‘ਦੇਸ਼ ’ਚ ਗੰਭੀਰ ਹੁੰਦੀ ਜਾ ਰਹੀ’ ‘ਬੇਰੋਜ਼ਗਾਰੀ ਦੀ ਸਮੱਸਿਆ’

02/21/2021 4:13:53 AM

ਬੇਰੋਜ਼ਗਾਰੀ ਅੱਜ ਸਾਡੇ ਦੇਸ਼ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ। ‘ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ. ਐੱਸ. ਆਈ. ਈ.) ਦੇ ਅਨੁਸਾਰ, ‘‘ਦਸੰਬਰ, 2019 ’ਚ ਦੇਸ਼ ’ਚ ਬੇਰੋਜ਼ਗਾਰੀ ਦੀ ਦਰ 7.7 ਫੀਸਦੀ ਸੀ ਜੋ ਦਸੰਬਰ, 2020 ’ਚ ਵਧ ਕੇ 9 ਫੀਸਦੀ ਦੀ ਉਚਾਈ ’ਤੇ ਜਾ ਪਹੁੰਚੀ।’’

ਦੇਸ਼ ’ਚ 3.8 ਕਰੋੜ ਤੋਂ ਵੱਧ ਨੌਜਵਾਨ ਬੇਰੋਜ਼ਗਾਰ ਹਨ ਅਤੇ ਬੇਰੋਜ਼ਗਾਰੀ ਕਿੰਨਾ ਗੰਭੀਰ ਰੂਪ ਧਾਰਨ ਕਰ ਗਈ ਹੈ ਇਹ ਹੇਠਾਂ ਦਰਜ 2 ਉਦਾਹਰਣਾਂ ਤੋਂ ਹੀ ਸਪੱਸ਼ਟ ਹੁੰਦਾ ਹੈ :

* ਹਰਿਆਣਾ ’ਚ ਪਾਨੀਪਤ ਦੀ ਅਦਾਲਤ ’ਚ ਚਪੜਾਸੀ ਦੀ ਨੌਕਰੀ ਲਈ 13 ਆਸਾਮੀਆਂ ’ਤੇ 27,671 ਉਮੀਦਵਾਰਾਂ ਨੇ ਬਿਨੈ ਕੀਤਾ। ਇਸ ਦੇ ਲਈ 8ਵੀਂ ਪਾਸ ਯੋਗਤਾ ਮੰਗੀ ਗਈ ਸੀ ਪਰ ਇਸ ਆਸਾਮੀ ਲਈ ਬਿਨੈ ਕਰਨ ਵਾਲਿਆਂ ’ਚ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਬੀ. ਟੈੱਕ. ਅਤੇ ਬੀ. ਐੱਸ. ਸੀ. ਡਿਗਰੀਧਾਰੀ ਨੌਜਵਾਨ ਤੱਕ ਸ਼ਾਮਲ ਹਨ।

ਇਸ ਦੇ ਲਈ 18 ਤੋਂ 23 ਫਰਵਰੀ ਤੱਕ ਚੱਲਣ ਵਾਲੀ ਇੰਟਰਵਿਊ ਦੇ ਦੌਰਾਨ ਬੀਤੇ ਦਿਨੀਂ ਕੁਝ ਪੱਤਰਕਾਰਾਂ ਨੇ ਇੰਟਰਵਿਊ ਦੇਣ ਲਈ ਲਾਈਨ ’ਚ ਲੱਗੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ, ‘‘ਘੱਟ ਤੋਂ ਘੱਟ ਚਪੜਾਸੀ ਦੀ ਨੌਕਰੀ ਮਿਲ ਜਾਵੇ। ਪਰਿਵਾਰ ’ਤੇ ਬੋਝ ਤਾਂ ਨਹੀਂ ਰਹੇਗਾ।’’

* ਇਸੇ ਤਰ੍ਹਾਂ ਬੀਤੇ ਸਾਲ ਅਕਤੂਬਰ ’ਚ ਪੱਛਮੀ ਬੰਗਾਲ ਸਰਕਾਰ ਵੱਲੋਂ ਇਸ਼ਤਿਹਾਰਤ 8ਵੀਂ ਪਾਸ ਵਿੱਦਿਅਕ ਯੋਗਤਾ ਵਾਲੀ ਜੰਗਲਾਤ ਸਹਾਇਕਾਂ ਦੀ ਆਸਾਮੀ ਲਈ ਅਰਜ਼ੀਆਂ ਦੇਣ ਵਾਲਿਆਂ ’ਚ ਕਈ ਪੀ. ਐੱਚ. ਡੀ., ਪੋਸਟ ਗ੍ਰੈਜੂਏਟ, ਇੰਜੀਨੀਅਰਿੰਗ ਦੇ ਗ੍ਰੈਜੂਏਟ ਤੱਕ ਸ਼ਾਮਲ ਸਨ। ਇੱਥੇ ਵੀ ਜਦੋਂ ਇੰਟਰਵਿਊ ਦੇਣ ਆਏ ਕੁਝ ਉਮੀਦਵਾਰਾਂ ਨਾਲ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਹੀ ਕਿਹਾ, ‘‘ਘੱਟ ਤਨਖਾਹ ’ਤੇ ਕੰਮ ਕਰਨਾ ਕੁਝ ਨਾ ਕਰਨ ਨਾਲੋਂ ਤਾਂ ਚੰਗਾ ਹੈ।’’

ਬੇਰੋਜ਼ਗਾਰੀ ਦੀ ਭਿਆਨਕਤਾ ਦੀਆਂ ਇਹ ਤਾਂ ਦੋ ਉਦਾਹਰਣ ਮਾਤਰ ਹਨ। ਉਂਝ ਤਾਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਪਰ ਜੇਕਰ ਉੱਚ ਯੋਗਤਾ ਪ੍ਰਾਪਤ ਲੋਕਾਂ ਨੂੰ ਘੱਟ ਯੋਗਤਾ ਵਾਲੀਆਂ ਆਸਾਮੀਆਂ ’ਤੇ ਕੰਮ ਕਰਨ ਲਈ ਮਜਬੂਰ ਹੋਣਾ ਪਵੇ ਤਾਂ ਸਮਝਿਆ ਜਾ ਸਕਦਾ ਹੈ ਕਿ ਹਾਲਤ ਕਿੰਨੀ ਗੰਭੀਰ ਹੈ ਅਤੇ ਇਹ ਸਮੁੱਚੇ ਦੇਸ਼ ਦੀ ਸਮੱਸਿਆ ਬਣ ਚੁੱਕੀ ਹੈ।

ਇਸੇ ਕਾਰਨ ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਅਤੇ ਹੋਰ ਪਰਿਵਾਰਾਂ ਨਾਲ ਸਬੰਧਤ ਨੌਜਵਾਨ ਵਿਦੇਸ਼ਾਂ ਨੂੰ ਹਿਜਰਤ ਕਰਦੇ ਜਾ ਰਹੇ ਹਨ। ਇਸ ਰੁਝਾਨ ਨੂੰ ਰੋਕਣ ਲਈ ਦੇਸ਼ ’ਚ ਸਸਤੇ ਵਿਆਜ ਅਤੇ ਆਸਾਨ ਸ਼ਰਤਾਂ ’ਤੇ ਨਵੀਆਂ ਕਰਜ਼ਾ ਅਤੇ ਸਵੈਰੋਜ਼ਗਾਰ ਉਤਸ਼ਾਹ ਵਧਾਉਣ ਵਾਲੀਆਂ ਯੋਜਨਾਵਾਂ ਸ਼ੁਰੂ ਕਰਨ ਦੀ ਲੋੜ ਹੈ ਤਾਂ ਕਿ ਸਰਕਾਰੀ ਨੌਕਰੀਆਂ ਦਾ ਮੋਹ ਤਿਆਗ ਕੇ ਨੌਜਵਾਨ ਆਪਣੇ ਉੱਦਮ ਕਾਇਮ ਕਰ ਸਕਣ।

-ਵਿਜੇ ਕੁਮਾਰ


Bharat Thapa

Content Editor

Related News