ਅਸੱਭਿਅਕ ਅਧਿਆਪਕਾਂ ਲਈ ਕੌਣ ਜ਼ਿੰਮੇਵਾਰ

07/16/2018 6:37:41 AM

19 ਸਾਲਾ ਕਾਲਜ ਵਿਦਿਆਰਥਣ ਐੱਨ. ਲੌਗੇਸ਼ਵਰੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ 13 ਜੁਲਾਈ, ਸ਼ੁੱਕਰਵਾਰ ਉਸ ਨੂੰ ਕਾਲਜ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਹੋਰਨਾਂ ਵਿਦਿਆਰਥੀਆਂ ਵਲੋਂ ਫੜੇ ਗਏ ਸਕਿਓਰਿਟੀ ਨੈੱਟ ਵਿਚ ਛਾਲ ਮਾਰਨ ਲਈ ਮਜਬੂਰ ਕੀਤਾ ਗਿਆ। ਛਾਲ ਮਾਰਨ ਤੋਂ ਝਿਜਕ ਰਹੀ ਲੌਗੇਸ਼ਵਰੀ ਨੂੰ ਮੌਕ ਡ੍ਰਿਲ ਕਰਵਾ ਰਹੇ ਇੰਸਟਰੱਕਟਰ ਨੇ ਧੱਕਾ ਦੇ ਦਿੱਤਾ। 
ਇਸ ਘਟਨਾ ਦੇ ਵਾਇਰਲ ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਸੰਤੁਲਨ ਗੁਆ ਕੇ ਡਿੱਗ ਰਹੀ ਲੜਕੀ ਦਾ ਸਿਰ ਪਹਿਲੀ ਮੰਜ਼ਿਲ ਦੀ ਬਾਲਕੋਨੀ ਨਾਲ ਟਕਰਾ ਗਿਆ। ਕਾਲਜ ਦੇ ਕੋਲ ਇਸ ਅਭਿਆਸ ਲਈ ਕਿਸੇ ਕਿਸਮ ਦੀ ਮਨਜ਼ੂਰੀ ਨਹੀਂ ਸੀ। ਘਟਨਾ ਦੱਖਣੀ ਸੂਬੇ ਤਾਮਿਲਨਾਡੂ ਵਿਚ ਅਤੇ ਇਕ ਕਾਲਜ ਵਿਚ ਹੋਈ ਹੈ, ਤਾਂ ਕਿਹਾ ਜਾ ਸਕਦਾ ਹੈ ਕਿ ਇਹ ਆਪਣੇ-ਆਪ ਵਿਚ ਕੋਈ ਵੱਖਰੀ ਘਟਨਾ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਨਾ ਤਾਂ ਮੁਆਫ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਜ਼ਰਅੰਦਾਜ਼। ਇਸ ਘਟਨਾ ਵਿਚ ਬੇਹੱਦ ਲਾਪਰਵਾਹੀ ਨਾਲ ਇਕ ਲੜਕੀ ਦੀ ਜਾਨ ਨੂੰ ਜੋਖਮ ਵਿਚ ਪਾ ਦਿੱਤਾ ਗਿਆ।
ਅਧਿਆਪਕਾਂ ਵਲੋਂ ਗੈਰ-ਸੰਵੇਦਨਸ਼ੀਲ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਸਾਡੇ ਸਿਸਟਮ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। 
ਦਿੱਲੀ ਦੇ ਇਕ ਸਕੂਲ ਵਿਚ ਕੁਝ ਬੱਚੀਆਂ ਨੂੰ ਇਸ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਕੂਲ ਫੀਸ ਨਹੀਂ ਭਰੀ ਸੀ। ਸਾਰੀਆਂ 16 ਨੰਨ੍ਹੀਆਂ ਬੱਚੀਆਂ ਕਿੰਡਰਗਾਰਟਨ ਦੀਆਂ ਵਿਦਿਆਰਥਣਾਂ ਹਨ, ਜਿਨ੍ਹਾਂ ਦੀ ਉਮਰ 4 ਤੋਂ 6 ਸਾਲ ਦੇ ਵਿਚਾਲੇ ਦੱਸੀ ਜਾਂਦੀ ਹੈ। ਉਨ੍ਹਾਂ ਨੂੰ ਬੰਦ ਵੀ ਕਲਾਸ ਵਿਚ ਨਹੀਂ ਕੀਤਾ ਗਿਆ ਸੀ, ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਲੈਣ ਲਈ ਸਕੂਲ ਪਹੁੰਚੇ ਤਾਂ ਇਹ ਜਾਣ ਕੇ ਦਹਿਲ ਗਏ ਕਿ ਉਨ੍ਹਾਂ ਦੀਆਂ ਬੱਚੀਆਂ ਨੂੰ ਇਕ ਤਹਿਖਾਨੇ ਵਿਚ ਬੰਦ ਕੀਤਾ ਗਿਆ ਸੀ। ਸਾਢੇ 7 ਤੋਂ ਸਾਢੇ 12 ਵਜੇ ਤਕ ਬਿਨਾਂ ਪਾਣੀ ਦੇ ਉਹ ਮਾਸੂਮ ਉਸ ਗਰਮ ਤਹਿਖਾਨੇ ਵਿਚ ਕੈਦ ਰਹੀਆਂ ਸਨ। 
ਕੁਝ ਸਰਪ੍ਰਸਤਾਂ ਅਨੁਸਾਰ ਉਨ੍ਹਾਂ ਨੇ ਸਕੂਲ ਨੂੰ ਆਪਣੀ ਬੱਚੀ ਦੀ ਫੀਸ ਪਹਿਲਾਂ ਹੀ ਦਿੱਤੀ ਹੋਈ ਸੀ ਅਤੇ ਇਸ ਦਾ ਸਬੂਤ ਦਿਖਾਉਣ ਦੇ ਬਾਵਜੂਦ ਪਿੰ੍ਰਸੀਪਲ ਨੂੰ ਨਾ ਤਾਂ ਅਫਸੋਸ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸ਼ਰਮ। 
ਇਹ ਦੋਵੇਂ ਮਾਮਲੇ ਉਸ ਵਿਸ਼ਾਲ 'ਬਰਫੀਲੇ ਪਹਾੜ' ਵਰਗੇ ਹਨ, ਜਿਸ ਦਾ ਸਿਰਫ ਸਿਰਾ ਹੀ ਨਜ਼ਰ ਆਉਂਦਾ ਹੈ। ਕਿਸੇ ਹੋਰ ਦੇਸ਼ ਵਿਚ ਅਜਿਹਾ ਹੁੰਦਾ ਤਾਂ ਕਾਲਜ ਬੰਦ ਅਤੇ ਪਿੰ੍ਰਸੀਪਲ ਪੁਲਸ ਦੀ ਗ੍ਰਿਫਤ ਵਿਚ ਹੁੰਦਾ। ਦਿੱਲੀ ਦੇ ਸਕੂਲ ਦੇ ਪਿੰ੍ਰਸੀਪਲ ਦਾ ਵੀ ਇਹੀ ਹਸ਼ਰ ਹੁੰਦਾ। ਉਸ ਦੇ ਵਿਰੁੱਧ ਸਖਤ ਕਾਰਵਾਈ ਹੁੰਦੀ ਅਤੇ ਸਖਤ ਸਜ਼ਾ ਦਿੱਤੀ ਜਾਂਦੀ ਪਰ ਸਾਡੇ ਦੇਸ਼ ਵਿਚ ਅਜਿਹਾ ਕੁਝ ਨਹੀਂ ਹੋਇਆ। ਦੋਵੇਂ ਹੀ ਮਾਮਲੇ ਜਨਤਾ ਦੇ ਸਾਹਮਣੇ ਹਨ ਅਤੇ ਪੁਲਸ ਇਨ੍ਹਾਂ ਬਾਰੇ ਸਭ ਜਾਣਦੀ ਹੈ ਅਤੇ ਕੁਝ ਕਾਰਵਾਈ ਕਰਨ ਲਈ ਵਿਚਾਰਸ਼ੀਲ ਪ੍ਰਕਿਰਿਆ ਵਿਚ ਹੈ।
ਅਜਿਹੇ ਪਿੰ੍ਰਸੀਪਲਾਂ ਨੂੰ ਸਬਕ ਸਿਖਾਉਣ ਲਈ ਕਾਨੂੰਨ ਪ੍ਰਭਾਵੀ ਢੰਗ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਇਕ ਵੱਡਾ ਮੁੱਦਾ ਹੈ ਕਿ ਸਾਡੀ ਟੀਚਰ ਟ੍ਰੇਨਿੰਗ ਵਿਚ ਖਾਮੀ ਕਿੱਥੇ ਹੋ ਰਹੀ ਹੈ। ਕੀ ਬੀ. ਐੱਡ   ਟ੍ਰੇਨਿੰਗ ਕਾਲਜ ਭਵਿੱਖ ਦੇ ਅਧਿਆਪਕਾਂ ਨੂੰ ਵਿਦਿਆਰਥਣਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਦਾ ਪਾਠ ਨਹੀਂ ਪੜ੍ਹਾ ਰਹੇ ਹਨ? ਕੀ ਹੁਣ ਅਧਿਆਪਕਾਂ ਦੀ ਸਾਈਕੋਲੋਜੀ ਦੀ ਕਲਾਸ ਨਹੀਂ ਲਈ ਜਾਂਦੀ ਹੈ?
ਇਥੇ ਕੁਝ ਮਾਮਲਿਆਂ ਬਾਰੇ ਦੱਸਣਾ ਤਾਂ ਬੇਹੱਦ ਦੁਖਦਾਈ ਅਤੇ ਭਿਆਨਕ ਹੈ, ਜਿਵੇਂ ਕਿ ਅਰੁਣਾਚਲ ਪ੍ਰਦੇਸ਼ ਦੇ ਇਕ ਗਰਲਜ਼ ਸਕੂਲ ਦੇ ਵਿਦਿਆਰਥੀ ਸੰਘ ਦਾ ਕਹਿਣਾ ਸੀ ਕਿ ਉਥੇ 88 ਲੜਕੀਆਂ ਨੂੰ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ, ਜਿਸ 'ਤੇ ਪੁਲਸ  ਨੇ ਕਿਹਾ ਕਿ ਸਕੂਲ ਦੇ ਪਿੰ੍ਰਸੀਪਲ ਅਤੇ ਇਕ ਅਧਿਆਪਕਾ ਵਿਚਾਲੇ ਅਫੇਅਰ ਬਾਰੇ ਕਥਿਤ ਤੌਰ 'ਤੇ ਨੋਟ ਲਿਖਣ 'ਤੇ ਸਿਰਫ 19 ਲੜਕੀਆਂ ਨੂੰ ਇਸ ਤਰ੍ਹਾਂ  ਸਜ਼ਾ ਦਿੱਤੀ ਗਈ ਸੀ। 
ਕਲਾਸ ਨੂੰ ਇਸ ਤਰ੍ਹਾਂ ਸਜ਼ਾ ਦੇਣ ਵਾਲੀਆਂ ਤਿੰਨੋਂ ਮਹਿਲਾ ਅਧਿਆਪਕਾਵਾਂ ਸਨ। ਇਹ ਪਿਛਲੇ ਨਵੰਬਰ ਦੀ ਘਟਨਾ ਹੈ ਪਰ ਮਾਰਚ ਵਿਚ ਉੱਤਰ ਪ੍ਰਦੇਸ਼ ਦੇ ਇਕ ਰੈਜ਼ੀਡੈਂਸ਼ੀਅਲ ਸਕੂਲ ਦੀਆਂ 10 ਸਾਲਾ 70 ਵਿਦਿਆਰਥਣਾਂ ਦੇ ਮਾਤਾ-ਪਿਤਾ ਨੂੰ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਗੱਲ ਪਤਾ ਲੱਗੀ ਸੀ ਕਿ ਮਾਹਵਾਰੀ ਦੇ ਖੂਨ ਦੀ ਜਾਂਚ ਕਰਨ ਲਈ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਗਏ ਸਨ।
ਸਵਾਲ ਉੱਠਦਾ ਹੈ ਕਿ ਕੀ ਮਨੁੱਖੀ ਮਰਿਆਦਾ ਦੀ ਭਾਵਨਾ ਹੁਣ ਮਰ ਚੁੱਕੀ ਹੈ? ਕੀ ਹੁਣ ਸਾਡੇ ਦੇਸ਼ ਦਾ ਭਵਿੱਖ ਪੈਸੇ ਬਣਾਉਣ ਵਾਲੀਆਂ ਮਸ਼ੀਨਾਂ ਦੇ ਹੱਥਾਂ ਵਿਚ ਹੈ? ਉਹ ਨਿਮਰ, ਗਿਆਨੀ ਅਤੇ ਪ੍ਰੇਰਣਾ ਦੇਣ ਵਾਲੇ ਅਧਿਆਪਕ ਕਿੱਥੇ ਗਏ, ਜੋ ਸਾਨੂੰ ਪੜ੍ਹਾਉਂਦੇ ਹੁੰਦੇ ਸਨ? 
ਸਕੂਲਾਂ ਵਿਚ ਘੱਟ ਹੋ ਰਹੀ ਅਧਿਆਪਕਾਂ  ਦੀ ਗਿਣਤੀ ਨੂੰ ਅਕਸਰ ਉਨ੍ਹਾਂ ਦੇ ਰੁੱਖੇ ਅਤੇ ਅਸੱਭਿਅਕ ਵਤੀਰੇ ਦਾ ਕਾਰਨ ਦੱਸਿਆ ਜਾਂਦਾ ਕਿਉਂਕਿ ਇਕ ਕਲਾਸ ਵਿਚ 20 ਤੋਂ 30 ਵਿਦਿਆਰਥੀਆਂ ਦੀ ਬਜਾਏ ਹੁਣ 50 ਤੋਂ 60 ਵਿਦਿਆਰਥੀ ਹੁੰਦੇ ਹਨ। ਡੀ. ਯੂ. ਵਰਗੀਆਂ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੇ 9000 ਅਹੁਦੇ ਖਾਲੀ ਹਨ, ਜਦਕਿ ਆਸਾਮ ਵਿਚ 1200 ਵਿਦਿਆਰਥੀਆਂ ਲਈ ਇਕ ਅਧਿਆਪਕ ਹੈ। 
ਇਸ ਦੇ ਬਾਵਜੂਦ ਅਧਿਆਪਕਾਂ ਦੇ ਅਣਮਨੁੱਖੀ ਵਤੀਰੇ ਨੂੰ ਕਿਸੇ ਵੀ ਤਰ੍ਹਾਂ ਨਿਆਂਉਚਿਤ ਨਹੀਂ ਠਹਿਰਾਇਆ ਜਾ ਸਕਦਾ ਹੈ-ਭਾਵੇਂ ਉਹ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਹੋਣ ਜਾਂ ਕਿੰਡਰਗਾਰਟਨ ਦੇ, ਤਾਂ ਅਜਿਹੇ ਵਿਵਹਾਰ ਲਈ ਜ਼ਿੰਮੇਵਾਰ ਕੌਣ ਹੈ-ਕੋਈ ਵੀ ਨਹੀਂ ਜਾਂ ਨਾਮਾਤਰ ਕਾਰਵਾਈ ਕਰਨ ਵਾਲੀ ਪੁਲਸ, ਅਧਿਆਪਕ ਫਿਰਕਾ ਜਾਂ ਸਾਡਾ ਸਾਰਾ ਸਮਾਜ?


Vijay Kumar Chopra

Chief Editor

Related News