ਟਿੱਲੂ ਦੀ ਹੱਤਿਆ ਤੋਂ ਬਾਅਦ ਤਿਹਾੜ ਜੇਲ ’ਚ ਤਬਾਦਲੇ ‘ਦੇਰ ਨਾਲ ਉਠਾਇਆ ਗਿਆ ਸਹੀ ਕਦਮ’
Saturday, May 13, 2023 - 03:27 AM (IST)

2 ਮਈ, 2023 ਨੂੰ ਸਵੇਰੇ ਲਗਭਗ ਸਾਢੇ 6 ਵਜੇ ਭਾਰਤ ਦੀ ਸਭ ਤੋਂ ਵੱਧ ਸੁਰੱਖਿਅਤ ਸਮਝੀ ਜਾਣ ਵਾਲੀ ਦਿੱਲੀ ਦੀ ਤਿਹਾੜ ਜੇਲ ਵਿਚ ਕੁਝ ਜੇਲ-ਕਰਮਚਾਰੀਆਂ ਦੇ ਸਾਹਮਣੇ ਵਿਰੋਧੀ ਗਿਰੋਹ ਦੇ 4 ਕੈਦੀਆਂ ਵਲੋਂ ਗੈਂਗਸਟਰ ‘ਟਿੱਲੂ ਤਾਜਪੁਰੀਆ’ ਦੀ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਉਥੇ ਦੀ ਮੈਨੇਜਮੈਂਟ ਚਰਚਾ ਵਿਚ ਹੈ।
ਜ਼ਿਕਰਯੋਗ ਹੈ ਕਿ 9 ਜ਼ਿਲਿਆਂ ’ਤੇ ਆਧਾਰਿਤ ਇਹ ਏਸ਼ੀਆ ਦਾ ਸਭ ਤੋਂ ਵੱਡਾ ਜੇਲ ਕੰਪਲੈਕਸ ਹੈ, ਜੋ ਸੁਧਾਰ ਘਰ ਨਾ ਰਹਿ ਕੇ ਅਪਰਾਧੀਆਂ ਦੀ ਪਨਾਹਗਾਹ ਬਣ ਚੁੱਕਾ ਹੈ ਅਤੇ ਇਥੇ ਕਈ ਸਾਲਾਂ ਤੋਂ ਗੈਂਗਵਾਰਾਂ ਹੁੰਦੀਆਂ ਆ ਰਹੀਆਂ ਹਨ।
ਇਸੇ ਵਿਸ਼ੇ ’ਤੇ 4 ਮਈ, 2023 ਨੂੰ ਆਪਣੇ ਸੰਪਾਦਕੀ ‘ਅਪਰਾਧੀ ਗਿਰੋਹਾਂ ਦੀ ਪਨਾਹਗਾਹ ਬਣੀ ਤਿਹਾੜ ਜੇਲ’ ਵਿਚ ਅਸੀਂ ਲਿਖਿਆ ਸੀ ਕਿ ‘‘ਤਿਹਾੜ ਅਤੇ ਹੋਰਨਾਂ ਜੇਲਾਂ ਵਿਚ ਕੈਦੀਆਂ ਦੀ ਭੀੜ ਘੱਟ ਕਰਨ ਅਤੇ ਉਥੇ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਲਈ ਸਟਾਫ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਫਰਜ਼ਾਂ ਨੂੰ ਨਿਭਾਉਣ ਵਿਚ ਢਿੱਲ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਉਚਿਤ ਕਾਰਵਾਈ ਕਰਨ ਦੀ ਲੋੜ ਹੈ।’’
ਹੁਣ 11 ਮਈ ਨੂੰ ਜਨਰਲ ਡਾਇਰੈਕਟਰ (ਜੇਲ) ਸੰਜੇ ਬੇਨੀਵਾਲ ਨੇ ਤਿਹਾੜ ਜੇਲ ਦੇ ਸਹਾਇਕ ਸੁਪਰਡੈਂਟ, ਡਿਪਟੀ ਸੁਪਰਡੈਂਟ, ਪ੍ਰਧਾਨ ਵਾਰਡਨ ਅਤੇ ਵਾਰਡਨ ਸਮੇਤ 99 ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਦੇ ਦਿੱਤੇ ਹਨ। ਅਗਲੇ ਕੁਝ ਦਿਨਾਂ ਵਿਚ ਹੋਰ ਜ਼ਿਆਦਾ ਅਧਿਕਾਰੀਆਂ ਦੇ ਤਬਾਦਲੇ ਹੋਣ ਦਾ ਵੀ ਅੰਦਾਜ਼ਾ ਹੈ।
ਤਿਹਾੜ ਜੇਲ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਤਾਜਪੁਰੀਆ ਹੱਤਿਆਕਾਂਡ ਨੂੰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਚੀਜ਼ਾਂ ਨੂੰ ਸੁਵਿਵਸਥਿਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਬਦਲਾਅ ਦੀ ਲੋੜ ਵੀ ਮਹਿਸੂਸ ਕੀਤੀ ਗਈ ਹੈ।
ਇਹ ਦੇਰ ਨਾਲ ਲਿਆ ਗਿਆ ਸਹੀ ਫੈਸਲਾ ਹੈ ਪਰ ਤਿਹਾੜ ਸਮੇਤ ਹੋਰਨਾਂ ਜੇਲਾਂ ਦੀ ਮੈਨੇਜਮੈਂਟ ਸੁਧਾਰਨ ਲਈ ਅਜੇ ਹੋਰ ਵੀ ਕਦਮ ਉਠਾਉਣ ਦੀ ਲੋੜ ਹੈ ਜਿਨ੍ਹਾਂ ਵਿਚ ਜੇਲਾਂ ਵਿਚ ਸੁਰੱਖਿਆ ਪ੍ਰਣਾਲੀ ਨੂੰ ਸਖਤ ਬਣਾਉਣਾ, ਕੈਦੀਆਂ ਦੀ ਭੀੜ ਘੱਟ ਕਰਨਾ ਆਦਿ ਸ਼ਾਮਲ ਹਨ। ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਤਿਹਾੜ ਅਤੇ ਹੋਰਨਾਂ ਜੇਲਾਂ ਵਿਚ ਇਸ ਤਰ੍ਹਾਂ ਦੇ ਅਪਰਾਧ ਹੁੰਦੇ ਹੀ ਰਹਿਣਗੇ।
–ਵਿਜੇ ਕੁਮਾਰ