ਬੇਟੇ ਵਲੋਂ ‘ਘਰ ’ਚੋਂ ਕੱਢੀ’ ‘ਦੁਖਿਆਰੀ ਮਾਂ’ ਦੀ ਦਰਦ ਭਰੀ ਕਹਾਣੀ

05/09/2019 6:25:12 AM

ਪ੍ਰਾਚੀਨ ਕਾਲ ’ਚ ਮਾਂ-ਪਿਓ ਦੇ ਇਕ ਹੀ ਹੁਕਮ ’ਤੇ ਔਲਾਦਾਂ ਸਭ ਕੁਝ ਕਰਨ ਲਈ ਤਿਆਰ ਰਹਿੰਦੀਆਂ ਸਨ ਪਰ ਅੱਜ ਜ਼ਮਾਨਾ ਬਦਲ ਗਿਆ ਹੈ। ਬੁਢਾਪੇ ’ਚ ਜਦੋਂ ਬਜ਼ੁਰਗਾਂ ਨੂੰ ਬੱਚਿਆਂ ਦੇ ਸਹਾਰੇ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ, ਆਪਣੀ ਗ੍ਰਹਿਸਥੀ ਬਣ ਜਾਣ ਤੋਂ ਬਾਅਦ ਜ਼ਿਆਦਾਤਰ ਔਲਾਦਾਂ ਬਜ਼ੁਰਗਾਂ ਤੋਂ ਉਨ੍ਹਾਂ ਦੀ ਜ਼ਮੀਨ-ਜਾਇਦਾਦ ਆਪਣੇ ਨਾਂ ਲਿਖਵਾਉਣ ਤੋਂ ਬਾਅਦ ਮਾਂ-ਪਿਓ ਵਲੋਂ ਅੱਖਾਂ ਫੇਰ ਕੇ ਉਨ੍ਹਾਂ ਨੂੰ ਇਕੱਲੇ ਛੱਡ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਹੁਣੇ ਜਿਹੇ ਮੁੰਬਈ ਦੀ 80 ਸਾਲਾ ਬਜ਼ੁਰਗ ਵਿਧਵਾ ਅਮੀਨਾ ਸ਼ੇਖ ਦਾ ਸਾਹਮਣੇ ਆਇਆ, ਜਿਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਨੇ ਘਰੋਂ ਕੱਢ ਕੇ ਭੀਖ ਮੰਗ ਕੇ ਢਿੱਡ ਭਰਨ ਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਬੇਸਹਾਰਾ ਛੱਡ ਦਿੱਤਾ ਹੈ। ਸ਼੍ਰੀਮਤੀ ਅਮੀਨਾ ਅਨੁਸਾਰ ਮੁੰਬਈ ’ਚ ਕੁਰਲਾ ਦੇ ਇੰਦਰਾ ਨਗਰ ਦੇ ਮਰੀਅਮ ਕੰਪਾਊਂਡ ’ਚ ਉਨ੍ਹਾਂ ਦੀ ਕਾਫੀ ਜ਼ਮੀਨ-ਜਾਇਦਾਦ ਸੀ। ਅਮੀਨਾ ਦੇ ਬੇਟੇ ਨਜ਼ੀਰ ਨੇ ਉਨ੍ਹਾਂ ਨੂੰ ਦੱਸੇ ਬਿਨਾਂ ਧੋਖੇ ਨਾਲ ਉਨ੍ਹਾਂ ਦੇ ਅੰਗੂਠੇ ਦੇ ਨਿਸ਼ਾਨ ਲੈ ਕੇ ਸਾਰੀ ਜ਼ਮੀਨ ਆਪਣੇ ਨਾਂ ਲਿਖਵਾ ਕੇ ਸਈਦ ਖਾਨ ਨਾਮੀ ਵਿਅਕਤੀ ਨੂੰ ਵੇਚ ਦਿੱਤੀ।

ਇਸ ਤੋਂ ਬਾਅਦ ਨਜ਼ੀਰ ਨੇ ਮਾਂ ਨੂੰ ਘਰ ’ਚੋਂ ਕੱਢ ਦਿੱਤਾ ਤੇ ਖੁਦ ਦੂਜੀ ਜਗ੍ਹਾ ਰਹਿਣ ਲਈ ਚਲਾ ਗਿਆ। ਹੁਣ ਇਹ ਬਦਨਸੀਬ ਬਜ਼ੁਰਗ ਕੁਝ ਦਇਆਵਾਨ ਲੋਕਾਂ ਦੀ ਸਹਾਇਤਾ ਨਾਲ ਆਪਣੇ ਜੀਵਨ ਦੀ ਸੰਧਿਆ ਬਿਤਾ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ : ‘‘ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣੀ ਜ਼ਿੰਦਗੀ ਦੀ ਸ਼ਾਮ ਮੈਨੂੰ ਇਕ ਭਿਖਾਰਨ ਤੇ ਲਾਵਾਰਿਸ ਦੇ ਰੂਪ ’ਚ ਬਿਤਾਉਣੀ ਪਵੇਗੀ ਤੇ ਢਿੱਡ ਭਰਨ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਣਗੇ।’’ ਇਹ ਕਿਸੇ ਇਕ ਬਜ਼ੁਰਗ ਦੀ ਕਹਾਣੀ ਨਹੀਂ ਹੈ। ਔਲਾਦਾਂ ਦੀ ਅਣਦੇਖੀ ਕਾਰਨ ਅੱਜ ਅਜਿਹੇ ਪਤਾ ਨਹੀਂ ਕਿੰਨੇ ਬਜ਼ੁਰਗ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਜਿਸ ਕਾਰਨ ਦੇਸ਼ ’ਚ ਬਿਰਧ ਆਸ਼ਰਮਾਂ ਦੀ ਲੋੜ ਵਧ ਗਈ ਹੈ। ਇਸੇ ਲਈ ਅਸੀਂ ਵਾਰ-ਵਾਰ ਇਹ ਲਿਖਦੇ ਰਹਿੰਦੇ ਹਾਂ ਕਿ ਮਾਂ-ਪਿਓ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇ ਬੱਚਿਆਂ ਦੇ ਨਾਂ ਜ਼ਰੂਰ ਕਰ ਦੇਣ ਪਰ ਇਸ ਨੂੰ ਟਰਾਂਸਫਰ ਨਾ ਕਰਨ ਅਤੇ ਬਿਨਾਂ ਸੰਤੁਸ਼ਟੀ ਕੀਤਿਆਂ ਕਿਸੇ ਕਾਗਜ਼ ਜਾਂ ਦਸਤਾਵੇਜ਼ ’ਤੇ ਆਪਣੇ ਅੰਗੂਠੇ ਦਾ ਨਿਸ਼ਾਨ ਨਾ ਲਾਉਣ ਜਾਂ ਦਸਤਖਤ ਨਾ ਕਰਨ। ਅਜਿਹਾ ਕਰ ਕੇ ਉਹ ਆਪਣੇ ਜੀਵਨ ਦੀ ਸੰਧਿਆ ’ਚ ਆਉਣ ਵਾਲੀਆਂ ਕਈ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ।

–ਵਿਜੇ ਕੁਮਾਰ
 


Bharat Thapa

Content Editor

Related News