ਮਹਾਰਾਸ਼ਟਰ-ਚੋਣਾਂ ’ਚ ਅਜਿਹਾ ਹੋ ਰਿਹਾ ਹੈ

10/17/2019 1:13:47 AM

ਮਹਾਰਾਸ਼ਟਰ ’ਚ ਹਾਲਾਂਕਿ ਭਾਜਪਾ ਅਤੇ ਸ਼ਿਵ ਸੈਨਾ ’ਚ ਚੋਣ ਗੱਠਜੋੜ ਹੈ ਪਰ ‘ਮਿਲ ਕਰ ਭੀ ਨਾ ਮਿਲੇ ਹਮ’ ਵਾਲੀ ਕਹਾਵਤ ਨੂੰ ਢੁੱਕਵਾਂ ਕਰਦੇ ਹੋਏ ਦੋਵਾਂ ਪਾਰਟੀਆਂ ਦੇ ਨੇਤਾ ਪ੍ਰਚਾਰ ਪੋਸਟਰਾਂ ’ਚ ਇਕ-ਦੂਜੇ ਨਾਲ ਨਹੀਂ ਹਨ। ਇਥੇ ਪੇਸ਼ ਹਨ 21 ਅਕਤੂਬਰ ਨੂੰ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਦੀਆਂ ਕੁਝ ਦਿਲਚਸਪ ਗੱਲਾਂ 

ਭਾਜਪਾ ਅਤੇ ਸ਼ਿਵ ਸੈਨਾ ਦੇ ਚੋਣ ਪੋਸਟਰਾਂ ’ਚ ਗੱਠਜੋੜ ਦੀ ਜਗ੍ਹਾ ‘ਏਕਲਾ ਚਲੋ ਰੇ’ ਦੀ ਝਲਕ ਦਿਖਾਈ ਦੇ ਰਹੀ ਹੈ। ਸ਼ਿਵ ਸੈਨਾ ਦੇ ਪੋਸਟਰਾਂ ’ਚ ਬਾਲਾ ਸਾਹਿਬ ਠਾਕਰੇ, ਪੁੱਤਰ ਊਧਵ ਠਾਕਰੇ ਅਤੇ ਪੋਤੇ ਆਦਿੱਤਿਆ ਠਾਕਰੇ ਦੇ ਚਿੱਤਰ ਦਿਖਾਈ ਦੇ ਰਹੇ ਹਨ ਤਾਂ ਭਾਜਪਾ ਦੇ ਪੋਸਟਰਾਂ ’ਚ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਦੇਵੇਂਦਰ ਫੜਨਵੀਸ ਛਾਏ ਹੋਏ ਹਨ ਭਾਵ ਦੋਵਾਂ ਸਾਥੀ ਪਾਰਟੀਆਂ ਦੇ ਨੇਤਾ ਪੋਸਟਰਾਂ ’ਚ ਇਕ-ਦੂਜੇ ਦੇ ਨਾਲ ਨਹੀਂ ਹਨ।

* ਭਾਜਪਾ ਅਤੇ ਸ਼ਿਵ ਸੈਨਾ ਦੋਵਾਂ ਨੇ ਐਲਾਨ-ਪੱਤਰ ਮਿਲ ਕੇ ਜਾਰੀ ਕਰਨ ਦਾ ਐਲਾਨ ਕੀਤਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਸ਼ਿਵ ਸੈਨਾ ਨੇ ਆਪਣਾ ਵੱਖਰਾ ਐਲਾਨ-ਪੱਤਰ ਜਾਰੀ ਕਰਨ ਤੋਂ ਇਲਾਵਾ ਆਪਣੇ ਏਜੰਡੇ ਦੇ ਅਧੀਨ ਲੋਕ-ਲੁਭਾਵਣੇ ਵਾਅਦੇ ਵੀ ਕਰ ਦਿੱਤੇ।

* ਟਿਕਟਾਂ ਦੀ ਵੰਡ ਤੋਂ ਬਾਅਦ ਭਾਜਪਾ ਦੇ ਉਮੀਦਵਾਰਾਂ ’ਚ ਕਈ ਹੈਰਾਨ ਕਰ ਦੇਣ ਵਾਲੇ ਨਾਂ ਸਾਹਮਣੇ ਆਏ, ਜਿਨ੍ਹਾਂ ’ਚੋਂ ਇਕ ਨਾਂ ਹੈ ਰਾਮ ਸਾਤਪੁਤੇ, ਜੋ ਇਕ ਮਜ਼ਦੂਰ ਦੇ ਬੇਟੇ ਹਨ। ਉਨ੍ਹਾਂ ਨੂੰ ਭਾਜਪਾ ਨੇ ਮਾਲਸ਼ਿਰਸ ਤੋਂ ਟਿਕਟ ਦਿੱਤੀ ਹੈ ਅਤੇ ਉਹ ਪਹਿਲੀ ਵਾਰ ਚੋਣ ਲੜ ਰਹੇ ਹਨ।

* ਚਾਰਕੋਕ ਤੋਂ ਕਾਂਗਰਸ ਨੇ ਕਾਲੂ ਬੁਧੇਲੀਆ ਨਾਂ ਦੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਹੈ, ਜਿਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਦੁੱਧ ਵੇਚਣ ਦਾ ਧੰਦਾ ਕਰਨ ਕਰਕੇ ਉਹ ‘ਦੁੱਧ ਵਾਲਾ’ ਅਖਵਾਉਂਦੇ ਹਨ। ਬੁਧੇਲੀਆ ਦਾ ਕਹਿਣਾ ਹੈ ਕਿ ‘‘ਜੇਕਰ ਗੁਜਰਾਤ ਦਾ ਇਕ ਚਾਹ ਵਾਲਾ ਦੇਸ਼ ਦੇ ਸਰਵਉੱਚ ਅਹੁਦੇ ’ਤੇ ਪਹੁੰਚ ਸਕਦਾ ਹੈ ਤਾਂ ਇਕ ਦੁੱਧ ਵਾਲਾ ਸੂਬਾਈ ਵਿਧਾਨ ਸਭਾ ’ਚ ਕਿਉਂ ਨਹੀਂ ਪਹੁੰਚ ਸਕਦਾ?’’

* ਚੋਣ ਪ੍ਰਚਾਰ ’ਚ ਅਚਾਨਕ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਪਾਤਰਾਂ ਦਾ ਰਲੇਵਾਂ ਹੋ ਗਿਆ ਹੈ। ਜਿਥੇ ਕਾਂਗਰਸੀ ਨੇਤਾ ਨਾਨਾ ਪਟੋਲੇ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਤੁਲਨਾ ਰਾਵਣ ਨਾਲ ਕੀਤੀ ਹੈ, ਉਥੇ ਹੀ ਭਾਜਪਾ ਦੇ ਬੁਲਾਰੇ ਮਾਧਵ ਭੰਡਾਰੀ ਅਨੁਸਾਰ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਰਾਮਰਾਜ ਵੱਲ ਲਿਜਾ ਰਹੇ ਹਨ, ਜਦਕਿ ਕਾਂਗਰਸ ਦੇ ਸਾਰੇ ਨੇਤਾ ਕੁੰਭਕਰਨ ਵਾਂਗ ਸੁੱਤੇ ਹੋਏ ਹਨ।’’

* ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਨੇ ਮੁੰਬਈ ’ਚ ਦੇਵੇਂਦਰ ਫੜਨਵੀਸ ਵਰਗੇ ਤਜਰਬੇਕਾਰ ਨੇਤਾ ਸਾਹਮਣੇ ਰਾਹੁਲ ਗਾਂਧੀ ਨੂੰ ਅਨਾੜੀ ਕਰਾਰ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਤਾਂ ਆਪਣੀ ਹੀ ਪਾਰਟੀ ਲਈ ਬੋਝ ਬਣ ਗਏ ਹਨ।

ਮਾਣ ਖੁਰਦ ਸ਼ਿਵਾਜੀ ਨਗਰ ਤੋਂ ਆਜ਼ਾਦ ਦੇ ਤੌਰ ’ਤੇ ਚੋਣ ਲੜ ਰਹੇ ਮੁਹੰਮਦ ਸਿਰਾਜ ਸ਼ੇਖ ਵਿਰੁੱਧ ਇਕ 14 ਸਾਲਾ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਸ਼ੇਖ ਦੇ ਸਮਰਥਕਾਂ ਨੇ ਵਿਰੋਧੀਆਂ ਦੀ ਚਾਲ ਦੱਸਿਆ ਹੈ।

* ‘ਵੰਚਿਤ ਬਹੁਜਨ ਅਗਾੜੀ ਪਾਰਟੀ’ ਦੇ ਨੇਤਾ ਪ੍ਰਕਾਸ਼ ਅੰਬੇਦਕਰ ਨੇ ਯਵਤਮਾਲ ’ਚ ਆਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੌਰਾਨ ਭਾਜਪਾ ਨੂੰ ਲੁਟੇਰਿਆਂ ਦੀ ਪਾਰਟੀ ਕਰਾਰ ਦਿੰਦੇ ਹੋਏ ਕਿਹਾ ਕਿ ‘‘ਦੇਸ਼ ਨੂੰ ਡਾਕੂਆਂ ਤੋਂ ਬਚਾਓ। ਭਾਜਪਾ ਨੇ ਬੈਂਕਾਂ ਨੂੰ ਲੁੱਟ ਲਿਆ ਹੈ ਅਤੇ ਸਾਰੇ ਲੁਟੇਰੇ ਗੁਜਰਾਤ ਤੋਂ ਹਨ।’’

* ਵਿਖਰੌਲੀ ਤੋਂ ‘ਵੰਚਿਤ ਬਹੁਜਨ ਅਗਾੜੀ ਪਾਰਟੀ’ ਦੀ ਟਿਕਟ ’ਤੇ ਚੋਣ ਲੜ ਰਿਹਾ ਸੁਧੀਰ ਮੋਕਲੇ ਨਾਂ ਦਾ ਉਮੀਦਵਾਰ ਆਪਣੇ ਚੋਣ ਖਰਚ ਲਈ ਆਮ ਲੋਕਾਂ, ਆਪਣੇ ਮਿੱਤਰਾਂ, ਸ਼ੁੱਭਚਿੰਤਕਾਂ, ਪਾਰਟੀ ਵਰਕਰਾਂ ਆਦਿ ਤੋਂ ਚੰਦਾ ਮੰਗ ਕੇ ਪੈਸੇ ਜੁਟਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਕੋਲ ਪੈਸੇ ਦੀ ਕਮੀ ਹੈ, ਇਸ ਲਈ ਉਸ ਦੀ ਮਦਦ ਕੀਤੀ ਜਾਵੇ।

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਆਪਣੇ ਸਿਆਸੀ ਵਿਰੋਧੀਆਂ ’ਤੇ ਵਿਅੰਗ ਕਰਨ ਲਈ ਫਿਲਮੀ ਸੰਵਾਦਾਂ ਦਾ ਸਹਾਰਾ ਲੈਣ ਦਾ ਕੋਈ ਮੌਕਾ ਵੀ ਹੱਥੋਂ ਜਾਣ ਨਹੀਂ ਦਿੰਦੇ। ਹਾਲ ਹੀ ’ਚ ਸ਼ੋਲਾਪੁਰ ’ਚ ਇਕ ਚੋਣ ਸਭਾ ’ਚ ਉਨ੍ਹਾਂ ਨੇ ਰਾਕਾਂਪਾ ਅਤੇ ਕਾਂਗਰਸ ਦੇ ਨੇਤਾਵਾਂ ਦੀ ਤੁਲਨਾ ‘ਸ਼ੋਅਲੇ’ ਫਿਲਮ ਦੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਸਨਕੀ ਜੇਲਰ ਨਾਲ ਕੀਤੀ, ਜੋ ਆਪਣੇ ਮਾਤਹਿਤਾਂ ਨੂੰ ਇਹ ਉਲਟਾ-ਪੁਲਟਾ ਹੁਕਮ ਦਿੰਦਾ ਹੈ, ‘‘ਆਧੇ ਇਧਰ ਜਾਓ, ਆਧੇ ਉਧਰ ਜਾਓ ਔਰ ਜੋ ਬਚੇਂ ਵੋ ਮੇਰੇ ਪੀਛੇ ਚਲੇ ਆਓ।’’

* 13 ਅਕਤੂਬਰ ਨੂੰ ਮਹਾਰਾਸ਼ਟਰ ਦੇ ਗੁਲਡਾਨਾ ਜ਼ਿਲੇ ’ਚ ਭਾਜਪਾ ਦੀ ਪ੍ਰਮੋਸ਼ਨਲ ਟੀ-ਸ਼ਰਟ ਪਹਿਨੀ ਇਕ ਕਿਸਾਨ ਨੇ ਆਤਮ-ਹੱਤਿਆ ਕਰ ਲਈ। ਇਸ ਘਟਨਾ ਨਾਲ ਮਹਾਰਾਸ਼ਟਰ ਦੀ ਦੇਵੇਂਦਰ ਫੜਨਵੀਸ ਸਰਕਾਰ ਲਈ ਪ੍ਰੇਸ਼ਾਨੀ ਪੈਦਾ ਹੋਣ ਦੀ ਸੰਭਾਵਨਾ ਹੈ।

ਹੁਣ ਤਕ ਮਹਾਰਾਸ਼ਟਰ ਦੀਆਂ ਚੋਣਾਂ ’ਚ ਕੁਝ ਇਸ ਤਰ੍ਹਾਂ ਦੇ ਨਜ਼ਾਰੇ ਨਜ਼ਰ ਆਏ। ਹੁਣ ਦੇਖਣਾ ਇਹ ਵੀ ਹੈ ਕਿ 21 ਅਕਤੂਬਰ ਨੂੰ ਮਤਦਾਨ ਤੋਂ ਬਾਅਦ 24 ਅਕਤੂਬਰ ਨੂੰ ਚੋਣ ਨਤੀਜਿਆਂ ’ਚ ਕਿਹੋ ਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ।


Bharat Thapa

Content Editor

Related News