ਸੰਸਦ ਦੇ 9 ਫਰਵਰੀ ਦੇ ਇਜਲਾਸ ’ਚ ਦਿਸੇ ਕੁਝ ਭਾਵਪੂਰਨ ਦ੍ਰਿਸ਼

02/11/2021 2:02:58 AM

ਸੰਸਦ ’ਚ ਸੱਤਾ ਧਿਰ ਅਤੇ ਵਿਰੋਧੀ ਪਾਰਟੀਅਾਂ ਦੇ ਦਰਮਿਆਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਰੀ ਗਰਮਾ-ਗਰਮੀ ਅਤੇ ਟਕਰਾਅ ਦੇ ਮਾਹੌਲ ਦੇ ਦਰਮਿਆਨ 9 ਫਰਵਰੀ ਨੂੰ ਸੁਖਾਵੀਂ ਹਵਾ ਦੇ ਬੁੱਲਿਅਾਂ ਵਰਗੇ ਕੁਝ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ।

ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ (ਕਾਂਗਰਸ) ਸਮੇਤ 4 ਮੈਂਬਰਾਂ ਦੀ ਵਿਦਾਈ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਲਾਬ ਨਬੀ ਆਜ਼ਾਦ ਨੇ ਇਕ ਦੂਸਰੇ ਦੀ ਖੁੱਲ੍ਹ ਕੇ ਸਿਫਤ ਕੀਤੀ ਅਤੇ ਆਜ਼ਾਦ ਦੇ ਨਾਲ ਆਪਣੀ ਪੁਰਾਣੀ ਦੋਸਤੀ ਦੇ ਕਿੱਸੇ ਸੁਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਅਾਂ ਅੱਖਾਂ ’ਚੋਂ 13 ਮਿੰਟ ਦੇ ਭਾਸ਼ਣ ’ਚ 3 ਵਾਰ ਅੱਥਰੂ ਛਲਕੇ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਉਸ ਸਮੇਂ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਅਤੇ ਗੁਲਾਬ ਨਬੀ ਆਜ਼ਾਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ ਤਾਂ ਅੱਤਵਾਦੀ ਹਮਲੇ ’ਚ ਗੁਜਰਾਤ ਦੇ ਕੁਝ ਸੈਲਾਨੀਅਾਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਨੇ ਸਭ ਤੋਂ ਪਹਿਲਾਂ ਮੈਨੂੰ ਹੁਬਕੀ ਇਸ ਤਰ੍ਹਾਂ ਰੋਂਦਿਅਾਂ ਹੋਇਅਾਂ ਦਿੱਤੀ ਸੀ ਜਿਵੇਂ ਉਹ ਇਨ੍ਹਾਂ ਦੇ ਆਪਣੇ ਹੀ ਪਿਆਰੇ ਹੋਣ।

ਅੱਖਾਂ ਪੂੰਝਦੇ ਹੋਏ ਉਹ ਬੋਲੇ, ‘‘ਸੱਤਾ ਤਾਂ ਆਉਂਦੀ-ਜਾਂਦੀ ਰਹਿੰਦੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਹੀ ਇਸ ਨੂੰ ਪਚਾਉਣਾ ਆਉਂਦਾ ਹੈ...। ਇਕ ਮਿੱਤਰ ਦੇ ਰੂਪ ’ਚ ਮੈਂ ਇਨ੍ਹਾਂ ਸਾਲਾਂ ’ਚ ਉਨ੍ਹਾਂ ਦੇ ਕੰਮਾਂ ਨੂੰ ਦੇਖ ਕੇ ਇਨ੍ਹਾਂ ਦਾ ਸਨਮਾਨ ਕਰਦਾ ਹਾਂ। ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ’ਤੇ ਰਹਿੰਦੇ ਹੋਏ ਇਨ੍ਹਾਂ ਨੇ ਕਦੇ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।’’

‘‘ਇਨ੍ਹਾਂ ਦੀ ਚੰਗਿਆਈ, ਨਿਮਰਤਾ ਅਤੇ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਸ਼ਲਾਘਾਯੋਗ ਹੈ। ਇਨ੍ਹਾਂ ਦੀ ਇਹ ਪ੍ਰਤੀਬੱਧਤਾ ਇਨ੍ਹਾਂ ਨੂੰ ਅੱਗੇ ਵੀ ਚੈਨ ਨਾਲ ਬੈਠਣ ਨਹੀਂ ਦੇਵੇਗੀ ਅਤੇ ਇਨ੍ਹਾਂ ਦੇ ਤਜਰਬਿਅਾਂ ਤੋਂ ਦੇਸ਼ ਲਾਭਵੰਦ ਹੁੰਦਾ ਰਹੇਗਾ। ਇਸ ਦੇ ਲਈ ਮੇਰੀ ਇਨ੍ਹਾਂ ਨੂੰ ਬੇਨਤੀ ਹੈ ਕਿ ਤੁਸੀਂ ਕਦੇ ਵੀ ਅਜਿਹਾ ਨਾ ਮੰਨਣਾ ਕਿ ਤੁਸੀਂ ਸਦਨ ’ਚ ਨਹੀਂ ਹੋ। ਮੇਰੇ ਦਰਵਾਜ਼ੇ ਹਮੇਸ਼ਾ ਤੁਹਾਡੇ ਲਈ ਖੁੱਲ੍ਹੇ ਹਨ। ਮੈਂ ਕਦੇ ਵੀ ਤੁਹਾਨੂੰ ਕਮਜ਼ੋਰ ਨਹੀਂ ਪੈਣ ਦੇਵਾਂਗਾ।’’

ਖੁਦ ਗੁਲਾਬ ਨਬੀ ਆਜ਼ਾਦ ਵੀ ਬੀਤੀਅਾਂ ਗੱਲਾਂ ਨੂੰ ਯਾਦ ਕਰ ਕੇ ਆਪਣੇ ਅੱਥਰੂ ਨਾ ਰੋਕ ਸਕੇ ਅਤੇ ਬੋਲੇ, ‘‘ਭਾਜਪਾ ਹਮੇਸ਼ਾ ਹੀ ਰਾਸ਼ਟਰਵਾਦੀ ਸਿਆਸਤ ਦਾ ਹਿੱਸਾ ਰਹੀ ਹੈ...ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ’ਚੋਂ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਏ ਪਰ ਜਦੋਂ ਮੈਂ ਪਾਕਿਸਤਾਨ ਦੀ ਹਾਲਤ ਦੇ ਬਾਰੇ ’ਚ ਪੜ੍ਹਦਾ ਹਾਂ ਤਾਂ ਮੈਨੂੰ ਮਾਣ ਹੁੰਦਾ ਹੈ ਅਤੇ ਮੈਂ ਆਪਣੇ ਹਿੰਦੋਸਤਾਨੀ ਮੁਸਲਮਾਨ ਹੋਣ ’ਤੇ ਖੁਦ ਨੂੰ ਕਿਸਮਤ ਵਾਲਾ ਮੰਨਦਾ ਹਾਂ।’’

‘‘ਪਿਛਲੇ 30-35 ਸਾਲਾਂ ’ਚ ਅਫਗਾਨਿਸਤਾਨ ਤੋਂ ਲੈ ਕੇ ਇਰਾਕ ਤਕ ਇਸਲਾਮਿਕ ਦੇਸ਼ ਆਪਸ ’ਚ ਲੜ-ਲੜ ਕੇ ਖੁਦ ਨੂੰ ਖਤਮ ਕਰਦੇ ਜਾ ਰਹੇ ਹਨ ਪਰ ਭਾਰਤ ’ਚ ਕੋਈ ਝਗੜਾ ਨਹੀਂ ਹੈ...ਕੋਈ ਹਿੰਦੂਤਵ ਨਹੀਂ ਹੈ...।’’

ਇਕ ਸ਼ੇਅਰ ਦੇ ਰਾਹੀਂ ਆਪਣੀਅਾਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ : ਬਦਲੇਗਾ ਨਾ ਮੇਰੇ ਬਾਅਦ ਵੀ ਮੌਜੂੰ ਏ ਗੁਫਤਗੂ,

ਮੈਂ ਜਾ ਚੁੱਕਾ ਹੋਊਂਗਾ ਫਿਰ ਵੀ ਤੇਰੀ ਮਹਫਿਲ ਮੇਂ ਰਹੂੰਗਾ।

ਆਜ਼ਾਦ ਦੇ ਇਸ ਭਾਸ਼ਣ ਦੇ ਬਾਅਦ ਭਾਜਪਾ ਦੇ ਨਾਲ ਉਨ੍ਹਾਂ ਦੇ ਭਾਵੀ ਰਿਸ਼ਤਿਅਾਂ ’ਤੇ ਚਰਚਾ ਸ਼ੁਰੂ ਹੋ ਗਈ। ਸਦਨ ’ਚ ਠਹਾਕਿਅਾਂ ਦੇ ਦਰਮਿਆਨ ਭਾਜਪਾ ਦੀ ਸਹਿਯੋਗੀ ਪਾਰਟੀ ‘ਆਰ. ਪੀ. ਆਈ.’ ਦੇ ਨੇਤਾ ਅਤੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ, ‘‘ਤੁਹਾਨੂੰ ਇਸ ਸਦਨ ’ਚ ਦੁਬਾਰਾ ਆਉਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕਾਂਗਰਸ ਇਥੇ ਨਹੀਂ ਲਿਆਉਂਦੀ ਤਾਂ ਅਸੀਂ ਲਿਆਉਣ ਲਈ ਤਿਆਰ ਹਾਂ। ਇਸ ’ਚ ਕੋਈ ਦਿੱਕਤ ਨਹੀਂ ਹੈ।’’

ਇਸੇ ਦਿਨ ਰਾਜ ਸਭਾ ਦੇ ਚੇਅਰਮੈਨ ਅਤੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸੁਝਾਅ ਦਿੱਤਾ, ‘‘ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਕੋਈ ਕਾਨੂੰਨ ਬਣਾਉਣ ਲਈ ਆਰਡੀਨੈਂਸ ਲਿਆਉਣ ਦੇ ਤਰੀਕੇ ਤੋਂ ਪ੍ਰਹੇਜ਼ ਕਰਨ ਤਾਂ ਇਹ ਬਹੁਤ ਚੰਗਾ ਹੋਵੇਗਾ। ਕਾਨੂੰਨ ਬਣਾਉਣ ਲਈ ਸਿਆਸੀ ਆਮ ਸਹਿਮਤੀ ਜ਼ਰੂਰੀ ਹੈ।

‘‘ਸਿਆਸੀ ਪਾਰਟੀਅਾਂ ਦੀ ਇਸ ਸੋਚ ਤੋਂ ਕੋਈ ਲਾਭ ਹੋਣਾ ਵਾਲਾ ਨਹੀਂ ਕਿ ਅੱਜ ਮੈਂ ਸੱਤਾ ’ਚ ਹਾਂ ਤਾਂ ਆਰਡੀਨੈਂਸ ਲਿਆ ਸਕਦਾ ਹਾਂ। ਸਰਕਾਰ ਨੂੰ ਕਾਨੂੰਨ ਬਣਾਉਣ ’ਚ ਜਿਥੋਂ ਤਕ ਸੰਭਵ ਹੋਵੇ ਵਿਧਾਨਿਕ ਪ੍ਰਕਿਰਿਆ ਨੂੰ ਹੀ ਅਪਣਾਉਣਾ ਚਾਹੀਦਾ ਹੈ।’’

9 ਫਰਵਰੀ ਨੂੰ ਹੀ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ਉਤੇ ਧੰਨਵਾਦ ਦੇ ਮਤੇ ’ਤੇ ਬੋਲਦੇ ਹੋਏ ਨੈਸ਼ਨਲ ਕਾਨਫਰੰਸ ਦੇ ਨੇਤਾ ਡਾ. ਫਾਰੂਕ ਅਬਦੁੱਲਾ ਬੋਲੇ : ‘‘ਭਗਵਾਨ ਰਾਮ ਤਾਂ ਪੂਰੇ ਵਿਸ਼ਵ ਦੇ ਹਨ ਅਤੇ ਜੇਕਰ ਉਹ ਵਿਸ਼ਵ ਦੇ ਹਨ ਤਾਂ ਸਾਡੇ ਸਾਰਿਅਾਂ ਦੇ ਹਨ। ਰਾਮ ਜਾਂ ਅੱਲ੍ਹਾ ਇਕ ਹੀ ਈਸ਼ਵਰ ਦੇ ਨਾਂ ਹਨ, ਜਿਨ੍ਹਾਂ ਦੇ ਸਾਹਮਣੇ ਅਸੀਂ ਝੁੱਕਦੇ ਹਾਂ। ਇਕ ਹੀ ਭਗਵਾਨ ਨੇ ਸਾਨੂੰ ਸਾਰਿਅਾਂ ਨੂੰ ਬਣਾਇਆ ਹੈ ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਮਾਨ। ਕੁਰਾਨ ਸਿਰਫ ਸਾਡਾ ਨਹੀਂ ਸਾਰਿਅਾਂ ਦਾ ਹੈ, ਬਾਈਬਲ ਸਾਰਿਅਾਂ ਦਾ ਹੈ।’’

ਮੈਂ ਮਸਜਿਦ ਜਾਂਦਾ ਹਾਂ, ਤੁਸੀਂ ਮੰਦਿਰ ’ਚ ਜਾਂਦੇ ਹੋ। ਕੁਝ ਲੋਕ ਚਰਚ ਤੇ ਕੁਝ ਗੁਰਦੁਆਰੇ ’ਚ ਜਾਂਦੇ ਹਨ। ਕੋਈ ਡਾਕਟਰ ਕਦੇ ਨਹੀਂ ਪੁੱਛਦਾ ਕਿ ਇਹ ਖੂਨ ਹਿੰਦੂ ਦਾ ਹੈ ਜਾਂ ਮੁਸਲਮਾਨ ਦਾ। ਅੱਲ੍ਹਾ ਅਤੇ ਭਗਵਾਨ ’ਚ ਫਰਕ ਕੀਤਾ ਤਾਂ ਦੇਸ਼ ਟੁੱਟ ਜਾਵੇਗਾ।\\\"

ਨਵੇਂ ਖੇਤੀਬਾੜੀ ਕਾਨੂੰਨਾਂ ’ਤੇ ਉਨ੍ਹਾਂ ਨੇ ਕਿਹਾ,‘‘ਸਾਨੂੰ ਇਸ ਨੂੰ ਵੱਕਾਰ ਦਾ ਸਵਾਲ ਨਹੀਂ ਬਣਾਉਣਾ ਨਹੀਂ ਚਾਹੀਦਾ। ਅਸੀਂ ਸਾਰੇ ਇਸ ਦੇਸ਼ ਦੇ ਹਾਂ । ਸਾਨੂੰ ਹਰ ਦੇਸ਼ ਵਾਸੀ ਦਾ ਸਨਮਾਨ ਕਰਨਾ ਚਾਹੀਦਾ ਹੈ।\\\" ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਹੱਲ ਦੇ ਨਾਲ ਅੱਗੇ ਆਓ। ‘‘ਖੇਤੀਬਾੜੀ ਕਾਨੂੰਨ ਕੋਈ ‘ਖੁਦਾਈ ਕਿਤਾਬ’ (ਈਸ਼ਵਰੀ ਰਚਨਾ) ਨਹੀਂ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਕਾਨੂੰਨ ਅਸੀਂ ਬਣਾਇਆ ਹੈ। ਜੇਕਰ ਕਿਸਾਨ ਇਸ ਨੂੰ ਖਤਮ ਕਰਵਾਉਣਾ ਚਾਹੁੰਦੇ ਹਨ ਤਾਂ ਤੁਸੀਂ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰ ਸਕਦੇ!’’

ਸੰਸਦ ਦੇ ਦੋਵਾਂ ਸਦਨਾਂ ’ਚ 9 ਫਰਵਰੀ ਨੂੰ ਕਹੀਅਾਂ ਗਈਅਾਂ ਇਹ ਗੱਲਾਂ ਸੱਚਮੁਚ ਹੀ ਹੈਰਾਨ ਕਰਨ ਵਾਲੀਅਾਂ ਹਨ ਪਰ ਸਵਾਲ ਤਾਂ ਇਹ ਹੈ ਕਿ ਸੰਸਦ ’ਚ ਜਿਹੋ ਜਿਹੀ ਭਾਈਚਾਰਕ ਸਾਂਝ 9 ਫਰਵਰੀ ਨੂੰ ਦੇਖਣ ਨੂੰ ਮਿਲੀ, ਕੀ ਉਹ ਅੱਗੇ ਵੀ ਜਾਰੀ ਰਹੇਗੀ ਜਾਂ ਇਕ ਅਪਵਾਦ ਅਤੇ ਸੁਹਾਣੀ ਯਾਦ ਬਣ ਕੇ ਹੀ ਰਹਿ ਜਾਵੇਗੀ।

–ਵਿਜੇ ਕੁਮਾਰ


Bharat Thapa

Content Editor

Related News