ਇਹ ਕੀ ਹੋ ਰਿਹਾ ਹੈ, ਇਹ ਕਿਉਂ ਹੋ ਰਿਹਾ ਹੈ, ਕਿਤੇ ਡਿੱਗਦੀ ਬਿਜਲੀ, ਕਿਤੇ ਭੂਚਾਲ, ਕਿਤੇ ਸੋਕਾ, ਕਿਤੇ ਹੜ੍ਹ

07/04/2021 2:31:28 AM

ਅਸੀਂ ਅਕਸਰ ਲਿਖਦੇ ਰਹਿੰਦੇ ਹਾਂ, ਕੁਝ ਸਮੇਂ ਤੋਂ ਵਿਸ਼ਵ ਦੇ ਹਾਲਾਤ ਦੇਖਦੇ ਹੋਏ ਕਈ ਲੋਕਾਂ ਦਾ ਕਹਿਣਾ ਠੀਕ ਹੀ ਜਾਪਦਾ ਹੈ ਕਿ ਵਿਸ਼ਵ ’ਤੇ ਸਾੜ੍ਹਸਤੀ ਦਾ ਪ੍ਰਕੋਪ ਜਾਰੀ ਹੈ। ਕੋਰੋਨਾ ਮਹਾਮਾਰੀ ਜਾਨ ਲੈ ਰਹੀ ਹੈ, ਦੂਜੇ ਪਾਸੇ ਕੁਦਰਤ ਦਾ ਪ੍ਰਕੋਪ ਲਗਾਤਾਰ ਜਾਰੀ ਹੈ।

ਕਿਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ, ਕਿਤੇ ਭਾਰੀ ਮੀਂਹ ਅਤੇ ਹੜ੍ਹ ਨਾਲ ਤਬਾਹੀ ਹੋ ਰਹੀ ਹੈ, ਕਿਤੇ ਆਸਮਾਨੀ ਬਿਜਲੀ ਡਿੱਗਣ, ਬਰਫ ਦੇ ਤੋਦੇ ਡਿੱਗਣ, ਜੰਗਲਾਂ ’ਚ ਅੱਗ ਲੱਗਣ ਆਦਿ ਨਾਲ ਭਾਰੀ ਤਬਾਹੀ ਹੋ ਰਹੀ ਹੈ ਅਤੇ ਕਿਤੇ ਠੰਡ ਤੇ ਕਿਤੇ ਭਿਆਨਕ ਗਰਮੀ ਪੈ ਰਹੀ ਹੈ, ਜਿਸ ਦੀਆਂ ਕੁਝ ਕੁ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 14 ਜੂਨ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਹਨੇਰੀ-ਤੂਫਾਨ ਨਾਲ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਅਤੇ 17 ਲੋਕ ਜ਼ਖਮੀ ਹੋ ਗਏ।

* 16 ਜੂਨ ਨੂੰ ਭੂਟਾਨ ’ਚ ਭਾਰੀ ਮੀਂਹ ਅਤੇ ਹੜ੍ਹ ’ਚ ਇਕ ਪਹਾੜੀ ਕੈਂਪ ਰੁੜ੍ਹ ਜਾਣ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ।

* 17 ਜੂਨ ਨੂੰ ਪਾਕਿਸਤਾਨ ਦੇ ਇਸਲਾਮਾਬਾਦ ’ਚ 4.4 ਤੀਬਰਤਾ ਦਾ ਭੂਚਾਲ ਆਇਆ।

* 18 ਜੂਨ ਨੂੰ ਅਸਾਮ ’ਚ 4.2 ਤੀਬਰਤਾ ਦਾ 24 ਘੰਟਿਆਂ ’ਚ ਪੰਜਵਾਂ ਭੂਚਾਲ ਆਇਆ।

* 19 ਜੂਨ ਤੱਕ ਨੇਪਾਲ ’ਚ 1 ਹਫਤੇ ਦੇ ਅਰਸੇ ਦੌਰਾਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਨਤੀਜੇ ਵਜੋਂ ਘੱਟ ਤੋਂ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ।

* 20 ਜੂਨ ਨੂੰ ਅਮਰੀਕਾ ਦੇ ਅਲਬਾਮਾ ’ਚ 137 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਆਏ ‘ਕਲਾਊਡੇਟ’ ਤੂਫਾਨ ਨਾਲ 50 ਮਕਾਨ ਢਹਿ ਗਏ ਅਤੇ 10 ਵਿਅਕਤੀ ਮਾਰੇ ਗਏ।

* ਅਲਬਾਮਾ ’ਚ ਤਬਾਹੀ ਮਚਾਉਣ ਦੇ ਬਾਅਦ ‘ਕਲਾਊਡੇਟ ਤੂਫਾਨ’ ਨੇ 21 ਜੂਨ ਨੂੰ ਅਮਰੀਕਾ ਦੇ ਸ਼ਿਕਾਗੋ ’ਚ 100 ਤੋਂ ਵੱਧ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ।

* 21 ਜੂਨ ਨੂੰ ਜਾਪਾਨ ਦੇ ‘ਹੋਕਾਇਡੋ’ ਸੂਬੇ ’ਚ 5.4 ਤੀਬਰਤਾ ਦਾ ਭੂਚਾਲ ਆਇਆ।

* 24 ਜੂਨ ਨੂੰ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ’ਚ 3.7 ਤੀਬਰਤਾ ਦਾ ਭੂਚਾਲ ਆਇਆ।

* 25 ਜੂਨ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਫੌਜੀ ਦੀ ਮੌਤ ਅਤੇ 2 ਹੋਰ ਜ਼ਖਮੀ ਹੋ ਗਏ।

* 26 ਜੂਨ ਨੂੰ ਝਾਰਖੰਡ ਦੇ ਪਲਾਮੂ ਜ਼ਿਲੇ ’ਚ ਆਸਮਾਨੀ ਬਿਜਲੀ ਡਿੱਗਣ ਨਾਲ 3 ਕਿਸਾਨਾਂ ਦੀ ਜਾਨ ਚਲੀ ਗਈ ਅਤੇ 2 ਹੋਰ ਜ਼ਖਮੀ ਹੋ ਗਏ।

* 28 ਜੂਨ ਨੂੰ ਲੱਦਾਖ ’ਚ 4.6 ਤੀਬਰਤਾ ਦਾ ਭੂਚਾਲ ਆਇਆ। ਇਸੇ ਦਿਨ ਉੱਤਰਾਖੰਡ ਦੇ ਪਿਥੌਰਾਗੜ੍ਹ ’ਚ ਵੀ 3.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤ ਗਏ।

* 28 ਜੂਨ ਨੂੰ ਬਿਹਾਰ ’ਚ ਸਹਰਸਾ ਜ਼ਿਲੇ ਦੇ ‘ਬਖਤਿਆਰਪੁਰ’ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਔਰਤ ਅਤੇ 4 ਬੱਚਿਆਂ ਦੀ ਝੁਲਸਣ ਨਾਲ ਮੌਤ ਹੋ ਗਈ, ਜਿਨ੍ਹਾਂ ਨੇ ਮੀਂਹ ਤੋਂ ਬਚਣ ਲਈ ਇਕ ਰੁੱਖ ਦੇ ਹੇਠਾਂ ਪਨਾਹ ਲਈ ਹੋਈ ਸੀ।

* 1 ਜੁਲਾਈ ਨੂੰ ਉੱਤਰ ਪ੍ਰਦੇਸ਼ ’ਚ ਹਮੀਰਪੁਰ ਦੇ ‘ਰਾਠ’ ਪਿੰਡ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਔਰਤ ਮਾਰੀ ਗਈ।

* 1 ਜੁਲਾਈ ਨੂੰ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ’ਚ 12 ਘੰਟਿਆਂ ਤੋਂ ਵੀ ਘੱਟ ਵਕਫੇ ’ਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ।

* 1 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪਿੰਡ ‘ਲਿਟਨ’ ’ਚ ਪੈ ਰਹੀ ਗਰਮੀ ਦੇ ਕਾਰਨ ਤਾਪਮਾਨ ਇੰਨਾ ਵੱਧ ਗਿਆ ਕਿ ਸਮੁੱਚਾ ਪਿੰਡ ਅੱਗ ਦੀਆਂ ਲਾਟਾਂ ਨਾਲ ਘਿਰ ਗਿਆ ਅਤੇ ਲੋਕ ਆਪਣਾ ਘਰ-ਬਾਰ ਛੱਡ ਕੇ ਭੱਜਣ ਦੇ ਲਈ ਮਜਬੂਰ ਹੋ ਗਏ।

* 3 ਜੁਲਾਈ ਨੂੰ ਜਾਪਾਨ ’ਚ ਟੋਕੀਓ ਦੇ ਨੇੜੇ ਅਤਾਮੀ ਸ਼ਹਿਰ ’ਚ ਭਾਰੀ ਮੀਂਹ ਕਾਰਨ ਜ਼ਮੀਨ ਧੱਸਣ ਨਾਲ ਕਈ ਮਕਾਨ ਜ਼ਮੀਨਦੋਜ਼ ਹੋ ਜਾਣ ਨਾਲ 2 ਵਿਅਕਤੀਆਂ ਦੀ ਮੌਤ ਅਤੇ ਘੱਟ ਤੋਂ ਘੱਟ 19 ਲੋਕ ਲਾਪਤਾ ਹੋ ਗਏ।

ਉਕਤ ਆਫਤਾਂ ਦੇ ਇਲਾਵਾ ਮੌਸਮ ਵੀ ਤਰ੍ਹਾਂ-ਤਰ੍ਹਾਂ ਦੇ ਰੰਗ ਦਿਖਾ ਰਿਹਾ ਹੈ। ਇਨ੍ਹੀਂ ਦਿਨੀਂ ਕੁਝ ਸੂਬਿਆਂ ’ਚ ਜਿੱਥੇ ਮੀਂਹ ਨਾ ਪੈਣ ਕਾਰਨ ਸੋਕੇ ਦੀ ਸਥਿਤੀ ਬਣੀ ਹੋਈ ਹੈ, ਉੱਥੇ ਕੁਝ ਸੂਬਿਆਂ ’ਚ ਵੱਧ ਮੀਂਹ ਨੇ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਬਿਹਾਰ ਦੇ 16 ਜ਼ਿਲਿਆਂ ’ਚ ਆਏ ਹੜ੍ਹ ਕਾਰਨ 27 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਨਿਊਜ਼ੀਲੈਂਡ ’ਚ ਇਨ੍ਹੀਂ ਦਿਨੀਂ ਭਿਆਨਕ ਸਰਦੀ ਪੈਣ ਦਾ 55 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਬਰਫੀਲੇ ਤੂਫਾਨ ਦੇ ਕਾਰਨ ਰਾਜਧਾਨੀ ਵੇਲਿੰਗਟਨ ’ਚ ਸਥਾਨਕ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਅਤੇ ਕਈ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਨਿਊਜ਼ੀਲੈਂਡ ਦੇ ਕੁਝ ਸ਼ਹਿਰਾਂ ’ਚ ਇਕ ਦਹਾਕੇ ਦੇ ਬਾਅਦ ਬਰਫਬਾਰੀ ਹੋਈ ਹੈ ਅਤੇ ਜੂਨ ਦਾ ਮਹੀਨਾ ਨਿਊਜ਼ੀਲੈਂਡ ’ਚ ਪਿਛਲੇ 55 ਸਾਲਾਂ ’ਚ ਸਭ ਤੋਂ ਠੰਡਾ ਰਿਹਾ।

ਇੱਥੇ ਬਸ ਨਹੀਂ, ਇਨ੍ਹੀਂ ਦਿਨੀਂ ਕਈ ਯੂਰਪੀ, ਅਮਰੀਕੀ ਅਤੇ ਏਸ਼ੀਆਈ ਦੇਸ਼ ਰਿਕਾਰਡ ਗਰਮੀ ਨਾਲ ਤ੍ਰਾਹ-ਤ੍ਰਾਹ ਕਰ ਰਹੇ ਹਨ। ਕੈਨੇਡਾ ’ਚ ਗਰਮੀ ਦਾ 84 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇਕ ਹਫਤੇ ’ਚ ਉੱਥੇ ਲਗਭਗ 500 ਲੋਕਾਂ ਅਤੇ ਅਮਰੀਕਾ ’ਚ ਲਗਭਗ 100 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ’ਚ ਵੀ ਗਰਮੀ ਨਾਲ ਤ੍ਰਾਹ-ਤ੍ਰਾਹ ਮਚੀ ਹੋਈ ਹੈ। ਹਾਲਾਂਕਿ 29 ਜੂਨ ਨੂੰ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਸੀ ਕਿ 8 ਜੁਲਾਈ ਤੋਂ ਪਹਿਲਾਂ ਭਾਰਤ ’ਚ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਨਹੀਂ ਹੈ ਪਰ 2-3 ਜੁਲਾਈ ਨੂੰ ਹੀ ਅੱਧੀ ਰਾਤ ਨੂੰ ਉੱਤਰੀ ਭਾਰਤ ’ਚ ਕਈ ਥਾਂ ਭਾਰੀ ਮੀਂਹ ਨੇ ਮੌਸਮ ਵਿਭਾਗ ਦੇ ਅਨੁਮਾਨ ਝੁਠਲਾ ਦਿੱਤੇ।

ਸ਼ਾਇਦ ਕੁਦਰਤ ਸਮੁੱਚੇ ਵਿਸ਼ਵ ਨੂੰ ਚਿਤਾਵਨੀ ਦੇ ਰਹੀ ਹੈ ਕਿ ਅਜੇ ਵੀ ਸੰਭਲ ਜਾਓ ਅਤੇ ਮੇਰੇ ਨਾਲ ਛੇੜਛਾੜ ਕਰਨੀ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਵਿਨਾਸ਼ਲੀਲਾ ਵਰਤਮਾਨ ਨਾਲੋਂ ਵੀ ਵੱਧ ਦੇਖਣ ਨੂੰ ਮਿਲੇਗੀ।

-ਵਿਜੇ ਕੁਮਾਰ


Bharat Thapa

Content Editor

Related News