ਸ਼੍ਰੀ ''ਅਟਲ'' ਜੀ ਦੀਆਂ ਕੁਝ ਹੋਰ ''ਪ੍ਰੇਰਕ ਯਾਦਾਂ''

08/21/2018 7:15:25 AM

ਭਾਰਤ ਦੇ ਸਭ ਤੋਂ ਹਰਮਨਪਿਆਰੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦਾ ਅਤਿਮ ਸੰਸਕਾਰ ਅਤੇ ਉਨ੍ਹਾਂ ਦੀਆਂ ਅਸਥੀਆਂ ਗੰਗਾ ਦੀ ਗੋਦ ਵਿਚ ਸਮਾ ਚੁੱਕੀਆਂ ਹਨ ਪਰ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਜਗ੍ਹਾ-ਜਗ੍ਹਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਦੀਆਂ ਕੁਝ ਹੋਰ ਯਾਦਾਂ ਅਸੀਂ ਇਥੇ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ :
* 1965 ਵਿਚ ਜਦੋਂ ਚੀਨ ਨੇ ਭਾਰਤੀ ਫੌਜ ਦੇ ਜਵਾਨਾਂ 'ਤੇ ਤਿੱਬਤ ਦੇ ਚਰਵਾਹਿਆਂ ਦੀਆਂ 800 ਭੇਡਾਂ ਅਤੇ 59 ਯਾਕ ਚੋਰੀ ਕਰਨ ਦਾ ਦੋਸ਼ ਲਾਇਆ ਅਤੇ ਗੰਭੀਰ ਨਤੀਜਿਆਂ ਦੀ ਧਮਕੀ ਦਿੰਦਿਆਂ ਆਪਣੇ ਜਾਨਵਰ ਭਾਰਤ ਤੋਂ ਵਾਪਿਸ ਮੰਗੇ ਤਾਂ ਵਾਜਪਾਈ ਜੀ, ਜੋ ਉਦੋਂ ਐੱਮ. ਪੀ. ਸਨ, ਦਿੱਲੀ ਵਿਚ ਚੀਨੀ ਦੂਤਘਰ ਵਿਚ ਭੇਡਾਂ ਦਾ ਝੁੰਡ ਲੈ ਕੇ ਚਲੇ ਗਏ ਸਨ। 
* ਵਾਜਪਾਈ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਗਵਾਲੀਅਰ ਵਿਚ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਬਚਪਨ ਦੇ ਮਿੱਤਰਾਂ ਨੂੰ ਮਿਲਣ ਆਉਂਦੇ ਸਨ। ਜਦੋਂ ਭਾਜਪਾ ਨੇਤਾ ਰਾਜਮਾਤਾ ਵਿਜੇਰਾਜੇ ਸਿੰਧੀਆ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵਾਜਪਾਈ ਜੀ ਨੂੰ ਸੁਨੇਹਾ ਭਿਜਵਾਇਆ ਕਿ ਤੁਸੀਂ ਗਵਾਲੀਅਰ ਆਉਣ 'ਤੇ ਮੈਨੂੰ ਸੂਚਿਤ ਕਰ ਦਿਆ ਕਰੋ, ਮੈਂ ਡਰਾਈਵਰ ਨਾਲ ਕਾਰ ਤੁਹਾਡੇ ਆਉਣ-ਜਾਣ ਲਈ ਭਿਜਵਾ ਦਿਆ ਕਰਾਂਗੀ।
* ਵਾਜਪਾਈ ਜੀ ਕਿਸੇ ਦੇ ਦਿਲ ਨੂੰ ਵੀ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ। ਕਾਂਗਰਸ ਦੇ ਰਾਜ ਵਿਚ ਵਿਦੇਸ਼ ਮੰਤਰੀ ਅਤੇ ਡਿਪਲੋਮੇਟ ਰਹੇ ਕੁੰਵਰ ਨਟਵਰ ਸਿੰਘ ਅਨੁਸਾਰ, ''2001 ਵਿਚ ਇਕ ਸਰਵ ਪਾਰਟੀ ਮੀਟਿੰਗ ਵਿਚ ਸ਼੍ਰੀ ਵਾਜਪਾਈ ਨੇ ਜਦੋਂ ਇਰਾਕ ਸਬੰਧੀ ਭਾਰਤੀ ਨੀਤੀ ਦੀਆਂ ਖਾਸੀਅਤਾਂ ਦੱਸੀਆਂ ਤਾਂ ਮੈਂ ਉਨ੍ਹਾਂ ਦੀਆਂ ਗੱਲਾਂ ਦਾ ਖੰਡਨ ਕਰ ਦਿੱਤਾ।''
''ਇਸ 'ਤੇ ਸ਼੍ਰੀ ਵਾਜਪਾਈ ਨੇ ਕਿਹਾ ਕਿ 'ਨਟਵਰ ਸਿੰਘ ਜੀ ਨੂੰ ਆਦਤ ਹੈ ਸਾਡੀ ਨੀਤੀ ਦੀ ਆਲੋਚਨਾ ਕਰਨ ਦੀ।' ਮੈਂ ਉਨ੍ਹਾਂ ਦੀ ਗੱਲ ਦਾ ਜਵਾਬ ਦੇ ਸਕਦਾ ਸੀ ਪਰ ਚੁੱਪ ਰਿਹਾ। ਉਸ ਤੋਂ 3 ਦਿਨਾਂ ਬਾਅਦ ਜਦੋਂ ਮੈਂ 7-ਰੇਸਕੋਰਸ ਰੋਡ 'ਚ ਇਕ ਮੀਟਿੰਗ ਵਿਚ ਹਿੱਸਾ ਲੈ ਕੇ ਵਾਪਿਸ ਆ ਰਿਹਾ ਸੀ ਤਾਂ ਇਕ ਵਿਅਕਤੀ ਮੇਰੇ ਪਿੱਛੇ ਭੱਜਦਾ ਹੋਇਆ ਆਇਆ ਤੇ ਬੋਲਿਆ—ਤੁਹਾਨੂੰ ਪ੍ਰਧਾਨ ਮੰਤਰੀ ਜੀ ਨੇ ਬੁਲਾਇਆ ਹੈ।''
''ਜਦੋਂ ਮੈਂ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਨੇ ਮੈਨੂੰ ਜੋ ਕੁਝ ਕਿਹਾ, ਉਸ ਨਾਲ ਮੈਂ ਹਮੇਸ਼ਾ ਲਈ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ। ਉਨ੍ਹਾਂ ਕਿਹਾ ਕਿ ਉਸ ਦਿਨ ਮੈਂ ਤੁਹਾਨੂੰ ਇੰਨਾ ਕੁਝ ਕਹਿ ਦਿੱਤਾ, ਜੋ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ। ਕ੍ਰਿਪਾ ਕਰ ਕੇ ਇਸ ਨੂੰ ਦਿਲ 'ਤੇ ਨਾ ਲਓ।''
* 6 ਪ੍ਰਧਾਨ ਮੰਤਰੀ ਨਾਗਾਲੈਂਡ ਦੇ ਦੌਰੇ 'ਤੇ ਗਏ  ਹਨ ਪਰ ਕਿਸੇ ਨੇ ਵੀ ਉਥੇ ਇੰਨੀ ਹਰਮਨਪਿਆਰਤਾ ਹਾਸਿਲ ਨਹੀਂ ਕੀਤੀ, ਜਿੰਨੀ ਸ਼੍ਰੀ ਵਾਜਪਾਈ ਨੇ। 2003 ਵਿਚ ਉਨ੍ਹਾਂ ਦੇ ਕੋਹਿਮਾ ਦੌਰੇ ਦੌਰਾਨ ਜਦੋਂ ਖਰਾਬ ਮੌਸਮ ਕਾਰਨ ਹੈਲੀਕਾਪਟਰ ਰਾਹੀਂ ਕੋਹਿਮਾ ਤੋਂ ਦੀਮਾਪੁਰ ਜਾਣਾ ਸੰਭਵ ਨਹੀਂ ਰਿਹਾ ਤਾਂ ਸ਼੍ਰੀ ਵਾਜਪਾਈ ਤੁਰੰਤ ਬੋਲੇ, ''ਸੜਕ ਰਸਤੇ ਚੱਲਦੇ ਹਾਂ।'' 
ਉਬੜ-ਖਾਬੜ ਸੜਕ 'ਤੇ ਕੋਹਿਮਾ ਤੋਂ ਦੀਮਾਪੁਰ ਜਾਂਦਿਆਂ ਹਿਚਕੋਲੇ ਲੱਗਣ 'ਤੇ ਉਨ੍ਹਾਂ ਨੇ ਤੁਰੰਤ ਕੋਹਿਮਾ-ਦੀਮਾਪੁਰ ਸੜਕ ਨੂੰ ਫੋਰ ਲੇਨ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ, ਜਿਸ ਨਾਲ ਨਾਗਾ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। 
* ਸ਼੍ਰੀ ਵਾਜਪਾਈ ਦੇ ਕੋਲਕਾਤਾ ਵਿਚ ਸੰਘ ਦੇ ਦਿਨਾਂ ਵਾਲੇ ਸਾਥੀ ਘਨਸ਼ਿਆਮ ਬੇਰੀਵਾਲ ਦੇ ਸਪੁੱਤਰ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨਾਲ ਅਕਸਰ ਉਨ੍ਹਾਂ ਨੂੰ ਮਿਲਣ ਦਿੱਲੀ ਜਾਂਦੇ ਸਨ ਅਤੇ ਇਕ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਉਹ ਆਪਣੇ ਮਹਿਮਾਨਾਂ ਦੀ ਖਾਤਿਰਦਾਰੀ ਦਾ ਪੂਰਾ ਖਿਆਲ ਰੱਖਦੇ ਸਨ। 
ਇਕ ਵਾਰ ਜਦੋਂ ਅਸੀਂ ਉਥੇ ਗਏ, ਤਾਂ ਉਨ੍ਹਾਂ ਨੇ ਸਾਨੂੰ ਇਕ ਮਿੰਟ ਬੈਠਣ ਲਈ ਕਿਹਾ ਤੇ ਖ਼ੁਦ ਅੰਦਰ ਚਲੇ ਗਏ। ਜਦੋਂ ਉਹ 15 ਮਿੰਟਾਂ ਤਕ ਨਹੀਂ ਪਰਤੇ ਤਾਂ ਮੈਂ ਇਹ ਦੇਖਣ ਅੰਦਰ ਚਲਾ ਗਿਆ ਕਿ ਮਾਜਰਾ ਕੀ ਹੈ ਅਤੇ ਜੋ ਕੁਝ ਮੈਂ ਦੇਖਿਆ, ਉਸ ਤੋਂ ਹੈਰਾਨ ਰਹਿ ਗਿਆ। 
ਭਾਰਤ ਦਾ ਪ੍ਰਧਾਨ ਮੰਤਰੀ ਖ਼ੁਦ ਸਾਡੇ ਲਈ ਚਾਹ ਬਣਾ ਰਿਹਾ ਸੀ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, ''ਜਦੋਂ ਮੈਂ ਤੁਹਾਡੇ ਘਰ ਜਾਂਦਾ ਹਾਂ ਤਾਂ ਨੂੰਹਾਂ ਮੇਰੇ ਲਈ ਚਾਹ ਬਣਾਉਂਦੀਆਂ ਹਨ, ਮੈਂ ਵੀ ਉਹੀ ਕਰ ਰਿਹਾ ਹਾਂ।''
* ਦਿੱਲੀ ਮੈਟਰੋ ਯੋਜਨਾ ਦੇ ਨੀਂਹ-ਪੱਥਰ ਅਤੇ ਉਦਘਾਟਨ ਵਿਚ ਸ਼੍ਰੀ ਵਾਜਪਾਈ ਦੀ ਜ਼ਿਕਰਯੋਗ ਭੂਮਿਕਾ ਸੀ। ਸ਼ਾਹਦਰਾ ਮੈਟਰੋ ਸਟੇਸ਼ਨ ਤੋਂ ਤੀਸਹਜ਼ਾਰੀ ਤਕ ਪਹਿਲੀ ਦਿੱਲੀ ਮੈਟਰੋ ਟ੍ਰੇਨ ਨੂੰ ਝੰਡੀ ਦੇ ਕੇ ਵਿਦਾ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ। 
* ਫਿਲਮ ਅਭਿਨੇਤਾ ਸ਼ਾਹਰੁਖ਼ ਖਾਨ ਅਨੁਸਾਰ ਬਚਪਨ ਵਿਚ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਦਿੱਲੀ ਵਿਚ ਸ਼੍ਰੀ ਵਾਜਪਾਈ ਦਾ ਭਾਸ਼ਣ ਸੁਣਾਉਣ ਲਈ ਜ਼ਰੂਰ ਲੈ ਕੇ ਜਾਂਦੇ ਸਨ ਅਤੇ ਵੱਡਾ ਹੋਣ 'ਤੇ ਸ਼ਾਹਰੁਖ ਨੂੰ ਕਈ ਵਾਰ ਉਨ੍ਹਾਂ ਨੂੰ ਮਿਲਣ ਅਤੇ ਕਵਿਤਾਵਾਂ, ਫਿਲਮਾਂ, ਸਿਆਸਤ ਅਤੇ ਗੋਡਿਆਂ ਦੀ ਤਕਲੀਫ ਬਾਰੇ ਚਰਚਾ ਕਰਨ ਦਾ ਮੌਕਾ ਮਿਲਿਆ। ਸ਼ਾਹਰੁਖ ਅਨੁਸਾਰ ਘਰ ਵਿਚ ਉਨ੍ਹਾਂ ਨੂੰ ਸਾਰੇ 'ਬਾਪ ਜੀ' ਕਹਿ ਕੇ ਬੁਲਾਉਂਦੇ ਸਨ। 
ਕੁਝ ਅਜਿਹੀਆਂ ਹਨ ਸ਼੍ਰੀ ਅਟਲ ਬਿਹਾਰੀ ਵਾਜਪਾਈ  ਜੀ ਦੀਆਂ ਉਕਤ ਯਾਦਾਂ। ਅਜਿਹੀਆਂ ਪਤਾ ਨਹੀਂ ਕਿੰਨੀਆਂ ਯਾਦਾਂ ਵਾਜਪਾਈ ਜੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਛੱਡ ਗਏ ਹਨ, ਜੋ ਹਮੇਸ਼ਾ ਸ਼੍ਰੀ ਵਾਜਪਾਈ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ।                                  —ਵਿਜੇ ਕੁਮਾਰ


Related News