ਕੁਝ ਪੁਲਸ ਅਧਿਕਾਰੀ ਜੋ ਆਪਣੀਆਂ ਕਰਤੂਤਾਂ ਨਾਲ ਕਰ ਰਹੇ ‘ਵਰਦੀ ਨੂੰ ਦਾਗਦਾਰ’
Thursday, Jun 30, 2022 - 12:44 AM (IST)

ਹਾਲਾਂਕਿ ਪੁਲਸ ਵਿਭਾਗ ’ਤੇ ਦੇਸ਼ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਤੋਂ ਅਨੁਸ਼ਾਸਿਤ ਅਤੇ ਫਰਜ਼ ਨਿਭਾਉਣ ਵਾਲੇ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ਦੇ ਕਈ ਪੁਲਸ ਮੁਲਾਜ਼ਮ ਰਿਸ਼ਵਤਖੋਰੀ, ਸੈਕਸ ਸ਼ੋਸ਼ਣ ਆਦਿ ’ਚ ਸ਼ਾਮਲ ਪਾਏ ਜਾ ਰਹੇ ਹਨ ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ (ਇਸੇ ਮਹੀਨੇ ਦੀਆਂ) ਹੇਠਾਂ ਦਰਜ ਹਨ :
* 1 ਜੂਨ ਨੂੰ ਜੌਨਪੁਰ (ਉੱਤਰ ਪ੍ਰਦੇਸ਼) ਦੇ ‘ਸੁਰੇਰੀ’ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਹੈਦਰ ਅਲੀ ਨੂੰ ਜ਼ਮੀਨ ਵਿਵਾਦ ਦੇ ਮੁਕੱਦਮੇ ’ਚੋਂ ਇਕ ਮੁਲਜ਼ਮ ਦਾ ਨਾਂ ਕੱਢਣ ਦੇ ਬਦਲੇ ’ਚ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
* 2 ਜੂਨ ਨੂੰ ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਦੇ ‘ਜਾਰਚਾ’ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਯੋਗੇਂਦਰ ਯਾਦਵ ਨੂੰ ਇਕ ਝਗੜੇ ਦੇ ਕੇਸ ’ਚ ਫੈਸਲਾ ਹੋਣ ਦੇ ਬਾਅਦ ਵੀ ਇਕ ਧਿਰ ਕੋਲੋਂ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ ਗਿਆ।
* 3 ਜੂਨ ਨੂੰ ਹਮੀਰਪੁਰ (ਉੱਤਰ ਪ੍ਰਦੇਸ਼) ਦੇ ਜਲਾਲਪੁਰ ’ਚ ਫੜੀ ਗਈ ਗੁਟਕਾ ਫੈਕਟਰੀ ਦੇ ਮੁਲਜ਼ਮ ਦਾ ਕੇਸ ਹਲਕਾ ਕਰਨ ਦੇ ਬਦਲੇ 50,000 ਰੁਪਏ ਮੰਗਣ ਦੇ ਦੋਸ਼ ’ਚ ਐਂਟੀ ਕੁਰੱਪਸ਼ਨ ਟੀਮ ਨੇ ਇਕ ਥਾਣੇਦਾਰ ਨੂੰ ਫੜਿਆ।
* 14 ਜੂਨ ਨੂੰ ਮੱਧ ਪ੍ਰਦੇਸ਼ ਪੁਲਸ ਦੇ ਸਿਪਾਹੀ ਦੇ ਵਿਰੁੱਧ ਿਵਆਹ ਦਾ ਝਾਂਸਾ ਦੇ ਕੇ ਆਪਣੀ ਮੰਗੇਤਰ ਨਾਲ ਲਗਾਤਾਰ ਜਬਰ-ਜ਼ਨਾਹ ਕਰਨ ਅਤੇ ਫਿਰ ਵਿਆਹ ਦੇ ਵਾਅਦੇ ਤੋਂ ਮੁੱਕਰ ਜਾਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕੀਤੀ ਗਈ।
* 15 ਜੂਨ ਨੂੰ ਲਖਨਊ ਦੇ ਚਿਨਹਟ ਥਾਣੇ ’ਚ ਤਾਇਨਾਤ ਥਾਣੇਦਾਰ ਪ੍ਰਦੀਪ ਯਾਦਵ ਨੂੰ ਕੁੱਟਮਾਰ ਦੇ ਮਾਮਲੇ ’ਚ ਧਾਰਾ ਵਧਾਉਣ ਦੇ ਨਾਂ ’ਤੇ ਸ਼ਿਕਾਇਤਕਰਤਾ ਕੋਲੋਂ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।
* 21 ਜੂਨ ਨੂੰ ਫਰੀਦਕੋਟ (ਪੰਜਾਬ) ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ’ਚ ਤਾਇਨਾਤ ਇਕ ਹਵਲਦਾਰ ਉੱਤਮਜੀਤ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ।
* 23 ਜੂਨ ਨੂੰ ਮੰਡੀ ਗੋਬਿੰਦਗੜ੍ਹ ਪੁਲਸ ਥਾਣਾ ਦੇ ਇਕ ਏ. ਐੱਸ. ਆਈ. ਗੁਰਭੇਜ ਸਿੰਘ ਅਤੇ ਹਵਲਦਾਰ ਗਿਆਨ ਸਿੰਘ ’ਤੇ ਵਿਜੀਲੈਂਸ ਵਿਭਾਗ ਫਤਿਹਗੜ੍ਹ ਸਾਹਿਬ ਨੇ 50,000 ਰੁਪਏ ਰਿਸ਼ਵਤ ਮੰਗਣ ਦੇ ਮਾਮਲੇ ’ਚ ਕੇਸ ਦਰਜ ਕੀਤਾ।
* 24 ਜੂਨ ਨੂੰ ਫਤਿਹਾਬਾਦ ਪੁਲਸ ਨੇ ਹਰਿਆਣਾ ਪੁਲਸ ਦੇ ਇਕ ਹੋਮਗਾਰਡ ਵਿਰੁੱਧ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।
* 24 ਜੂਨ ਨੂੰ ਹੀ ਸਾਰਣ (ਬਿਹਾਰ) ਜ਼ਿਲੇ ਦੇ ਇਕ ਪੁਲਸ ਥਾਣੇਦਾਰ ਪ੍ਰਭਾਕਰ ਭਾਰਤੀ ਨੂੰ ਇਕ ਮਾਮਲੇ ’ਚ ਸ਼ਿਕਾਇਤ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਰਿਸ਼ਵਤ ਦੇ ਰੂਪ ’ਚ ਸ਼ਿਕਾਇਤਕਰਤਾ ਕੋਲੋਂ ਆਪਣੀ ਐਕਸ. ਯੂ. ਵੀ. ਕਾਰ ਦੀ ਮੁਰੰਮਤ ਦਾ ਸਾਮਾਨ (ਕੰਪ੍ਰੈਸ਼ਰ, ਕੰਡੈਂਸਰ ਅਤੇ ਕੂਲਿੰਗ ਕੁਆਇਲ) ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਸਾਮਾਨ ਦੀ ਕੀਮਤ ਲਗਭਗ 26,751 ਰੁਪਏ ਦੱਸੀ ਜਾਂਦੀ ਹੈ।
* 25 ਜੂਨ ਨੂੰ ਕਾਨਪੁਰ ’ਚ ਇਕ ਹੋਮਗਾਰਡ ਨਾਲ ਮਿਲ ਕੇ 2 ਕਾਰੋਬਾਰੀਆਂ ਨੂੰ ਸੈਕਸ ਰੈਕੇਟ ’ਚ ਫਸਾ ਕੇ ਕੁੱਟਣ ਅਤੇ ਉਨ੍ਹਾਂ ਦੇ ਘਰੋਂ ਲੱਖਾਂ ਦੇ ਗਹਿਣੇ ਲੁੱਟ ਕੇ ਲਿਜਾਣ ਅਤੇ ਬਾਅਦ ’ਚ ਵਾਪਸ ਕਰਨ ਦੇ ਬਦਲੇ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਮਹਿਲਾ ਥਾਣੇਦਾਰ ਭੁਵਨੇਸ਼ਵਰੀ ਦੇਵੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਨ ਦੇ ਬਾਅਦ ਮੁਅੱਤਲ ਕੀਤਾ ਗਿਆ।
* 28 ਜੂਨ ਨੂੰ ਜੈਪੁਰ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਜੈਪੁਰ ਦੀ ਟੀਮ ਨੇ ਕੋਤਵਾਲੀ ਥਾਣੇ ’ਚ ਤਾਇਨਾਤ ਕਾਂਸਟੇਬਲ ‘ਸਹੀ ਰਾਮ’ ਨੂੰ ਸ਼ਿਕਾਇਤਕਰਤਾ ਕੋਲੋਂ 25,000 ਰੁਪਏ ਲੈਣ ਦੇ ਦੋਸ਼ ’ਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* ਅਤੇ ਹੁਣ 28 ਜੂਨ ਨੂੰ ਸੂਬਾ ਵਿਜੀਲੈਂਸ ਟੀਮ ਕਰਨਾਲ ਨੇ ਸੈਕਟਰ 32-33 ਥਾਣਾ ਦੀ ਏ. ਐੱਸ. ਆਈ. ਸਰਿਤਾ ਰਾਣੀ ਨੂੰ ਇਕ ਵਿਅਕਤੀ ਅਤੇ ਉਸ ਦੇ ਬੇਟੇ ਦੇ ਵਿਰੁੱਧ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਜਬਰ-ਜ਼ਨਾਹ ਦੇ ਕੇਸ ਦੀਆਂ ਧਾਰਾਵਾਂ ਖਤਮ ਕਰਨ ਦੇ ਬਦਲੇ ’ਚ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ।
ਸਰਿਤਾ ਰਾਣੀ ਇਕ ਕੇਸ ’ਚ ਜਾਂਚ ਅਧਿਕਾਰੀ ਸੀ ਜਿਸ ’ਚ ਇਕ ਔਰਤ ਨੇ ਆਪਣੇ ਪਤੀ ਅਤੇ ਸਹੁਰੇ ’ਤੇ ਦਾਜ ਦੀ ਮੰਗ ਕਰਨ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਸੀ।
ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸਚਿਨ ਦੇ ਅਨੁਸਾਰ, ‘‘ਸ਼ੁਰੂ ’ਚ ਇਸ ਅਧਿਕਾਰੀ ਨੇ ਕੇਸ ਦਾ ਨਿਪਟਾਰਾ ਕਰਨ ਲਈ 8 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਕਿਹਾ ਕਿ 4 ਲੱਖ ਰੁਪਏ ਪਹਿਲਾਂ ਦੇਣੇ ਹਨ ਅਤੇ 4 ਲੱਖ ਕੰਮ ਹੋਣ ਦੇ ਬਾਅਦ।
ਸ਼ਿਕਾਇਤ ਦੇ ਬਾਅਦ ਵਿਜੀਲੈਂਸ ਨੇ ਟੀਮ ਗਠਿਤ ਕਰ ਕੇ ਸ਼ਿਕਾਇਤਕਰਤਾ ਨੂੰ ਕੈਮੀਕਲ ਲੱਗੇ ਹੋਏ 4 ਲੱਖ ਰੁਪਏ ਦਿੱਤੇ। ਜਿਵੇਂ ਹੀ ਉਸ ਨੇ ਏ. ਐੱਸ. ਆਈ. ਸਰਿਤਾ ਨੂੰ 4 ਲੱਖ ਰੁਪਏ ਦਿੱਤੇ, ਉਦੋਂ ਹੀ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਉਸ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਿਭਾਗ ਦੇ ਕੁਝ ਅਧਿਕਾਰੀ ਅੱਜ ਕਿਸ ਤਰ੍ਹਾਂ ਆਪਣੇ ਮਾਰਗ ਤੋਂ ਭਟਕ ਕੇ ਸਮੁੱਚੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।
ਇਸ ਲਈ ਅਜਿਹੇ ਮੁਲਾਜ਼ਮਾਂ ਦੇ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦਾ ਹਸ਼ਰ ਦੇਖ ਕੇ ਹੋਰ ਪੁਲਸ ਮੁਲਾਜ਼ਮਾਂ ਨੂੰ ਨਸੀਹਤ ਮਿਲੇ ਅਤੇ ਉਹ ਅਜਿਹੇ ਕਾਰੇ ਕਰਨ ਤੋਂ ਦੂਰ ਰਹਿਣ।
–ਵਿਜੇ ਕੁਮਾਰ