ਆਦਿੱਤਿਆ ਠਾਕਰੇ ਨੂੰ ਚੋਣਾਂ ’ਚ ਉਤਾਰਨਾ ਸ਼ਿਵ ਸੈਨਾ ਦਾ ਸੱਤਾ ਹਾਸਿਲ ਕਰਨਾ ਉਦੇਸ਼

10/04/2019 1:18:34 AM

21 ਅਕਤੂਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਸ਼ੁਰੂਆਤੀ ਤਣਾਅ ਤੋਂ ਬਾਅਦ ਸਹਿਮਤੀ ਬਣ ਗਈ ਹੈ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ 2014 ਦੀਆਂ ਚੋਣਾਂ ’ਚ ਪਹਿਲੀ ਵਾਰ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਸ਼ਿਵ ਸੈਨਾ-ਭਾਜਪਾ ਦੇ ਸਬੰਧਾਂ ’ਚ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ, ਜਿਸ ’ਤੇ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਦਾ ਕਹਿਣਾ ਹੈ ਕਿ :

‘‘ਲੋਕ ਕਹਿੰਦੇ ਹਨ ਕਿ ਮੈਂ 2014 ਦੀਆਂ ਚੋਣਾਂ ਤੋਂ ਬਾਅਦ ਯੂ-ਟਰਨ ਲਿਆ ਹੈ ਪਰ ਮੈਂ ਚਾਹੇ ਯੂ-ਟਰਨ ਲਵਾਂ ਜਾਂ ਪੀ-ਟਰਨ ਲਵਾਂ ਜਾਂ ਜ਼ੈੱਡ-ਟਰਨ ਲਵਾਂ, ਲੋਕ ਇਸ ’ਤੇ ਸਵਾਲ ਉਠਾਉਣ ਵਾਲੇ ਕੌਣ ਹੁੰਦੇ ਹਨ? ਮੇਰੇ ਸ਼ਿਵ ਸੈਨਿਕ ਹੀ ਮੇਰੀ ਤਾਕਤ ਹਨ।’’

1966 ’ਚ ਸਵ. ਬਾਲ ਠਾਕਰੇ ਵਲੋਂ ‘ਸ਼ਿਵ ਸੈਨਾ’ ਦਾ ਗਠਨ ਕਰਨ ਤੋਂ ਬਾਅਦ ਹੁਣ ਤਕ ਠਾਕਰੇ ਪਰਿਵਾਰ ਦੇ ਕਿਸੇ ਮੈਂਬਰ ਨੇ ਨਾ ਕੋਈ ਚੋਣ ਲੜੀ ਤੇ ਨਾ ਹੀ ਸਰਕਾਰ ’ਚ ਕੋਈ ਅਹੁਦਾ ਲਿਆ ਪਰ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਇਕ ਦਿਨ ਕਿਸੇ ਸ਼ਿਵ ਸੈਨਿਕ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣਗੇ।

ਸ਼ਾਇਦ ਇਸੇ ਲਈ ਚੋਣਾਂ ਨਾ ਲੜਨ ਦੀ ਠਾਕਰੇ ਪਰਿਵਾਰ ਦੀ 53 ਸਾਲ ਪੁਰਾਣੀ ਰਵਾਇਤ ਨੂੰ ਤੋੜਦਿਆਂ ਇਨ੍ਹਾਂ ਚੋਣਾਂ ’ਚ ਊਧਵ ਠਾਕਰੇ ਨੇ ਆਪਣੇ ਵੱਡੇ ਬੇਟੇ ਆਦਿੱਤਿਆ ਠਾਕਰੇ ਨੂੰ ਵਰਲੀ ਤੋਂ ਉਮੀਦਵਾਰ ਬਣਾਇਆ ਹੈ ਅਤੇ ‘ਸ਼ਿਵ ਸੈਨਾ’ ਦੇ ਜਿੱਤਣ ਦੀ ਸਥਿਤੀ ’ਚ ਉਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਇਸ ਬਾਰੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ‘‘ਬੇਸ਼ੱਕ ਹੀ ਚੰਦਰਯਾਨ-2 ਤਕਨੀਕੀ ਕਾਰਨਾਂ ਕਰਕੇ ਚੰਦ ’ਤੇ ਨਹੀਂ ਉਤਰ ਸਕਿਆ ਪਰ ਆਦਿੱਤਿਆ (ਠਾਕਰੇ) ਇਕ ਉੱਗਦੇ ਸੂਰਜ ਵਾਂਗ ਹੈ, ਜੋ ਮੰਤਰਾਲੇ ਦੀ 6ਵੀਂ ਮੰਜ਼ਿਲ (ਮੁੱਖ ਮੰਤਰੀ ਦਾ ਦਫਤਰ) ਉੱਤੇ ਚਮਕੇਗਾ ਅਤੇ ਅਸੀਂ ਯਕੀਨੀ ਬਣਾਵਾਂਗੇ ਕਿ 24 ਅਕਤੂਬਰ ਨੂੰ ਆਦਿੱਤਿਆ ਉਥੇ ਪਹੁੰਚ ਜਾਵੇ।’’

ਰਾਊਤ ਦੇ ਉਕਤ ਬਿਆਨ ਤੋਂ ਸਪੱਸ਼ਟ ਹੈ ਕਿ ਠਾਕਰੇ ਪਰਿਵਾਰ ਦੀ ਤੀਜੀ ਪੀੜ੍ਹੀ ਰਿਮੋਟ ਕੰਟਰੋਲ ਨਾਲ ਨਹੀਂ, ਸਗੋਂ ਸਰਕਾਰ ’ਤੇ ਸਿੱਧਾ ਕੰਟਰੋਲ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਹੁਣੇ ਜਿਹੇ ਆਦਿੱਤਿਆ ਠਾਕਰੇ ਨੇ ਮਹਾਰਾਸ਼ਟਰ ’ਚ ਆਪਣੀ ਜਨ-ਸੰਪਰਕ ਮੁਹਿੰਮ ਵਜੋਂ ‘ਆਸ਼ੀਰਵਾਦ ਯਾਤਰਾ’ ਕੱਢੀ, ਜੋ ਬਹੁਤ ਸਫਲ ਰਹੀ ਸੀ ਤੇ 3 ਅਕਤੂਬਰ ਨੂੰ ਸ਼ਿਵ ਸੈਨਾ ਦੇ ਗੜ੍ਹ ਵਰਲੀ ਤੋਂ ਨਾਮਜ਼ਦਗੀ ਪੱਤਰ ਭਰਦਿਆਂ ਉਸ ਨੇ ਕਹਿ ਵੀ ਦਿੱਤਾ ਕਿ ‘‘ਛੇਤੀ ਹੀ ਮਹਾਰਾਸ਼ਟਰ ਨੂੰ ਸ਼ਿਵ ਸੈਨਾ ’ਚੋਂ ਮੁੱਖ ਮੰਤਰੀ ਮਿਲੇਗਾ।’’

ਦੂਜੇ ਪਾਸੇ ਭਾਜਪਾ ਦੇ ਸੂਬਾਈ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਕਿਹਾ ਹੈ ਕਿ ‘‘ਅਜਿਹਾ ਕੋਈ ਫੈਸਲਾ ਨਹੀਂ ਹੋਇਆ ਹੈ, ਪਹਿਲਾਂ ਚੋਣਾਂ ਹੋ ਜਾਣ।’’

ਸ਼ਿਵ ਸੈਨਾ ਦੇ ਕੁਝ ਆਗੂਆਂ ਵਲੋਂ ਪਹਿਲੀ ਵਾਰ ਠਾਕਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੁੱਖ ਮੰਤਰੀ ਦੇਖਣ ਦੀ ਇੱਛਾ ਬਾਰੇ ਉਨ੍ਹਾਂ ਕਿਹਾ, ‘‘ਆਪਣੇ ਨੇਤਾ ਦੇ ਉੱਚ ਅਹੁਦੇ ’ਤੇ ਪਹੁੰਚਣ ਦੀ ਇੱਛਾ ਰੱਖਣਾ ਕੁਦਰਤੀ ਹੀ ਹੈ।’’

ਬੇਸ਼ੱਕ ਦੋਹਾਂ ਪਾਰਟੀਆਂ ਵਿਚਾਲੇ ਸਮਝੌਤੇ ਅਤੇ ਆਦਿੱਤਿਆ ਨੂੰ ਮੁੱਖ ਮੰਤਰੀ ਜਾਂ ਉਪ-ਮੁੱਖ ਮੰਤਰੀ ਬਣਾਉਣ ਬਾਰੇ ਅਟਕਲਾਂ ਜ਼ੋਰਾਂ ’ਤੇ ਹਨ ਪਰ ਇਸ ਬਾਰੇ ਅਸਲੀ ਤਸਵੀਰ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਸਾਫ ਹੋਵੇਗੀ। ਸਿਆਸੀ ਆਬਜ਼ਰਵਰਾਂ ਮੁਤਾਬਿਕ ਠਾਕਰੇ ਪਰਿਵਾਰ ਵਲੋਂ ਆਦਿੱਤਿਆ ਨੂੰ ਚੋਣਾਂ ਲੜਵਾਉਣ ਦਾ ਉਦੇਸ਼ ਇਹ ਵੀ ਹੋ ਸਕਦਾ ਹੈ ਕਿ ਸ਼ਿਵ ਸੈਨਾ ਚੋਣਾਂ ਤੋਂ ਬਾਅਦ ਭਾਜਪਾ ਨਾਲ ਜ਼ਿਆਦਾ ਬਿਹਤਰ ਸਥਿਤੀ ’ਚ ਸੌਦੇਬਾਜ਼ੀ ਕਰ ਸਕੇ।

–ਵਿਜੇ ਕੁਮਾਰ


Bharat Thapa

Content Editor

Related News