹੁੰਦਾ ਹੈ। ਜ਼ਿਲ੍ਹੇ ’ਚ ਲੰਪੀ ਸਕਿਨ ਦੀ ਬੀਮਾਰੀ ਦੇ ਇਲਾਜ ਲਈ ਹੁਣ ਤਕ ਕੁੱਲ 3 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ, ਜਿਸ ਦੇ ਵੇਰਵੇ ਅਜੇ ਤਕ ਨਹੀਂ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕੱਢਿਆ ਰੋਸ ਮਾਰਚ

ਬੇਸਹਾਰਾ ਜਾਨਵਰਾਂ ਦੀ ਮੌਤ ਦਾ ਕੋਈ ਅੰਕੜਾ ਨਹੀਂ
ਡਿਪਟੀ ਡਾਇਰੈਕਟਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 123 ਪਸ਼ੂਆਂ ਦੀ ਚਮੜੀ ਦੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਜੇਕਰ ਬਠਿੰਡਾ ਸ਼ਹਿਰ ਅਤੇ ਬਠਿੰਡਾ ਜ਼ਿਲ੍ਹੇ ਵਿਚ ਲੰਪੀ ਸਕਿਨ ਦੀ ਬੀਮਾਰੀ ਕਾਰਨ ਘੁੰਮ ਰਹੀਆਂ ਬੇਸਹਾਰਾ ਗਊਆਂ ਦੀਆਂ ਮੌਤਾਂ ਦਾ ਸਹੀ ਅੰਦਾਜ਼ਾ ਲਾਇਆ ਜਾਵੇ ਤਾਂ ਇਹ ਅੰਕੜੇ ਕਈ ਗੁਣਾਂ ਵੱਧ ਹੋ ਸਕਦੇ ਹਨ, ਕਿਉਂਕਿ ਇਕੱਲੇ ਬਠਿੰਡਾ ਸ਼ਹਿਰ ਦੇ ਬਾਹਰੀ ਖੇਤਰ ਵਿਚ ਕਈ ਬੇਸਹਾਰਾ ਗਾਵਾਂ ਗਲੀ-ਸੜੀ ਚਮੜੀ ਕਾਰਨ ਮਰ ਕਰ ਚੁੱਕੀਆਂ ਹਨ।

ਬੀਮਾਰ ਪਸ਼ੂਆਂ ਦਾ ਇਲਾਜ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਸਰਗਰਮ
ਬਠਿੰਡਾ ਸ਼ਹਿਰ ਦੀਆਂ ਕਈ ਬੇਸਹਾਰਾ ਗਊਆਂ ਨੂੰ ਬਿਮਾਰੀ ਤੋਂ ਠੀਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਪਸ਼ੂ ਪ੍ਰੇਮੀਆਂ ਅਤੇ ਆਮ ਲੋਕਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾਵਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਪਸ਼ੂਆਂ ਨੂੰ ਦੇਸੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਕੁਝ ਸੰਸਥਾਵਾਂ ਪਸ਼ੂ ਮਾਹਿਰਾਂ ਦੀ ਮਦਦ ਨਾਲ ਟੀਕੇ ਆਦਿ ਵੀ ਲਗਵਾ ਰਹੀਆਂ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News