ਦੇਸ਼ ’ਚ ਜਾਅਲਸਾਜ਼ਾਂ ਦਾ ਫੈਲਦਾ ਜਾਲ, ਬੋਗਸ ਜੱਜ ਤੇ ਸੀ. ਬੀ. ਆਈ. ਅਧਿਕਾਰੀ ਆਦਿ

12/15/2022 3:47:10 AM

ਹੁਣ ਤੱਕ ਤਾਂ ਦੇਸ਼  ਵਿਚ ਨਕਲੀ ਖੁਰਾਕੀ ਪਦਾਰਥਾਂ, ਦਵਾਈਆਂ, ਨਕਲੀ ਖਾਦਾਂ ਅਤੇ ਕੀਟਨਾਸ਼ਕਾਂ, ਨਕਲੀ ਕਰੰਸੀ ਆਦਿ ਦੀ ਗੱਲ ਹੀ ਸੁਣੀ ਜਾਂਦੀ ਸੀ ਪਰ ਹੁਣ ਨਕਲੀ ਦੀ ਇਹ ਬੀਮਾਰੀ ਨਕਲੀ ਜੱਜਾਂ ਅਤੇ ਅਧਿਕਾਰੀਆਂ ਤੱਕ ਪਹੁੰਚਦੀ ਜਾ ਰਹੀ ਹੈ। ਪਿਛਲੇ ਦਿਨੀਂ ਹੀ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ  ਤੋਂ ਸਪੱਸ਼ਟ ਹੁੰਦਾ ਹੈ ਕਿ ਜਾਅਲਸਾਜ਼ੀ ਦਾ ਧੰਦਾ ਕਿਸ ਕਦਰ ਤੇਜ਼ ਹੋ ਰਿਹਾ ਹੈ।

* 12 ਦਸੰਬਰ ਨੂੰ ਅੰਮ੍ਰਿਤਸਰ ਵਿਚ ਕਮਿਸ਼ਨਰੇਟ ਪੁਲਸ ਨੇ ਦਿੱਲੀ ਹਾਈ ਕੋਰਟ ਦਾ ਜੱਜ ਹੋਣ ਦਾ ਦਾਅਵਾ ਕਰਨ ਵਾਲੇ ਮਿਸ਼ੂ ਧੀਰ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜੋ ਪੁਲਸ ’ਤੇ ਉਸਦੇ ਘਰ ਵਿਚ ਸੁਰੱਖਿਆ ਅਧਿਕਾਰੀਆਂ ਦੀ ਤਾਇਨਾਤੀ ਦਾ ਦਬਾਅ ਬਣਾ ਰਿਹਾ ਸੀ। 
ਏ. ਸੀ. ਪੀ. (ਨਾਰਥ) ਵਰਿੰਦਰ ਸਿੰਘ ਖੋਸਾ ਨੇ ਸ਼ੱਕ ਹੋਣ ’ਤੇ ਮਿਸ਼ੂ ਧੀਰ ਕੋਲੋਂ ਉਸਦੇ ਸਰਟੀਫਿਕੇਟ ਮੰਗੇ, ਜੋ ਜਾਂਚ ਦੇ ਦੌਰਾਨ ਜਾਅਲੀ ਪਾਏ ਜਾਣ ’ਤੇ ਉਸਦੇ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਿਸ਼ੂ ਧੀਰ ਨੇ ਆਪਣੀ ਗੱਡੀ ’ਤੇ ਜੁਡੀਸ਼ੀਅਲ ਮੈਜਿਸਟਰੇਟ ਦੀ ਪਲੇਟ ਵੀ ਲਗਾ ਰੱਖੀ ਸੀ। 
ਜਾਂਚ ਦੇ ਦੌਰਾਨ ਪਤਾ ਲੱਗਾ ਹੈ ਕਿ ਉਕਤ ਮਿਸ਼ੂ ਧੀਰ  ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਆਪਣੇ ਜੱਜ ਹੋਣ ਦਾ ਰੌਅਬ ਦਿਖਾ ਕੇ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਫਾਇਦੇ ਲੈਂਦਾ ਸੀ। ਪੁਲਸ ਦੇ ਅਨੁਸਾਰ ਦੋਸ਼ੀ ਕਈ ਸੀਨੀਅਰ ਪੁਲਸ ਅਧਿਕਾਰੀਆਂ  ਨੂੰ ਫੋਨ ਕਰ ਕੇ ਕਈ ਵਾਰ ਸੁਰੱਖਿਆ ਲੈ ਚੁੱਕਾ ਸੀ।
* 13 ਦਸੰਬਰ ਨੂੰ ਸਵੇਰੇ ਲਗਭਗ 8 ਵਜੇ ਪੱਛਮੀ ਬੰਗਾਲ ਦੇ ਭਵਾਨੀਪੁਰ ਵਿਚ 3 ਵਾਹਨਾਂ ਵਿਚ ਸਵਾਰ ਹੋ ਕੇ ਆਏ 7-8 ਲੁਟੇਰੇ ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸਦੇ ਹੋਏ ਜ਼ਬਰਦਸਤੀ ਸੁਰੇਸ਼ ਵਧਵਾ ਨਾਂ ਦੇ ਇਕ ਕਾਰੋਬਾਰੀ ਦੇ ਘਰ ਵਿਚ ਵੜ ਗਏ। ਉਹ ‘ਛਾਪਾ’ ਮਾਰਨ ਦਾ ਦਿਖਾਵਾ ਕਰਦੇ ਹੋਏ ਉਸ ਕੋਲੋਂ ਪੁੱਛਣ ਲੱਗੇ ਕਿ ‘‘ਦੱਸੋ ਪੈਸਾ ਕਿਥੇ ਲੁਕਾਇਆ ਹੈ? ਲਾਕਰ ਅਤੇ ਉਸਦੀ ਚਾਬੀ ਕਿਥੇ ਹੈ?’’
ਉਨ੍ਹਾਂ ਨੇ ਆਪਣੇ ਵਾਹਨਾਂ ’ਤੇ ਪੁਲਸ ਦਾ ਸਟਿੱਕਰ ਵੀ ਲਗਾ ਰੱਖਿਆ ਸੀ ਅਤੇ ‘ਨਕਲੀ ਛਾਪੇਮਾਰੀ’ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 30 ਲੱਖ ਰੁਪਏ ਨਕਦ ਅਤੇ ਗਹਿਣੇ ਆਦਿ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਸਨੂੰ ਸੀ. ਬੀ. ਆਈ. ਦਫਤਰ ਤੋਂ ਇਨ੍ਹਾਂ ਦੀ ਜ਼ਬਤੀ ਦੀ ਸੂਚੀ ਭੇਜ ਦਿੱਤੀ ਜਾਵੇਗੀ।
ਜਾਂਦੇ-ਜਾਂਦੇ ਉਨ੍ਹਾਂ ਨੇ ਸੁਰੇਸ਼ ਵਧਵਾ ਨੂੰ ਇਹ ਵੀ ਕਿਹਾ ਕਿ ਉਸਨੂੰ ਪੁੱਛਗਿੱਛ ਦੇ ਲਈ ਸੀ. ਬੀ. ਆਈ. ਦੇ ਦਫਤਰ ਵਿਚ ਸੱਦਿਆ ਜਾਵੇਗਾ ਪਰ ਇਹ  ਸਾਰੀਆਂ ਗੱਲਾਂ ਗਲਤ ਨਿਕਲੀਆਂ ਅਤੇ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਹ ਸੀ. ਬੀ. ਆਈ. ਅਧਿਕਾਰੀਆਂ ਦੇ ਭੇਸ ਵਿਚ ਲੁਟੇਰੇ ਹੀ ਸਨ। 
* 13 ਦਸੰਬਰ ਨੂੰ ਹੀ ਦਿੱਲੀ ਪੁਲਸ ਨੇ ਖੁਦ ਨੂੰ ਵਿੱਤ ਮੰਤਰਾਲਾ ਦਾ ਅਧਿਕਾਰੀ ਦੱਸ ਕੇ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਫਰਜ਼ੀ ਦਸਤਖਤ ਕਰ ਕੇ ਜਾਅਲਸਾਜ਼ੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ  ਗ੍ਰਿਫ਼ਤਾਰ ਕੀਤਾ। 
ਇਸ ਗਿਰੋਹ ਦੇ ਮੈਂਬਰਾਂ ’ਤੇ ਬੀਮਾ ਪਾਲਿਸੀ ਦੇ ਨਾਂ ’ਤੇ 3000 ਤੋਂ ਵੱਧ ਲੋਕਾਂ ਨੂੰ ਠੱਗਣ ਦਾ ਦੋਸ਼ ਹੈ। ਇਨ੍ਹਾਂ ਨੇ ਬੀਮਾ ਪਾਲਿਸੀ ਧਾਰਕਾਂ ਨੂੰ ਈ-ਮੇਲ ਭੇਜਣ ਦੇ ਲਈ ਇਕ ਫਰਜ਼ੀ ਈਮੇਲ ਆਈ. ਡੀ. ਵੀ ਬਣਾ ਰੱਖੀ ਸੀ।
ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿਚ ਰਾਜਸਥਾਨ ਦੇ ਅਜਮੇਰ ਜ਼ਿਲੇ ਵਿਚ ਖੁਦ ਨੂੰ ਆਈ. ਏ. ਐੱਸ. ਅਧਿਕਾਰੀ ਦੱਸ ਕੇ ਹਾਈ-ਪ੍ਰੋਫਾਈਲ ਮੁਟਿਆਰਾਂ ਦਾ ਸੈਕਸ  ਸ਼ੋਸ਼ਣ ਕਰਨ ਅਤੇ ਲੋਕਾਂ ਨੂੰ ਠੱਗਣ ਵਾਲੇ ਨਵੀਨ ਗੁਪਤਾ ਨਾਂ ਦੇ ਇਕ ਨੌਜਵਾਨ ਦਾ ਮਾਮਲਾ ਸਾਹਮਣੇ ਆਇਆ ਸੀ।
ਪੁਲਸ ਦੇ ਅਨੁਸਾਰ ਇਸ ਵਿਅਕਤੀ ਨੇ ਦਿੱਲੀ ਤੋਂ ਲੈ ਕੇ ਲਖਨਊ ਅਤੇ ਭੋਪਾਲ ਤੱਕ ਦੀਆਂ ਮੁਟਿਆਰਾਂ ਦੇ ਨਾਲ ਧੋਖਾਦੇਹੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਆਪਣਾ ਜਾਲ ਫੈਲਾਉਂਦਾ ਸੀ।  ਉਸਦੇ ਵਿਰੁੱਧ ਖੁਦ ਨੂੰ ਇਕ ਕੇਂਦਰੀ ਸਕੱਤਰ ਦਾ ਆਈ. ਏ. ਐੱਸ. ਅਧਿਕਾਰੀ ਦੱਸ ਕੇ ਦਿੱਲੀ ਦੀ ਇਕ ਐੱਨ. ਜੀ. ਓ. ਦੀ ਡਾਇਰੈਕਟਰ ਦੇ ਨਾਲ ਜਬਰ-ਜ਼ਨਾਹ ਕਰਨ ਦੇ ਇਲਾਵਾ ਭੋਪਾਲ ਵਿਚ 3 ਲੜਕੀਆਂ ਨਾਲ ਠੱਗੀ ਮਾਰਨ, ਜੈਪੁਰ ਦੇ ਸਿੰਧੀ ਕੈਂਪ ਥਾਣੇ ਵਿਚ ਇਕ ਲੜਕੇ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪਣ ਆਦਿ ਦੇ ਦੋਸ਼ਾਂ ਵਿਚ ਵੀ ਮਾਮਲੇ ਦਰਜ ਹਨ। 
ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ਵਿਚ ਜਾਅਲਸਾਜ਼ੀ ਦੀ ਬੁਰਾਈ ਕਿੰਨੀ ਵਧ ਰਹੀ ਹੈ। ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਝੂਠ ਅਤੇ ਜਾਅਲਸਾਜ਼ੀ ਦਾ ਸਹਾਰਾ ਲੈ ਕੇ ਉਹ ਸਮਾਜ ਅਤੇ ਦੇਸ਼  ਦੇ ਨਾਲ ਧੋਖਾ ਨਾ ਕਰ ਸਕਣ।              

–ਵਿਜੇ ਕੁਮਾਰ


Mandeep Singh

Content Editor

Related News