ਡਿਗਣਾ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦਾ ਇਸ ਹਮਾਮ ''ਚ ਹਨ ਸਾਰੇ ਨੰਗੇ

03/21/2020 12:30:04 AM

ਕਿਸੇ ਵੀ ਸਰਕਾਰ ਦੇ ਸਹੀ ਢੰਗ ਨਾਲ ਚੱਲਣ ਲਈ ਸੱਤਾਧਾਰੀ ਪਾਰਟੀ ਦੇ ਮੈਂਬਰਾਂ 'ਚ ਤਾਲਮੇਲ ਹੋਣਾ ਜ਼ਰੂਰੀ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਸਰਕਾਰ ਲਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ, ਜਿਸ ਦਾ ਨਤੀਜਾ ਕਈ ਵਾਰ ਸਰਕਾਰ ਡਿਗਣ ਦੇ ਰੂਪ 'ਚ ਨਿਕਲਦਾ ਹੈ।
ਕਾਂਗਰਸ ਸ਼ਾਸ਼ਿਤ ਮੱਧ ਪ੍ਰਦੇਸ਼ 'ਚ ਅਜਿਹਾ ਹੀ ਹੋਇਆ ਹੈ, ਜਿਥੇ ਮੁੱਖ ਮੰਤਰੀ ਕਮਲਨਾਥ ਅਤੇ ਜਯੋਤਿਰਾਦਿੱਤਿਆ ਸਿੰਧੀਆ 'ਚ ਜਾਰੀ ਵਿਵਾਦ ਦਾ ਸਿੱਟਾ 10 ਮਾਰਚ ਨੂੰ ਹੋਲੀ ਵਾਲੇ ਦਿਨ ਜਯੋਤਿਰਾਦਿੱਤਿਆ ਅਤੇ ਉਨ੍ਹਾਂ ਦੇ ਸਮਰਥਕ 22 ਵਿਧਾਇਕਾਂ ਦੇ ਕਾਂਗਰਸ 'ਚੋਂ ਅਸਤੀਫਾ ਅਤੇ 11 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋਣ ਅਤੇ ਰਾਜ ਸਭਾ ਦੀ ਟਿਕਟ ਮਿਲਣ ਦੇ ਰੂਪ 'ਚ ਸਾਹਮਣੇ ਆਇਆ, ਜਿਸ ਨਾਲ ਕਮਲਨਾਥ ਸਰਕਾਰ ਲਈ ਖਤਰਾ ਪੈਦਾ ਹੋ ਗਿਆ।
ਇਸ ਤੋਂ ਤੁਰੰਤ ਬਾਅਦ 14 ਮਾਰਚ ਨੂੰ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਕਰ ਕੇ ਤੁਰੰਤ ਵਿਧਾਨ ਸਭਾ ਸੈਸ਼ਨ ਸੱਦਣ ਅਤੇ ਫਲੋਰ ਟੈਸਟ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਕਮਲਨਾਥ ਸਰਕਾਰ ਘੱਟਗਿਣਤੀ 'ਚ ਆ ਗਈ ਹੈ।
16 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ 'ਤੇ ਜਿਥੇ ਰਾਜਪਾਲ ਦੇ ਸੰਖੇਪ ਭਾਸ਼ਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨਰਮਦਾ ਪ੍ਰਜਾਪਤੀ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਵਿਧਾਨ ਸਭਾ ਦੀ ਕਾਰਵਾਈ 26 ਮਾਰਚ ਤਕ ਮੁਲਤਵੀ ਕਰ ਦਿੱਤੀ ਤਾਂ ਭਾਜਪਾ ਨੇ ਇਸ ਦੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਦਾਅਵਿਆਂ ਅਤੇ ਜਵਾਬੀ ਦਾਅਵਿਆਂ ਦੇ ਦਰਮਿਆਨ ਆਖਿਰ 19 ਮਾਰਚ ਨੂੰ ਸੁਪਰੀਮ ਕੋਰਟ ਨੇ ਕਮਲਨਾਥ ਨੂੰ 20 ਮਾਰਚ ਨੂੰ ਸ਼ਾਮ 5 ਵਜੇ ਤਕ ਵਿਧਾਨ ਸਭਾ 'ਚ ਬਹੁਮਤ ਸਿੱਧ ਕਰਨ ਦਾ ਹੁਕਮ ਦੇ ਦਿੱਤਾ।
ਅਜੇ ਤਕ ਬਹੁਮਤ ਸਿੱਧ ਕਰਨ ਦਾ ਦਾਅਵਾ ਕਰਦੇ ਆ ਰਹੇ ਮੁੱਖ ਮੰਤਰੀ ਕਮਲਨਾਥ ਨੇ 20 ਮਾਰਚ ਨੂੰ ਇਕ ਨਾਟਕੀ ਘਟਨਾਚੱਕਰ 'ਚ ਫਲੋਰ ਟੈਸਟ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਰਾਜਪਾਲ ਲਾਲਜੀ ਟੰਡਨ ਨੂੰ ਸੌਂਪ ਦਿੱਤਾ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਵੀ ਕਰ ਲਿਆ।
ਅਸਤੀਫੇ ਤੋਂ ਬਾਅਦ ਕਮਲਨਾਥ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ''ਕਰੋੜਾਂ ਰੁਪਏ ਖਰਚ ਕਰ ਕੇ ਲਾਲਚ ਦੀ ਖੇਡ ਖੇਡੀ ਗਈ ਅਤੇ ਜਨਤਾ ਵਲੋਂ ਨਕਾਰੇ ਗਏ ਇਕ ਅਖੌਤੀ ਉੱਚੀਆਂ ਖਾਹਿਸ਼ਾਂ ਰੱਖਣ ਵਾਲੇ ਸੱਤਾ ਦੇ ਭੁੱਖੇ 'ਮਹਾਰਾਜ' ਅਤੇ ਉਨ੍ਹਾਂ ਵਲੋਂ ਉਤਸ਼ਾਹਿਤ 22 ਲੋਭੀਆਂ ਦੇ ਨਾਲ ਮਿਲ ਕੇ ਭਾਜਪਾ ਨੇ ਖੇਡ ਰਚ ਕੇ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਹੱਤਿਆ ਕੀਤੀ।''
ਜੋ ਵੀ ਹੋਵੇ, ਸਿਆਸੀ ਚੁੱਕ-ਥੱਲ ਦੀ ਇਸ ਖੇਡ 'ਚ ਸਾਰੀਆਂ ਧਿਰਾਂ ਦੋਸ਼ੀ ਹਨ। ਜਿਥੇ ਕਮਲਨਾਥ ਨੇ ਆਪਣੀ ਪਾਰਟੀ 'ਚ ਪੈਦਾ ਬੇਚੈਨੀ ਦੀ ਅਣਦੇਖੀ ਕੀਤੀ, ਉੱਥੇ ਹੀ ਜਯੋਤਿਰਾਦਿੱਤਿਆ ਨੇ ਆਪਣੀ ਅਣਦੇਖੀ ਦੀ ਓਟ ਲੈ ਕੇ ਸੱਤਾ ਦੀ ਖਾਤਿਰ ਭਾਜਪਾ ਦਾ ਪੱਲਾ ਫੜਿਆ ਅਤੇ ਕਾਂਗਰਸ ਦੇ 22 ਬਾਗੀ ਵਿਧਾਇਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ।
ਇਨ੍ਹਾਂ ਵਿਚ ਦਿੱਗਵਿਜੇ ਸਿੰਘ ਨਾਲ ਨਾਰਾਜ਼ 5 ਵਿਧਾਇਕ ਵੀ ਸ਼ਾਮਲ ਸਨ ਕਿਉਂਕਿ ਦਿੱਗਵਿਜੇ ਸਿੰਘ ਨੇ ਆਪਣੇ ਪੁੱਤਰ ਨੂੰ ਤਾਂ ਮੰਤਰੀ ਬਣਾ ਦਿੱਤਾ ਪਰ ਉਨ੍ਹਾਂ ਦੀ ਅਣਦੇਖੀ ਕਰ ਦਿੱਤੀ ਸੀ। ਉੱਧਰ ਭਾਜਪਾ ਨੇ ਸੂਬੇ 'ਚ ਦੁਬਾਰਾ ਆਪਣੀ ਸਰਕਾਰ ਬਣਾਉਣ ਲਈ ਇਸ ਨੂੰ ਉਤਸ਼ਾਹਿਤ ਕੀਤਾ, ਜਿਸ ਕਾਰਣ ਸਾਰਿਆਂ ਨੇ ਆਪਣਾ ਵੱਕਾਰ ਗੁਆਇਆ ਹੈ।
ਇਸ ਘਟਨਾਚੱਕਰ ਨਾਲ ਜਿਥੇ ਮੱਧ ਪ੍ਰਦੇਸ਼ ਦੀ ਸਿਆਸਤ 'ਚ ਨਵਾਂ ਮੋੜ ਆ ਗਿਆ ਹੈ, ਉੱਥੇ ਹੀ ਵਿਸ਼ੇਸ਼ ਤੌਰ 'ਤੇ ਇਹ ਕਾਂਗਰਸੀ ਆਗੂਆਂ ਲਈ ਇਕ ਸਬਕ ਅਤੇ ਸੰਦੇਸ਼ ਹੈ ਕਿ ਜੇਕਰ ਪਾਰਟੀ ਇਸੇ ਤਰ੍ਹਾਂ ਆਪਣੇ ਲੋਕਾਂ ਦੀ ਅਣਦੇਖੀ ਕਰਦੀ ਰਹੇਗੀ ਤਾਂ ਉਸ ਨੂੰ ਅਜਿਹੀਆਂ ਹੀ ਹੋਰ ਸੱਟਾਂ ਸਹਿਣ ਲਈ ਵੀ ਤਿਆਰ ਰਹਿਣਾ ਹੋਵੇਗਾ।

                                                                                                 —ਵਿਜੇ ਕੁਮਾਰ


KamalJeet Singh

Content Editor

Related News