ਨਵੇਂ ਸਾਲ ਦੀ ਸ਼ੁਰੂਆਤ ਹੋਈ ਦੁਖਦਾਈ ਘਟਨਾਵਾਂ ਨਾਲ

Tuesday, Jan 03, 2023 - 04:00 AM (IST)

ਹਰ ਬੀਤਣ ਵਾਲੇ ਸਾਲ ਨੂੰ ਅਲਵਿਦਾ ਕਹਿੰਦੇ ਹੋਏ ਸਭ ਲੋਕ ਇਹੀ ਕਾਮਨਾ ਕਰਦੇ ਹਨ ਕਿ ਆਉਣ ਵਾਲਾ ਨਵਾਂ ਸਾਲ ਪਿਛਲੇ ਸਾਲ ਨਾਲੋਂ ਬਿਹਤਰ ਹੋਵੇ ਪਰ ਵਿਧੀ ਦਾ ਵਿਧਾਨ ਅਟੱਲ ਹੈ ਅਤੇ ਹੁੰਦਾ ਉਹੀ ਹੈ ਜੋ ਵਿਧਾਤਾ ਨੇ ਲਿਖਿਆ ਹੁੰਦਾ ਹੈ।

ਨਵੇਂ ਸਾਲ ਦੇ ਪਹਿਲੇ ਹੀ ਦਿਨ ਪੰਜਾਬ ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਸੰਘਣੀ ਧੁੰਦ ਕਾਰਨ ਬਿਲਕੁਲ ਨਜ਼ਰ ਨਾ ਆਉਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਸ਼ਾਮ 6 ਵਜੇ ਤੋਂ ਪਹਿਲਾਂ ਹੀ ਚਾਰੇ ਪਾਸੇ ਧੁੰਦ ਦੀ ਚਾਦਰ ਵਿਛ ਗਈ ਅਤੇ ਬੇਸ਼ੁਮਾਰ ਸੜਕ ਹਾਦਸਿਆਂ ’ਚ ਵੱਡੀ ਲੋਕਾਂ ਦੀ ਜਾਨ ਚਲੀ ਜਾਣ ਤੋਂ ਇਲਾਵਾ ਕਈ ਦੁਖਦਾਈ ਘਟਨਾਵਾਂ ਨੇ ਨਵੇਂ ਸਾਲ 2023 ਦੇ ਸਵਾਗਤ ਦੇ ਉਲਾਸ ’ਤੇ ਪਾਣੀ ਫੇਰ ਦਿੱਤਾ।

* ਨਵੇਂ ਸਾਲ ਦੇ ਜਸ਼ਨਾਂ ਦਰਮਿਆਨ ਦਿੱਲੀ ’ਚ ਘਰ ਪਰਤ ਰਹੀ ਇਕ ਮੁਟਿਆਰ ਦੀ ਸਕੂਟੀ ਨੂੰ ਨੌਜਵਾਨਾਂ ਨੇ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਗੈਰ-ਮਨੁੱਖਤਾ ਦਾ ਸਬੂਤ ਦਿੰਦੇ ਹੋਏ ਉਸ ਨੂੰ 8 ਕਿਲੋਮੀਟਰ ਤੱਕ ਘਸੀਟਦੇ ਲੈ ਗਏ। ਇਸ ਦੇ ਸਿੱਟੇ ਵਜੋਂ ਮੁਟਿਆਰ ਦੀ ਦਰਦਨਾਕ ਮੌਤ ਹੋ ਗਈ ਅਤੇ ਉਸ ਦੇ ਸਰੀਰ ’ਤੇ ਕੱਪੜੇ ਦਾ ਇਕ ਟੁਕੜਾ ਵੀ ਨਹੀਂ ਬਚਿਆ। ਸੜਕ ਦੇ ਵਿਚਕਾਰ ਉਸ ਦੀ ਨਗਨ ਲਾਸ਼ ਮਿਲੀ।

* ਨਵੇਂ ਸਾਲ ਦੇ ਪਹਿਲੇ ਹੀ ਦਿਨ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੇ ਸਰਹੱਦੀ ਰਾਜੌਰੀ ਜ਼ਿਲੇ ’ਚ ਹਿੰਦੂਆਂ ਦੇ ਪਿੰਡ ‘ਡਾਂਗਰ’ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 4 ਹਿੰਦੂਆਂ ਦੀ ਹੱਤਿਆ ਅਤੇ ਘੱਟੋ-ਘੱਟ 9 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸੇ ਦਿਨ ਸ਼੍ਰੀਨਗਰ ਜ਼ਿਲੇ ਦੇ ਹਵਲ ਚੌਕ ’ਚ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਕੇ ਇਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ।

* ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿਖੇ ‘ਤੇਲਗੂ ਦੇਸ਼ਮ ਪਾਰਟੀ’ ਵਲੋਂ ਆਯੋਜਿਤ ਇਕ ਜਲਸੇ ਪਿਛੋਂ ਤੋਹਫੇ ਲੈਣ ਲਈ ਲੋਕਾਂ ’ਚ ਲੱਗੀ ਦੌੜ ਕਾਰਨ ਮਚੀ ਭਾਜੜ ’ਚ 3 ਔਰਤਾਂ ਦੀ ਮੌਤ ਅਤੇ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ।

* ਇਸੇ ਦਿਨ ਸਵੇਰੇ ਦਿੱਲੀ ’ਚ ਗ੍ਰੇਟਰ ਕੈਲਾਸ਼-2 ਸਥਿਤ ਇਕ ਬਿਰਧ ਆਸ਼ਰਮ ’ਚ ਅੱਗ ਲੱਗ ਜਾਣ ਕਾਰਨ 2 ਬਜ਼ੁਰਗ ਔਰਤਾਂ ਦੀ ਜਾਨ ਚਲੀ ਗਈ।

* ਸੀਕਰ ’ਚ 3 ਵਾਹਨਾਂ ਦੀ ਭਿਆਨਕ ਟੱਕਰ ’ਚ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਰਾਵਤਸਰ-ਸਰਦਾਰ ਸ਼ਹਿਰ ਦੇ ਮੈਗਾ ਹਾਈਵੇ ’ਤੇ ਸੜਕ ਹਾਦਸੇ ’ਚ ਆਪਣੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਨਿਕਲੇ ਹਨੂੰਮਾਨਗੜ੍ਹ ਜ਼ਿਲੇ ਦੇ ‘ਬਿਸਾਰਸਰ’ ਪਿੰਡ ਦੇ 5 ਨੌਜਵਾਨਾਂ ਦੀ ਮੌਤ ਹੋ ਗਈ।

* ਭੋਗਪੁਰ ’ਚ ਕਾਲਾ ਬੱਕਰਾ ਨੇੜੇ ਦਰਦਨਾਕ ਸੜਕ ਹਾਦਸੇ ’ਚ ਇਕ ਵਿਦਿਆਰਥਣ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸੇ ਦਿਨ ਅੰਮ੍ਰਿਤਸਰ ’ਚ ਕਾਰ ਅਤੇ ਆਟੋ ਦੀ ਟੱਕਰ ’ਚ 3 ਨੌਜਵਾਨਾਂ ਦੀ ਜਾਨ ਚਲੀ ਗਈ।

* ਜਗਰਾਓਂ ਵਿਖੇ ਆਪਣੀ ਮਾਂ ਦੀ ਦਵਾਈ ਲੈ ਕੇ ਵਾਪਸ ਆ ਰਹੇ ਇਕ ਬਾਈਕ ਸਵਾਰ ਨੌਜਵਾਨ ਦੀ ਟਰਾਲੇ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਗਈ।

ਲੁਧਿਆਣਾ ’ਚ ਘਰੋਂ ਸਬਜ਼ੀ ਲੈਣ ਨਿਕਲਿਆ ਬਾਈਕ ਸਵਾਰ ਕਿਸੇ ਅਗਿਆਤ ਵਾਹਨ ਦੀ ਟੱਕਰ ਨਾਲ ਮਾਰਿਆ ਗਿਆ।

* ਹਰਿਆਣਾ ਦੇ ਰਾਈ ਵਿਖੇ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ।

* ਹਿਮਾਚਲ ’ਚ ਕੁੱਲੂ ਦੇ ‘ਬਸ਼ਿੰਗ’ ਪਿੰਡ ’ਚ ਇਕ ਤੇਜ਼ ਰਫਤਾਰ ਟਰੱਕ ਨੇ ਤਿੰਨ ਵਿਅਕਤੀਆਂ ਨੂੰ ਕੁਚਲ ਦਿੱਤਾ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਗਈ। ਇਕ ਹੋਰ ਘਟਨਾ ’ਚ ਸ਼ਿਮਲਾ ਵਿਖੇ ਇਕ ਤੇਜ਼ ਰਫਤਾਰ ਟਰੱਕ ਨੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਕੁਚਲ ਦਿੱਤਾ।

* ਆਗਰਾ ਦੇ ਸਿਕੰਦਰਾ ਵਿਖੇ ਦਿੱਲੀ-ਕਾਨਪੁਰ ਹਾਈਵੇ ’ਤੇ ਇਕ ਹਾਦਸੇ ’ਚ ਮਾਰੇ ਗਏ ਨੌਜਵਾਨ ਦੀ ਲਾਸ਼ ਉਪਰੋਂ ਸਾਰੀ ਰਾਤ ਵਾਹਨ ਲੰਘਦੇ ਰਹੇ।

* ਗ੍ਰੇਟਰ ਨੋਇਡਾ ਦੇ ਜਲਪੁਰਾ ਪਿੰਡ ’ਚ ਕਰਜ਼ੇ ਅਤੇ ਆਪਣੀ ਪਤਨੀ ਨਾਲ ਵਿਵਾਦ ਤੋਂ ਤੰਗ ਨੌਜਵਾਨ ਨੇ ਆਪਣੇ ਉੱਪਰ ਪੈਟਰੋਲ ਛਿੜਕ ਕੇ ਆਤਮਦਾਹ ਕਰ ਲਿਆ।

* ਮਹਾਰਾਸ਼ਟਰ ’ਚ ਸੋਲਾਪੁਰ ਜ਼ਿਲੇ ’ਚ ਨਵੇਂ ਸਾਲ ਦੀ ਸ਼ਾਮ ਨੂੰ ‘ਬਾਸ਼ੀ’ ਤਾਲੁਕਾ ਦੇ ‘ਸ਼ਿਰਾਲਾ’ ਸਥਿਤ ਇਕ ਪਟਾਕਾ ਫੈਕਟਰੀ ’ਚ ਧਮਾਕੇ ਪਿਛੋਂ ਅੱਗ ਲੱਗ ਜਾਣ ਦੇ ਸਿੱਟੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।

* ਮਹਾਰਾਸ਼ਟਰ ਦੇ ਹੀ ਨਾਸਿਕ ਜ਼ਿਲੇ ਦੇ ‘ਇਗਤਪੁਰੀ’ ਵਿਖੇ ਇਕ ਰਸਾਇਣ ਕੰਪਨੀ ਦੇ ਬੁਆਇਲਰ ’ਚ ਅੱਗ ਲੱਗਣ ਪਿਛੋਂ ਹੋਏ ਧਮਾਕੇ ’ਚ 2 ਵਿਅਕਤੀਆਂ ਦੀ ਜਾਨ ਚਲੀ ਗਈ।

* ਇਸੇ ਦਿਨ ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲੇ ਦੇ ਕੁਰਾਵੀ ਪਿੰਡ ’ਚ ਇਕ ਟਰੱਕ ’ਚ ਲਿਜਾਏ ਜਾ ਰਹੇ ਗ੍ਰੇਨਾਈਟ ਪੱਥਰ ਇਕ ਆਟੋ ’ਤੇ ਡਿੱਗ ਜਾਣ ਨਾਲ ਉਸ ਦੇ ਹੇਠਾਂ ਦੱਬ ਕੇ ਆਟੋ ’ਚ ਸਵਾਰ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ।

* ਦਿੱਲੀ ਦੇ ਗਾਜੀਪੁਰ ਇਲਾਕੇ ’ਚ ਨਵੇਂ ਸਾਲ ਦੀ ਰਾਤ ਨੂੰ ਨਵੇਂ ਸਾਲ ਦੀ ਪਾਰਟੀ ਕਰਨ ਦੇ ਬਹਾਨੇ ਇਕ ਨੌਜਵਾਨ ਦੀ ਪੱਥਰਾਂ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ।

* ਗੋਰਖਪੁਰ ’ਚ ਨਵੇਂ ਸਾਲ ’ਤੇ ਡੀ.ਜੇ. ’ਤੇ ਨੱਚਣ ਨੂੰ ਲੈ ਕੇ ਜਸ਼ਨ ਦੌਰਾਨ ਹੋਏ ਬਵਾਲ ਦੇ ਸਿੱਟੇ ਵਜੋਂ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।

* ਵਾਰਾਣਸੀ ਦੀ ਰੇਲਵੇ ਕਾਲੋਨੀ ’ਚ ਕਮਰੇ ’ਚ ਅੰਗੀਠੀ ਬਾਲਣ ਕਾਰਨ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।

ਨਵੇਂ ਸਾਲ ’ਤੇ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਇਨਸਾਨੀ ਲਾਪਰਵਾਹੀ ਦਾ ਨਤੀਜਾ ਹਨ ਤਾਂ ਕੁਝ ਘਟਨਾਵਾਂ ਅਜਿਹੀਆਂ ਹਨ ਜੋ ਇਨਸਾਨ ਦੇ ਵੱਸ ਤੋਂ ਬਾਹਰ ਹਨ। ਅਜਿਹੀ ਹਾਲਤ ’ਚ ਅਸੀਂ ਇਹੀ ਕਾਮਨਾ ਕਰ ਸਕਦੇ ਹਾਂ ਕਿ ਜਿਥੇ ਲੋਕ ਆਪਣੀ ਭੁੱਲ ਕਾਰਨ ਹੋਣ ਵਾਲੀਆਂ ਘਟਨਾਵਾਂ ਤੋਂ ਸਬਕ ਲੈਣਗੇ, ਉਥੇ ਇਨਸਾਨ ਦੇ ਵੱਸ ਤੋਂ ਬਾਹਰ ਦੀਆਂ ਘਟਨਾਵਾਂ ਸੰਬੰਧੀ ਪ੍ਰਮਾਤਮਾ ਨੂੰ ਰੱਖਿਆ ਦੀ ਪ੍ਰਾਰਥਨਾ ਹੀ ਕੀਤੀ ਜਾ ਸਕਦੀ ਹੈ।

–ਵਿਜੇ ਕੁਮਾਰ


Mandeep Singh

Content Editor

Related News