ਅੱਜ ਦੇ ਨੇਤਾਵਾਂ ਦੀਆਂ ਪੜ੍ਹੋ ‘ਪੁੱਠੀਆਂ-ਸਿੱਧੀਆਂ ਬਿਆਨਬਾਜ਼ੀਆਂ’

03/15/2023 1:49:54 AM

ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ ਕਿ ਸਾਡੇ ਨੇਤਾਵਾਂ ਨੂੰ ਹਰ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਤਾਂ ਜੋ ਬੇਲੋੜਾ ਵਿਵਾਦ ਪੈਦਾ ਨਾ ਹੋਵੇ ਪਰ ਅਜੇ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਆਪਣੀ ਪੁੱਠੀ-ਸਿੱਧੀ ਬਿਆਨਬਾਜ਼ੀ ਜਾਰੀ ਰੱਖੀ ਹੋਈ ਹੈ।

* 5 ਮਾਰਚ ਨੂੰ ਮਹਾਰਾਸ਼ਟਰ ਦੇ ਆਜ਼ਾਦ ਵਿਧਾਇਕ ਓਮ ਪ੍ਰਕਾਸ਼ ਬਾਬਾਰਾਵ ਉਰਫ ਬੱਚੂ ਕੱਡੂ (ਪ੍ਰਹਾਰ ਜਨਸ਼ਕਤੀ ਪਾਰਟੀ) ਨੇ ਕਿਹਾ, ‘‘ਮਹਾਰਾਸ਼ਟਰ ਦੇ ਸਭ ਆਵਾਰਾ ਕੁੱਤਿਆਂ ਨੂੰ ਆਸਾਮ ਭੇਜਿਆ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਲੋਕ ਕੁੱਤੇ ਦਾ ਮਾਸ ਬਹੁਤ ਵਧੇਰੇ ਖਾਂਦੇ ਹਨ ਅਤੇ ਇਹ ਇਕ ਵਿਵਹਾਰਕ ਹੱਲ ਹੈ।’’

* 9 ਮਾਰਚ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ (ਭਾਜਪਾ) ਬੋਲੇ, ‘‘ਕਾਂਗਰਸ ਦੇ ਰਾਜ ’ਚ ਬਿਜਲੀ ਘੱਟ ਦੇਣ ਕਾਰਨ ਦੇਸ਼ ਦੀ ਆਬਾਦੀ ਵਧੀ।’’

* 9 ਮਾਰਚ ਨੂੰ ਹੀ ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਹਰੀ ਨਾਰਾਇਣ ਰਾਜਭਰ ਨੇ ਕਿਹਾ ਕਿ, ‘‘ਜੋ ਵੀ ਪੁਲਸ ਵਾਲਾ ਅਤੀਕ ਅਹਿਮਦ ਦਾ ਐਨਕਾਊਂਟਰ ਕਰੇਗਾ, ਉਸ ਨੂੰ ਸਿੱਧਾ ਸਵਰਗ ਮਿਲੇਗਾ।’’ ਜੋਸ਼-ਜੋਸ਼ ’ਚ ਉਨ੍ਹਾਂ ਦੇ ਮੂੰਹ ’ਚੋਂ ਇੱਥੋਂ ਤੱਕ ਨਿਕਲ ਗਿਆ ਕਿ, ‘‘ਅਤੀਕ ਅਹਿਮਦ ਦੇ ਦੋਹਾਂ ਬੇਟਿਆਂ ਦੀ ਹੱਤਿਆ ਹੋਣੀ ਚਾਹੀਦੀ ਹੈ ...ਮਤਲਬ ਐਨਕਾਊਂਟਰ ਹੋਣਾ ਚਾਹੀਦਾ ਹੈ।’’

* 10 ਮਾਰਚ ਨੂੰ ਰਾਜ ਸਭਾ ਦੇ ਐੱਮ. ਪੀ. ਰਾਘਵ ਚੱਢਾ (ਆਮ ਆਦਮੀ ਪਾਰਟੀ) ਨੇ ਕਿਹਾ, ‘‘ਭਾਜਪਾ ਇਕ ਅਜਿਹੀ ਵਾਸ਼ਿੰਗ ਮਸ਼ੀਨ ਹੈ ਜਿਸ ’ਚ ਇਕ ਪਾਸਿਓਂ ਭ੍ਰਿਸ਼ਟਾਚਾਰੀ ਨੂੰ ਪਾਓ ਤਾਂ ਦੂਜੇ ਪਾਸਿਓਂ ਕਲੀਨ ਚਿੱਟ ਹੋ ਕੇ ਨਿਕਲਦੇ ਹਨ।’’

* 12 ਮਾਰਚ ਨੂੰ ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਅਬਦੁਲ ਸੱਤਾਰ (ਸ਼ਿਵਸੈਨਾ-ਏਕਨਾਥ ਸ਼ਿੰਦੇ ਗਰੁੱਪ) ਨੇ ਕਿਹਾ, ‘‘ਕਿਸਾਨਾਂ ਦੀਆਂ ਆਤਮਹੱਤਿਆਵਾਂ ਕੋਈ ਨਵੀਂ ਗੱਲ ਨਹੀਂ ਹੈ। ਅਜਿਹੀਆਂ ਘਟਨਾਵਾਂ ਕਈ ਸਾਲਾਂ ਤੋਂ ਹੋ ਰਹੀਆਂ ਹਨ।’’

* 12 ਮਾਰਚ ਨੂੰ ਹੀ ਸੰਸਦ ਮੈਂਬਰ ਪ੍ਰਗਿਆ ਠਾਕੁਰ (ਭਾਜਪਾ) ਨੇ ਕਿਹਾ, ‘‘ਰਾਹੁਲ ਗਾਂਧੀ ਨੂੰ ਸਿਆਸਤ ’ਚ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ। ਚਾਣੱਕਿਆ ਨੇ ਕਿਹਾ ਸੀ ਕਿ ‘ਵਿਦੇਸ਼ੀ ਔਰਤ ਤੋਂ ਪੈਦਾ ਪੁੱਤਰ ਕਦੀ ਦੇਸ਼ਭਗਤ ਨਹੀਂ ਹੋ ਸਕਦਾ’। ਰਾਹੁਲ ਗਾਂਧੀ ਨੇ ਇਸ ਕਥਨ ਨੂੰ ਸੱਚ ਸਿੱਧ ਕਰ ਦਿੱਤਾ ਹੈ।’’

* 13 ਮਾਰਚ ਨੂੰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਕੇ. ਐੱਸ. ਈਸ਼ਵਰੱਪਾ (ਭਾਜਪਾ) ਨੇ ਮੇਂਗਲੁਰੂ ’ਚ ਕਿਹਾ, ‘‘ਕੀ ਅੱਲ੍ਹਾ ਬੋਲ਼ਾ ਹੈ ਜੋ ਉਨ੍ਹਾਂ ਨੂੰ ਬੁਲਾਉਣ ਲਈ ਲਾਊਡ ਸਪੀਕਰ ’ਤੇ ਚਿੱਲਾਉਣਾ ਪੈਂਦਾ ਹੈ? ਮੈਂ ਜਿੱਥੇ ਵੀ ਜਾਂਦਾ ਹਾਂ ਇਹ ਅਜ਼ਾਨ ਮੇਰਾ ਸਿਰਦਰਦ ਕਰ ਦਿੰਦੀ ਹੈ। ਅੱਜ ਨਹੀਂ ਤਾਂ ਕੱਲ ਅਜ਼ਾਨ ਖਤਮ ਹੋ ਜਾਵੇਗੀ। ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ ਹੈ।’’

* 13 ਮਾਰਚ ਨੂੰ ਹੀ ਤਿਰੂਵਨੰਤਪੁਰਮ ’ਚ ਵਿਰੋਧੀ ਧਿਰ ਦੇ ਨੇਤਾ ਬੀ. ਡੀ. ਸਤੀਸ਼ਨ (ਕਾਂਗਰਸ) ਨੇ ਦੋਸ਼ ਲਾਇਆ ਕਿ, ‘‘ਕੇਰਲ ਦੀ ‘ਪਿਨਰਾਈ ਵਿਜਯਨ ਸਰਕਾਰ’ ਆਪਣੇ ਭ੍ਰਿਸ਼ਟਾਚਾਰ ਕਾਰਨ ਕੋਚੀ ਦੇ ਬ੍ਰਹਮਪੁਰਮ ਅਪਸ਼ਿਸ਼ਟ ਪਲਾਂਟ ਵਾਂਗ ਬਦਬੂ ਮਾਰਨ ਲੱਗੀ ਹੈ।’’

* 13 ਮਾਰਚ ਨੂੰ ਹੀ ਸਵਾਮੀ ਪ੍ਰਸਾਦ ਮੌਰੀਆ (ਸਪਾ) ਨੇ ਕਿਹਾ, ‘‘ਘਿਓ ਨਾਲ ਚੋਪੜੀਆਂ ਪੂਰੀਆਂ ਖਾਂਦੇ-ਖਾਂਦੇ ਇਨ੍ਹਾਂ (ਭਾਜਪਾ ਨੇਤਾਵਾਂ) ਦੇ ਪੂਰੇ ਸਰੀਰ ’ਚ ਇੰਨੀ ਚਰਬੀ ਹੋ ਗਈ ਹੈ ਕਿ ਇਨ੍ਹਾਂ ਦੀਆਂ ਹੱਡੀਆਂ ਨਜ਼ਰ ਨਹੀਂ ਆਉਂਦੀਆਂ। ਹੁਣੇ ਮੈਂ ਜੇ ਆਪਣਾ ਅੰਡਰਵੀਅਰ ਉਤਾਰ ਦੇਵਾਂ ਤਾਂ ਤੁਸੀਂ ਸਵਾਮੀ ਪ੍ਰਸਾਦ ਮੌਰੀਆ ਦੀਆਂ ਸਾਰੀਆਂ ਪੱਸਲੀਆਂ ਗਿਣ ਲਵੋਗੇ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਹਾਂ, ਮਿਹਨਤ ’ਚ ਭਰੋਸਾ ਕਰਦੇ ਹਾਂ।’’

* 13 ਮਾਰਚ ਨੂੰ ਹੀ ਬਿਹਾਰ ’ਚ ਅਪਰਾਧ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਨਾਗਮਣੀ (ਰਾਸ਼ਟਰੀ ਪ੍ਰਧਾਨ ਸ਼ੋਸ਼ਿਤ ਸਮਾਜ ਪਾਰਟੀ) ਨੇ ਕਿਹਾ, ‘‘ਜੇ ਬਿਹਾਰ ’ਚ ਸਾਡੀ ਸਰਕਾਰ ਬਣੀ ਤਾਂ ਬੰਦੂਕ ਅਤੇ ਰਾਈਫਲ ਦਾ ਲਾਇਸੰਸ ਮੁਫਤ ਕਰ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਕੋਲ ਪੈਸੇ ਨਹੀਂ ਹਨ, ਉਹ ਜ਼ਮੀਨ ਵੇਚ ਕੇ ਹਥਿਆਰ ਖਰੀਦ ਲੈਣ।’’

* 14 ਮਾਰਚ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (ਭਾਜਪਾ) ਨੇ ਕਿਹਾ, ‘‘ਰਾਹੁਲ ਗਾਂਧੀ ਦੀ ਲੈਬ ਰਿਪੋਰਟ ਆ ਚੁੱਕੀ ਹੈ ਅਤੇ ਉਨ੍ਹਾਂ ਨੂੰ ‘ਅਡਾਨੀਆ ਬੀਮਾਰੀ’ ਹੋ ਗਈ ਹੈ। ਇਸ ਕਾਰਨ ਉਹ ਸਵੇਰ ਤੋਂ ਸ਼ਾਮ ਤੱਕ ਅਡਾਨੀ-ਅਡਾਨੀ ਕਰਦੇ ਰਹਿੰਦੇ ਹਨ।’’

* 14 ਮਾਰਚ ਨੂੰ ਹੀ ਭਾਜਪਾ ਦੇ ਮੁਅੱਤਲ ਵਿਧਾਇਕ ਟੀ. ਰਾਜਾ ਨੇ ਕਿਹਾ ਕਿ, ‘‘2026 ਤੱਕ ਹਿੰਦੂ ਰਾਸ਼ਟਰ ’ਚ ਨਮਾਜ਼ ਲਈ ਲਾਊਡ ਸਪੀਕਰ ਨਹੀਂ ਮਿਲੇਗਾ।’’

ਆਗੂਆਂ ਦੇ ਪੁੱਠੇ-ਸਿੱਧੇ ਬਿਆਨਾਂ ਦੀਆਂ ਇਹ ਤਾਂ ਕੁਝ ਉਦਾਹਰਣਾਂ ਹੀ ਹਨ। ਸ਼ਾਇਦ ਅਜਿਹੇ ਬਿਆਨ ਦੇਣ ਵਾਲੇ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਉਹ ਆਪਣੀ ਜ਼ੁਬਾਨ ਨਾਲ ਕਿਸ ਹੱਦ ਤੱਕ ਸਦਭਾਵਨਾ ਨੂੰ ਠੇਸ ਪਹੁੰਚਾ ਰਹੇ ਹਨ।

ਇਸ ਲਈ ਸਭ ਪਾਰਟੀਆਂ ਦੇ ਆਗੂਆਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਸੰਕੋਚ ਕਰਨਾ ਚਾਹੀਦਾ ਹੈ ਤਾਂ ਜੋ ਸਮਾਜਿਕ ਤਾਣਾ-ਬਾਣਾ ਨਾ ਖਿਲਰੇ।

-ਵਿਜੇ ਕੁਮਾਰ


Anmol Tagra

Content Editor

Related News