15 ਦਿਨਾਂ ਅੰਦਰ ਜੰਮੂ ਖੇਤਰ ’ਚ ਪਾਕਿਸਤਾਨੀ ਅੱਤਵਾਦੀਆਂ ਦਾ ਦੂਜਾ ਹਮਲਾ

05/06/2023 3:51:07 AM

ਜੰਮੂ-ਕਸ਼ਮੀਰ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵੱਲੋਂ ਭਾਰਤੀ ਸੁਰੱਖਿਆ ਫੋਰਸਾਂ ਦੇ ਮੈਂਬਰਾਂ ’ਤੇ ਹਮਲੇ ਰੁਕ ਨਹੀਂ ਰਹੇ ਹਨ ਅਤੇ ਪਿਛਲੇ 2 ਹਫਤਿਆਂ ਦੌਰਾਨ ਹੀ ਉਹ ਭਾਰਤੀ ਫੌਜੀਆਂ ’ਤੇ ਦੋ ਹਮਲੇ ਕਰ ਚੁੱਕੇ ਹਨ।

20 ਅਪ੍ਰੈਲ ਨੂੰ ਜੰਮੂ ’ਚ ਪੁੰਛ ਦੇ ‘ਭਾਟਾ ਦੂਰੀਆ’ ਇਲਾਕੇ ’ਚ ਅੱਤਵਾਦੀਆਂ ਨੇ ਇਕ ਫੌਜੀ ਵਾਹਨ ’ਤੇ ਹਮਲਾ ਕਰ ਕੇ 5 ਫੌਜੀਆਂ ਨੂੰ ਸ਼ਹੀਦ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਹਮਲੇ ’ਚ ਸ਼ਾਮਲ ਅੱਤਵਾਦੀਆਂ ਦਾ ਲਸ਼ਕਰ-ਏ-ਤੋਏਬਾ ਅਤੇ ਪਾਕਿਸਤਾਨ ਨਾਲ ਸਬੰਧ ਹੋਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਅੱਤਵਾਦੀਆਂ ਨੇ ਫੌਜ ਦੇ ਜਿਸ ਵਾਹਨ ’ਤੇ ਇਹ ਹਮਲਾ ਕੀਤਾ, ਉਹ ਰਮਜ਼ਾਨ ਸਬੰਧੀ ਸੰਗੀਯੋਟ ਪਿੰਡ ਦੇ ਲੋਕਾਂ ’ਚ ਵੰਡਣ ਲਈ ਇਫਤਾਰ ਦੀ ਸਮੱਗਰੀ ਲੈ ਕੇ ਜਾ ਰਿਹਾ ਸੀ। ਸੂਬੇ ਦੇ ਡੀ. ਜੀ. ਪੀ. ਦਿਲਬਾਗ ਸਿੰਘ ਮੁਤਾਬਕ ਇਹ ਹਮਲਾ ਸਥਾਨਕ ਲੋਕਾਂ ਦੀ ਮਦਦ ਨਾਲ ਕੀਤਾ ਗਿਆ।

ਅਤੇ ਹੁਣ 5 ਮਈ ਨੂੰ ਜੰਮੂ-ਕਸ਼ਮੀਰ ਦੇ ਕੰਡੀ ਇਲਾਕੇ ’ਚ ਸਵੇਰ ਵੇਲੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ ਇਕ ਅਧਿਕਾਰੀ ਸਮੇਤ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਫੌਜ ਦੇ ਅਧਿਕਾਰੀਆਂ ਮੁਤਾਬਕ ਇਹ ਅੱਤਵਾਦੀ ਉਸੇ ਗਿਰੋਹ ਨਾਲ ਸਬੰਧਤ ਹਨ ਜਿਸ ਨੇ 20 ਅਪ੍ਰੈਲ ਨੂੰ ਪੁੰਛ ਦੇ ‘ਭਾਟਾ ਦੂਰੀਆ’ ’ਚ ਫੌਜ ਦੇ ਵਾਹਨ ’ਤੇ ਹਮਲਾ ਕੀਤਾ ਸੀ। ਵਰਨਣਯੋਗ ਹੈ ਕਿ ਰਾਜੌਰੀ ਸੈਕਟਰ ਦੇ ਕੰਡੀ ਖੇਤਰ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਵਿਸ਼ੇਸ਼ ਸੂਚਨਾ ’ਤੇ 3 ਮਈ ਨੂੰ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ 5 ਮਈ ਨੂੰ ਸਵੇਰੇ ਲਗਭਗ ਸਾਢੇ 7 ਵਜੇ ਇਕ ਖੋਜ ਟੀਮ ਨੂੰ ਖੜ੍ਹੀਆਂ ਚੱਟਾਨਾਂ ’ਚ ਬਣੀ ਇਕ ਗੁਫਾ ’ਚ ਲੁਕੇ ਹੋਏ ਅੱਤਵਾਦੀਆਂ ਦਾ ਪਤਾ ਲੱਗਾ।

ਫੌਜ ਦੇ ਜਵਾਨਾਂ ਨੇ ਜਦੋਂ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਅੱਤਵਾਦੀਆਂ ਨੇ ਬੰਬ ਨਾਲ ਧਮਾਕਾ ਕਰ ਦਿੱਤਾ। ਕੇਂਦਰੀ ਏਜੰਸੀਆਂ ਮੁਤਾਬਕ ਅਜੇ ਵਾਦੀ ’ਚ 20-24 ਵਿਦੇਸ਼ੀ ਅੱਤਵਾਦੀ ਅਤੇ 30-35 ਸਥਾਨਕ ਅੱਤਵਾਦੀ ਸਰਗਰਮ ਹਨ। ਡੀ. ਜੀ. ਪੀ. ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਸਾਲ 2017 ’ਚ ਅੱਤਵਾਦੀਆਂ ਦੀ ਗਿਣਤੀ 350 ਸੀ ਜੋ ਹੁਣ 100 ਤੋਂ ਘੱਟ ਰਹਿ ਗਈ ਹੈ।

ਹਾਲ ਹੀ ’ਚ ਖੁਫੀਆ ਏਜੰਸੀਆਂ ਨੇ ਜੰਮੂ-ਕਸ਼ਮੀਰ ’ਚ ਫੌਜੀ ਟਿਕਾਣਿਆਂ ’ਤੇ ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਸੀ। ਇਸ ’ਤੇ ਜੰਮੂ, ਕਠੂਆ, ਸਾਂਬਾ, ਪਠਾਨਕੋਟ ’ਚ ਸਭ ਫੌਜੀ ਟਿਕਾਣਿਆਂ ਨੂੰ ਇਹ ਜਾਣਕਾਰੀ ਦੇਣ ਤੋਂ ਬਾਅਦ ਸਭ ਫੌਜੀ ਟਿਕਾਣਿਆਂ ਦੀ ਚੌਕਸੀ ਵਧਾ ਦਿੱਤੀ ਗਈ ਸੀ।

ਇਕ ਰਿਪੋਰਟ ਅਨੁਸਾਰ ਪਾਕਿਸਤਾਨ ਇਸ ਮਹੀਨੇ ਕਸ਼ਮੀਰ ਵਾਦੀ ’ਚ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ 14 ਫਰਵਰੀ, 2019 ਦੇ ਪੁਲਵਾਮਾ ਹਮਲੇ ਨੂੰ ਦੁਹਰਾਉਣਾ ਚਾਹੁੰਦਾ ਹੈ, ਜਿਸ ’ਚ 40 ਭਾਰਤੀ ਫੌਜੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

ਸੁਰੱਖਿਆ ਫੋਰਸਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਅੱਤਵਾਦੀ ਸੰਗਠਨਾਂ ਦੇ ਕੁਝ ਹੈਂਡਲਰਾਂ ਦਰਮਿਆਨ ਹੋਈ ਗੱਲਬਾਤ ਦੇ ਕੁਝ ਇੰਟਰਸੈਪਟਸ ਪਾਕਿਸਤਾਨ ਦੇ ਸ਼ਕਰਗੜ੍ਹ ਇਲਾਕੇ ਤੋਂ ਮਿਲੇ ਸਨ ਜਿਨ੍ਹਾਂ ਅਨੁਸਾਰ ਪਾਕਿਸਤਾਨ ਜੰਮੂ ’ਚ ਨੈਸ਼ਨਲ ਹਾਈਵੇਅ ’ਤੇ ਫੌਜੀ ਵਾਹਨਾਂ ਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਹੈ।

ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ 20 ਅਪ੍ਰੈਲ ਨੂੰ ਪੁੰਛ ’ਚ ਫੌਜੀ ਵਾਹਨ ’ਤੇ ਹਮਲਾ ਪਾਕਿਸਤਾਨ ਸਰਕਾਰ ਵੱਲੋਂ ਇਹ ਐਲਾਨ ਕਰਨ ਤੋਂ ਕੁਝ ਹੀ ਘੰਟਿਆਂ ਬਾਅਦ ਹੋਇਆ ਸੀ ਕਿ ਉਸ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਮਈ ’ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ’ਚ ਹਿੱਸਾ ਲੈਣ ਲਈ ਗੋਆ ਜਾਣ ਵਾਲੇ ਪਾਕਿਸਤਾਨ ਦੇ ਵਫਦ ਦੀ ਅਗਵਾਈ ਕਰਨਗੇ।

ਇਸ ਹਮਲੇ ਪਿੱਛੋਂ ਬਿਲਾਵਲ ਭੁੱਟੋ ਦੀ ਭਾਰਤ ਯਾਤਰਾ ’ਤੇ ਖਦਸ਼ੇ ਦੇ ਬੱਦਲ ਮੰਡਰਾਉਣ ਲੱਗੇ ਸਨ ਅਤੇ ਹੁਣ ਜਦੋਂ ਕਿ ਬਿਲਾਵਲ ਭੁੱਟੋ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ’ਚ ਹਿੱਸਾ ਲੈਣ ਲਈ ਗੋਆ ਪਹੁੰਚੇ ਹੋਏ ਹਨ, ਅੱਤਵਾਦੀਆਂ ਦਾ ਇਹ ਦੂਜਾ ਹਮਲਾ ਹੋਇਆ ਹੈ।

ਵਰਨਣਯੋਗ ਹੈ ਕਿ 8 ਸਾਲ ਪਿੱਛੋਂ ਪਾਕਿਸਤਾਨ ਦਾ ਕੋਈ ਉੱਚ ਪੱਧਰੀ ਨੇਤਾ ਭਾਰਤ ਦੇ ਦੌਰੇ ’ਤੇ ਆਇਆ ਹੈ। ਪਿਛਲੀ ਵਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 2014 ’ਚ ਆਪਣੀ ਪਤਨੀ ਕੁਲਸੂਮ ਅਤੇ ਬੇਟੇ ਹੁਸੈਨ ਨਵਾਜ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਆਏ ਸਨ।

ਪਹਿਲਾਂ ਹੀ ਤਣਾਅ ਹੇਠ ਚੱਲ ਰਹੇ ਦੋਹਾਂ ਦੇਸ਼ਾਂ ਦੇ ਸਬੰਧ ਇਨ੍ਹਾਂ ਹਮਲਿਆਂ ਨਾਲ ਹੋਰ ਵਧੇਰੇ ਤਣਾਅ ’ਚ ਆ ਗਏ ਹਨ। ਸਿਆਸੀ ਦਰਸ਼ਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਕਿਸਤਾਨ ਆਪਣੇ ਪਾਲੇ ਹੋਏ ਅੱਤਵਾਦੀਆਂ ਨੂੰ ਭਾਰਤ ਵਿਰੋਧੀ ਸਰਗਰਮੀਆਂ ਲਈ ਸ਼ਰਨ ਅਤੇ ਮਦਦ ਦੇਣੀ ਬੰਦ ਨਹੀਂ ਕਰੇਗਾ, ਉਦੋਂ ਤੱਕ ਦੋਹਾਂ ਦੇਸ਼ਾਂ ਦੇ ਰਿਸ਼ਤੇ ਆਮ ਵਾਂਗ ਹੋਣ ਦੀ ਉਮੀਦ ਕਰਨੀ ਫਜ਼ੂਲ ਹੀ ਹੋਵੇਗੀ।

- ਵਿਜੇ ਕੁਮਾਰ


Anmol Tagra

Content Editor

Related News