‘ਵਿਸ਼ਵ ’ਚ ਫੈਲ ਰਹੀ ਹੈ’ ਹਿੰਸਾ, ਖੂਨ-ਖਰਾਬਾ ਅਤੇ ਨਾਰਾਜ਼ਗੀ ਦੀ ਅੱਗ’

12/31/2020 3:21:31 AM

ਹਿੰਸਾ ਦੀਆਂ ਘਟਨਾਵਾਂ ਵਿਸ਼ਵ ’ਚ ਲਗਾਤਾਰ ਵਧ ਰਹੀਅਾਂ ਹਨ। ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਲਗਾਤਾਰ ਇਸ ਦੀ ਲਪੇਟ ’ਚ ਆਏ ਹੋਏ ਹਨ, ਜਿਸ ਨਾਲ ਜਾਨਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਅੱਜ ਅਸ਼ਾਂਤੀ, ਖੂਨ-ਖਰਾਬਾ ਅਤੇ ਹਿੰਸਾ ਦਾ ਸ਼ਿਕਾਰ ਹੋ ਕੇ ਜ਼ਿਆਦਾਤਰ ਵਿਸ਼ਵ ਕਿਸ ਕਦਰ ਤਬਾਹੀ ਦੇ ਨੇੜੇ ਪਹੁੰਚਦਾ ਜਾ ਰਿਹਾ ਹੈ, ਇਸ ਦੀਆਂ ਤਾਜ਼ਾ ਮਿਸਾਲਾਂ ਹੇਠ ਲਿਖੀਆਂ  ਦਰਜ ਹਨ -

* 19 ਦਸੰਬਰ ਨੂੰ ਨਾਈਜੀਰੀਆ ਦੇ ‘ਜਮਫਾਰਾ’ ਸੂਬੇ ਦੇ ‘ਕੌਰਾ ਨਾਮੋਦਾ’ ਇਲਾਕੇ ’ਚ ਇਕ ਖੇਤਰੀ ਅਧਿਕਾਰੀ ਦੇ ਕਾਫਿਲੇ ’ਤੇ ਹਮਲੇ ’ਚ 3 ਪੁਲਸ ਅਧਿਕਾਰੀਆਂ ਸਮੇਤ 8 ਵਿਅਕਤੀ ਮਾਰੇ ਗਏ।

* 20 ਦਸੰਬਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਕਾਰ ਬੰਬ ਧਮਾਕੇ ’ਚ 9 ਵਿਅਕਤੀ ਮਾਰੇ ਗਏ।

* 21 ਦਸੰਬਰ ਨੂੰ ਬਲੋਚਿਸਤਾਨ ’ਚ ਪਾਕਿਸਤਾਨੀ ਫੌਜ ਦੇ ਵਿਰੁੱਧ ਮੋਰਚਾ ਖੋਲ੍ਹਣ ਵਾਲੀ ‘ਕਰੀਮਾ ਬਲੋਚ’ ਦੀ ਲਾਸ਼ ਕੈਨੇਡਾ ਦੇ ਟੋਰਾਂਟੋ ’ਚ ਸ਼ੱਕੀ ਹਾਲਤ ’ਚ ਪਈ ਮਿਲੀ। ਉਸ ਦੀ ਹੱਤਿਆ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਨੇ ਕਰਵਾਈ।

* 23 ਦਸੰਬਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਉਪਨਗਰ ‘ਸੇਂਟ ਜਸਟ’ ਵਿਚ ਘਰੇਲੂ ਹਿੰਸਾ ਦੀ ਸ਼ਿਕਾਇਤ ਦੀ ਜਾਂਚ ਕਰਨ ਗਏ 3 ਪੁਲਸ ਅਧਿਕਾਰੀਅਾਂ ’ਤੇ ਹਿੰਸਾ ਦੇ ਦੋਸ਼ੀ ਨੇ ਹੀ ਅੰਨ੍ਹੇਵਾਹ ਗੋਲੀਅਾਂ ਚਲਾ ਕੇ ਉਨ੍ਹਾਂ ਨੂੰ ਮਾਰ ਦਿੱਤਾ।

* 24 ਦਸੰਬਰ ਨੂੰ ਪੱਛਮੀ ਬੰਗਾਲ ਦੇ ‘ਜਲਪਾਈਗੁੜੀ’ ਜ਼ਿਲੇ ’ਚ ਅਣਪਛਾਤੇ ਲੋਕਾਂ ਨੇ ਟੀ.ਐੱਮ.ਸੀ. ਨੇਤਾ ‘ਮਨੋਰੰਜਨ ਡੇ’ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

* 24 ਦਸੰਬਰ ਨੂੰ ਹੀ ਪੂਰਬੀ ਅਫਰੀਕੀ ਦੇਸ਼ ‘ਇਥੋਪੀਆ’ ਦੇ ‘ਪੱਛਮੀ ਬੇਨੀ ਸ਼ਾਂਗਲ ਗੁਮੁਜ’ ਸੂਬੇ ’ਚ ਅਣਪਛਾਤੇ ਬੰਦੂਕਧਾਰੀਅਾਂ ਨੇ ਰਾਤ ਦੇ ਸਮੇਂ ਘਰਾਂ ’ਚ ਸੌਂ ਰਹੇ 100 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੇ ਘਰਾਂ ਨੂੰ ਲੁੱਟ ਲਿਆ।

* 26 ਦਸੰਬਰ ਨੂੰ ‘ਤੇਲੰਗਾਨਾ’ ਵਿਚ ‘ਖੰਮਮ’ ਜ਼ਿਲੇ ਦੇ ‘ਵਾਇਰਾ’ ਵਿਚ ਬਦਮਾਸ਼ਾਂ ਨੇ ਨੇਤਾ ਐੱਨ.ਰਾਮਾਰਾਵ ਦੀ ਉਸ ਦੇ ਘਰ ’ਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ।

* 26 ਦਸੰਬਰ ਨੂੰ ਹੀ ਅਫਗਾਨਿਸਤਾਨ ਦੇ ਕਾਬੁਲ ’ਚ ਬੰਬ ਧਮਾਕਿਅਾਂ ’ਚ 2 ਪੁਲਸ ਮੁਲਾਜ਼ਮਾਂ ਸਮੇਤ 4 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।

* 26 ਦਸੰਬਰ ਨੂੰ ਪਾਕਿਸਤਾਨ ਦੇ ਗੜਬੜਗ੍ਰਸਤ ਬਲੋਚਿਸਤਾਨ ਸੂਬੇ ਦੇ ‘ਹਰਨਾਲ’ ਜ਼ਿਲੇ ’ਚ ਸੁਰੱਖਿਆ ਬਲਾਂ ਦੀ ਚੌਕੀ ’ਤੇ ਅੱਤਵਾਦੀ ਹਮਲੇ ’ਚ 7 ਪਾਕਿਸਤਾਨੀ ਫੌਜੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇਸੇ ਦਿਨ ‘ਪੁੰਜਗਰ’ ਜ਼ਿਲੇ ਦੇ ਇਕ ਸਟੇਡੀਅਮ ਦੇ ਨੇੜੇ ਬੰਬ ਧਮਾਕੇ ’ਚ 2 ਿਵਅਕਤੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ।

* 26 ਦਸੰਬਰ ਨੂੰ ਹੀ ‘ਮੱਧ ਅਫਰੀਕੀ’ ਗਣਰਾਜ ’ਚ ਅਣਪਛਾਤੇ ਬੰਦੂਕਧਾਰੀਅਾਂ ਦੇ ਹਮਲੇ ’ਚ ਸੰਯੁਕਤ ਰਾਸ਼ਟਰ ਦੇ 3 ਸ਼ਾਂਤੀ ਫੌਜੀ ਮਾਰੇ ਗਏ ਅਤੇ 2 ਜ਼ਖਮੀ ਹੋ ਗਏ।

* 26 ਦਸੰਬਰ ਨੂੰ ਹੀ ਅਫਗਾਨਿਸਤਾਨ ਦੇ ‘ਕਾਪਿਸਾ’ ਸੂਬੇ ’ਚ ਅਣਪਛਾਤੇ ਬੰਦੂਕਧਾਰੀਅਾਂ ਦੇ ਮਨੁੱਖੀ ਅਧਿਕਾਰ ਵਰਕਰ ‘ਫ੍ਰੇਸ਼ਟਾ ਕੋਹਿਸਤਾਨੀ’ ਨੂੰ ਮਾਰ ਦਿੱਤਾ।

* 26 ਦਸੰਬਰ ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ’ਚ ਜਰਮਨੀ ਦੀ ‘ਸੋਸ਼ਲ ਡੈਮੋਕ੍ਰੇਟਿਕ ਪਾਰਟੀ’ ਦੇ ਦਫਤਰ ਦੇ ਨੇੜੇ ਗੋਲੀਬਾਰੀ ’ਚ 4 ਵਿਅਕਤੀ ਜ਼ਖਮੀ ਹੋ ਗਏ।

* 26 ਦਸੰਬਰ ਵਾਲੇ ਦਿਨ ਹੀ ਅਮਰੀਕਾ ਦੇ ਮੈਸਾਚੁਸੇਟਸ ਸੂਬੇ ਦੇ ‘ਲਿਨ’ ਸ਼ਹਿਰ ’ਚ ਇਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ।

* 27 ਦਸੰਬਰ ਨੂੰ ਚੀਨ ਦੇ ਉੱਤਰੀ ਪੂਰਬੀ ‘ਲਿਓਲਿੰਗ’ ਸੂਬੇ ’ਚ ਇਕ ਵਿਅਕਤੀ ਨੇ ਚਾਕੂ ਨਾਲ ਵਾਰ ਕਰਕੇ 7 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ।

* 27 ਦਸੰਬਰ ਨੂੰ ਹੀ ਅਮਰੀਕਾ ਦੇ ਇਲੀਨਾਏ ’ਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 3 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 3 ਹੋਰ ਨੂੰ ਜ਼ਖਮੀ ਕਰ ਦਿੱਤਾ।

* 28 ਦਸੰਬਰ ਨੂੰ ਆਸਟ੍ਰੇਲੀਆ ’ਚ ਇਕ ਨੌਜਵਾਨ ਨੇ ਆਪਣੀ ਗਰਲਫ੍ਰੈਂਡ ਦੇ ਪਿਤਾ ਨੂੰ ਚਾਕੂ ਨਾਲ ਤਾਬੜ-ਤੋੜ ਹਮਲੇ ਕਰ ਕੇ ਮਾਰ ਦਿੱਤਾ।

* 28 ਦਸੰਬਰ ਨੂੰ ਹੀ ਰੂਸ ਦੇ ‘ਚੇਚੇਨ’ ਵਿਚ ਹਥਿਆਰ ਖੋਹਣ ਦੀ ਵਾਰਦਾਤ ’ਚ 2 ਹਮਲਾਵਰਾਂ ਅਤੇ 1 ਪੁਲਸ ਕਰਮਚਾਰੀ ਦੀ ਮੌਤ ਹੋ ਗਈ।

*28 ਦਸੰਬਰ ਨੂੰ ਹੀ ਕੈਨੇਡਾ ਦੇ ‘ਸਰੀ’ ਸ਼ਹਿਰ ’ਚ ਅਣਪਛਾਤੇ ਹਮਲਾਵਰਾਂ ਨੇ ‘ਹਰਮਨ ਸਿੰਘ ਢੇਸੀ’ ਨਾਂ ਦੇ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* 29 ਦਸੰਬਰ ਨੂੰ ਪੱਛਮੀ ਅਫਰੀਕੀ ਦੇਸ਼ ‘ਮਾਲੀ’ ਵਿਚ ‘ਮੋਪਤੋ’ ਸੂਬੇ ਦੇ ‘ਹੋਂਬੋਰੀ’ ਖੇਤਰ ’ਚ ਅੱਤਵਾਦੀਅਾਂ ਵਲੋਂ ਕੀਤੇ ਗਏ ‘ਆਈ.ਈ.ਡੀ.’ ਧਮਾਕੇ ’ਚ ਉਥੇ ਅੱਤਵਾਦੀ ਵਿਰੋਧੀ ਮੁਹਿੰਮ ’ਚ ਸ਼ਾਮਲ ਫਰਾਂਸ ਦੇ 3 ਫੌਜੀ ਮਾਰੇ ਗਏ।

* 29 ਦਸੰਬਰ ਨੂੰ ਹੀ ਪੱਛਮੀ ਬੰਗਾਲ ਦੇ ਹਾਵੜਾ ’ਚ ਤ੍ਰਿਣਮੂਲ ਕਾਂਗਰਸ ਦੇ ਵਰਕਰ ‘ਧਰਮਿੰਦਰ ਸਿੰਘ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

* 29 ਦਸੰਬਰ ਨੂੰ ਹੀ ਆਂਧਰਾ ਪ੍ਰਦੇਸ਼ ਦੇ ‘ਕੰਡੱਪਾ’ ਜ਼ਿਲੇ ਦੇ ਗੋਡਾਤੁਰੂ ਸ਼ਹਿਰ ਦੇ ‘ਸੋਮੁਲਾਵਰੀ ਪਿੱਲੇ’ ਪਿੰਡ ’ਚ ‘ਤੇਲਗੂ ਦੇਸ਼ਮ ਪਾਰਟੀ’ ਦੇ ਸੀਨੀਅਰ ਨੇਤਾ ‘ਨੰਦਮ ਸੁਬੱਈਆ’ ਨੂੰ ਕੁਝ ਲੋਕਾਂ ਨੇ ਬੜੀ ਬੇਰਹਿਮੀ ਨਾਲ ਮਾਰ ਦਿੱਤਾ।

* 29 ਦਸੰਬਰ ਨੂੰ ਹੀ ਪਾਕਿਸਤਾਨ ਦੇ ਪੇਸ਼ਾਵਰ ’ਚ ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ ’ਚ 4 ਵਿਅਕਤੀ ਮਾਰੇ ਗਏ।

ਵਿਸ਼ਵ ਦੇ ਵਧੇਰੇ ਦੇਸ਼ਾਂ ’ਚ ਹਿੰਸਾ ਦੀ ਲਗਾਤਾਰ ਲਹਿਰ, ਵਧ ਰਹੇ ‘ਬੰਦੂਕ ਸੱਭਿਆਚਾਰ’ ਅਤੇ ਲੋਕਾਂ ’ਚ ਘਟ ਰਹੀ ਸਹਿਣਸ਼ੀਲਤਾ ਦਾ ਹੀ ਭੈੜਾ ਨਤੀਜਾ ਹੈ ਜਿਸਦਾ ਨਤੀਜਾ ਦੁੱਖਦਾਈ ਘਟਨਾਵਾਂ ਦੇ ਰੂਪ ਵਿਚ ਨਿਕਲ ਰਿਹਾ ਹੈ ਅਤੇ ਦੁਨੀਅਾ ’ਚ ਤਬਾਹੀ ਹੋ ਰਹੀ ਹੈ। ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਲੋਕਾਂ ’ਚ ਡਰ ਅਤੇ ਅਸੁਰੱਖਿਅਾ ਦੀ ਭਾਵਨਾ ਵਧੇਗੀ ਅਤੇ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਇਸ ਲਈ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ!

–ਵਿਜੇ ਕੁਮਾਰ


Bharat Thapa

Content Editor

Related News