ਸ਼੍ਰੀਲੰਕਾ ਦੀ ਵਿਗੜ ਰਹੀ ਸਥਿਤੀ ‘ਔਰਤਾਂ ਜਿਸਮਫਰੋਸ਼ੀ ਲਈ ਮਜਬੂਰ’

Wednesday, Aug 03, 2022 - 01:34 AM (IST)

1948 ਦੇ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਵੱਧ ਖਰਾਬ ਦੌਰ ’ਚੋਂ ਲੰਘ ਰਹੇ ਸ਼੍ਰੀਲੰਕਾ ’ਚ ਹਾਲਾਤ ਦਿਨ-ਪ੍ਰਤੀ-ਦਿਨ ਖਰਾਬ ਹੋ ਰਹੇ ਹਨ। ਆਰਥਿਕ ਸੰਕਟ ਨੇ ਉੱਥੋਂ ਦੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਉਹ ਭਾਰੀ ਗਰੀਬੀ ’ਚ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹਨ। ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਅਤੇ ਸੈਰ-ਸਪਾਟਾ ਉਦਯੋਗ ਸਮੇਤ ਵਧੇਰੇ ਉਦਯੋਗ-ਧੰਦੇ ਬੰਦ ਹੋ ਜਾਣ ਨਾਲ ਖੁਰਾਕੀ ਪਦਾਰਥਾਂ,  ਈਂਧਨ ਅਤੇ ਦਵਾਈਆਂ ਦੀ ਭਾਰੀ ਘਾਟ ਪੈਦਾ ਹੋਣ ਨਾਲ ਇਨ੍ਹਾਂ ਦੀਆਂ ਕੀਮਤਾਂ ਆਕਾਸ਼ ਛੂਹਣ ਲੱਗੀਆਂ ਹਨ। ‘ਗੋਟਾਬਾਯਾ ਰਾਜਪਕਸ਼ੇ ਸਰਕਾਰ’ ਵੱਲੋਂ ਰਸਾਇਣਕ ਖਾਦਾਂ ’ਤੇ ਪਾਬੰਦੀ ਲਗਾ ਦੇਣ ਕਾਰਨ ਪਿਛਲੇ ਸਾਲ ਕਿਸਾਨਾਂ ਵੱਲੋਂ ਦੇਸ਼ ਦੀ ਖੇਤੀਬਾੜੀ ਵਾਲੀ ਜ਼ਮੀਨ ਦੇ ਵੱਡੇ ਿਹੱਸੇ ’ਤੇ ਫਸਲ ਦੀ ਬਿਜਾਈ ਨਾ ਕਰਨ ਦੇ ਨਤੀਜੇ ਵਜੋਂ ਦੇਸ਼ ਦੀ ਖੇਤੀਬਾੜੀ ਪੈਦਾਵਾਰ ’ਚ 50 ਫੀਸਦੀ ਤੱਕ ਦੀ ਕਮੀ ਆ ਜਾਣ ਨਾਲ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। 

ਦੇਸ਼ ’ਚ ਲਗਭਗ 60 ਲੱਖ ਲੋਕਾਂ ਦੇ ਸਾਹਮਣੇ ਭਾਰੀ ਖੁਰਾਕ ਸੰਕਟ ਪੈਦਾ ਹੋ ਗਿਆ ਹੈ, ਜਿਨ੍ਹਾਂ ਨੂੰ ਭੋਜਨ ਦੇ ਲਈ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈ ਰਹੇ ਹਨ। ਵੱਡੀ ਗਿਣਤੀ ’ਚ ਲੋਕਾਂ ਨੇ ਦਿਨ ’ਚ ਸਿਰਫ ਇਕ ਵਾਰ ਹੀ ਖਾਣਾ ਸ਼ੁਰੂ ਕਰ ਦਿੱਤਾ ਹੈ। ਮਜਬੂਰੀ ’ਚ ਵੱਡੀ ਗਿਣਤੀ ’ਚ ਲੋਕ ਗਲਤ ਕੰਮਾਂ ’ਚ ਵੀ ਸ਼ਾਮਲ ਹੋ ਰਹੇ ਹਨ। ਹਾਲਾਂਕਿ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡ ਕੇ ਭੱਜ ਜਾਣ ਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਦੇਸ਼ ਦੇ ਰਾਸ਼ਟਰਪਤੀ ਬਣ ਗਏ  ਹਨ ਪਰ ਹਾਲਾਤ ਜਿਉਂ ਦੇ ਤਿਉਂ ਹਨ। ਦੇਸ਼ ’ਚ ਜੂਨ ਦੀ 54.6 ਫੀਸਦੀ ਦੀ ਤੁਲਨਾ ’ਚ ਜੁਲਾਈ ਮਹੀਨੇ ’ਚ ਮਹਿੰਗਾਈ ਵਧ ਕੇ 60.8 ਫੀਸਦੀ ਹੋ ਗਈ ਹੈ ਅਤੇ ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਵਧ ਕੇ 75 ਫੀਸਦੀ ਤੱਕ ਪਹੁੰਚ ਸਕਦੀ ਹੈ। ਦੇਸ਼ ’ਚ ਆਰਥਿਕ ਸੰਕਟ ਦਾ ਸਭ ਤੋਂ ਵੱਧ ਪ੍ਰਭਾਵ ਟੈਕਸਟਾਈਲ ਉਦਯੋਗ ’ਤੇ ਪਿਆ ਹੈ। ਦੇਸ਼ ਦੇ ‘ਜੁਆਇੰਟ ਅਪੈਰਲ ਐਸੋਸੀਏਸ਼ਨ ਫੋਰਮ’ ਦੇ ਅਨੁਸਾਰ ਸ਼੍ਰੀਲੰਕਾ ਦੇ ਟੈਕਸਟਾਈਲ ਉਦਯੋਗ ਤੋਂ ਖਰੀਦਦਾਰਾਂ ਦਾ ਵਿਸ਼ਵਾਸ ਉੱਠ ਗਿਆ ਹੈ ਅਤੇ 10 ਤੋਂ 15 ਫੀਸਦੀ ਤੱਕ ਆਰਡਰ ਰੱਦ ਹੋ ਜਾਣ ਦੇ ਕਾਰਨ ਵੱਡੀ ਗਿਣਤੀ ’ਚ ਇਨ੍ਹਾਂ ’ਚ ਕੰਮ ਕਰਨ ਵਾਲੀਆਂ ਔਰਤਾਂ ਨੌਕਰੀ ਤੋਂ ਕੱਢ ਦਿੱਤੀਆਂ ਗਈਆਂ ਹਨ। ਇਸ ਕਾਰਨ ਉਹ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਲਈ ਜਿਸਮਫਰੋਸ਼ੀ ਕਰਨ ਨੂੰ ਮਜਬੂਰ ਹੋ ਗਈਆਂ ਹਨ। ਸ਼੍ਰੀਲੰਕਾ ’ਚ ਸੈਕਸ ਵਰਕਰਾਂ ਦੇ ਅਧਿਕਾਰਾਂ ਅਤੇ ਬਿਹਤਰੀ ਦੇ ਲਈ ਕੰਮ ਕਰਨ ਵਾਲੀ ‘ਸਟੈਂਡਅਪ ਮੂਵਮੈਂਟ ਲੰਕਾ’ (ਐੱਸ. ਯੂ. ਐੱਮ. ਐੱਲ.) ਨਾਮਕ ਐੱਨ. ਜੀ. ਓ. ਦੀ ਕਾਰਜਕਾਰੀ ਨਿਰਦੇਸ਼ਕ ਅਸ਼ੀਲਾ ਦਾਂਡੇਨੀਆ ਦੇ ਅਨੁਸਾਰ :

‘‘ਨੌਕਰੀ ਤੋਂ ਕੱਢ ਦਿੱਤੇ ਜਾਣ ਕਾਰਨ ਕਈ ਔਰਤਾਂ, ਜਿਨ੍ਹਾਂ ’ਚੋਂ ਵਧੇਰੇ ਟੈਕਸਟਾਈਲ ਇੰਡਸਟਰੀ ਨਾਲ ਸਬੰਧ ਰੱਖਦੀਆਂ ਸਨ, ਨੇ ਆਰਜ਼ੀ ਤੌਰ ’ਤੇ ਜਿਸਮਫਰੋਸ਼ੀ ਦਾ ਧੰਦਾ ਅਪਣਾ ਿਲਆ ਹੈ ਜਿਸ ਕਾਰਨ ਉੱਥੇ ਵੇਸਵਾਵਾਂ ਦੀ ਗਿਣਤੀ ’ਚ 30 ਫੀਸਦੀ ਦਾ ਵਾਧਾ ਹੋ ਗਿਆ ਹੈ ਅਤੇ ਇਹ ਗਿਣਤੀ ਅਜੇ ਹੋਰ ਵਧਣ ਦਾ ਖਦਸ਼ਾ ਹੈ।’’ਦੇਸ਼ ’ਚ ਸਿਰਫ ਸੈਕਸ ਇੰਡਸਟਰੀ ’ਚ ਹੀ ਘੱਟ ਸਮੇਂ ’ਚ ਵੱਧ ਧਨ ਮਿਲ ਰਿਹਾ ਹੈ। ਇਕ ਮੁਟਿਆਰ ਨੇ ਆਪਣੀ ਪੀੜਾ ਦੱਸਦੇ ਹੋਏ ਕਿਹਾ ਕਿ ਨੌਕਰੀ ਤੋਂ ਕੱਢ ਦਿੱਤੇ ਜਾਣ ਦੇ ਬਾਅਦ 7 ਮਹੀਨਿਆਂ ਤੱਕ ਜਦੋਂ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਤਾਂ ਉਹ ਦੇਹ ਵਪਾਰ ਦਾ ਧੰਦਾ ਅਪਣਾਉਣ ਨੂੰ ਮਜਬੂਰ ਹੋ ਗਈ। ਇਕ ਔਰਤ ਅਨੁਸਾਰ ਸੈਕਸ ਵਰਕ ਤੋਂ ਉਹ ਇਕ ਦਿਨ ’ਚ 15,000 ਰੁਪਏ ਤੱਕ ਕਮਾ ਸਕਦੀ ਹੈ, ਜਦਕਿ ਆਮ ਨੌਕਰੀ ’ਚ ਪੂਰਾ ਮਹੀਨਾ ਕੰਮ ਕਰ ਕੇ 28,000 ਰੁਪਏ ਦੇ ਆਸ-ਪਾਸ ਤੇ ਓਵਰਟਾਈਮ ਕਰ ਕੇ 35,000 ਰੁਪਏ ਮਹੀਨਾ ਤੱਕ ਹੀ ਕਮਾ ਸਕਦੀ ਸੀ। ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ  ਲਾਜ਼ਮੀ ਤੌਰ ’ਤੇ ਜੀਵਨ ਉਪਯੋਗੀ ਵਸਤੂਆਂ ਦੀ ਭਾਰੀ ਘਾਟ ਕਾਰਨ ਸਥਾਨਕ ਦੁਕਾਨਦਾਰ ਵੀ ਔਰਤਾਂ ਨੂੰ ਰਾਸ਼ਨ ਅਤੇ ਦਵਾਈਆਂ  ਦੇ ਬਦਲੇ ’ਚ ਸੈਕਸ ਕਰਨ ਲਈ ਮਜਬੂਰ ਕਰਨ ਲੱਗੇ ਹਨ। 

ਨਾਜਾਇਜ਼ ਤੌਰ ’ਤੇ ਚਲਾਏ  ਜਾ ਰਹੇ ਜਿਸਮਫਰੋਸ਼ੀ ਦੇ ਅੱਡਿਆਂ ’ਚ ਪੁਲਸ ਤੋਂ ਬਚਣ ਲਈ ਕਈ ਵਾਰ ਇਨ੍ਹਾਂ ਔਰਤਾਂ ਨੂੰ  ਪੁਲਸ ਮੁਲਾਜ਼ਮਾਂ ਤਕ ਦੇ ਨਾਲ ਸੌਣ ਨੂੰ ਮਜਬੂਰ ਹੋਣਾ ਪੈਂਦਾ ਹੈ ਅਤੇ ਅਜਿਹਾ ਨਾ ਕਰਨ ’ਤੇ ਪੁਲਸ ਵਾਲੇ ਉਨ੍ਹਾਂ ਨੂੰ ਜੇਲ ’ਚ ਸੁੱਟ ਦਿੰਦੇ ਹਨ। ਕਈ ਮੌਕਿਆਂ ’ਤੇ ਔਰਤਾਂ ਦੀ ਮਜਬੂਰੀ ਦਾ ਲਾਭ ਉਠਾਉਂਦੇ ਹੋਏ ਗਾਹਕ ਉਨ੍ਹਾਂ ਨਾਲ ਅਸੁਰੱਖਿਅਤ ਸੈਕਸ ਸਬੰਧ ਬਣਾਉਂਦੇ ਹਨ ਅਤੇ ਇਹ ਸਥਿਤੀ ਇਸ ਲਈ ਵੀ ਚਿੰਤਾਜਨਕ ਹੁੰਦੀ ਜਾ ਰਹੀ ਹੈ ਕਿਉਂਕਿ ਹੁਣ ਮਾਫੀਆ ਵੀ ਇਸ ’ਚ ਸ਼ਾਮਲ ਹੋ ਗਿਆ ਹੈ। ਕੁਲ ਮਿਲਾ ਕੇ  ਅੱਜ ਸ਼੍ਰੀਲੰਕਾ ਦੀ ਜਨਤਾ ਅਤੇ ਖਾਸ ਤੌਰ ’ਤੇ ਔਰਤਾਂ ਅਤੇ ਬੱਚੇ ਆਪਣੇ ਪਹਿਲੇ ਹਾਕਮਾਂ ਦੀਆਂ ਕਰਤੂਤਾਂ ਦਾ ਖਮਿਆਜ਼ਾ ਭੁਗਤਣ ਦੇ ਲਈ ਮਜਬੂਰ ਹਨ। ਇਹ ਉਸ ‘ਅਪਰਾਧ’ ਦੀ ਸਜ਼ਾ ਭੁਗਤ ਰਹੇ ਹਨ ਜੋ ਉਨ੍ਹਾਂ ਨੇ ਕੀਤਾ ਹੀ ਨਹੀਂ।  ਸ਼੍ਰੀਲੰਕਾ ਤੋਂ ਮਿਲਣ ਵਾਲੇ ਸੰਕੇਤ ਦੱਸਦੇ ਹਨ ਕਿ ਜੇਕਰ ਹਾਕਮ ਇਸ ਸੰਕਟ ਤੋਂ ਜਲਦੀ ਮੁਕਤੀ ਨਾ ਪਾ ਸਕੇ ਤਾਂ ਸਾਲ ਦੇ ਅਖੀਰ ਤੱਕ ਉੱਥੇ ਸਥਿਤੀ ਹੋਰ ਵੀ ਧਮਾਕਾਖੇਜ਼ ਹੋ ਸਕਦੀ ਹੈ।

ਵਿਜੇ ਕੁਮਾਰ 


Karan Kumar

Content Editor

Related News