ਭਾਰਤ ’ਚ ਨਾਰੀ ਜਾਤੀ ’ਤੇ ‘ਨਿਰਭਯਾ ਵਰਗੇ ਅੱਤਿਆਚਾਰ ਕਦੋਂ ਰੁਕਣਗੇ’

01/07/2021 3:18:10 AM

16 ਦਸੰਬਰ, 2012 ਦੀ ਰਾਤ ਨੂੰ ਦਿੱਲੀ ’ਚ ਪੈਰਾ-ਮੈਡੀਕਲ ਦੀ 23 ਸਾਲਾ ਵਿਦਿਆਰਥਣ ‘ਨਿਰਭਯਾ’ ਦੇ ਨਾਲ ਚਲਦੀ ਬੱਸ ’ਚ 6 ਲੋਕਾਂ ਵਲੋਂ ਬੇਰਹਿਮੀ ਨਾਲ ਕੀਤੇ ਜਬਰ-ਜ਼ਨਾਹ ਕਾਂਡ ਨੇ ਵਿਸ਼ਵ ਭਰ ’ਚ ਸਨਸਨੀ ਫੈਲਾ ਦਿੱਤੀ ਸੀ। ਇਸ ਘਟਨਾ ’ਚ ਬਲਾਤਕਾਰੀਆਂ ਨੇ ਨਿਰਭਯਾ ਦੇ ਪ੍ਰਾਈਵੇਟ ਪਾਰਟ ’ਚ ‘ਲੋਹੇ ਦੀ ਛੜ’ ਪਾਉਣ ਦੇ ਇਲਾਵਾ ਉਸ ਦੇ ਸਰੀਰ ਨੂੰ ਕਈ ਜਗ੍ਹਾ ਤੋਂ ਦੰਦਾਂ ਨਾਲ ਵੱਢ ਦਿੱਤਾ ਸੀ।

‘ਨਿਰਭਯਾ’ ਨੂੰ ਨਿਆਂ ਦਿਵਾਉਣ ਲਈ ਦੇਸ਼ ਭਰ ’ਚ ਉੱਠੀਆਂ ਆਵਾਜ਼ਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਜਦੋਂ ਔਰਤਾਂ ਦੀ ਸੁਰੱਖਿਆ ਸਬੰਧੀ ਕਈ ਕਦਮ ਚੁੱਕਣ ਤੋਂ ਇਲਾਵਾ 3 ਮਹੀਨਿਆਂ ਦੇ ਅੰਦਰ ਕਾਨੂੰਨ ਵੀ ਬਣਾ ਦਿੱਤਾ ਤਾਂ ਆਸ ਬੱਝੀ ਸੀ ਕਿ ਇਸ ਨਾਲ ਔਰਤਾਂ ਦੇ ਵਿਰੁੱਧ ਅਪਰਾਧ ਘਟਣਗੇ ਪਰ ਅਜਿਹਾ ਹੋਇਆ ਨਹੀਂ ਅਤੇ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਤਕ ਵਾਸਨਾ ਦੇ ਭੁੱਖੇ ਭੇੜੀਆਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਹੀਆਂ ਹਨ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ 2019 ਦੇ ਅੰਕੜੇ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ। ਸਾਲ 2013 ’ਚ ਦੇਸ਼ ’ਚ ਔਰਤਾਂ ਦੇ ਵਿਰੁੱਧ ਅਪਰਾਧ ਦੀਆਂ 309546 ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਸਨ, ਜੋ 2019 ’ਚ ਵਧ ਕੇ 405861 ਹੋ ਗਈਆਂ। ਔਰਤਾਂ ਨਾਲ ਜਬਰ-ਜ਼ਨਾਹ ਵਰਗਾ ਘਿਨੌਣਾ ਅਪਰਾਧ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ’ਤੇ ਹੋਰ ਤਰੀਕਿਆਂ ਨਾਲ ਵੀ ਅੱਤਿਆਚਾਰ ਕਰਨ ਦੇ ਕੁਝ ਸ਼ਰਮਨਾਕ ਉਦਾਹਰਣਾਂ ਹੇਠਾਂ ਦਰਜ ਹਨ :

* 21 ਜਨਵਰੀ, 2020 ਨੂੰ ਮਹਾਰਾਸ਼ਟਰ ਦੇ ਨਾਗਪੁਰ ’ਚ ‘ਯੋਗੀ ਲਾਲ ਰਹਿੰਗਦਾਲੇ’ ਨਾਂ ਦੇ 52 ਸਾਲਾ ਵਿਅਕਤੀ ਨੇ ਇਕ ਔਰਤ ਦੇ ਮੂੰਹ ’ਚ ਕੱਪੜਾ ਤੁੰਨ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੇ ਗੁਪਤ ਅੰਗ ’ਚ ‘ਲੋਹੇ ਦੀ ਛੜ’ ਪਾ ਦਿੱਤੀ।

* 8 ਅਗਸਤ 2020 ਨੂੰ ਉੱਤਰ ਪ੍ਰਦੇਸ਼ ਦੇ ਹਾਪੁੜ ’ਚ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਕ ਨੌਜਵਾਨ ਨੇ ਇਕ 6 ਸਾਲਾ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦਾ ਪ੍ਰਾਈਵੇਟ ਪਾਰਟ ਕੁਚਲ ਦਿੱਤਾ।

* 14 ਸਤੰਬਰ ਨੂੰ ਹਾਥਰਸ ਜ਼ਿਲੇ ਦੇ ‘ਚੰਦਪਾ’ ਥਾਣਾ ਦੇ ਇਕ ਪਿੰਡ ’ਚ 19 ਸਾਲਾ ਦਲਿਤ ਕੁੜੀ ਦੀ 4 ਨੌਜਵਾਨਾਂ ਵਲੋਂ ਸਮੂਹਿਕ ਜਬਰ-ਜ਼ਨਾਹ, ਬੇਰਹਿਮੀ ਨਾਲ ਕੁੱਟ-ਮਾਰ ਕਰਨ ਨਾਲ ਸਮੁੱਚੇ ਸਰੀਰ ’ਚ ਥਾਂ-ਥਾਂ ਫ੍ਰੈਕਚਰ ਹੋਣ, ਜੀਭ ਕੱਟਣ ਅਤੇ ਰੀੜ੍ਹ ਦੀ ਹੱਡੀ ਟੁੱਟਣ ਨਾਲ 29 ਸਤੰਬਰ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਮੌਤ ਹੋ ਗਈ?

* 20 ਨਵੰਬਰ, 2020 ਨੂੰ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ਦੇ ਗਿਆਰਸਪੁਰ ਥਾਣਾ ਇਲਾਕੇ ਦੇ ‘ਓਲਿੰਜਾ’ ਪਿੰਡ ’ਚ ‘ਸੁਰੇਂਦਰ ਚਿ਼ੜਾਰ’ ਨਾਂ ਦੇ ਇਕ 26 ਸਾਲਾ ਨੌਜਵਾਨ ਨੇ ਨਾ ਸਿਰਫ ਇਕ 70 ਸਾਲਾ ਬਜ਼ੁਰਗ ਔਰਤ ਦੇ ਨਾਲ ਜਬਰ-ਜ਼ਨਾਹ ਕੀਤਾ ਸਗੋਂ ਵਿਰੋਧ ਕਰਨ ਅਤੇ ਰੌਲਾ ਪਾਉਣ ’ਤੇ ਉਸ ਦੇ ਮੂੰਹ ’ਚ ਮਿੱਟੀ ਭਰ ਦਿੱਤੀ, ਜਿਸ ਨਾਲ ਸਾਹ ਰੁਕਣ ਨਾਲ ਉਸ ਦੀ ਮੌਤ ਹੋ ਗਈ। ਇਹੀ ਨਹੀਂ ਜਬਰ-ਜ਼ਨਾਹ ਕਰਨ ਤੋਂ ਬਾਅਦ ਬਜ਼ੁਰਗ ਦੀ ਮੌਤ ਦੀ ਪੁਸ਼ਟੀ ਕਰਨ ਦੇ ਲਈ ਉਸ ਨੇ ਉਸ ਦੇ ਗੁਪਤ ਅੰਗ ’ਚ ਡੰਡਾ ਵੀ ਪਾ ਦਿੱਤਾ।

* 23 ਦਸੰਬਰ, 2020 ਨੂੰ ਓਡਿਸ਼ਾ ਦੇ ਨਯਾਗੜ੍ਹ ’ਚ ਇਕ ਨੌਜਵਾਨ ਨੇ ਇਕ 5 ਸਾਲਾ ਬੱਚੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਨਾਲ ਜਬਰ-ਜ਼ਨਾਹ ਕਰ ਦਿੱਤਾ।

* 3 ਜਨਵਰੀ, 2021 ਨੂੰ ਝਾਰਖੰਡ ’ਚ ਰਾਂਚੀ ਦੇ ‘ਓਰਮਾਂਝੀ’ ਵਿਚ ਇਕ ਮੁਟਿਆਰ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਅਪਰਾਧੀਆਂ ਨੇ ਨਾ ਸਿਰਫ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ, ਸਗੋਂ ਉਸ ਦਾ ਗੁਪਤ ਅੰਗ ਵੀ ਕੱਟ ਦਿੱਤਾ ਅਤੇ ਮੁਟਿਆਰ ਦੀ ਪਛਾਣ ਛਿਪਾਉਣ ਦੇ ਲਈ ਉਸ ਦਾ ਸਿਰ ਧੜ ਨਾਲੋਂ ਵੱਖ ਕਰਕੇ ਬਿਨਾਂ ਕੱਪੜੇ ਦੇ ਲਾਸ਼ ਨੂੰ ਸੁੱਟ ਦਿੱਤਾ।

* 3 ਜਨਵਰੀ, 2021 ਨੂੰ ਹੀ ਜਲੰਧਰ ਦੇ ਥਾਣਾ ਪਤਾਰਾ ਦੇ ਅਧੀਨ ਪੈਂਦੇ ਪਿੰਡ ’ਚ 25 ਸਾਲਾ ਪ੍ਰਵਾਸੀ ਮਜ਼ਦੂਰ ਨੇ ਇਕ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।

* ਨਾਰੀ ਜਾਤੀ ਦੇ ਪ੍ਰਤੀ ਅਪਰਾਧਾਂ ਦਾ ਇਕ ਹੋਰ ਉਦਾਹਰਣ 4 ਜਨਵਰੀ ਨੂੰ ਸਾਹਮਣੇ ਆਈ, ਜਦੋਂ ਉੱਤਰ ਪ੍ਰਦੇਸ਼ ’ ਬਦਾਯੂੰ ਦੇ ਥਾਣਾ ‘ਉਗੈਤੀ’ ਖੇਤਰ ’ਚ 50 ਸਾਲਾ ਇਕ ਔਰਤ ਦੇ ਨਾਲ ਇਕ ਮੰਦਿਰ ਦੇ ਮਹੰਤ, ਉਸ ਦੇ ਚੇਲੇ ਅਤੇ ਡਰਾਈਵਰ ਨੇ ਨਿਰਭਯਾ ਵਰਗਾ ਜ਼ੁਲਮਪੁਣਾ ਕੀਤਾ।

ਦੋਸ਼ੀਆਂ ਨੇ ਉਸ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਅਤੇ ਗੈਂਗਰੇਪ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗ ’ਚ ‘ਲੋਹੇ ਦੀ ਛੜ’ ਵਰਗੀ ਕੋਈ ਚੀਜ਼ ਜ਼ੋਰਦਾਰ ਹਮਲੇ ਦੇ ਨਾਲ ਪਾ ਦਿੱਤੀ ਜਿਸ ਦੇ ਸਿੱਟੇ ਵਜੋਂ ਔਰਤ ਦੀ ਖੱਬੀ ਪਸਲੀ, ਖੱਬਾ ਪੈਰ ਅਤੇ ਖੱਬਾ ਫੇਫੜਾ ਖਰਾਬ ਹੋ ਜਾਣ ਨਾਲ ਉਸ ਦੀ ਮੌਤ ਹੋ ਗਈ ਅਤੇ ਦੋਸ਼ੀ ਦੇਰ ਰਾਤ ਉਸ ਦੀ ਲਾਸ਼ ਉਸ ਦੇ ਘਰ ਦੇ ਬਾਹਰ ਸੁੱਟ ਕੇ ਚਲੇ ਗਏ।

ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਜਬਰ-ਜ਼ਨਾਹ ਦੇ ਦੋਸ਼ ’ਚ ਕੁਝ ਮਹੀਨਿਆਂ ਜਾਂ ਸਾਲ ਦੀ ਸਜ਼ਾ ਕੱਟ ਕੇ ਆਏ ਦੋਸ਼ੀ ਦੁਬਾਰਾ ਇਹ ਅਪਰਾਧ ਕਰਨ ਤੋਂ ਸੰਕੋਚ ਨਹੀਂ ਕਰਦੇ। ਜਿਵੇਂਕਿ ਜਬਰ-ਜ਼ਨਾਹ ਦੇ ਦੋਸ਼ ’ਚ ਕੈਦ ਕੱਟ ਕੇ ਜੇਲ ਤੋਂ ਨਿਕਲੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ‘ਇਸਲੀਆ ਸੁਲਤਾਨਪੁਰ’ ਥਾਣਾ ਖੇਤਰ ਦੇ ਸਮਰ ਬਹਾਦੁਰ ਨਾਂ ਦੇ ਦੋਸ਼ੀ ਨੇ 18 ਦਸੰਬਰ, 2020 ਨੂੰ ਫਿਰ 9 ਸਾਲਾ ਇਕ ਬੱਚੀ ਨਾਲ ਜਬਰ-ਜ਼ਨਾਹ ਕੀਤਾ।

ਬੇਸ਼ੱਕ ਨਿਰਭਯਾ ’ਤੇ ਅੱਤਿਆਚਾਰ ਕਰਨ ਵਾਲੇ ਦਰਿੰਦਿਆਂ ਨੂੰ 7 ਸਾਲ ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਪਿਛਲੇ ਸਾਲ 20 ਮਾਰਚ ਨੂੰ ਫਾਂਸੀ ਦਿੱਤੀ ਗਈ ਪਰ ਇਸ ਤੋਂ ਇਲਾਵਾ ਕਿਸੇ ਵੀ ਜੱਜ ਵਲੋਂ ਕਿਸੇ ਜਬਰ-ਜ਼ਨਾਹੀ ਨੂੰ ਫਾਂਸੀ ’ਤੇ ਲਟਕਾਏ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਇਸ ਲਈ ਜਦੋਂ ਤਕ ਔਰਤਾਂ ਦੇ ਵਿਰੁੱਧ ਇਸ ਤਰ੍ਹਾਂ ਦੇ ਅਪਰਾਧਾਂ ਦੇ ਮਾਮਲੇ ’ਚ ਫਾਸਟ ਟ੍ਰੈਕ ਅਦਾਲਤਾਂ ਵਲੋਂ ਛੇਤੀ ਤੋਂ ਛੇਤੀ ਸੁਣਵਾਈ ਪੂਰੀ ਕਰਕੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ, ਉਦੋਂ ਤਕ ਇਸ ਮਨੋਵਿਕ੍ਰਤੀ ’ਤੇ ਰੋਕ ਲੱਗ ਸਕਣਾ ਅਸੰਭਵ ਹੀ ਪ੍ਰਤੀਤ ਹੁੰਦਾ ਹੈ।

–ਵਿਜੇ ਕੁਮਾਰ


Bharat Thapa

Content Editor

Related News