‘ਨਾਜਾਇਜ਼ ਸ਼ਰਾਬ’ ਦੇ ਧੰਦੇ ’ਚ ‘ਸਿਆਸੀ ਪਾਰਟੀਆਂ ਨਾਲ ਜੁੜੇ ਲੋਕ’ ਵੀ ਸ਼ਾਮਲ

06/09/2021 2:50:41 AM

ਅੱਜ ਸਮੁੱਚੇ ਦੇਸ਼ ’ਚ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਅਤੇ ਉਸੇ ਅਨੁਪਾਤ ’ਚ ਜੁਰਮ ਵੀ ਵਧ ਰਹੇ ਹਨ। ਸ਼ਰਾਬ ਦੀ ਵਰਤੋਂ ਨਾਲ ਵੱਡੀ ਗਿਣਤੀ ’ਚ ਔਰਤਾਂ ਦੇ ਸੁਹਾਗ ਉਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ।

ਸ਼ਰਾਬ ਦੇ ਭੈੜੇ ਅਸਰਾਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਐਲਾਨ ਕੀਤਾ ਸੀ ਕਿ ‘‘ਜੇਕਰ ਭਾਰਤ ਦਾ ਸ਼ਾਸਨ ਅੱਧੇ ਘੰਟੇ ਦੇ ਲਈ ਵੀ ਮੇਰੇ ਹੱਥ ’ਚ ਆ ਜਾਵੇ ਤਾਂ ਮੈਂ ਸ਼ਰਾਬ ਦੀ ਸਾਰੀਆਂ ਡਿਸਟਿਲਰੀਆ ਅਤੇ ਦੁਕਾਨਾਂ ਨੂੰ ਬਿਨਾਂ ਮੁਆਫਜ਼ਾ ਦਿੱਤੇ ਹੀ ਬੰਦ ਕਰ ਦਿਆਂਗਾ।’’

ਇਹੀ ਨਹੀਂ, ਗਾਂਧੀ ਜੀ ਨੇ ਔਰਤਾਂ ਨੂੰ ਵੀ ਆਜ਼ਾਦੀ ਅੰਦੋਲਨ ਨਾਲ ਜੋੜਿਆ ਅਤੇ ਦੇਸ਼ ਦੇ ਕੋਨੇ-ਕੋਨੇ ’ਚ ਔਰਤਾਂ ਨੇ ਦੁੱਧ ਪੀਂਦੇ ਬੱਚਿਆਂ ਤੱਕ ਨੂੰ ਗੋਦ ’ਚ ਲੈ ਕੇ ਸ਼ਰਾਬਬੰਦੀ ਦੀ ਮੰਗ ਦੇ ਨਾਲ-ਨਾਲ ਵਿਦੇਸ਼ੀ ਕੱਪੜਿਆਂ ਦੀ ਹੋਲੀ ਸਾੜੀ ਅਤੇ ਕਈ ਔਰਤਾਂ ਨੇ 2-2-,3-3 ਸਾਲ ਦੀ ਕੈਦ ਵੀ ਕੱਟੀ ਸੀ।

ਪਰ ਅੱਜ ਮਹਾਤਮਾ ਗਾਂਧੀ ਦੇ ਨਾਮਲੇਵਾ ਸਿਆਸੀ ਪਾਰਟੀਆਂ ਦੇ ਨੇਤਾ ਵੱਡੇ ਪੱਧਰ ’ਤੇ ਸ਼ਰਾਬ ਦੇ ਧੰਦੇ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸ ਦੀਆਂ ਕੁਝ ਕੁ ਉਦਾਹਰਣਾਂ ਹੇਠਾਂ ਦਰਜ ਹਨ :

* 6 ਫਰਵਰੀ , 2020 ਨੂੰ ਦਿੱਲੀ ਦੀ ਅਪਰਾਧ ਸ਼ਾਖਾ ਵੱਲੋਂ 15 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਦੀ ਖੇਪ ਦੀ ਬਰਾਮਦਗੀ ’ਚ ‘ਆਮ ਆਦਮੀ ਪਾਰਟੀ’ ਦੀ ਦਿੱਲੀ ਸਰਕਾਰ ’ਚ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਭਰਾ ਹਰੀਸ਼ ਗਹਿਲੋਤ ਦਾ ਨਾਂ ਸਾਹਮਣੇ ਆਉਣ ’ਤੇ ਉਸ ਦੇ ਵਿਰੁੱਧ ਪੁਲਸ ’ਚ ਰਿਪੋਰਟ ਦਰਜ ਕਰਵਾਈ ਗਈ।

* 19 ਮਈ, 2020 ਨੂੰ ਪਟਿਆਲਾ ਜ਼ਿਲੇ ਦੇ ਪਾਬਰੀ ਪਿੰਡ ’ਚ ਅਕਾਲੀ ਨੇਤਾ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਟਿਊਬਵੈੱਲ ਦੇ ਸਟੋਰ ਤੋਂ 4000 ਲਿਟਰ ਕੱਚੀ ਸ਼ਰਾਬ ਜ਼ਬਤ ਕੀਤੀ ਗਈ।

* 24 ਮਾਰਚ, 2021 ਨੂੰ ਕੌਸ਼ਾਂਬੀ ਜ਼ਿਲੇ ਦੀ ਪੁਲਸ ਨੇ 363 ਬੋਤਲਾਂ ਮਿਲਾਵਟੀ ਸ਼ਰਾਬ ਅਤੇ 20 ਲਿਟਰ ਸਪਿਰਟ ਦੇ ਨਾਲ ਭਾਜਪਾ ਨੇਤਾ ਅਜੇ ਪਟੇਲ ਨੂੰ ਫੜਿਆ।

* 12 ਅਪ੍ਰੈਲ, 2021 ਨੂੰ ਜੌਨਪੁਰ ’ਚ ਭਾਜਪਾ ਨੇਤਾ ਅਤੇ ਸਾਬਕਾ ਕਮੇਟੀ ਮੈਂਬਰ ਮਨੀਸ਼ ਸੇਠੀ ਦਾ ਲੜਕਾ ਮਾਣਿਕ ਸੇਠੀ ਆਪਣੇ ਘਰ ’ਚ ਸ਼ਰਾਬ ਵੇਚਦਾ ਫੜਿਆ ਗਿਆ।

* 8 ਮਈ, 2021 ਨੂੰ ਮੱਧ ਪ੍ਰਦੇਸ਼ ’ਚ ਸਬਲਗੜ੍ਹ ’ਚ ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਦੇ ਬਾਵਜੂਦ ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਜ਼ਿਲਾ ਪ੍ਰਧਾਨ ਵਿਜੇ ਜਾਦੌਨ ਦੀ ਹਿੱਸੇਦਾਰੀ ’ਚ ਚਲਾਏ ਜਾ ਰਹੇ ਸ਼ਰਾਬ ਦੇ ਠੇਕੇ ’ਤੇ ਸ਼ਰਾਬ ਵੇਚਣ ਦੇ ਦੋਸ਼ ’ਚ ਵਿਜੇ ਜਾਦੌਨ ਸਮੇਤ 7 ਵਿਅਕਤੀਆਂ ’ਤੇ ਆਬਕਾਰੀ ਕਾਨੂੰਨ ਦੇ ਅਧੀਨ ਕੇਸ ਦਰਜ ਕੀਤਾ ਗਿਆ।

* 9 ਮਈ, 2021 ਨੂੰ ਬਿਹਾਰ ਦੇ ਮਧੁਬਨੀ ’ਚ ਭਾਜਪਾ ਨੇਤਾ ਸ਼ਕੀਲ ਅਹਿਮਦ ਦੇ ਮਕਾਨ ’ਤੇ ਛਾਪਾ ਮਾਰ ਕੇ ਪੁਲਸ ਨੇ ਉਸ ਨੂੰ 60 ਬੋਤਲਾਂ ਨੇਪਾਲੀ ਦੇਸੀ ਸ਼ਰਾਬ ਦੇ ਨਾਲ ਗ੍ਰਿਫਤਾਰ ਕੀਤਾ।

* 18 ਮਈ, 2021 ਨੂੰ ਤਰਨਤਾਰਨ ਦੇ ਦਿਆਲਪੁਰ ਪਿੰਡ ’ਚ ਇਕ ਕਾਂਗਰਸੀ ਆਗੂ ਅਤੇ ਪੰਚਾਇਤ ਮੈਂਬਰ ਨਿਰਹੇ ਸਿੰਘ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ 4 ਲੱਖ ਮਿਲੀਲਿਟਰ ਨਾਜਾਇਜ਼ ਸ਼ਰਾਬ ਅਤੇ 400 ਕਿਲੋ ਲਾਹਣ ਦੇ ਨਾਲ ਫੜਿਆ ਗਿਆ।

* 28 ਮਈ, 2021 ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਸਮਾਜਵਾਦੀ ਪਾਰਟੀ ਦੇ ਨੇਤਾ ਸੁਭਾਸ਼ ਪਾਲ ਨੂੰ ਪੁਲਸ ਨੇ ‘ਸ਼ਰਾਬ ਮਾਫੀਆ’ ਐਲਾਨ ਕਰ ਦਿੱਤਾ। ‘ਮੱਲਾਵਾਂ ਬਿਲਗ੍ਰਾਮ’ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸੁਭਾਸ਼ ਪਾਲ ਦੇ ਵਿਰੁੱਧ ਹਰਦੋਈ ਜ਼ਿਲੇ ’ਚ ਨਾਜਾਇਜ਼ ਸ਼ਰਾਬ ਬਣਾਉਣ ਅਤੇ ਸਮੱਗਲਿੰਗ ਸਮੇਤ 22 ਅਪਰਾਧਿਕ ਮੁਕੱਦਮੇ ਦਰਜ ਹਨ।

* 4 ਜੂਨ, 2021 ਨੂੰ ਬਰਸਾਨਾ ’ਚ ਇਕ ਭਾਜਪਾ ਨੇਤਾ ਰਾਧਾ ਚਰਣ ਫੌਜੀ ਦੀ ਦੁਕਾਨ ’ਚੋਂ ਪੁਲਸ ਨੇ 30 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਸ਼ਰਾਬ ਬਣਾਉਣ ’ਚ ਵਰਤਿਆ ਜਾਂਦਾ ਸਾਮਾਨ ਜ਼ਬਤ ਕਰ ਕੇ ਭਾਜਪਾ ਨੇਤਾ ਦੇ ਦੋ ਲੜਕਿਆਂ ਬਾਂਕੇ ਅਤੇ ਕਪਿਲ ਸਮੇਤ 4 ਵਿਅਕਤੀਆਂ ਨੂੰ ਫੜਿਆ।

* 6 ਜੂਨ, 2021 ਨੂੰ ਅਲੀਗੜ੍ਹ ਇਲਾਕੇ ’ਚ ਜ਼ਹਿਰੀਲੀ ਸ਼ਰਾਬ ਨਾਲ 108 ਵਿਅਕਤੀਆਂ ਦੀਆਂ ਮੌਤਾਂ ਦੇ ਮੁੱਖ ਮੁਲਜ਼ਮ ਭਾਜਪਾ ਨੇਤਾ ਰਿਸ਼ੀ ਸ਼ਰਮਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਇਸ ਸੰਬੰਧ ’ਚ ਰਾਲੋਦ ਨੇਤਾ ਅਨਿਲ ਚੌਧਰੀ ਕੋਲੋਂ ਵੀ ਪੁੱਛਗਿੱਛ ਜਾਰੀ ਹੈ।

* 7 ਜੂਨ, 2021 ਨੂੰ ਪੁਲਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਕਾਂਗਰਸ ਬੀ. ਸੀ. ਸੈੱਲ ਦੇ ਪ੍ਰਧਾਨ ਲਾਲ ਸਿੰਘ ਦੇ ਪਿੰਡ ਧਰਮਕੋਟ ਬੱਗਾ ਸਥਿਤ ਮਕਾਨ ’ਤੇ ਛਾਪਾ ਮਾਰ ਕੇ ਚਾਲੂ ਭੱਠੀ ਦੇ ਇਲਾਵਾ 1400 ਲਿਟਰ ਲਾਹਣ, 80 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ।

ਇਸ ਕਾਰਵਾਈ ਦੌਰਾਨ ਲਾਲ ਸਿੰਘ ਦੇ ਦੋ ਲੜਕਿਆਂ ਨੇ ਪੁਲਸ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਇਕ ਕਾਂਸਟੇਬਲ ਦੀ ਵਰਦੀ ਪਾੜ ਦਿੱਤੀ, ਜਿਸ ’ਤੇ ਪੁਲਸ ਨੇ ਦੋਵਾਂ ਦੇ ਵਿਰੁੱਧ ਕੇਸ ਦਰਜ ਕਰ ਕੇ ਇਕ ਨੂੰ ਗ੍ਰਿਫਤਾਰ ਕਰ ਲਿਆ।

ਨਾਜਾਇਜ਼ ਸ਼ਰਾਬ ਦੇ ਧੰਦੇ ’ਚ ਆਮ ਅਪਰਾਧੀਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਦਾ ਸ਼ਾਮਲ ਹੋਣਾ ਯਕੀਨਨ ਹੀ ਚਿੰਤਾਜਨਕ ਅਤੇ ਦੁਖਦਾਈ ਹੈ। ਜੇਕਰ ਜਨਤਾ ਦੇ ਸੇਵਕ ਹੀ ਗਲਤ ਕੰਮ ਕਰਨ ਲੱਗਣਗੇ ਤਾਂ ਫਿਰ ਆਮ ਲੋਕਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ।

ਇਸ ਲਈ ਸਿਆਸੀ ਪਾਰਟੀਆਂ ਨੂੰ ਆਪਣੇ ਨਾਲ ਜੁੜੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਸ਼ਾਸਨ ਤੋਂ ਸਜ਼ਾ ਦਿਵਾਉਣ ’ਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਕਿ ਦੂਸਰਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹੇ ਗਲਤ ਕੰਮਾਂ ਤੋਂ ਬਾਜ਼ ਆਉਣ।

-ਵਿਜੇ ਕੁਮਾਰ


Bharat Thapa

Content Editor

Related News