ਤੁਰਕੀ ਦੇ ਭੂਚਾਲ ਪੀੜਤਾਂ ਨੇ ਰਾਹਤ ’ਚ ਹੋਈਆਂ ਦੇਰੀਆਂ ਦੇ ਲਈ ਰਾਸ਼ਟਰਪਤੀ ਨੂੰ ਠਹਿਰਾਇਆ ਜ਼ਿੰਮੇਵਾਰ

Monday, Feb 13, 2023 - 04:42 AM (IST)

ਤੁਰਕੀ ਦੇ ਭੂਚਾਲ ਪੀੜਤਾਂ ਨੇ ਰਾਹਤ ’ਚ ਹੋਈਆਂ ਦੇਰੀਆਂ ਦੇ ਲਈ ਰਾਸ਼ਟਰਪਤੀ ਨੂੰ ਠਹਿਰਾਇਆ ਜ਼ਿੰਮੇਵਾਰ

ਤੁਰਕੀ ’ਚ ਭਿਆਨਕ ਭੂਚਾਲ ਨਾਲ ਹਜ਼ਾਰਾਂ ਲੋਕਾਂ ਦੇ ਪਿਆਰੇ ਹੀ ਮਲਬੇ ’ਚ ਦਫਨ ਨਹੀਂ ਹੋਏ ਸਗੋਂ ਰਾਸ਼ਟਰਪਤੀ ਰਜਬ ਤੈਯਪ ਅਰਦੋਗਨ ਵੱਲੋਂ ਚੰਗੇ ਪ੍ਰਸ਼ਾਸਨ, ਭ੍ਰਿਸ਼ਟਾਚਾਰ ਮੁਕਤ ਦੇਸ਼ ਅਤੇ ਲੋਕਾਂ ਦੀਆਂ ਲੋੜਾਂ ਦੇ ਪ੍ਰਤੀ ਜਵਾਬਦੇਹ ਸਰਕਾਰ ਦੇਣ ਦੇ ਵਾਅਦੇ ਵੀ ਦਫਨ ਹੋ ਗਏ ਹਨ।

1999 ’ਚ ਤੁਰਕੀ ’ਚ ਭਾਰੀ ਭੂਚਾਲ ਦੇ ਦੌਰਾਨ ਸਰਕਾਰ ਵੱਲੋਂ ਮੱਠੇ ਰਾਹਤ ਕਾਰਜਾਂ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਦੇ ਬਾਅਦ ਆਪਣੀ ‘ਜਸਟਿਸ ਐਂਡ ਡਿਵੈਲਪਮੈਂਟ ਪਾਰਟੀ’ (ਏ. ਕੇ. ਪੀ.) ਦੇ ਸੱਤਾ ’ਚ ਆਉਣ ’ਤੇ ਅਰਦੋਗਨ ਨੇ ਇਸ ਤਬਾਹੀ ਅਤੇ ਹੋਰ ਸਾਰੀਆਂ ਸਮੱਸਿਆਵਾਂ ਲਈ ਵਿਆਪਕ ਭ੍ਰਿਸ਼ਟਾਚਾਰ, ਨਕਾਰਾ ਸਰਕਾਰਾਂ ਤੇ ਸਮੱਸਿਆਵਾਂ ਦੇ ਪ੍ਰਤੀ ਉਦਾਸੀਨ ਸਰਕਾਰੀ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪਣੇ ਸ਼ਾਸਨ ਦੇ ਅਧੀਨ ਸਾਰੀਆਂ ਖਰਾਬੀਆਂ ’ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦਾ ਸੰਕਲਪ ਕੀਤਾ ਸੀ।

ਪਰ ਅਜਿਹਾ ਕਰਨ ਦੀ ਬਜਾਏ ਆਪਣੇ 2 ਦਹਾਕਿਆਂ ਦੇ ਸੱਤਾ ’ਤੇ ਕਬਜ਼ੇ ਦੇ ਦੌਰਾਨ ਅਰਦੋਗਨ ਨੇ ਸਾਰੀ ਤਾਕਤ ਆਪਣੇ ਹੱਥਾਂ ’ਚ ਸਮੇਟ ਲਈ ਹੈ। ਸਰਕਾਰੀ ਸੰਸਥਾਵਾਂ ਨੂੰ ਖੋਖਲਾ ਕਰ ਕੇ ਉਸ ਨੇ ਆਪਣੇ ਵਫਾਦਾਰਾਂ ਨੂੰ ਮਹੱਤਵਪੂਰਨ ਅਹੁਦਿਆਂ ’ਤੇ ਬਿਠਾ ਦਿੱਤਾ। ਵਧੇਰੇ ਸਮਾਜਸੇਵੀ ਸੰਸਥਾਵਾਂ ਦਾ ਸਫਾਇਆ ਕਰ ਕੇ ਅਰਦੋਗਨ ਨੇ ਆਪਣੇ ਆਲੇ-ਦੁਆਲੇ ਚਾਪਲੂਸਾਂ ਦੀ ਇਕ ਜੁੰਡਲੀ ਕਾਇਮ ਕਰ ਲਈ ਹੈ। ਇਨ੍ਹਾਂ ਹੀ ਸਾਰੇ ਕਾਰਿਆਂ ਦੇ ਕਾਰਨ ਉੱਥੇ ਆਏ ਭੂਚਾਲ ਨੇ ਭਿਆਨਕ ਤਬਾਹੀ ਦਾ ਰੂਪ ਧਾਰਨ ਕਰ ਲਿਆ ।

ਅਰਦੋਗਨ ਦੇ ਸ਼ਾਸਨ ’ਚ ਤੁਰਕੀ ਦੀ ਅਰਥਵਿਵਸਥਾ ਉੱਥੇ ਸ਼ੁਰੂ ਕੀਤੇ ਗਏ ‘ਕੰਸਟ੍ਰੱਕਸ਼ਨ ਬੂਮ’ ਦੇ ਕਾਰਨ ਕਾਫੀ ਉੱਚੀ ਉੱਠੀ ਜਿਸ ਦੇ ਲਈ ਉਸ ਨੇ ਤੈਅ ਪ੍ਰਕਿਰਿਆਵਾਂ ਦਾ ਪਾਲਣ ਕੀਤੇ ਬਿਨਾਂ ਅਤੇ ਬਿਨਾਂ ਟੈਂਡਰਾਂ ਦੇ ਆਪਣੇ ਗੂੜ੍ਹੇ ਸਹਿਯੋਗੀਆਂ ਨੂੰ ਠੇਕੇ ਦਿੱਤੇ।

ਨਿਰਮਾਣ ਕੰਪਨੀਆਂ ’ਚ ਇਮਾਰਤਾਂ ਬਣਾਉਣ ਦੀ ਇਕ ਹੋੜ ਜਿਹੀ ਲੱਗ ਗਈ ਅਤੇ ਉਨ੍ਹਾਂ ਨੇ ਇਮਾਰਤਾਂ ਦੇ ਨਿਰਮਾਣ ਸਬੰਧੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਹੀ ਭੂਚਾਲ ਦੇ ਪ੍ਰਤੀ ਨਾਜ਼ੁਕ ਥਾਵਾਂ ’ਤੇ ਹੀ ਅੰਨ੍ਹੇਵਾਹ ਇਨਫ੍ਰਾਸਟ੍ਰੱਕਚਰ ਅਤੇ ਇਮਾਰਤਾਂ ਬਣਾ ਦਿੱਤੀਆਂ।

‘ਹਾਤੇ’ ਅਜਿਹਾ ਹੀ ਇਕ ਇਲਾਕਾ ਹੈ ਜੋ ਤੁਰਕੀ ’ਚ ਆਏ ਭੂਚਾਲ ਨਾਲ ਭਾਰੀ ਤਬਾਹੀ ਦਾ ਸ਼ਿਕਾਰ ਹੋਇਆ। ਉੱਥੇ ਨਾ ਸਿਰਫ ਮਕਾਨ ਅਤੇ ਹਸਪਤਾਲ ਆਦਿ ਸਗੋਂ ਤੁਰਕੀ ਦਾ ‘ਆਫਤ ਅਤੇ ਐਮਰਜੈਂਸੀ ਪ੍ਰਬੰਧਨ ਵਿਭਾਗ’ ਤੱਕ ਮਿੱਟੀ ’ਚ ਮਿਲ ਗਿਆ।

ਅਰਦੋਗਨ ਦੇ ਇਕ ਨਜ਼ਦੀਕੀ ਵੱਲੋਂ ਫਾਲਟ ਲਾਈਨ ਦੇ ਉਪਰ ਬਣਾਏ ‘ਹਾਤੇ’ ਨਗਰ ਦੇ ਹਵਾਈ ਅੱਡੇ ਦਾ ਇਕੋ-ਇਕ ਰਨਵੇ ਭੂਚਾਲ ਦੇ ਕਾਰਨ 2 ਹਿੱਸਿਆਂ ’ਚ ਵੰਡਿਆ ਗਿਆ।

ਅਤੀਤ ’ਚ ਵੀ ਅਰਦੋਗਨ ਦੇ ਕਰੀਬੀਆਂ ਵੱਲੋਂ ਤਿਆਰ ਕੀਤੀਆਂ ਇਮਾਰਤਾਂ, ਜਿਨ੍ਹਾਂ ’ਚੋਂ ਵਧੇਰੇ ਦਾ ਨਿਰਮਾਣ ਸੁਰੱਖਿਆ ਸਬੰਧੀ ਨਿਯਮਾਂ ਦੀ ਅਣਦੇਖੀ ਕਰ ਕੇ ਕੀਤਾ ਗਿਆ ਸੀ, ਕਈ ਦੁਖਦਾਈ ਘਟਨਾਵਾਂ ਦਾ ਕਾਰਨ ਬਣ ਚੁੱਕੀਆਂ ਹਨ।

ਬੀਤੇ ਸਾਲ ‘ਸਪਾਰਟਾ’ ਨਗਰ ’ਚ ਬਰਫੀਲੇ ਤੂਫਾਨ ਨੇ ਨਾ ਸਿਰਫ ਭਾਰੀ ਤਬਾਹੀ ਮਚਾਈ ਸਗੋਂ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਲੋਕਾਂ ਨੂੰ ਹਫਤਿਆਂ ਤੱਕ ਬਿਨਾਂ ਬਿਜਲੀ ਦੇ ਰਹਿਣਾ ਪਿਆ। ਇਸ ਨਗਰ ਦੀਆਂ ਵਧੇਰੇ ਜਨਤਕ ਸੇਵਾ ਸੰਸਥਾਵਾਂ ਅਰਦੋਗਨ ਦੇ ਕਰੀਬੀਆਂ ਦੇ ਕਬਜ਼ੇ ’ਚ ਹਨ ਜਿਨ੍ਹਾਂ ਨੇ ਅਜਿਹੀਆਂ ਆਫਤਾਂ ਤੋਂ ਬਚਣ ਲਈ ਜ਼ਰੂਰੀ ਸੁਰੱਖਿਆ ਉਪਾਅ ਨਹੀਂ ਅਪਣਾਏ।

‘ਸੋਮਾ ਹੋਲਡਿੰਗ’ ਦਾ ਚੇਅਰਮੈਨ ‘ਅਲਪ ਗੁਰਕਾਨ’ ਵੀ ਅਰਦੋਗਨ ਦੇ ਸਹਿਯੋਗੀਆਂ ’ਚੋਂ ਇਕ ਹੈ। ਅਰਦੋਗਨ ਦੀ ਪਾਰਟੀ ਦੇ ਸ਼ਾਸਨ ਦੇ ਦੌਰਾਨ ਇਸ ਕੰਪਨੀ ਨੇ ਭਾਰੀ ਮੁਨਾਫਾ ਕਮਾਇਆ ਤੇ ਅਰਬਾਂ ਡਾਲਰ ਦੇ ਠੇਕੇ ਹਾਸਲ ਕੀਤੇ।

ਹਾਲ ਹੀ ’ਚ ਆਏ ਭੂਚਾਲ ਨਾਲ ਨਜਿੱਠਣ ’ਚ ਵੀ ਸਰਕਾਰ ਦੀ ਰਫਤਾਰ ਬੜੀ ਮੱਠੀ ਸੀ। ‘ਅੰਤਾਕਯਾ’ ’ਚ ਇਕ ਵਿਅਕਤੀ ਦੇ ਪਰਿਵਾਰ ਨੂੰ ਮਲਬੇ ’ਚ ਦੱਬੇ ਆਪਣੇ ਪਿਆਰੇ ਜੀਆਂ ਨੂੰ ਆਪਣੇ ਹੱਥਾਂ ਨਾਲ ਕੱਢਣਾ ਪਿਆ।

ਉਸ ਸਮੇਂ ਜਦਕਿ ਉਕਤ ਪਰਿਵਾਰ ਆਪਣੇ ਪਿਆਰਿਆਂ ਨੂੰ ਵਿਧੀਵਤ ਦਫਨਾਉਣ ਦੇ ਲਈ ਮਲਬੇ ’ਚੋਂ ਕੱਢ ਰਿਹਾ ਸੀ, ਅਰਦੋਗਨ ਰਾਸ਼ਟਰੀ ਟੀ. ਵੀ. ’ਤੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਰਾਹਤ ਕਾਰਜਾਂ ਦੀ ਮੱਠੀ ਰਫਤਾਰ ਦੀ ਸ਼ਿਕਾਇਤ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਕਹਿ ਕੇ ਉਨ੍ਹਾਂ ਦੀ ਆਲੋਚਨਾ ਕਰ ਰਿਹਾ ਸੀ।

ਇਹ ਸਥਿਤੀ ਅਰਦੋਗਨ ਵੱਲੋਂ ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ’ਚ ਕੇਂਦਰਿਤ ਕਰ ਲੈਣ ਅਤੇ ਵੱਖ-ਵੱਖ ਸੰਸਥਾਵਾਂ ਦੀ ਆਜ਼ਾਦੀ ਖੋਹ ਲੈਣ, ਬਿਨਾਂ ਯੋਗਤਾ ’ਤੇ ਧਿਆਨ ਦਿੱਤੇ ਮਹੱਤਵਪੂਰਨ ਅਹੁਦਿਆਂ ’ਤੇ ਆਪਣੇ ਚਹੇਤਿਆਂ ਨੂੰ ਲਗਾਉਣ ਅਤੇ ਅਰਦੋਗਨ ਦੇ ਏਜੰਡੇ ਦਾ ਸਮਰਥਨ ਨਾ ਕਰਨ ਵਾਲੀਆਂ ਸਮਾਜਸੇਵੀ ਸੰਸਥਾਵਾਂ ਦਾ ਸਫਾਇਆ ਕਰ ਦੇਣ ਦਾ ਹੀ ਨਤੀਜਾ ਹੈ।

ਭੂਚਾਲ ਦੇ ਪ੍ਰਤੀ ਨਾਜ਼ੁਕ ਤੁਰਕੀ ਵਰਗੇ ਦੇਸ਼ ਲਈ ਆਫਤ ਪ੍ਰਬੰਧਨ ਵਿਭਾਗ ਇਕ ਮਹੱਤਵਪੂਰਨ ਸਰਕਾਰੀ ਏਜੰਸੀ ਹੈ ਪਰ ਇਸ ਦਾ ਬਜਟ ਸਰਕਾਰ ਦੀਆਂ ਨੀਤੀਆਂ ਨੂੰ ਧਰਮ ਦੀ ਓਟ ’ਚ ਸਹੀ ਠਹਿਰਾਉਣ ਦੇ ਲਈ ਕਾਇਮ ਧਾਰਮਿਕ ਮਾਮਲਿਆਂ ਦੇ ਵਿਭਾਗ ਤੋਂ ਵੀ ਘੱਟ ਹੈ।

1999 ਦੇ ਭੂਚਾਲ ਦੇ ਦੌਰਾਨ ਕੁਝ ਹੀ ਘੰਟਿਆਂ ਦੇ ਅੰਦਰ ਰਾਹਤ ਕਾਰਜਾਂ ਦੇ ਲਈ ਪਹੁੰਚ ਜਾਣ ਵਾਲੀ ਤੁਰਕੀ ਦੀ ਫੌਜ 2016 ’ਚ ਅਰਦੋਗਨ ਦੇ ਵਿਰੁੱਧ ਅਸਫਲ ਬਗਾਵਤ ਦੇ ਬਾਅਦ ਕਮਜ਼ੋਰ ਹੋ ਗਈ ਹੈ ਅਤੇ ਉਸ ’ਤੇ ਕਈ ਬੰਧਨਕਾਰੀ ਨਿਯਮ ਲਾਗੂ ਕਰ ਦਿੱਤੇ ਹਨ।

ਇਸ ਸਮੇਂ ਹਾਲਤ ਇਹ ਹੈ ਕਿ ਅਰਦੋਗਨ ਆਪਣੇ ਸ਼ਾਸਨ ਦੀਆਂ ਤਰੁੱਟੀਆਂ ਦੇਖਣ ਦੀ ਬਜਾਏ ਲੋਕਾਂ ਦੇ ਮਨ ’ਚ ਇਹ ਗੱਲ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਕੁਝ ਵੀ ਉਨ੍ਹਾਂ ਨਾਲ ਹੋਇਆ ਉਹੀ ਉਨ੍ਹਾਂ ਦੀ ਕਿਸਮਤ ਸੀ ਪਰ ਦੇਸ਼ ਦੇ ਵਧੇਰੇ ਲੋਕਾਂ ਦਾ ਇਹ ਯਕੀਨ ਹੈ ਕਿ ਤੁਰਕੀ ਦੀ ਬਰਬਾਦੀ ਲਈ ਜ਼ਿੰਮੇਵਾਰੀ ਇਕੋ-ਇਕ ਵਿਅਕਤੀ ਰਾਸ਼ਟਰਪਤੀ ਅਰਦੋਗਨ ਹੀ ਹੈ।

ਹਾਲਾਂਕਿ ਤੁਰਕੀ ਦੇ ਰਾਸ਼ਟਰਪਤੀ ਅਰਦੋਗਨ ਦੇ ਅਨੁਸਾਰ ਉੱਥੇ ਨਿਰਧਾਰਿਤ ਸਮੇਂ ਤੋਂ ਇਕ ਮਹੀਨਾ ਪਹਿਲਾਂ 14 ਮਈ ਨੂੰ ਚੋਣਾਂ ਹੋਣਗੀਆਂ ਜਿਸ ’ਚ 2 ਦਹਾਕਿਆਂ ਬਾਅਦ ਉਨ੍ਹਾਂ ਦੀ ਅਗਵਾਈ ਦੀ ਸਖਤ ਪ੍ਰੀਖਿਆ ਹੋਵੇਗੀ।


author

Mukesh

Content Editor

Related News