ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਫਿਰ ਸਮਝਾਇਆ ਆਪਣੇ ਨੇਤਾਵਾਂ ਨੂੰ

Thursday, Nov 28, 2019 - 12:35 AM (IST)

ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਫਿਰ ਸਮਝਾਇਆ ਆਪਣੇ ਨੇਤਾਵਾਂ ਨੂੰ

ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਸੁਬਰਾਮਣੀਅਮ ਸਵਾਮੀ, ਜੋ ਇਕ ਸੀਨੀਅਰ ਸਿਆਸਤਦਾਨ ਹੋਣ ਦੇ ਨਾਲ-ਨਾਲ ਅਰਥ ਸ਼ਾਸਤਰੀ ਵੀ ਹਨ। ਸਮੇਂ-ਸਮੇਂ ’ਤੇ ਉਹ ਆਪਣੀ ਹੀ ਸਰਕਾਰ ਦੀਆਂ ਖਾਮੀਆਂ ਵੱਲ ਆਪਣੇ ਨੇਤਾਵਾਂ ਦਾ ਧਿਆਨ ਦਿਵਾਉਂਦੇ ਅਤੇ ਉਨ੍ਹਾਂ ਨੂੰ ਸਮਝਾਉਂਦੇ ਰਹਿੰਦੇ ਹਨ।

23 ਮਾਰਚ 2019 ਨੂੰ ਡਾ. ਸੁਬਰਾਮਣੀਅਮ ਸਵਾਮੀ ਨੇ ਦਾਅਵਾ ਕੀਤਾ ਸੀ ਕਿ ‘‘ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤੇ ਨਾ ਹੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅਰਥ ਵਿਵਸਥਾ ਦੀ ਕੋਈ ਜਾਣਕਾਰੀ ਹੈ ਕਿਉਂਕਿ ਉਹ ਭਾਰਤ ਨੂੰ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਦੱਸਦੇ ਹਨ, ਜਦਕਿ ਇਸ ਸੂਚੀ ’ਚ ਅਸੀਂ ਤੀਜੇ ਸਥਾਨ ’ਤੇ ਹਾਂ।’’

27 ਸਤੰਬਰ ਨੂੰ ਉਨ੍ਹਾਂ ਨੇ ਦੇਸ਼ ਦੀਆਂ ਆਰਥਿਕ ਸਮੱਸਿਆਵਾਂ ਲਈ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ, ‘‘ਅਸੀਂ ਸਹੀ ਆਰਥਿਕ ਨੀਤੀਆਂ ਨਹੀਂ ਅਪਣਾ ਰਹੇ ਹਾਂ ਅਤੇ ਮੌਜੂਦਾ ਪੜਾਅ ’ਚ ਜੀ. ਐੱਸ. ਟੀ. ਦੇਸ਼ ਲਈ ਲੋੜੀਂਦਾ ਨਹੀਂ ਹੈ।’’

03 ਅਕਤੂਬਰ ਨੂੰ ਉਨ੍ਹਾਂ ਨੇ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੀ ਮੋਦੀ ਸਰਕਾਰ ਨੂੰ ਬੇਰੋਜ਼ਗਾਰੀ ਦੂਰ ਕਰਨ ਲਈ ਅਰਥ ਵਿਵਸਥਾ ਨੂੰ ਹਰ ਸਾਲ 10 ਫੀਸਦੀ ਦੀ ਦਰ ਨਾਲ ਵਧਾਉਣ ਦੀ ਸਲਾਹ ਦਿੱਤੀ।

ਅਤੇ ਹੁਣ ਮਹਾਰਾਸ਼ਟਰ ਦੇ ਘਟਨਾਚੱਕਰ ’ਤੇ ਟਿੱਪਣੀ ਕਰਦੇ ਹੋਏ 26 ਨਵੰਬਰ ਨੂੰ ਉਨ੍ਹਾਂ ਨੇ ਇਕ ਵਾਰ ਫਿਰ ਪਾਰਟੀ ਲੀਡਰਸ਼ਿਪ ’ਤੇ ਸਵਾਲ ਉਠਾਏ ਅਤੇ ਕਿਹਾ, ‘‘ਸ਼ਿਵ ਸੈਨਾ ਦਾ ਭਾਜਪਾ ਤੋਂ ਵੱਖ ਹੋਣਾ ਦੁਖਦਾਈ ਹੈ। ਮਹਾਰਾਸ਼ਟਰ ’ਚ ਜਿਸ ਤਰ੍ਹਾਂ ਸ਼ਿਵ ਸੈਨਾ ਦਾ ਭਾਜਪਾ ਤੋਂ ਵਖਰੇਵਾਂ ਹੋਇਆ ਹੈ, ਉਸ ਦੇ ਦੁਬਾਰਾ ਬਹੁਤ ਜਲਦੀ ਨਾਲ ਆਉਣ ਦੀ ਆਸ ਨਹੀਂ ਹੈ।’’

ਆਪਣੇ ਉਕਤ ਬਿਆਨ ਨਾਲ ਡਾ. ਸਵਾਮੀ ਨੇ ਇਕ ਵਾਰ ਫਿਰ ਆਪਣੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ। ਸ਼ਿਵ ਸੈਨਾ ਦੀ ਨਾਰਾਜ਼ਗੀ ਕਾਰਣ ਮਹਾਰਾਸ਼ਟਰ ’ਚ ਭਾਜਪਾ ਦੇ ਸੱਤਾ ਗੁਆ ਦੇਣ ਨਾਲ ਇਹ ਗੱਲ ਸੱਚ ਸਿੱਧ ਵੀ ਹੋ ਗਈ ਹੈ।

ਲਿਹਾਜ਼ਾ ਜੇਕਰ ਭਾਜਪਾ ਲੀਡਰਸ਼ਿਪ ਆਪਣੀ ਹੀ ਪਾਰਟੀ ਦੇ ਅੰਦਰ ਉੱਠ ਰਹੀÁ»ਆਂ ਸਾਕਾਰਾਤਮਕ ਅਤੇ ਚਿਤਾਵਨੀ ਭਰੀਆਂ ਆਵਾਜ਼ਾਂ ਨੂੰ ਜਿੰਨੀ ਜਲਦੀ ਸੁਣਨਾ ਸ਼ੁਰੂ ਕਰੇਗੀ, ਓਨਾ ਹੀ ਉਸ ਦੇ ਲਈ ਚੰਗਾ ਹੋਵੇਗਾ।

–ਵਿਜੇ ਕੁਮਾਰ\\\


author

Bharat Thapa

Content Editor

Related News