ਕਾਂਗੜਾ ਜ਼ਿਲੇ ਅਤੇ ਰਾਮਪੁਰ ''ਚ ਬਿਨਾਂ ਹੈਲਮੇਟ ਨਹੀਂ ਮਿਲੇਗਾ ਪੈਟਰੋਲ

Tuesday, Aug 14, 2018 - 07:03 AM (IST)

ਕਾਂਗੜਾ ਜ਼ਿਲੇ ਅਤੇ ਰਾਮਪੁਰ ''ਚ ਬਿਨਾਂ ਹੈਲਮੇਟ ਨਹੀਂ ਮਿਲੇਗਾ ਪੈਟਰੋਲ

ਦੇਸ਼ ਵਿਚ ਵੱਡੀ ਗਿਣਤੀ 'ਚ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੇ ਬਾਵਜੂਦ ਲੋਕ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਪ੍ਰਤੀ ਲਾਪਰਵਾਹ ਦੇਖੇ ਜਾਂਦੇ ਹਨ। ਖਾਸ ਤੌਰ 'ਤੇ ਬਾਈਕ ਸਵਾਰਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ ਪਰ ਬਾਈਕ ਸਵਾਰ ਇਸ ਦੀ ਵਰਤੋਂ ਨਹੀਂ ਕਰਦੇ, ਜੋ ਹਾਦਸੇ ਦੀ ਸਥਿਤੀ 'ਚ ਸਿਰ 'ਤੇ ਲੱਗਣ ਵਾਲੀਆਂ ਸੱਟਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਡਾ ਕਾਰਨ ਹੈ। 
ਬਾਈਕ ਸਵਾਰਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਹਿਮਾਚਲ 'ਚ ਕਾਂਗੜਾ ਜ਼ਿਲਾ ਪ੍ਰਸ਼ਾਸਨ ਅਤੇ ਰਾਮਪੁਰ ਪੁਲਸ ਸਬ-ਡਵੀਜ਼ਨ ਦੇ ਅਧਿਕਾਰੀਆਂ ਨੇ ਅਨੋਖਾ ਤਰੀਕਾ ਕੱਢਿਆ ਹੈ, ਜਿਸ ਦੇ ਤਹਿਤ ਬਿਨਾਂ ਹੈਲਮੇਟ ਪਹਿਨੀ ਦੋਪਹੀਆ ਵਾਹਨ ਚਾਲਕਾਂ ਨੂੰ ਪੈਟਰੋਲ ਨਹੀਂ ਮਿਲੇਗਾ। 
ਕਾਂਗੜਾ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵਲੋਂ ਜਾਰੀ ਇਕ ਹੁਕਮ ਅਨੁਸਾਰ ਜ਼ਿਲੇ ਦੇ ਸਾਰੇ 71 ਪੈਟਰੋਲ ਪੰਪਾਂ 'ਤੇ ਬਿਨਾਂ ਹੈਲਮੇਟ ਪਹਿਨੀ ਕਿਸੇ ਵੀ ਦੋਪਹੀਆ ਵਾਹਨ ਚਾਲਕ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ। 
ਇਸ ਸਬੰਧ ਵਿਚ ਸਬੰਧਤ ਅਧਿਕਾਰੀਆਂ ਨੂੰ ਪੈਟਰੋਲ ਪੰਪਾਂ ਦੀ ਸੀ. ਸੀ. ਟੀ. ਵੀ. ਫੁਟੇਜ ਸਥਾਈ ਤੌਰ 'ਤੇ ਜਾਂਚਣ ਲਈ ਕਿਹਾ ਗਿਆ ਹੈ। ਇਹ ਨਿਯਮ ਗੁਆਂਢੀ ਸੂਬਿਆਂ ਤੋਂ ਮੋਟਰਸਾਈਕਲਾਂ 'ਤੇ ਆਉਣ ਵਾਲੇ ਸੈਲਾਨੀਆਂ 'ਤੇ ਵੀ ਲਾਗੂ ਹੋਵੇਗਾ। 
ਇਸੇ ਤਰ੍ਹਾਂ ਰਾਮਪੁਰ ਪੁਲਸ ਸਬ-ਡਵੀਜ਼ਨ ਦੇ ਅਧਿਕਾਰੀਆਂ ਦੀ ਪੈਟਰੋਲ ਪੰਪ ਮਾਲਕਾਂ ਨਾਲ ਹੋਈ ਮੀਟਿੰਗ ਵਿਚ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਵਾਲਿਆਂ ਨੂੰ ਪੈਟਰੋਲ ਨਾ ਦੇਣ ਦਾ ਫੈਸਲਾ ਲਿਆ ਗਿਆ। ਇਸ ਦੇ ਤਹਿਤ ਹੁਣ 15 ਅਗਸਤ ਤੋਂ ਜਿਊਰੀ ਤੋਂ ਨਾਰਕੰਡਾ ਤਕ ਬਿਨਾਂ ਹੈਲਮੇਟ ਦੇ ਦੋਪਹੀਆ ਚਾਲਕਾਂ ਨੂੰ ਪੈਟਰੋਲ ਨਹੀਂ ਮਿਲੇਗਾ। 
ਜਿਥੇ ਕਾਂਗੜਾ ਜ਼ਿਲਾ ਪ੍ਰਸ਼ਾਸਨ ਅਤੇ ਰਾਮਪੁਰ ਪੁਲਸ ਸਬ-ਡਵੀਜ਼ਨ ਦੇ ਅਧਿਕਾਰੀਆਂ ਨੇ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਾਲਕਾਂ ਨੂੰ ਪੈਟਰੋਲ ਨਾ ਦੇਣ ਦਾ ਫੈਸਲਾ ਲਿਆ ਹੈ, ਉਥੇ ਹੀ ਊਨਾ ਦੇ ਐੱਸ. ਪੀ. ਦਿਵਾਕਰ ਸ਼ਰਮਾ ਨੇ ਪੁਲਸ ਮਹਿਕਮੇ ਵਿਚ ਭ੍ਰਿਸ਼ਟਾਚਾਰ 'ਤੇ ਰੋਕ ਲਾਉਣ ਲਈ ਇਕ ਅਨੋਖਾ ਹੁਕਮ ਜਾਰੀ ਕੀਤਾ ਹੈ। 
ਇਸ ਦੇ ਤਹਿਤ ਅੰਤਰਰਾਜੀ ਬੈਰੀਅਰਾਂ 'ਤੇ ਤਾਇਨਾਤ ਕੋਈ ਵੀ ਪੁਲਸ ਮੁਲਾਜ਼ਮ ਆਪਣੀ ਜੇਬ ਵਿਚ ਡਿਊਟੀ ਦੌਰਾਨ 200 ਰੁਪਏ ਤੋਂ ਜ਼ਿਆਦਾ ਰਕਮ ਨਹੀਂ ਰੱਖ ਸਕੇਗਾ। ਇਹ ਹੁਕਮ ਇਸ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਲਿਆ ਗਿਆ ਹੈ ਕਿ ਪੁਲਸ ਮੁਲਾਜ਼ਮ ਸੂਬੇ ਵਿਚ ਆਉਣ ਵਾਲੇ ਤੀਰਥ ਯਾਤਰੀਆਂ ਤੋਂ ਰਿਸ਼ਵਤ ਮੰਗਦੇ ਹਨ। 
ਦੋਪਹੀਆ ਵਾਹਨ ਹਾਦਸਿਆਂ 'ਚ ਮੌਤਾਂ ਤੋਂ ਬਚਾਅ ਅਤੇ ਪੁਲਸ ਮਹਿਕਮੇ ਵਿਚ ਭ੍ਰਿਸ਼ਟਾਚਾਰ 'ਤੇ ਰੋਕ ਲਾਉਣ ਵਾਲੇ ਇਹ ਦੋਵੇਂ ਹੀ ਫੈਸਲੇ ਚੰਗੇ ਹਨ, ਜਿਨ੍ਹਾਂ ਨੂੰ ਸਮੁੱਚੇ ਹਿਮਾਚਲ ਵਿਚ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਵਿਸ਼ੇ ਵਿਚ ਨੋਟਿਸ ਲੈਂਦਿਆਂ ਇਹ ਫੈਸਲੇ ਤੁਰੰਤ ਲਾਗੂ ਕਰਨ। 
—ਵਿਜੇ ਕੁਮਾਰ


Related News