ਪੱਛਮੀ ਬੰਗਾਲ ਦੀ ਚੋਣਾਵੀ ‘ਹਲਚਲ’ ‘ਤ੍ਰਿਣਮੂਲ ’ਚ ਨਾਰਾਜ਼ਗੀ’ ਅਤੇ ‘ਭਾਜਪਾ ’ਚ ਮਾਰਾਮਾਰੀ’

Sunday, Jan 24, 2021 - 02:44 AM (IST)

ਪੱਛਮੀ ਬੰਗਾਲ ਦੀ ਚੋਣਾਵੀ ‘ਹਲਚਲ’ ‘ਤ੍ਰਿਣਮੂਲ ’ਚ ਨਾਰਾਜ਼ਗੀ’ ਅਤੇ ‘ਭਾਜਪਾ ’ਚ ਮਾਰਾਮਾਰੀ’

‘ਤ੍ਰਿਣਮੂਲ’ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ 34 ਸਾਲਾਂ ਦਾ ਖੱਬੇਪੱਖੀ ਸ਼ਾਸਨ ਖਤਮ ਕਰ ਕੇ 22 ਮਈ, 2011 ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਅਤੇ ਦੋ ਵਾਰ ਬੰਗਾਲ ਦੀ ਸੱਤਾ ’ਤੇ ਕਬਜ਼ਾ ਬਣਾਈ ਰੱਖਣ ’ਚ ਸਫਲ ਰਹੀ ਪਰ ਹੁਣ ਉਨ੍ਹਾਂ ਨੂੰ ਤੀਸਰੀ ਵਾਰ ਜਿੱਤਣ ਤੋਂ ਰੋਕ ਕੇ ਆਪਣੀ ਸਰਕਾਰ ਬਣਾਉਣ ਲਈ ਭਾਜਪਾ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ।

ਭਾਜਪਾ ਦੇ ਆਪਣੇ ਵਿਰੁੱਧ ਮੁਹਿੰਮ ਦੇ ਇਲਾਵਾ ਮਮਤਾ ਬੈਨਰਜੀ ਨੂੰ ਸੱਤਾ ਵਿਰੋਧੀ ਲਹਿਰ, ਪਾਰਟੀ ’ਚ ਲਗਾਤਾਰ ਵਧ ਰਹੇ ਅਸੰਤੋਸ਼ ਅਤੇ ਆਪਣੇ ਨੇਤਾਵਾਂ ਦੇ ਹਿਜਰਤ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮਮਤਾ ਦੇ ਭਰੋਸੇਯੋਗ ਸਾਥੀ ਹੀ ਉਨ੍ਹਾਂ ’ਤੇ ਆਪਣੀ ਗੱਲ ਨਾ ਸੁਣਨ ਅਤੇ ਪਾਰਟੀ ’ਚ ਚਮਚਿਆਂ ਅਤੇ ਅਯੋਗਾਂ ਦੇ ਬੋਲਬਾਲੇ ਦਾ ਦੋਸ਼ ਲਗਾ ਰਹੇ ਹਨ।

ਮਮਤਾ ਦਾ ਸੱਜਾ ਹੱਥ ਅਖਵਾਉਣ ਵਾਲੇ ਸਾਬਕਾ ਮੰਤਰੀ ‘ਸ਼ੁਭੇਂਦੂ ਅਧਿਕਾਰੀ’ ਸਮੇਤ ਦਰਜਨਾ ਨੇਤਾ ਭਾਜਪਾ ’ਚ ਚਲੇ ਗਏ ਹਨ ਜਿਨ੍ਹਾਂ ’ਚ ‘ਸਾਊਥ ਬੰਗਾਲ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ’ ਦੇ ਮੁਖੀ ‘ਦੀਪਾਂਤਾਗਸ਼ੂ ਚੌਧਰੀ’, ਬੈਰਕਪੁਰ ਤੋਂ ਵਿਧਾਇਕ ‘ਸ਼ੀਲਭਦਰ ਦੱਤ’, ਮਿਦਨਾਪੁਰ ਤੋਂ ਵਿਧਾਇਕ ‘ਬਨਾਸ਼੍ਰੀ ਮੈਤੀ’ ਆਦਿ ਸ਼ਾਮਲ ਹਨ।

ਇਹੀ ਨਹੀਂ, ਮਮਤਾ ਸਰਕਾਰ ’ਚ ਖੇਡ ਮੰਤਰੀ ਲਕਸ਼ਮੀ ਰਤਨ ਸ਼ੁਕਲਾ ਦੇ ਬਾਅਦ ਹੁਣ ਜੰਗਲਾਤ ਮੰਤਰੀ ਰਾਜੀਵ ਬੈਨਰਜੀ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਧਮਾਕਾ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਮਮਤਾ ਦੇ ਭਰਾ ਕਾਰਤਿਕ ਬੈਨਰਜੀ ਵੀ ਉਨ੍ਹਾਂ ਤੋਂ ਬਾਗੀ ਹੋ ਰਹੇ ਹਨ।

ਜਿੱਥੇ ਤ੍ਰਿਣਮੂਲ ਕਾਂਗਰਸ ’ਚ ਨਾਰਾਜ਼ਗੀ ਅਤੇ ਅਸੰਤੋਸ਼ ਪੈਦਾ ਹੈ ਤਾਂ ਦੂਸਰੇ ਪਾਸੇ ਭਾਜਪਾ ’ਚ ਵੀ ਵੱਡੇ ਪੱਧਰ ’ਤੇ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਨੂੰ ਸ਼ਾਮਲ ਕਰਨ ਦੇ ਵਿਰੁੱਧ ਬਗਾਵਤ ਅਤੇ ਮਾਰਾਮਾਰੀ ਸ਼ੁਰੂ ਹੋ ਗਈ ਹੈ।

21 ਜਨਵਰੀ ਨੂੰ ਆਸਨਸੋਲ ’ਚ ਪਾਰਟੀ ਦਫਤਰ ’ਚ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਅਤੇ ਰਾਸ਼ਟਰੀ ਸਕੱਤਰ ਅਰਵਿੰਦ ਮੈਨਨ ਦੀ ਮੌਜੂਦਗੀ ’ਚ ਪੁਰਾਣੇ ਅਤੇ ਨਵੇਂ ਵਰਕਰਾਂ ’ਚ ਮਾਰਾਮਾਰੀ ਹੋ ਗਈ। ਖੁਦ ਬਾਬੁਲ ਸੁਪ੍ਰਿਓ ਨੇ ਮੰਨਿਆ ਕਿ ਪਾਰਟੀ ਵਰਕਰਾਂ ’ਚ ‘ਨੋਕ-ਝੋਕ’ ਹੋਈ ਹੈ ਅਤੇ ਦੂਸਰੇ ਲੋਕਾਂ ਦਾ ਕਹਿਣਾ ਹੈ ਕਿ ਮੁੱਦਾ ਤ੍ਰਿਣਮੂਲ ਕਾਂਗਰਸ ’ਚੋਂ ਆਏ ਲੋਕਾਂ ਦਾ ਹੀ ਸੀ।

ਇਸੇ ਦਿਨ ਬਰਦਵਾਨ ’ਚ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਦੇ ਵਿਰੁੱਧ ਭਾਜਪਾ ਵਰਕਰਾਂ ਨੇ ਦਫਤਰ ’ਚ ਦਾਖਲ ਹੋ ਕੇ ਜ਼ਿਲਾ ਪ੍ਰਧਾਨ ਸੰਦੀਪ ਨੰਦੀ ਦੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ’ਤੇ ਨੰਦੀ ਦੇ ਸਮਰਥਕ ਛੱਤ ’ਤੇ ਚੜ੍ਹ ਕੇ ਉਨ੍ਹਾਂ ’ਤੇ ਪੱਥਰ ਵਰ੍ਹਾਉਣ ਲੱਗੇ। ਫਿਰ ਦੂਸਰੇ ਧੜੇ ਨੇ ਵੀ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਨਾਲ ਕਈ ਭਾਜਪਾ ਵਰਕਰ ਜ਼ਖਮੀ ਹੋ ਗਏ।

ਸੰਦੀਪ ਨੰਦੀ ਦੇ ਵਿਰੋਧੀਆਂ ਨੇ ਇਕ ਟੈਂਪੂ ਅਤੇ ਕਈ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਅਤੇ ਪੁਲਸ ਨਾਲ ਵੀ ਉਲਝ ਪਏ। ਇਸ ਸਬੰਧ ’ਚ 7 ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨੰਦੀ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਲੋਕਾਂ ਨੇ ਪਾਰਟੀ ਦੇ ਲਈ ਖੂਨ-ਪਸੀਨਾ ਇਕ ਕੀਤਾ ਹੈ ਪਰ ਹੁਣ ਉਹ ਤ੍ਰਿਣਮੂਲ ਕਾਂਗਰਸ ’ਚੋਂ ਆਏ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਜਿਸ ਦਫਤਰ ’ਚ ਹੰਗਾਮਾ ਹੋਇਆ ਉਸ ਦਾ ਉਦਘਾਟਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੇ 2 ਹਫਤੇ ਪਹਿਲਾਂ ਹੀ ਕੀਤਾ ਸੀ।

ਓਧਰ ਬੰਗਾਲ ਦੇ ਹੁਗਲੀ ਜ਼ਿਲੇ ’ਚ ‘ਫੁਰਫੁਰਾ ਸ਼ਰੀਫ’ ਦਰਗਾਹ ਦੇ ਪ੍ਰਭਾਵਸ਼ਾਲੀ ‘ਮੌਲਾਨਾ ਪੀਰਜ਼ਾਦਾ ਅੱਬਾਸ ਸਿੱਦੀਕੀ’ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਨਵੀਂ ਸਿਆਸੀ ਪਾਰਟੀ ‘ਇੰਡੀਅਨ ਸੈਕੁਲਰ ਫ੍ਰੰਟ’ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਜੋ ਵਿਧਾਨ ਸਭਾ ਦੀਆਂ ਸਾਰੀਆਂ 294 ਸੀਟਾਂ ’ਤੇ ਚੋਣ ਲੜ ਸਕਦੀ ਹੈ।

ਸਿਆਸੀ ਆਬਜ਼ਰਵਰਾਂ ਦੇ ਅਨੁਸਾਰ ‘ਅਸਦੁਦੀਨ ਓਵੈਸੀ’ ਦੇ ਬਾਅਦ ‘ਮੌਲਾਨਾ ਪੀਰਜ਼ਾਦਾ ਅੱਬਾਸ ਸਿੱਦੀਕੀ’ ਦੇ ਚੋਣ ਮੈਦਾਨ ’ਚ ਉਤਰਨ ਨਾਲ ਮੁਸਲਿਮ ਵੋਟਾਂ ਵੰਡੀਆਂ ਜਾਣਗੀਆਂ ਪਰ ਤ੍ਰਿਣਮੂਲ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਚੋਣ ਸੰਭਾਵਨਾਵਾਂ ’ਤੇ ਅਸਰ ਨਹੀਂ ਪਵੇਗਾ ਅਤੇ ਤ੍ਰਿਣਮੂਲ ਕਾਂਗਰਸ ਇਸ ’ਤੇ ਵੀ ਜਿੱਤ ਹਾਸਲ ਕਰੇਗੀ।

ਸੂਬੇ ’ਚ ਚੱਲ ਰਹੇ ਸਿਆਸੀ ਘਟਨਾਕ੍ਰਮ ਦੇ ਦਰਮਿਆਨ ਕਾਂਗਰਸ ਨੇ ਖੱਬੇਪੱਖੀ ਪਾਰਟੀਆਂ ਨਾਲ ਗਠਜੋੜ ਕਰ ਲਿਆ ਹੈ। ਹਾਲਾਂਕਿ ਦੋਵਾਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ ਅਤੇ ਸੀਟਾਂ ਦੀ ਗਿਣਤੀ ’ਤੇ ਅਜੇ ਸਹਿਮਤੀ ਨਹੀਂ ਬਣ ਸਕੀ।

ਹੁਣ ਜਦਕਿ ਪੱਛਮੀ ਬੰਗਾਲ ਦੀਆਂ ਚੋਣਾਂ ’ਚ ਲਗਭਗ 3 ਮਹੀਨੇ ਦਾ ਸਮਾਂ ਹੀ ਬਚਿਆ ਹੈ, ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਲਈ ਪਾਰਟੀ ਦੀ ਅੰਦਰੂਨੀ ਲੜਾਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਅਤੇ ਪਾਰਟੀ ਨੇਤਾਵਾਂ ਨੂੰ ਭਾਜਪਾ ਦਾ ‘ਟੀ. ਐੱਮ. ਸੀ. ਕਰਣ’ ਹੋਣ ਨਾਲ ਪਾਰਟੀ ਦਾ ਅਨੁਸ਼ਾਸਨ ਵਿਗੜਣ ਦਾ ਖਦਸ਼ਾ ਹੈ।

ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ‘‘ਜੇਕਰ ਭਾਜਪਾ ਟੀ. ਐੱਮ. ਸੀ. (ਤ੍ਰਿਣਮੂਲ ਕਾਂਗਰਸ) ਦੇ ਲੋਕਾਂ ਨਾਲ ਭਰ ਜਾਵੇਗੀ ਤਾਂ ਇਹ ਉਸ ਦੀ ਬੀ-ਟੀਮ ਵਰਗੀ ਦਿਸਣ ਲੱਗੇਗੀ ਅਤੇ ਟੀ. ਐੱਮ. ਸੀ. ਨੂੰ ਖਾਰਿਜ ਕਰਨ ਦੇ ਚਾਹਵਾਨ ਵੋਟਰ ਭਾਜਪਾ ਨੂੰ ਵੋਟ ਦੇਣ ਤੋਂ ਪਹਿਲਾਂ 2 ਵਾਰ ਸੋਚਣਗੇ।’’

ਹਾਲਾਂਕਿ ਪ੍ਰਦੇਸ਼ ਭਾਜਪਾ ਇੰਚਾਰਜ ਕੈਲਾਸ਼ ਵਿਜੇਵਰਗੀਯ ਨੇ ਬਿਨਾਂ ਸੀ. ਐੱਮ. ਫੇਸ ਚੋਣ ਲੜਨ ਦੀ ਗੱਲ ਕਹੀ ਹੈ ਪਰ ਸੂਬੇ ’ਚ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਲਈ ਵੀ ਰੱਸਾਕਸ਼ੀ ਸ਼ੁਰੂ ਹੋ ਗਈ ਹੈ।

ਪੱਛਮੀ ਬੰਗਾਲ ਭਾਜਪਾ ਪ੍ਰਧਾਨ ‘ਦਿਲੀਪ ਘੋਸ਼’ ਨੂੰ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਹੁਣ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੇ ਸਾਬਕਾ ਰਾਜਪਾਲ ‘ਤਥਾਗਤ ਰਾਏ’ ਦੇ ਸੂਬਾ ਸਿਆਸਤ ’ਚ ਪਰਤ ਕੇ ਮੁੱਖ ਮੰਤਰੀ ਬਣਨ ਦੀ ਇੱਛਾ ਪ੍ਰਗਟਾ ਦੇਣ ਨਾਲ ਭਾਜਪਾ ’ਚ ਇਕ ਹੋਰ ਧੜਾ ਉੱਭਰ ਆਇਆ ਹੈ।

ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨ੍ਹਾਂ ਚੋਣਾਂ ’ਚ ਭਾਜਪਾ ਲਈ 200 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ, ਉੱਥੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਇਨ੍ਹਾਂ ਚੋਣਾਂ ’ਚ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ ਅਤੇ ਜੇਕਰ ਉਨ੍ਹਾਂ ਦਾ ਦਾਅਵਾ ਗਲਤ ਹੋਇਆ ਤਾਂ ਉਹ ਟਵਿਟਰ ਛੱਡ ਦੇਣਗੇ।

ਹੁਣ ਤੱਕ ਸਾਹਮਣੇ ਆਏ ਘਟਨਾਕ੍ਰਮ ਦੇ ਅਨੁਸਾਰ ਫਿਲਹਾਲ ਪੂਰੀ ਤਰ੍ਹਾਂ ਭਰਮਾਊ ਸਥਿਤੀ ਬਣੀ ਹੋਈ ਹੈ। ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ’ਚ ਭਵਿੱਖ ’ਚ ਹੋਣ ਵਾਲੇ ਧਮਾਕੇ ਹੀ ਤੈਅ ਕਰਨਗੇ ਕਿ ਬਾਜ਼ੀ ਇਸ ਵਾਰ ਕਿਸ ਦੇ ਹੱਥ ਲੱਗਣ ਵਾਲੀ ਹੈ। ਇਹ ਜਾਣਨ ਦੇ ਲਈ ਸਾਨੂੰ ਕੁਝ ਸਮਾਂ ਹੋਰ ਉਡੀਕ ਕਰਨੀ ਹੋਵੇਗੀ।

-ਵਿਜੇ ਕੁਮਾਰ


author

Bharat Thapa

Content Editor

Related News