‘ਹੁਣ ਦੇਸ਼ ’ਚ ਵਧ ਰਹੀ ਆਵਾਰਾ ਕੁੱਤਿਆਂ ਦੀ ਦਹਿਸ਼ਤ’, ‘ਲੋਕਾਂ ਦਾ ਚੱਲਣਾ-ਫਿਰਨਾ ਹੋਇਆ ਔਖਾ’
Thursday, Feb 23, 2023 - 04:53 AM (IST)
ਦੇਸ਼ ’ਚ ਆਵਾਰਾ ਕੁੱਤਿਆਂ ਦੀ ਲਗਾਤਾਰ ਵਧ ਰਹੀ ਗਿਣਤੀ ’ਤੇ ਕਾਬੂ ਪਾਉਣ ਦੀ ਕੋਈ ਠੋਸ ਨੀਤੀ ਨਾ ਹੋਣ ਦੇ ਕਾਰਨ ਇਨ੍ਹਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਉਸੇ ਅਨੁਪਾਤ ’ਚ ਲੋਕਾਂ ’ਤੇ ਇਨ੍ਹਾਂ ਦੀ ਦਹਿਸ਼ਤ ਵੀ ਵਧਦੀ ਜਾ ਰਹੀ ਹੈ।
ਮੌਕਾ ਪਾਉਂਦਿਆਂ ਹੀ ਵੱਖ-ਵੱਖ ਥਾਵਾਂ ’ਤੇ ਇਕੱਲੇ ਜਾਂ ਸਮੂਹਾਂ ’ਚ ਬੈਠੇ ਆਵਾਰਾ ਕੁੱਤੇ ਬੱਚਿਆਂ, ਰਾਹਗੀਰਾਂ, ਸਾਈਕਲ ਅਤੇ ਮੋਟਰਸਾਈਕਲ ਸਵਾਰਾਂ ’ਤੇ ਟੁੱਟ ਪੈਂਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ ’ਚ ਕੁੱਤਿਆਂ ਦੇ ਵੱਢਣ ਦੇ ਕੇਸ ਵਧ ਜਾਂਦੇ ਹਨ ਇਸ ਲਈ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ।
* 8 ਫਰਵਰੀ ਨੂੰ ਸੂਰਤ (ਗੁਜਰਾਤ) ਦੇ ਨੇੜੇ ‘ਕਰੇਲੀ’ ਪਿੰਡ ’ਚ ਸਵੇਰ ਦੇ ਸਮੇਂ ਜੰਗਲ-ਪਾਣੀ ਦੇ ਲਈ ਆਪਣੀ ਝੌਂਪੜੀ ਤੋਂ ਬਾਹਰ ਨਿਕਲੇ 4 ਸਾਲਾ ਬੱਚੇ ’ਤੇ 4 ਆਵਾਰਾ ਕੁੱਤੇ ਝਪਟ ਪਏ ਅਤੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ।
* 10 ਫਰਵਰੀ ਨੂੰ ਭਗਤਾਭਾਈ (ਪੰਜਾਬ) ਦੇ ਨੇੜਲੇ ਪਿੰਡ ‘ਕੇਸਰ ਸਿੰਘ ਵਾਲਾ’ ’ਚ ਸਕੂਲ ਤੋਂ ਛੁੱਟੀ ਦੇ ਬਾਅਦ ਘਰ ਜਾ ਰਹੇ 6 ਸਾਲਾ ਬੱਚੇ ਨੂੰ ਰਸਤੇ ’ਚ ਬੈਠੇ 4 ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਬੁਰੀ ਤਰ੍ਹਾਂ ਲਹੂ-ਲੁਹਾਣ ਕਰ ਦਿੱਤਾ।
* 16 ਫਰਵਰੀ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਤਿਕੋਨਾ ਪਾਰਕ ਦੇ ਨੇੜੇ ਇਕ ਅਧਿਆਪਕਾ ’ਤੇ ਆਵਾਰਾ ਕੁੱਤਿਆਂ ਦੇ ਇਕ ਝੁੰਡ ਨੇ ਹਮਲਾ ਕਰ ਕੇ ਉਸ ਨੂੰ ਵੱਢ ਲਿਆ।
* 20 ਫਰਵਰੀ ਨੂੰ ਸਰਕਾਰੀ ਹਸਪਤਾਲ ‘ਅਜਨਾਲਾ’ (ਪੰਜਾਬ) ਦੇ ਨੇੜੇ ਇਕ ਸੜਕ ’ਤੇ ਇਕ ਬੱਚੇ ਦਾ ਭਰੂਣ ਮਿਲਿਆ, ਜਿਸ ਦੀ ਇਕ ਬਾਂਹ ਅਤੇ ਇਕ ਲੱਤ ਆਵਾਰਾ ਕੁੱਤੇ ਨੋਚ-ਨੋਚ ਕੇ ਖਾ ਚੁੱਕੇ ਸਨ।
* 20 ਫਰਵਰੀ ਨੂੰ ਹੀ ਨੋਇਡਾ (ਉੱਤਰ ਪ੍ਰਦੇਸ਼) ’ਚ ਆਵਾਰਾ ਕੁੱਤਿਆਂ ਨੇ 3 ਵਿਅਕਤੀਆਂ ਨੂੰ ਵੱਢ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇਕ ਰਿਪੋਰਟ ਦੇ ਅਨੁਸਾਰ ਸਥਾਨਕ ਜ਼ਿਲਾ ਹਸਪਤਾਲ ’ਚ ਕੁੱਤਿਆਂ ਦੇ ਵੱਢਣ ਦੇ ਸ਼ਿਕਾਰ 30 ਤੋਂ ਵੱਧ ਲੋਕ ਰੋਜ਼ ਪਹੁੰਚ ਰਹੇ ਹਨ।
* 20 ਫਰਵਰੀ ਨੂੰ ਹੀ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਕ ਭਿਆਨਕ ਘਟਨਾ ’ਚ ਹੈਦਰਾਬਾਦ (ਤੇਲੰਗਾਨਾ) ’ਚ ਹੱਥ ’ਚ ਕੋਈ ਖਾਣ ਦੀ ਚੀਜ਼ ਲੈ ਕੇ ਬਾਜ਼ਾਰ ’ਚ ਆਪਣੀ 6 ਸਾਲਾ ਭੈਣ ਦੇ ਨਾਲ ਜਾ ਰਹੇ 4 ਸਾਲ ਦੇ ਇਕ ਮਾਸੂਮ ਨੂੰ 3 ਆਵਾਰਾ ਕੁੱਤਿਆਂ ਨੇ ਘੇਰ ਲਿਆ ਅਤੇ ਨੋਚ-ਨੋਚ ਕੇ ਮਾਰ ਦਿੱਤਾ।
ਕੁੱਤਿਆਂ ਦੇ ਹਮਲੇ ਦੇ ਬਾਅਦ ਬੱਚਾ ਡਿੱਗ ਪਿਆ ਅਤੇ ਉਸ ਨੇ ਜਾਨ ਬਚਾਉਣ ਦੇ ਲਈ ਦੌੜਣ ਦੀ ਕੋਸ਼ਿਸ਼ ਵੀ ਕੀਤੀ ਪਰ ਕੁੱਤੇ ਵੱਖ-ਵੱਖ ਦਿਸ਼ਾਵਾਂ ਤੋਂ ਉਸ ’ਤੇ ਝਪਟ ਕੇ ਉਸ ਨੂੰ ਆਪਣੇ ਵੱਲ ਖਿੱਚ ਕੇ ਨੋਚਣ ਲੱਗੇ। ਬੱਚੇ ਦੇ ਨਾਲ ਜਾ ਰਹੀ ਉਸ ਦੀ 6 ਸਾਲਾ ਭੈਣ ਨੇ ਰੌਲ਼ਾ ਪਾਇਆ ਅਤੇ ਲੋਕ ਇਕੱਠੇ ਹੋ ਕੇ ਉਸ ਨੂੰ ਛੁਡਵਾ ਕੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
* ਇਸੇ ਦਿਨ ਭਵਾਨੀਗੜ੍ਹ (ਪੰਜਾਬ) ਦੇ ਪਿੰਡ ‘ਫੁੰਮਣਵਾਲ’ ’ਚ ਘਰ ਤੋਂ ਲਾਪਤਾ ਇਕ ਨੌਜਵਾਨ ਦੀ ਲਾਸ਼ ਪਿੰਡ ਦੇ ਨੇੜੇ ਸਥਿਤ ਹੱਡਾ-ਰੋੜੀ ’ਚ ਪਈ ਮਿਲੀ, ਜਿਸ ਦਾ ਅੱਧਾ ਹਿੱਸਾ ਕੁੱਤੇ ਨੋਚ-ਨੋਚ ਕੇ ਖਾ ਚੁੱਕੇ ਸਨ।
* 21 ਫਰਵਰੀ ਨੂੰ ਰਾਏਬਰੇਲੀ (ਉੱਤਰ ਪ੍ਰਦੇਸ਼) ਜ਼ਿਲੇ ਦੇ ਸਰਕਾਰੀ ਹਸਪਤਾਲ ’ਚ 130 ਲੋਕ ਐਂਟੀ ਰੈਬੀਜ਼ ਇੰਜੈਕਸ਼ਨ ਲਗਵਾਉਣ ਲਈ ਪੁੱਜੇ। ਅਧਿਕਾਰੀਆਂ ਦੇ ਅਨੁਸਾਰ ਜ਼ਿਲਿਆਂ ’ਚ ਕੁੱਤਿਆਂ ਅਤੇ ਬਾਂਦਰਾਂ ਦੇ ਵੱਢਣ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ।
* ਅਤੇ ਹੁਣ 22 ਫਰਵਰੀ ਨੂੰ ਸਿਰੋਹੀ (ਮੱਧ ਪ੍ਰਦੇਸ਼) ਦੇ ‘ਘਾਚੀਵਾੜਾ’ ’ਚ ਲਗਭਗ ਅੱਧੀ ਦਰਜਨ ਆਵਾਰਾ ਕੁੱਤਿਆਂ ਨੇ ਬਾਜ਼ਾਰ ਜਾ ਰਹੇ ਇਕ ਬਜ਼ੁਰਗ ਨੂੰ ਘੇਰ ਕੇ ਉਸ ’ਤੇ ਹਮਲਾ ਕਰ ਕੇ 3-4 ਥਾਵਾਂ ’ਤੇ ਵੱਢ ਦਿੱਤਾ।
ਇਹ ਤਾਂ ਪਿਛਲੇ 14 ਦਿਨਾਂ ਦੀਆਂ ਕੁਝ ਉਦਾਹਰਣਾਂ ਹਨ। ਇਨ੍ਹਾਂ ਦੇ ਇਲਾਵਾ ਕੁੱਤਿਆਂ ਦੇ ਵੱਢਣ ਦੀਆਂ ਹੋਰ ਵੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਦੇਸ਼ ’ਚ ਹੋਈਆਂ ਹੋਣਗੀਆਂ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੁੱਤਿਆਂ ਦੀ ਸਮੱਸਿਆ ’ਤੇ ਕਾਬੂ ਨਹੀਂ ਪਾ ਸਕਦੀ ਤਾਂ ਹੋਰਨਾਂ ਸਮੱਸਿਆਵਾਂ ’ਤੇ ਕਿਵੇਂ ਕਾਬੂ ਪਾ ਸਕਦੀ ਹੈ।
ਲਿਹਾਜ਼ਾ ਜਦੋਂ ਤੱਕ ਕੇਂਦਰ ਅਤੇ ਸੂਬਾ ਸਰਕਾਰਾਂ ਆਵਾਰਾ ਕੁੱਤਿਆਂ ਨੂੰ ਇਧਰ-ਓਧਰ ਘੁੰਮਣ ਤੋਂ ਰੋਕਣ ਦੇ ਲਈ ਉਨ੍ਹਾਂ ਨੂੰ ਫੜ ਕੇ ਡਾਗ ਹਾਊਸਾਂ ਵਿਚ ਬੰਦ ਕਰਨ ਅਤੇ ਉਨ੍ਹਾਂ ਦੀ ਵਧਦੀ ਗਿਣਤੀ ’ਤੇ ਰੋਕ ਲਗਾਉਣ ਦੇ ਅਸਰਦਾਇਕ ਕਦਮ ਨਹੀਂ ਚੁੱਕਣਗੀਆਂ, ਉਦੋਂ ਤੱਕ ਇਸ ਸਮੱਸਿਆ ਤੋਂ ਮੁਕਤੀ ਮਿਲ ਸਕਣੀ ਮੁਸ਼ਕਲ ਹੈ ਅਤੇ ਅਜਿਹੇ ’ਚ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਵਧਦੀਆਂ ਹੀ ਜਾਣਗੀਆਂ।
-ਵਿਜੇ ਕੁਮਾਰ