ਸ਼੍ਰੀਲੰਕਾ ਸਰਕਾਰ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ’ਚ
Monday, Jul 11, 2022 - 12:37 AM (IST)

ਸ਼੍ਰੀਲੰਕਾ ’ਚ ਵਿਰੋਧ ਵਿਖਾਵੇ ਅਪ੍ਰੈਲ ਤੋਂ ਚੱਲ ਰਹੇ ਹਨ ਅਤੇ ਸਮੇਂ-ਸਮੇਂ ’ਤੇ ਉਥੇ ਹੋ ਰਹੀ ਹਿੰਸਾ ਦੇ ਦ੍ਰਿਸ਼ ਸਾਹਮਣੇ ਆਏ ਹਨ ਪਰ ਕੁਝ ਵੀ ਇੰਨਾ ਚਿੰਤਾਜਨਕ ਨਹੀਂ ਸੀ, ਜਿਹੋ-ਜਿਹਾ ਕਿ ਸ਼ਨੀਵਾਰ ਨੂੰ ਦੇਖਿਆ ਗਿਆ। ਜਿਥੇ ਪ੍ਰਧਾਨ ਮੰਤਰੀ ਦਾ ਘਰ ਸਾੜ ਦਿੱਤਾ ਗਿਆ ਸੀ ਅਤੇ ਰਾਸ਼ਟਰਪਤੀ ਦੀ ਰਿਹਾਇਸ਼ ’ਚ ਲੋਕਾਂ ਨੇ ਡੇਰਾ ਜਮਾ ਲਿਆ। ਸਵਿਮਿੰਗ ਪੂਲ ’ਚ ਤੈਰਦੇ ਹੋਏ ਜਾਂ ਡਰਾਇੰਗਰੂਮ ’ਚ ਬੈਠੀ ਹੋਈ, ਬੋਰਡ ਗੇਮ ਖੇਡ ਰਹੀ ਅਤੇ ਰਾਸ਼ਟਰਪਤੀ ਦੇ ਬਿਸਤਰ ’ਤੇ ਲੇਟੀ ਹੋਈ ਭੀੜ, ਵਾਇਰਲ ਹੋ ਗਈ। ਸਵਾਲ ਉੱਠਦਾ ਹੈ ਕਿ ਇਹ ਸਭ ਕਿਵੇਂ ਹੋਇਆ? ਅਤੇ ਹੁਣ ਕੀ ਹੋਵੇਗਾ? ਦੇਸ਼ ’ਚ ਬਿਜਲੀ ਕਟੌਤੀ, ਵਸਤੂਆਂ, ਦਵਾਈਆਂ ਅਤੇ ਤੇਲ ਦੀ ਕਮੀ ਦੇ ਵਿਰੁੱਧ 3 ਮਹੀਨਿਆਂ ਤੋਂ ਜਾਰੀ ‘ਗੋਟਾ ਗੋ ਹੋਮ’ (ਗੋਟਬਾਯਾ ਵਾਪਸ ਜਾਓ) ਅੰਦੋਲਨ ਇਕ ਵਿਸ਼ਾਲ ਲੋਕ ਅੰਦੋਲਨ ’ਚ ਬਦਲ ਗਿਆ। ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ’ਚ 9 ਜੁਲਾਈ ਨੂੰ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਦਕਿ ਰਾਸ਼ਟਰਪਤੀ ਰਾਜਪਕਸ਼ੇ ਇਕ ਦਿਨ ਪਹਿਲਾਂ ਹੀ ਉਥੋਂ ਖਿਸਕ ਗਏ ਦੱਸੇ ਜਾਂਦੇ ਹਨ। ਉਹ ਇਸ ਸਮੇਂ ਕਿਥੇ ਹਨ, ਇਸ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਹੈ।
ਇਸ ਦੌਰਾਨ ਪੁਲਸ ਦੇ ਬਲ ਪ੍ਰਯੋਗ ਦੇ ਨਤੀਜੇ ਵਜੋਂ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ, ਜਿਨ੍ਹਾਂ ਨੇ ਸਿਰਫ 2 ਮਹੀਨੇ ਪਹਿਲਾਂ ਅਹੁਦਾ ਸੰਭਾਲਿਆ ਸੀ, ਨੇ ਵੀ ਇਕ ਸਰਵ ਪਾਰਟੀ ਅੰਤ੍ਰਿਮ ਸਰਕਾਰ ਨੂੰ ਸੱਤਾ ਸੰਭਾਲਣ ਦੀ ਇਜਾਜ਼ਤ ਦੇਣ ਦੇ ਲਈ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਤੇਲ ਦੀ ਭਾਰੀ ਕਮੀ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ’ਚ ਵਿਖਾਵਾਕਾਰੀ ਦੇਸ਼ ਦੇ ਕੋਨੇ-ਕੋਨੇ ਤੋਂ ਬੱਸਾਂ, ਰੇਲਗੱਡੀਆਂ, ਟਰੱਕਾਂ ਅਤੇ ਸਾਈਕਲਾਂ ’ਤੇ ਸਵਾਰ ਹੋ ਕੇ ਕੋਲੰਬੋ ਪਹੁੰਚੇ। ਸਰਕਾਰ ਵਿਰੋਧੀ ਰੋਸ ਵਿਖਾਵਿਆਂ ’ਚ ਧਾਰਮਿਕ ਨੇਤਾਵਾਂ ਦੇ ਇਲਾਵਾ ਸਿਆਸੀ ਪਾਰਟੀਆਂ, ਅਧਿਆਪਕ, ਪ੍ਰਮੁੱਖ ਖਿਡਾਰੀ, ਕਿਸਾਨ, ਡਾਕਟਰ, ਮਛੇਰੇ ਅਤੇ ਸਮਾਜਿਕ ਵਰਕਰ ਆਦਿ ਸਾਰੇ ਸ਼ਾਮਲ ਹੋ ਗਏ। ਇਹੀ ਨਹੀਂ ਨਵੰਬਰ 2019 ’ਚ ਹੋਈਆਂ ਚੋਣਾਂ ’ਚ ਰਾਸ਼ਟਰਪਤੀ ਰਾਜਪਕਸ਼ੇ ਨੂੰ ਭਾਰੀ ਸਮਰਥਨ ਦੇਣ ਵਾਲੇ ਬੋਧੀ ਭਾਈਚਾਰੇ ਦੇ ਲੋਕਾਂ ਅਤੇ ਬੋਧੀ ਭਿਕਸ਼ੂਆਂ ਨੇ ਵੀ ਰਾਸ਼ਟਰਪਤੀ ਗੋਟਬਾਯਾ ਦੇ ਅਸਤੀਫੇ ’ਤੇ ਜ਼ੋਰ ਦੇਣ ਲਈ ਨਵੇਂ ਸਿਰੇ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਹੈ।
ਇਸ ਰੋਸ ਪ੍ਰਦਰਸ਼ਨ ਨੂੰ ਸੁਪਰੀਮ ਕੋਰਟ, ਫੌਜ ਅਤੇ ਪੁਲਸ ਦਾ ਵੀ ਸਾਥ ਮਿਲਿਆ ਹੈ। 10 ਦਿਨ ਪਹਿਲਾਂ ਇਸ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਸਰਕਾਰ ਵਿਰੋਧੀ ਰੋਸ ਵਿਖਾਵਿਆਂ ਨੂੰ ਰੋਕਣ ਲਈ 8 ਜੁਲਾਈ ਨੂੰ ਰਾਜਧਾਨੀ ਕੋਲੰਬੋ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ’ਚ ਕਰਫਿਊ ਲਗਾ ਦਿੱਤਾ ਗਿਆ ਪਰ ਸ਼੍ਰੀਲੰਕਾ ’ਚ ਵਕੀਲਾਂ, ਮਨੁੱਖੀ ਅਧਿਕਾਰ ਸਮੂਹਾਂ ਅਤੇ ਸਿਆਸੀ ਪਾਰਟੀਆਂ ਦੇ ਲਗਾਤਾਰ ਵਧਦੇ ਦਬਾਅ ਦੇ ਕਾਰਨ ਪ੍ਰਸ਼ਾਸਨ ਨੂੰ ਕਰਫਿਊ ਹਟਾਉਣਾ ਪਿਆ। ਇਸ ਰੋਸ ਵਿਖਾਵੇ ਨੂੰ ਰੋਕਣ ਲਈ 7 ਜੁਲਾਈ ਨੂੰ ਪੁਲਸ ਨੇ ਸੁਪਰੀਮ ਕੋਰਟ ’ਚ ਅਰਜ਼ੀ ਦੇ ਕੇ ਨਿਆਪਾਲਿਕਾ ਨੂੰ ਦਖਲ ਦੇਣ ਅਤੇ ਇਸ ਰੋਸ ਵਿਖਾਵੇ ’ਤੇ ਰੋਕ ਲਾਉਣ ਦੀ ਬੇਨਤੀ ਕੀਤੀ ਸੀ ਪਰ ਅਦਾਲਤ ਵੱਲੋਂ ਇਸ ਨੂੰ ਨਾਮਨਜ਼ੂਰ ਕਰ ਦੇਣ ਨਾਲ ਵਿਰੋਧ ਵਿਖਾਵੇ ਦਾ ਰਸਤਾ ਖੁੱਲ੍ਹ ਗਿਆ। ਦੇਰ ਰਾਤ ਇਕ ਸੰਦੇਸ਼ ਰਾਹੀਂ ਸੰਸਦੀ ਸਪੀਕਰ ਮਹਿੰਦਾ ਯਾਪਾ ਨੇ ਕਿਹਾ ਕਿ ਚਾਰੇ ਪਾਸਿਓਂ ਘਿਰ ਚੁੱਕੇ ਰਾਸ਼ਟਰਪਤੀ 13 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਅਤੇ ਸ਼ਾਂਤਮਈ ਢੰਗ ਨਾਲ ਸੱਤਾ ਦੇ ਤਬਾਦਲੇ ਨੂੰ ਯਕੀਨੀ ਬਣਾਉਣਗੇ।
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੇ ਬਾਅਦ, ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭਯਵਰਧਨੇ ਦੇ ਸ਼੍ਰੀਲੰਕਾ ਦੇ ਸੰਵਿਧਾਨ ਅਨੁਸਾਰ ਕਾਰਜਵਾਹਕ ਰਾਸ਼ਟਰਪਤੀ ਦੇ ਰੂਪ ’ਚ ਕਾਰਜਭਾਰ ਸੰਭਾਲਣ ਦੀ ਆਸ ਹੈ। ਸ਼੍ਰੀਲੰਕਾ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਸ਼ਵਿੰਦ੍ਰਾ ਸਿਲਵਾ ਨੇ ਕਿਹਾ ਹੈ ਕਿ ਮੌਜੂਦਾ ਸਿਆਸੀ ਸੰਕਟ ਨਾਲ ਨਜਿੱਠਣ ਲਈ ਇਕ ਸ਼ਾਂਤਮਈ ਮੌਕਾ ਹੈ। ਓਧਰ ਵਿਰੋਧੀ ਨੇਤਾਵਾਂ ਦਾ ਦਾਅਵਾ ਹੈ ਕਿ ਅੰਤ੍ਰਿਮ ਸਰਕਾਰ ਬਣਾਉਣ ਲਈ ਉਨ੍ਹਾਂ ਦੇ ਕੋਲ ਸੰਸਦੀ ਬਹੁਮਤ ਹੈ। ਭਾਰਤ ਅਤੇ ਜਾਪਾਨ ਵਰਗੇ ਦੇਸ਼ਾਂ ਨੇ ਸ਼੍ਰੀਲੰਕਾ ਦੀ ਤਤਕਾਲਿਕ ਮਦਦ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਸ਼੍ਰੀਲੰਕਾ ਦੇ ਨਾਲ ਹੈ ਅਤੇ ਦੇਸ਼ ’ਚ ਕੋਈ ਸ਼ਰਨਾਰਥੀ ਸੰਕਟ ਨਹੀਂ ਹੈ। ਓਧਰ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਹੈ ਕਿ ਸ਼੍ਰੀਲੰਕਾ ਦੇ ਆਰਥਿਕ ਸੰਕਟ ’ਤੇ ਉਸ ਨੇ ਆਪਣੀਆਂ ਡੂੰਘੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ।
ਸਵਾਲ ਇਹ ਉੱਠਦਾ ਹੈ ਕਿ ਆਖਿਰ ਸ਼੍ਰੀਲੰਕਾ ’ਚ ਅਜਿਹੀ ਸਥਿਤੀ ਕਿਉਂ ਉਪਜੀ। ਇਸ ਸਾਰੇ ਸੰਕਟ ਦੇ ਪਿੱਛੇ ਰਾਜਪਕਸ਼ੇ ਪਰਿਵਾਰ ਦੀ ਭਾਈ-ਭਤੀਜਾਵਾਦ ਦੀ ਨੀਤੀ ਵੀ ਜ਼ਿੰਮੇਵਾਰ ਹੈ। ਪਿਛਲੇ ਦੋ ਦਹਾਕਿਆਂ ’ਚ ਸ਼੍ਰੀਲੰਕਾ ਦੀ ਸਿਆਸਤ ’ਚ ਰਾਜਪਕਸ਼ੇ ਪਰਿਵਾਰ ਦਾ ਦਬਦਬਾ ਰਿਹਾ ਹੈ ਅਤੇ ਹਾਲ ਦੇ ਸਾਲਾਂ ’ਚ, ਇਸ ਨੇ ਇਕ ਪਰਿਵਾਰਕ ਕਾਰੋਬਾਰ ਦੇ ਰੂਪ ’ਚ ਟਾਪੂ ਰਾਸ਼ਟਰ ਦੀ ਸਰਕਾਰ ਨੂੰ ਤੇਜ਼ੀ ਨਾਲ ਚਲਾਇਆ ਹੈ। ਰਾਜਪਕਸ਼ੇ ਸਰਕਾਰ ਨੇ ਚੀਨ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਭਾਰਤ ਵਿਰੋਧੀ ਸਟੈਂਡ ਲਿਆ। ਲੋਕਾਂ ਦੇ ਸਾਹਮਣੇ ਚੀਨ ਦਾ ਵੀ ਅਸਲੀ ਚਿਹਰਾ ਸਾਹਮਣੇ ਆਇਆ ਹੈ ਜੋ ਸ਼੍ਰੀਲੰਕਾ ਨੂੰ ਕਰਜ਼ੇ ਦੇ ਭਾਰ ਹੇਠ ਦਬਾਉਣਾ ਚਾਹੁੰਦਾ ਸੀ। ਇਸ ਦੇ ਇਲਾਵਾ ਸਰਕਾਰ ਨੇ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਆਰਗੈਨਿਕ ਖੇਤੀ ਦੇ ਚੱਕਰ ’ਚ ਪੂਰੀ ਖੇਤੀ ਵਿਵਸਥਾ ਹੀ ਪ੍ਰਭਾਵਿਤ ਹੋਈ। ਕੋਵਿਡ ਮਹਾਮਾਰੀ ਨਾਲ ਨਜਿੱਠਣ ’ਚ ਵੀ ਰਾਜਪਕਸ਼ੇ ਸਰਕਾਰ ਪੂਰੀ ਤਰ੍ਹਾਂ ਅਸਫਲ ਹੋਈ। ਅਜਿਹੇ ’ਚ ਚਿੰਤਾ ਦੀ ਗੱਲ ਇਹ ਹੈ ਕਿ ਇੰਨੇ ਭਾਰੀ ਸੰਕਟ ਦੇ ਦੌਰਾਨ ਆਖਿਰ ਰਾਸ਼ਟਰਪਤੀ ਨੇ ਤਤਕਾਲ ਪ੍ਰਭਾਵ ਤੋਂ ਸੱਤਾ ਛੱਡਣ ਦਾ ਫੈਸਲਾ ਕਿਉਂ ਨਹੀਂ ਿਲਆ। ਉਨ੍ਹਾਂ ਨੇ 13 ਤਰੀਕ ਤੱਕ ਦੀ ਉਡੀਕ ਕਿਉਂ ਕੀਤੀ ਅਤੇ ਅਜੇ ਵੀ ਆਪਣਾ ਅਹੁਦਾ ਛੱਡਣ ਲਈ ਤਿਆਰ ਨਹੀਂ ਹਨ। ਕੁਲ ਮਿਲਾ ਕੇ ਅੱਜ ਸ਼੍ਰੀਲੰਕਾ ਸਰਕਾਰ ਪਲ-ਪਲ ਬਦਲ ਰਹੇ ਹਾਲਾਤ ਦੇ ਦਰਮਿਆਨ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ’ਚੋਂ ਲੰਘ ਰਹੀ ਹੈ ਅਤੇ ਅਗਲੇ ਹੀ ਪਲ ਉਥੇ ਕੀ ਹੋ ਜਾਵੇਗਾ ਕਹਿਣਾ ਮੁਸ਼ਕਲ ਹੈ।