ਅੱਤਵਾਦੀਆਂ ਦੀ ਸ਼ਰਮਨਾਕ ਹਾਰ: ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਨ ਜਾਂ ਇਮਰਾਨ ਖਾਨ, ਪਾਕਿ ਤੇ ਭਾਰਤ ਦੋਵਾਂ ਲਈ ਚੰਗੇ
Sunday, Feb 11, 2024 - 04:34 AM (IST)
8 ਫਰਵਰੀ ਨੂੰ ਪਾਕਿਸਤਾਨ ’ਚ ਹਿੰਸਾ, ਭੰਨ-ਤੋੜ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦਰਮਿਆਨ ਵੋਟਾਂ ਪਈਆਂ। ਮੁੱਖ ਮੁਕਾਬਲਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ-ਨਵਾਜ਼’ (ਪੀ.ਐੱਮ.ਐੱਲ.-ਐੱਨ.), ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ’ (ਪੀ.ਪੀ.ਪੀ.) ਅਤੇ ਇਮਰਾਨ ਖਾਨ ਦੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀ.ਟੀ.ਆਈ.) ਦਰਮਿਆਨ ਸੀ।
ਪਾਕਿ ਨੈਸ਼ਨਲ ਅਸੈਂਬਲੀ ਦੀਆਂ ਕੁੱਲ ਸੀਟਾਂ 336 ਹਨ। ਇਨ੍ਹਾਂ ’ਚੋਂ 265 ਸੀਟਾਂ ’ਤੇ ਵੋਟਾਂ ਪਈਆਂ ਜਦਕਿ ਇਕ ਸੀਟ ’ਤੇ ਵੋਟਿੰਗ ਟਾਲ ਦਿੱਤੀ ਗਈ ਅਤੇ 70 ਸੀਟਾਂ ਰਿਜ਼ਰਵ ਹਨ।
ਕਈ ਮਾਮਲਿਆਂ ’ਚ ਦੋਸ਼ੀ ਠਹਿਰਾਏ ਜਾਣ ਕਾਰਨ ਇਮਰਾਨ ਦੇ ਜੇਲ ’ਚ ਹੋਣ, ਚੋਣ ਕਮਿਸ਼ਨ ਵੱਲੋਂ ਪੀ.ਟੀ.ਆਈ. ’ਤੇ ਪਾਬੰਦੀ ਅਤੇ ਚੋਣ ਨਿਸ਼ਾਨ ‘ਕ੍ਰਿਕਟ ਦਾ ਬੱਲਾ’ ਖੋਹ ਲੈਣ ਕਾਰਨ ਉਨ੍ਹਾਂ ਦੇ ਉਮੀਦਵਾਰ ਆਜ਼ਾਦ ਚੋਣ ਲੜ ਰਹੇ ਸਨ।
ਚੋਣਾਂ ’ਚ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਮਦਦ ਕਰ ਰਹੀ ਫੌਜ ’ਤੇ ਧਾਂਦਲੀ ਦੇ ਦੋਸ਼ਾਂ ਦਰਮਿਆਨ ਐਲਾਨੇ ਨਤੀਜਿਆਂ ’ਚ ਇਮਰਾਨ ਖਾਨ ਹਮਾਇਤੀ ਆਜ਼ਾਦ ਉਮੀਦਵਾਰ 100 ਸੀਟਾਂ ’ਤੇ ਜਿੱਤ ਕੇ ਸਭ ਤੋਂ ਅੱਗੇ ਰਹੇ, ਜਦਕਿ ਨਵਾਜ਼ ਸ਼ਰੀਫ ਦੀ ਪਾਰਟੀ ਨੂੰ 71, ਬਿਲਾਵਲ ਭੁੱਟੋ ਦੀ ਪਾਰਟੀ ਨੂੰ 55 ਅਤੇ ਐੱਮ.ਕਿਊ.ਐੱਮ. ਨੂੰ 17 ਸੀਟਾਂ ਮਿਲੀਆਂ ਹਨ।
ਇਨ੍ਹਾਂ ਚੋਣਾਂ ’ਚ ਅੱਤਵਾਦੀ ਹਾਫਿਜ਼ ਸਈਦ ਦੇ ਉਮੀਦਵਾਰਾਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ’ਚ ਉਸ ਦਾ ਬੇਟਾ ਤਲਹਾ ਸਈਦ ਵੀ ਸ਼ਾਮਲ ਹੈ।
ਹਾਲਾਂਕਿ ਕਿਸੇ ਵੀ ਪਾਰਟੀ ਕੋਲ ਸਰਕਾਰ ਬਣਾਉਣ ਲਈ 134 ਦਾ ਅੰਕੜਾ ਨਹੀਂ ਹੈ ਪਰ ਸੱਤਾ ਦੇ ਦੋਵੇਂ ਦਾਅਵੇਦਾਰ ਨਵਾਜ਼ ਸ਼ਰੀਫ ਅਤੇ ਇਮਰਾਨ ਖਾਨ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ।
ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ‘‘ਚੋਣਾਂ ਪਿੱਛੋਂ ਪੀ.ਐੱਮ.ਐੱਲ. (ਐੱਨ.) ਅੱਜ ਸਭ ਤੋਂ ਵੱਡੀ ਪਾਰਟੀ ਹੈ। ਜਿਸ ਨੂੰ ਵੀ ਲੋਕਾਂ ਦਾ ਫਤਵਾ ਮਿਲਿਆ ਹੈ, ਭਾਵੇਂ ਉਹ ਆਜ਼ਾਦ ਹੋਵੇ ਜਾਂ ਪਾਰਟੀਆਂ, ਅਸੀਂ ਉਨ੍ਹਾਂ ਨੂੰ ਸਾਡੇ ਨਾਲ ਬੈਠਣ ਅਤੇ ਇਸ ਜ਼ਖਮੀ ਦੇਸ਼ ਨੂੰ ਆਪਣੇ ਪੈਰਾਂ ’ਤੇ ਫਿਰ ਤੋਂ ਖੜ੍ਹਾ ਹੋਣ ’ਚ ਸਹਾਇਤਾ ਦੇਣ ਲਈ ਗੱਠਜੋੜ ਬਣਾਉਣ ਲਈ ਸੱਦਾ ਦਿੰਦੇ ਹਾਂ। ਸਾਡਾ ਏਜੰਡਾ ਸਿਰਫ ਖੁਸ਼ਹਾਲ ਪਾਕਿਸਤਾਨ ਹੈ। ਸਾਰਿਆਂ ਨੂੰ ਸਦਭਾਵ ਨਾਲ ਬੈਠ ਕੇ ਪਾਕਿਸਤਾਨ ਨੂੰ ਦਰਪੇਸ਼ ਮੁਸ਼ਕਲਾਂ ’ਚੋਂ ਬਾਹਰ ਕੱਢਣਾ ਚਾਹੀਦਾ ਹੈ।’’
ਨਵਾਜ਼ ਸ਼ਰੀਫ ਦੀ ਅਪੀਲ ’ਤੇ ਉਨ੍ਹਾਂ ਨਾਲ ਗੱਲ ਕਰਨ ਲਈ ਪੀ.ਪੀ.ਪੀ. ਸੁਪਰੀਮੋ ਆਸਿਫ ਜ਼ਰਦਾਰੀ ਅਤੇ ਉਨ੍ਹਾਂ ਦੇ ਬੇਟੇ ਬਿਲਾਵਲ ਭੁੱਟੋ ਨੇ ਲਾਹੌਰ ਪਹੁੰਚ ਕੇ ਗੱਠਜੋੜ ਸਰਕਾਰ ਬਣਾਉਣ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।
ਦੂਜੇ ਬੰਨੇ ਇਮਰਾਨ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਨੇ ਘੱਟ ਸੀਟਾਂ ਜਿੱਤੀਆਂ ਹਨ। ਉਨ੍ਹਾਂ ਦੀ ਪਾਰਟੀ ਨੇ ਨਵਾਜ਼ ਸ਼ਰੀਫ ਜਾਂ ਬਿਲਾਵਲ ਭੁੱਟੋ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਪੀ.ਟੀ.ਆਈ. ਕੇਂਦਰ ’ਚ ਸਰਕਾਰ ਬਣਾਉਣ ’ਚ ਸਮਰੱਥ ਹੋਵੇਗੀ। ਇਮਰਾਨ ਨੇ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਵਾਰਤਾ ਕਰਨ ਦੀ ਗੱਲ ਕਹਿਣ ਦੇ ਨਾਲ-ਨਾਲ ਚੋਣਾਂ ’ਚ ਹੇਰਾ-ਫੇਰੀ ਵਿਰੁੱਧ 11 ਫਰਵਰੀ ਨੂੰ ਦੇਸ਼ ’ਚ ਬੰਦ ਅਤੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
ਇਸ ਤਰ੍ਹਾਂ ਦੇ ਘਟਨਾਕ੍ਰਮ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚਾਹੇ ਨਵਾਜ਼ ਸ਼ਰੀਫ ਬਣਨ ਜਾਂ ਇਮਰਾਨ ਖਾਨ, ਦੋਵਾਂ ਦੇ ਹੀ ਭਾਰਤ ਨਾਲ ਚੰਗੇ ਸਬੰਧ ਰਹੇ ਹਨ।
ਜਦ ਨਵਾਜ਼ ਸ਼ਰੀਫ ਨੇ ਦੇਖਿਆ ਕਿ ਭਾਰਤ ਵਿਰੁੱਧ ਸਾਰੇ ਹੱਥਕੰਡੇ ਅਜ਼ਮਾ ਕੇ ਵੀ ਪਾਕਿਸਤਾਨ ਕੁਝ ਨਹੀਂ ਪ੍ਰਾਪਤ ਕਰ ਸਕਿਆ ਤਾਂ ਉਨ੍ਹਾਂ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਤਤਕਾਲੀ ਪ੍ਰਧਾਨ ਮੰਤਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਦੋਵਾਂ ਨੇ ਆਪਸੀ ਮਿੱਤਰਤਾ ਅਤੇ ਸ਼ਾਂਤੀ ਲਈ 21 ਫਰਵਰੀ, 1999 ਨੂੰ ‘ਲਾਹੌਰ ਐਲਾਨਨਾਮੇ’ ’ਤੇ ਦਸਤਖਤ ਕੀਤੇ ਸਨ।
ਤਦ ਆਸ ਬੱਝੀ ਸੀ ਕਿ ਹੁਣ ਇਸ ਖੇਤਰ ’ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ, ਪਰ ਤਤਕਾਲੀ ਫੌਜ ਮੁਖੀ ਮੁਸ਼ੱਰਫ ਨੇ ਇਸ ਦੇ ਛੇਤੀ ਹੀ ਪਿੱਛੋਂ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਜੇਲ ’ਚ ਸੁੱਟ ਦਿੱਤਾ ਅਤੇ ਸੱਤਾ ਹਥਿਆ ਕੇ ਦੇਸ਼ ਨਿਕਾਲਾ ਦੇ ਦਿੱਤਾ।
ਨਵਾਜ਼ ਸ਼ਰੀਫ ਦੇ ਕਾਰਜਕਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 25 ਦਸੰਬਰ, 2015 ਨੂੰ ਨਵਾਜ਼ ਸ਼ਰੀਫ ਦੀ ਦੋਹਤੀ ਦੇ ਵਿਆਹ ’ਚ ਪਾਕਿਸਤਾਨ ਜਾ ਚੁੱਕੇ ਹਨ। ਅਜਿਹੇ ’ਚ ਉਨ੍ਹਾਂ ਨੂੰ ਭਾਰਤ ਦੇ 2 ਪ੍ਰਧਾਨ ਮੰਤਰੀਆਂ ਨੂੰ ਪਾਕਿਸਤਾਨ ਸੱਦਣ ਦਾ ਸਿਹਰਾ ਪ੍ਰਾਪਤ ਹੈ।
ਇਮਰਾਨ ਖਾਨ ਨੇ 18 ਅਗਸਤ, 2018 ਨੂੰ ਪਹਿਲੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਗ੍ਰਹਿਣ ਕਰਦੇ ਸਮੇਂ ‘ਨਵਾਂ ਪਾਕਿਸਤਾਨ’ ਬਣਾਉਣ, ਦੇਸ਼ ਦੀ ਸ਼ਾਸਨ ਪ੍ਰਣਾਲੀ ਸੁਧਾਰਨ ਅਤੇ ਭਾਰਤ ਨਾਲ ਸਬੰਧ ਸੁਧਾਰਨ ਆਦਿ ਦੀਆਂ ਗੱਲਾਂ ਕਹੀਆਂ ਸਨ।
ਇਮਰਾਨ ਖਾਨ ਦੇ ਸੱਦੇ ’ਤੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ‘ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ’ ਦਾ ਨਾਅਰਾ ਲਾਇਆ ਸੀ। ਇਮਰਾਨ ਨੇ 9 ਨਵੰਬਰ, 2019 ਨੂੰ ਕਰਤਾਰਪੁਰ ਕਾਰੀਡੋਰ ਵੀ ਖੋਲ੍ਹਿਆ ਤਾਂ ਕਿ ਸਿੱਖ ਸ਼ਰਧਾਲੂ ਪਾਕਿਸਤਾਨ ’ਚ ਸ੍ਰੀ ਕਰਤਾਰਪੁਰ ਸਾਹਿਬ ਸਥਿਤ ‘ਗੁਰਦੁਆਰਾ ਸ੍ਰੀ ਦਰਬਾਰ ਸਾਹਿਬ’ ਦੇ ਦਰਸ਼ਨ ਵੀਜ਼ਾ ਲਏ ਬਿਨਾਂ ਆਸਾਨੀ ਨਾਲ ਕਰ ਸਕਣ।
ਇਸ ਪਾਵਨ ਅਸਥਾਨ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਤੀਤ ਕੀਤੇ ਅਤੇ ਆਪਣੇ ਹੱਥੀਂ ਖੇਤੀ ਕੀਤੀ ਅਤੇ ਇਥੇ ਹੀ ਜੋਤੀ-ਜੋਤ ਸਮਾ ਗਏ।
ਬਿਲਾਵਲ ਭੁੱਟੋ ਦੇ ਨਾਨਾ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਭੁੱਟੋ 28 ਜੂਨ, 1972 ਨੂੰ ਸ਼ਿਮਲਾ ਸਮਝੌਤੇ ਲਈ ਭਾਰਤ ਆਏ ਸਨ। ਤਦ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਬੇਨਜ਼ੀਰ ਭੁੱਟੋ (ਸਾਬਕਾ ਪ੍ਰਧਾਨ ਮੰਤਰੀ ਅਤੇ ਬਿਲਾਵਲ ਭੁੱਟੋ ਦੀ ਮਾਂ) ਵੀ ਆਈ ਸੀ।
ਇਸ ਲਿਹਾਜ਼ ਨਾਲ ਦੇਖੀਏ ਤਾਂ ਨਵਾਜ਼ ਸ਼ਰੀਫ ਅਤੇ ਇਮਰਾਨ ਖਾਨ ’ਚੋਂ ਕਿਸੇ ਦਾ ਵੀ ਪ੍ਰਧਾਨ ਮੰਤਰੀ ਬਣਨਾ ਪਾਕਿਸਤਾਨ ਦੇ ਨਾਲ ਹੀ ਭਾਰਤ ਲਈ ਵੀ ਚੰਗਾ ਸਿੱਧ ਹੋਵੇਗਾ ਅਤੇ ਅੱਤਵਾਦੀਆਂ ਦੀ ਬੁਰੀ ਤਰ੍ਹਾਂ ਹਾਰ ਹੋ ਚੁੱਕੀ ਹੈ।
- ਵਿਜੇ ਕੁਮਾਰ