‘ਉੱਤਰਾਖੰਡ ’ਚ ਮੁੱਖ ਮੰਤਰੀ ਬਦਲਿਆ’ ‘ਹਰਿਆਣਾ’ਚ ਜਿਉਂ ਦੀ ਤਿਉਂ ਸਥਿਤੀ ਕਾਇਮ’

03/11/2021 3:52:32 AM

ਭਾਜਪਾ ਸਰਕਾਰਾਂ

10 ਮਾਰਚ ਦਾ ਦਿਨ ਦੇਸ਼ ਦੇ ਦੋ ਭਾਜਪਾ ਸ਼ਾਸਕ ਸੂਬਿਆਂ ਉੱਤਰਾਖੰਡ ਅਤੇ ਹਰਿਆਣਾ ਲਈ ਅਹਿਮ ਰਿਹਾ, ਜਦੋਂ ਇਨ੍ਹਾਂ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਤ੍ਰਿਵੇਂਦਰ ਸਿੰਘ ਰਾਵਤ ਅਤੇ ਮੋਹਨ ਲਾਲ ਖੱਟੜ ਦੀਆਂ ਸਰਕਾਰਾਂ ਬਾਰੇ ਫੈਸਲਾ ਹੋਇਆ।

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੱਲੋਂ 9 ਮਾਰਚ ਨੂੰ ਅਸਤੀਫਾ ਦੇਣ ਪਿੱਛੋਂ ਸੂਬੇ ਦੀ ਲੀਡਰਸ਼ਿਪ ’ਚ ਤਬਦੀਲੀ ਸਬੰਧੀ ਅਟਕਲਾਂ 10 ਮਾਰਚ ਨੂੰ ਖਤਮ ਹੋ ਗਈਆਂ ਅਤੇ ਭਾਜਪਾ ਦੇ ਐੱਮ.ਪੀ ਤੀਰਥ ਸਿੰਘ ਰਾਵਤ ਨੂੰ ਨਵਾਂ ਮੁੱਖ ਮੰਤਰੀ ਚੁਣ ਲਿਆ ਗਿਆ।

ਦੂਜੇ ਪਾਸੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ 10 ਮਾਰਚ ਨੂੰ ਵਿਧਾਨ ਸਭਾ ’ਚ ਕਾਂਗਰਸ ਦਾ ਪੇਸ਼ ਕੀਤਾ ਹੋਇਆ ਬੇਭਰੋਸਗੀ ਮਤਾ ਨਾਕਾਮ ਿਰਹਾ ਅਤੇ ਸ਼੍ਰੀ ਖੱਟੜ ਨੇ ਆਪਣੀ ਕੁਰਸੀ ਬਰਕਰਾਰ ਰੱਖੀ।

ਉੱਤਰਾਖੰਡ ਦੇ ਹੋਂਦ ’ਚ ਆਉਣ ਤੋਂ 20 ਸਾਲ ਬਾਅਦ ਕਾਰਜਕਾਲ ਪੂਰਾ ਕੀਤੇ ਬਿਨਾਂ ਵਿਦਾ ਹੋਣ ਵਾਲੇ ਤ੍ਰਿਵੇਂਦਰ ਸਿੰਘ ਰਾਵਤ 8ਵੇਂ ਮੁੱਖ ਮੰਤਰੀ ਹਨ। ਉਨ੍ਹਾਂ 18 ਮਾਰਚ 2017 ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਅਤੇ ਆਪਣੇ ਕਾਰਜਕਾਲ ਦੇ 4 ਸਾਲ ਪੂਰੇ ਹੋਣ ਤੋਂ 9 ਦਿਨ ਪਹਿਲਾਂ ਹੀ ਵਿਦਾ ਹੋ ਗਏ।

ਸੂਬੇ ’ਚ ਸਿਰਫ ਨਾਰਾਇਣ ਦੱਤ ਤਿਵਾੜੀ (ਕਾਂਗਰਸ) ਹੀ ਹੁਣ ਤੱਕ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨ ’ਚ ਸਫਲ ਰਹੇ ਜੋ 2002 ’ਚ ਸੂਬੇ ਦੀ ਪਹਿਲੀ ਚੁਣੀ ਗਈ ਸਰਕਾਰ ਦੇ ਮੁੱਖ ਮੰਤਰੀ ਬਣੇ ਸਨ।

ਇਸ ਹਿਮਾਲਿਆਈ ਸੂਬੇ ਲਈ ਮਾਰਚ ਦਾ ਮਹੀਨਾ ਹਮੇਸ਼ਾ ਹੀ ਉਥਲ-ਪੁਥਲ ਵਾਲਾ ਰਿਹਾ ਹੈ। ਮਾਰਚ 2016 ’ਚ ਵਿਧਾਇਕਾਂ ਦੇ ਗਰੁੱਪ ਨੇ ਹਰੀਸ਼ ਰਾਵਤ (ਕਾਂਗਰਸ) ਦੀ ਸਰਕਾਰ ਡੇਗਣ ਦਾ ਯਤਨ ਕੀਤਾ ਪਰ ਉਹ ਸਫਲ ਨਹੀਂ ਹੋ ਸਕੇ। ਹਾਲਾਂਕਿ 2017 ’ਚ ਹੋਈਆਂ ਚੋਣਾਂ ’ਚ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਪਿਛਲੇ ਸਾਲ ਮਾਰਚ ’ਚ ਤ੍ਰਿਵੇਂਦਰ ਸਿੰਘ ਰਾਵਤ (ਭਾਜਪਾ) ਵੱਲੋਂ ‘ਗੈਰਸੈਣ’ ਨੂੰ ਸੂਬੇ ਦੀ ਗਰਮੀਆਂ ਦੀ ਰੁੱਤ ਦੀ ਰਾਜਧਾਨੀ ਐਲਾਨੇ ਜਾਣ ਪਿੱਛੋਂ ਸੂਬੇ ’ਚ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ, ਜੋ ਇਸ ਸਾਲ ਮਾਰਚ ’ਚ ਗੈਰਸੈਣ ਨੂੰ ਉੱਤਰਾਖੰਡ ਦਾ ਤੀਜਾ ਮੰਡਲ ਐਲਾਨੇ ਜਾਣ ਅਤੇ ਕੁਮਾਊਂ ਅਤੇ ਗੜ੍ਹਵਾਲ ਦੇ ਦੋ ਜ਼ਿਲਿਆਂ ਨੂੰ ਇਸ ’ਚ ਸ਼ਾਮਲ ਕਰਨ ਦੇ ਫੈਸਲੇ ਨਾਲ ਹੋਰ ਵੱਧ ਗਿਆ ਅਤੇ ਕੁਮਾਊਂ ਦੇ ਸਭ ਵਿਧਾਇਕ ਨਾਰਾਜ਼ ਹੋ ਗਏ।

ਇਹੀ ਨਹੀਂ ਤ੍ਰਿਵੇਂਦਰ ਸਿੰਘ ਰਾਵਤ ਨੇ ‘ਦੇਵਸਥਾਨਮ ਬੋਰਡ’ ਬਣਾ ਕੇ ਕੇਦਾਰਨਾਥ, ਬੱਦਰੀਨਾਥ , ਗੰਗੋਤਰੀ ਅਤੇ ਯਮੁਨੋਤਰੀ ਨੂੰ ਸਰਕਾਰ ਦੇ ਅਧੀਨ ਿਲਆਉਣ ਦਾ ਫੈਸਲਾ ਕਰ ਕੇ ਬ੍ਰਾਹਮਣ ਭਾਈਚਾਰੇ ਅਤੇ ਬੱਦਰੀਨਾਥ ਤੋਂ ਹਰਿਦੁਆਰ ਤੱਕ ਸੰਤ ਸਮਾਜ ਨੂੰ ਵੀ ਨਾਰਾਜ਼ ਕਰ ਦਿੱਤਾ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੀ ਤ੍ਰਿਵੇਂਦਰ ਸਿੰਘ ਰਾਵਤ ਦੇ ਇਸ ਫੈਸਲੇ ਕਾਰਨ ਨਾਰਾਜ਼ ਸੀ। ਕਿਹਾ ਜਾਂਦਾ ਹੈ ਕਿ ਰਾਵਤ ਦੇ ਰਾਜਕਾਲ ’ਚ ਬੇਲਗਾਮ ਹੋਈ ਸੂਬੇ ਦੀ ਅਫਸਰਸ਼ਾਹੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀਆਂ ਗੱਲਾਂ ’ਤੇ ਧਿਆਨ ਵੀ ਨਹੀਂ ਦਿੰਦੀ ਸੀ।

ਕਿਉਂਕਿ ਅਗਲੇ ਸਾਲ ਉੱਤਰਾਖੰਡ ’ਚ ਚੋਣਾਂ ਹੋਣੀਆਂ ਹਨ, ਇਸ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਤ੍ਰਿਵੇਂਦਰ ਿਸੰਘ ਰਾਵਤ ਨੂੰ ਬਦਲਣਾ ਹੀ ਢੁੱਕਵਾਂ ਸਮਝਿਆ। ਸੂਬਾਈ ਭਾਜਪਾ ਦੇ ਪ੍ਰਧਾਨ ਅਜੇ ਭੱਟ ਨਾਲ ਨਾਰਾਜ਼ਗੀ ਵੀ ਇਸ ਦਾ ਇਕ ਕਾਰਨ ਹੈ। ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (ਕਾਂਗਰਸ) ਨੇ ਕਿਹਾ ਹੈ ਕਿ 2022 ਦੀਆਂ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਜਪਾ ਉਥੇ ਸੱਤਾ ’ਚ ਆਉਣ ਵਾਲੀ ਨਹੀਂ ।

ਉੱਥੇ 10 ਮਾਰਚ ਨੂੰ ਹਰਿਆਣਾ ’ਚ ਕਾਂਗਰਸ ਵੱਲੋਂ ਮਨੋਹਰ ਲਾਲ ਖੱਟੜ ਸਰਕਾਰ ਵਿਰੁੱਧ ਲਿਆਂਦੇ ਗਏ ਬੇਭਰੋਸਗੀ ਮਤੇ ’ਤੇ ਵੋਟਾਂ ਪਈਆਂ, ਜਿਸ ’ਚ ਉਮੀਦ ਮੁਤਾਬਕ ਮਨੋਹਰ ਲਾਲ ਖੱਟੜ ਦੀ ਸਰਕਾਰ ਦੇ ਹੱਕ ’ਚ 55 ਵੋਟਾਂ ਪਈਆਂ ਜਦੋਂਕਿ ਵਿਰੋਧੀ ਧਿਰ ਸਿਰਫ 32 ਵਿਧਾਇਕਾਂ ਦੀ ਹਮਾਇਤ ਹਾਸਲ ਕਰ ਸਕੀ।

ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੀ ਸਹਿਯੋਗੀ ਜਜਪਾ ਦੇ ਵਿਧਾਇਕ ਹਾਊਸ ਦੇ ਬਾਹਰ ਤਾਂ ਮੁਖਰ ਰਹੇ ਪਰ ਵੋਟਾਂ ਪੈਣ ਸਮੇਂ ਉਨ੍ਹਾਂ ਸਰਕਾਰ ਦਾ ਸਾਥ ਹੀ ਦਿੱਤਾ। ਕਾਂਗਰਸ ਨੂੰ ਲੱਗਦਾ ਸੀ ਕਿ ਜਜਪਾ ਆਪਣੀਆਂ ਜਾਟ ਵੋਟਾਂ ਦੀ ਖਾਤਰ ਸਰਕਾਰ ਦਾ ਵਿਰੋਧ ਕਰੇਗੀ ਪਰ ਉਸ ਦਾ ਇਹ ਅਨੁਮਾਨ ਗਲਤ ਸਿੱਧ ਹੋਇਆ।

ਹਾਲਾਂਕਿ ਭਾਜਪਾ ਨੇ ਦੋਹਾਂ ਸੂਬਿਆਂ ’ਚ ਪੈਦਾ ਸਿਆਸੀ ਸੰਕਟ ਫਿਲਹਾਲ ਟਾਲ ਦਿੱਤਾ ਹੈ ਪਰ ਉੱਤਰਾਖੰਡ ’ਚ ਉਸ ਦਾ ਇਹ ਸਿਆਸੀ ਪ੍ਰਬੰਧਨ ਕਿੰਨਾ ਸਹੀ ਨਿਕਲੇਗਾ, ਇਹ ਅਗਲੀਆਂ ਚੋਣਾਂ ਤੈਅ ਕਰਨਗੀਆਂ।

ਹਰਿਆਣਾ ’ਚ ਭਾਜਪਾ ਸਰਕਾਰ ਦੀ ਅਗਵਾਈ ’ਚ ਕਿਸੇ ਤਬਦੀਲੀ ਦੀ ਸੰਭਾਵਨਾ ਨਹੀਂ ਕਿਉਂਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਪਾਰਟੀ ਵਿਧਾਇਕਾਂ ’ਚ ਸਤਹੀ ਤੌਰ ’ਤੇ ਸੰਤੋਸ਼ ਦਿਖਾਈ ਦਿੰਦਾ ਹੈ। ਹਾਲਾਂਕਿ ਉਨ੍ਹਾਂ ਦੇ ਅਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਰਮਿਆਨ ਮਤਭੇਦ ਜਨਤਕ ਤੌਰ ’ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।

ਅੱਜਕੱਲ ਸੂਬੇ ਦੇ ਡੀ.ਜੀ.ਪੀ ਮਨੋਜ ਯਾਦਵ ਦੇ ਮੁੱਦੇ ’ਤੇ ਵੀ ਮਨੋਹਰ ਲਾਲ ਖੱਟੜ ਅਤੇ ਅਨਿਲ ਵਿੱਜ ਦਰਮਿਆਨ ਤਣਾਤਣੀ ਬਣੀ ਹੋਈ ਹੈ ਅਤੇ ਵਿੱਜ ’ਤੇ ਸਿਆਸੀ ਭ੍ਰਿਸ਼ਟਾਚਾਰ ਨੂੰ ਤਿਲਾਂਜਲੀ ਦੇਣ ਦੇ ਦੋਸ਼ ਵੀ ਲੱਗਦੇ ਰਹਿੰਦੇ ਹਨ।

ਜੋ ਵੀ ਹੋਵੇ, ਫਿਲਹਾਲ ਉੱਤਰਾਖੰਡ ’ਚ ਸਿਆਸੀ ਉਠਕ-ਬੈਠਕ ਦੀ ਖੇਡ ਖਤਮ ਹੋ ਗਈ ਹੈ ਪਰ ਉਕਤ ਘਟਨਾਚੱਕਰ ਤੋਂ ਇੰਨਾ ਤਾਂ ਸਪੱਸ਼ਟ ਹੋ ਹੀ ਗਿਆ ਹੈ ਕਿ ਦੋਹਾਂ ਹੀ ਸੂਬਿਆਂ ਦੀਆਂ ਸਰਕਾਰਾਂ ’ਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਕੁਝ ਅਸੰਤੋਸ਼ ਪਾਇਆ ਜਾਂਦਾ ਹੈ।

- ਵਿਜੇ ਕੁਮਾਰ


Bharat Thapa

Content Editor

Related News