ਅਮਰੀਕੀ ਫੌਜੀਆਂ ਦੀ ਵਾਪਸੀ : ਕੀ ਅਫਗਾਨਿਸਤਾਨ ਫਿਰ ਤਾਲਿਬਾਨੀ ਹੋ ਜਾਵੇਗਾ

02/11/2019 5:59:53 AM

330 ਈਸਵੀ  ਪੂਰਵ  'ਚ ਸਿਕੰਦਰ ਅਫਗਾਨਿਸਤਾਨ ਪਹੁੰਚਿਆ, ਜਿਥੇ ਉਸ ਨੂੰ ਕਬਾਇਲੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ  ਪਿਆ। ਹਾਲਾਂਕਿ ਉਸ ਦੀ ਅਫਗਾਨਿਸਤਾਨ ਦੇ ਰਸਤਿਓਂ ਲੰਘਣ ਦੀ ਮੁਹਿੰਮ ਛੋਟੀ ਜਿਹੀ ਸੀ ਕਿਉਂਕਿ ਇਹ ਉਸ ਦੇ ਭਾਰਤ ਆਉਣ ਦੇ ਰਸਤੇ 'ਚ ਇਕ ਠਹਿਰਾਅ ਹੀ ਸੀ ਪਰ ਉਸ ਨੇ ਟਿੱਪਣੀ ਕੀਤੀ ਕਿ ''ਅਫਗਾਨਿਸਤਾਨ 'ਚ ਦਾਖਲ ਹੋਣਾ ਤਾਂ ਆਸਾਨ ਹੈ, ਇਸ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੈ।'' 
ਸਾਲਾਂ  ਤੋਂ ਅਨੇਕ ਰਾਜਵੰਸ਼ਾਂ ਤੇ ਦੇਸ਼ਾਂ ਨੇ ਇਹੀ ਮਹਿਸੂਸ ਕੀਤਾ ਹੈ ਅਤੇ ਇਸ ਨੂੰ 'ਮੱਧ ਏਸ਼ੀਆ ਦਾ ਹਿੰਡੋਲਾ' (ਕਿਉਂਕਿ ਇਹ ਏਸ਼ੀਆ ਦੇ ਸਾਰੇ ਮਾਰਗਾਂ ਨੂੰ ਜੋੜਦਾ ਹੈ) ਤੋਂ ਲੈ ਕੇ 'ਰਾਜਵੰਸ਼ਾਂ ਦਾ ਕਬਰਿਸਤਾਨ' ਤਕ ਕਿਹਾ ਗਿਆ। ਆਧੁਨਿਕ ਕਾਲ 'ਚ ਭਾਵੇਂ ਬ੍ਰਿਟਿਸ਼ ਹੋਣ, ਰੂਸੀ ਜਾਂ ਅਮਰੀਕੀ, ਸਾਰੇ ਇਸ ਦੀ ਪੁਸ਼ਟੀ ਕਰਦੇ ਹਨ। 
ਇਸ ਪਿਛੋਕੜ 'ਚ ਟਵਿਨ ਟਾਵਰ 'ਤੇ ਹਮਲੇ ਤੋਂ ਬਾਅਦ ਤਾਲਿਬਾਨ ਨੂੰ ਖਤਮ ਕਰਨ ਦੇ ਇਰਾਦੇ ਨਾਲ ਅਫਗਾਨਿਸਤਾਨ 'ਚ ਦਾਖਲ ਹੋਣ ਵਾਲੇ ਅਮਰੀਕਨਾਂ ਨੂੰ ਅਫਗਾਨਿਸਤਾਨ 'ਚ ਖਰਚੀਲੀ ਅਤੇ ਲਗਾਤਾਰ ਜੰਗ ਛੇੜਨ ਦੇ ਸਿਲਸਿਲੇ 'ਚ ਦੁਚਿੱਤੀ ਭਰੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਟਰੰਪ ਪ੍ਰਸ਼ਾਸਨ ਵਲੋਂ ਅਫਗਾਨਿਸਤਾਨ 'ਚੋਂ ਆਪਣੇ 14000 ਫੌਜੀਆਂ ਨੂੰ ਹਟਾਉਣ ਦੀ ਇੱਛਾ ਨੂੰ ਦੇਖਦੇ ਹੋਏ ਸੀ. ਆਈ. ਏ. ਦੇ ਡਾਇਰੈਕਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਇਕ ਵਾਰ ਫਿਰ 'ਅੱਤਵਾਦੀਆਂ ਦਾ ਸਵਰਗ ਬਣ ਸਕਦਾ ਹੈ'। 
ਓਬਾਮਾ  ਪ੍ਰਸ਼ਾਸਨ ਦੌਰਾਨ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਰਹੇ ਜੇਮ ਡੋਬਿਨ ਦਾ ਕਹਿਣਾ ਹੈ ਕਿ ''ਅਮਰੀਕਾ ਦੇ ਇਕ ਵਾਰ ਇਥੋਂ ਚਲੇ ਜਾਣ ਤੋਂ ਬਾਅਦ ਅਫਗਾਨੀ ਜਿਉਂ ਹੀ ਤਾਲਿਬਾਨ ਨਾਲ ਵਾਰਤਾ ਸ਼ੁਰੂ ਕਰਨਗੇ ਤਾਂ ਇਹ ਟੁੱਟ ਜਾਵੇਗੀ ਤੇ ਜੰਗ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਅਮਰੀਕਾ ਸਮਝੌਤਾ ਹੋਣ ਤੋਂ ਬਾਅਦ ਪਰ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਅਫਗਾਨਿਸਤਾਨ ਛੱਡੇਗਾ ਤਾਂ ਉਹ ਸਮਝੌਤਾ ਕਦੇ ਵੀ ਲਾਗੂ ਨਹੀਂ ਹੋਵੇਗਾ ਅਤੇ ਜੰਗ ਸ਼ੁਰੂ ਹੋ ਜਾਵੇਗੀ।'' 
ਹਾਲਾਂਕਿ ਅਮਰੀਕੀ ਦੂਤ ਜ਼ਾਲਮੇ  ਖਲੀਲਜ਼ਾਦ  ਅਫਗਾਨਿਸਤਾਨ ਲਈ ਸ਼ਾਂਤੀ ਸਮਝੌਤਾ ਲੱਭਣ ਦੀ ਜਲਦਬਾਜ਼ੀ  'ਚ ਹੈ, ਜਿਸ ਨਾਲ ਅਮਰੀਕਾ 17 ਸਾਲਾਂ ਦੀ ਜੰਗ ਤੋਂ ਬਾਅਦ ਉਥੋਂ ਆਪਣੀਆਂ ਫੌਜਾਂ  ਅਪ੍ਰੈਲ ਤਕ ਵਾਪਿਸ ਲਿਆ ਸਕੇਗਾ ਪਰ ਅਗਲਾ ਰਸਤਾ ਅੜਿੱਕਿਆਂ ਨਾਲ ਭਰਿਆ ਹੋਇਆ ਹੈ। 
ਤਾਲਿਬਾਨ ਕਾਬੁਲ ਦੀ ਚੁਣੀ ਹੋਈ ਸਰਕਾਰ ਨੂੰ ਅਮਰੀਕਾ ਦੀ ਕਠਪੁਤਲੀ ਸਰਕਾਰ ਦੇ ਰੂਪ 'ਚ ਦੇਖਦੇ ਹਨ। ਅਸਲ 'ਚ ਇਹ ਸਰਕਾਰ ਭ੍ਰਿਸ਼ਟਾਚਾਰ ਨਾਲ ਬੁਰੀ ਤਰ੍ਹਾਂ ਗ੍ਰਸਤ ਹੈ ਅਤੇ ਨਸਲੀ ਆਧਾਰ 'ਤੇ ਬੁਰੀ ਤਰ੍ਹਾਂ ਵੰਡੀ ਹੋਈ ਹੈ। ਇਸ ਦਾ ਅਧਿਕਾਰ ਖੇਤਰ ਜ਼ਿਆਦਾਤਰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਤਕ ਹੀ ਸੀਮਤ ਹੈ ਅਤੇ ਤਾਲਿਬਾਨ ਨੇ ਦੇਸ਼ ਦੇ ਜ਼ਿਆਦਾਤਰ ਪੇਂਡੂ ਖੇਤਰਾਂ 'ਤੇ ਮਜ਼ਬੂਤੀ ਨਾਲ ਕਬਜ਼ਾ ਕੀਤਾ ਹੋਇਆ ਹੈ। ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਅਜੇ ਤਾਂ ਅਫਗਾਨ ਫੌਜਾਂ ਨੂੰ ਹਵਾਈ ਸਹਾਇਤਾ ਤੇ ਹੋਰ ਮਹੱਤਵਪੂਰਨ ਮਦਦ ਦੇ ਰਹੀਆਂ ਹਨ ਪਰ ਜਦੋਂ ਅਮਰੀਕੀ ਫੌਜਾਂ ਇਥੋਂ ਚਲੀਆਂ ਜਾਣਗੀਆਂ ਤਾਂ ਅਫਗਾਨ ਸਰਕਾਰ ਤਾਲਿਬਾਨ ਦਾ ਕਿਸ ਤਰ੍ਹਾਂ ਮੁਕਾਬਲਾ ਕਰੇਗੀ? 
ਦੂਜੇ ਪਾਸੇ 1996 ਤੋਂ 2001 ਤਕ ਇਸਲਾਮੀ ਕਾਨੂੰਨਾਂ ਦੀਆਂ ਸਖਤ ਵਿਵਸਥਾਵਾਂ ਦੇ ਨਾਲ ਦੇਸ਼ 'ਤੇ ਸ਼ਾਸਨ ਕਰਨ ਅਤੇ ਓਸਾਮਾ-ਬਿਨ-ਲਾਦੇਨ ਦੀ ਮੇਜ਼ਬਾਨੀ ਕਰਨ ਤੇ ਅਫਗਾਨ ਫੌਜਾਂ 'ਤੇ ਰੋਜ਼ਾਨਾ ਹਮਲੇ ਕਰਨ ਵਾਲੇ ਤਾਲਿਬਾਨ ਮਜ਼ਬੂਤ ਪੁਜ਼ੀਸ਼ਨ ਦੇ ਨਾਲ ਵਾਰਤਾ ਦੀ ਮੇਜ਼ 'ਤੇ ਆਏ। ਅਜਿਹੀ  ਹਾਲਤ 'ਚ ਕਿਵੇਂ ਉਹ ਕਿਸੇ ਸਮਝੌਤੇ 'ਤੇ ਮੰਨਣਗੇ? ਤਾਲਿਬਾਨ ਵਾਰਤਾਕਾਰਾਂ ਦੀ ਅਗਵਾਈ ਸਪੱਸ਼ਟ ਤੌਰ 'ਤੇ ਅਮਰੀਕਾ ਦੀ ਅਪੀਲ 'ਤੇ 8 ਸਾਲਾਂ ਦੀ ਕੈਦ ਤੋਂ ਬਾਅਦ ਬੀਤੇ ਸਾਲ ਪਾਕਿਸਤਾਨ ਵਲੋਂ ਰਿਹਾਅ ਕੀਤੇ ਗਏ ਸੀਨੀਅਰ ਕਮਾਂਡਰ ਅਬਦੁਲ ਗਨੀ ਬਾਰਦਾਰ ਨੇ ਕੀਤੀ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਵਿਚਾਲੇ ਮੂਹਰਲੀ ਕਤਾਰ ਦੇ ਫੌਜੀਆਂ ਨਾਲ ਸ਼ਾਂਤੀ ਸਮਝੌਤਾ ਕਰਨ ਦੇ ਮਾਮਲੇ 'ਚ ਕਾਫੀ ਸਨਮਾਨ ਹਾਸਿਲ ਹੈ। 
ਉਨ੍ਹਾਂ ਦੇ ਨਾਲ ਸ਼ਾਮਿਲ ਵਾਰਤਾਕਾਰਾਂ 'ਚ 2 ਅਜਿਹੇ ਤਾਲਿਬਾਨੀ ਨੇਤਾ ਸ਼ਾਮਿਲ ਹਨ, ਜਿਨ੍ਹਾਂ ਨੂੰ ਇਕ ਬੰਦੀ ਬਣਾਏ ਗਏ ਅਮਰੀਕੀ ਫੌਜੀ ਦੇ ਬਦਲੇ 'ਚ 'ਗਵਾਂਤਾਨਾਮੋ ਬੇ' ਤੋਂ 2014 'ਚ ਰਿਹਾਅ ਕੀਤਾ ਗਿਆ ਸੀ। ਇਸੇ ਤਰ੍ਹਾਂ ਇਨ੍ਹਾਂ 'ਚੋਂ ਕਿਸੇ ਕੋਲ ਵੀ ਦੇਣ ਲਈ ਸਿਵਾਏ ਪੁਰਾਣੀ ਤਾਲਿਬਾਨੀ ਫਿਲਾਸਫੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। 
ਇਸ ਦੇ ਨਾਲ ਹੀ ਇਹ ਗੱਲ ਵੀ ਅਸਪੱਸ਼ਟ ਹੈ ਕਿ ਕੀ ਤਾਲਿਬਾਨ ਅਫਗਾਨਿਸਤਾਨ 'ਚ, ਜੋ ਕਿ ਜ਼ਾਲਮ ਆਈ. ਐੱਸ. ਦਾ ਘਰ ਵੀ ਹੈ, ਸਰਗਰਮ ਆਈ. ਐੱਸ. ਅਤੇ ਹੋਰ ਹਥਿਆਰਬੰਦ ਸਮੂਹਾਂ 'ਤੇ ਹਮਲਾ ਕਰਨ ਦੇ ਇੱਛੁਕ ਜਾਂ ਇਸ 'ਚ ਸਮਰੱਥ ਹਨ? ਅਮਰੀਕਾ ਦਾ ਕਹਿਣਾ ਹੈ ਕਿ ਇਸ ਨੇ ਜ਼ਿਆਦਾਤਰ ਅਫਗਾਨਿਸਤਾਨ 'ਚ ਅਲਕਾਇਦਾ ਦਾ ਖਾਤਮਾ ਕਰ ਦਿੱਤਾ ਹੈ ਪਰ ਗਰੁੱਪ ਲੀਡਰ ਅਯਮਾਨ ਅਲ ਜਵਾਹਰੀ ਅਤੇ ਬਿਨ-ਲਾਦੇਨ ਦੇ ਬੇਟੇ ਹਮਜ਼ਾ ਵਰਗੀਆਂ ਵੱਡੀਆਂ ਹਸਤੀਆਂ ਇਸੇ ਖੇਤਰ 'ਚ ਮੌਜੂਦ ਮੰਨੀਆਂ ਜਾਂਦੀਆਂ ਹਨ। 
ਪੈਂਟਾਗਨ ਨੇ ਤਾਲਿਬਾਨ ਨੇਤਾਵਾਂ ਅਤੇ ਲੜਾਕੂਆਂ 'ਤੇ ਹਵਾਈ ਹਮਲੇ ਅਤੇ ਵਿਸ਼ੇਸ਼ ਛਾਪੇਮਾਰ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ, ਜੋ 2014 ਤੋਂ ਬਾਅਦ ਆਪਣੇ ਸਰਵਉੱਚ ਸਿਖਰ 'ਤੇ ਹਨ। ਅਫਗਾਨਿਸਤਾਨ 'ਚ ਅਮਰੀਕੀ ਮਿਸ਼ਨ ਦੇ ਮੌਜੂਦਾ ਕਮਾਂਡਰ ਜਨਰਲ ਆਸਟਿਨ ਐੱਸ. ਮਿੱਲਰ ਵਲੋਂ ਤਿਆਰ ਰਣਨੀਤੀ ਦਾ ਉਦੇਸ਼ ਅੱਤਵਾਦੀ ਗਿਰੋਹਾਂ ਨੂੰ ਹਰਾਉਣਾ ਅਤੇ ਫਿਰ ਉਨ੍ਹਾਂ ਨੂੰ ਵਾਰਤਾ ਦੀ ਮੇਜ਼ 'ਤੇ ਲਿਆਉਣਾ ਹੈ, ਜਿਸ ਦੇ ਲਈ ਉਨ੍ਹਾਂ ਨੇ ਕ੍ਰੈਮਲਿਨ 'ਚ ਵਾਰਤਾ ਸ਼ੁਰੂ ਹੋਣ ਤੋਂ ਬਾਅਦ  2100  ਹਵਾਈ  ਅਤੇ  ਜ਼ਮੀਨੀ ਹਮਲੇ ਕੀਤੇ ਹਨ। 
ਇਥੇ ਇਹ ਗੱਲ ਵਰਣਨਯੋਗ ਹੈ ਕਿ ਅਫਗਾਨਿਸਤਾਨ 'ਚ ਜੰਗ ਦਾ ਮੌਸਮ ਬਸੰਤ ਰੁੱਤ ਵਿਚ ਸ਼ੁਰੂ ਹੁੰਦਾ ਹੈ। ਇਸੇ ਦੌਰਾਨ ਇਥੇ ਪੋਸਤ ਦੀ ਫਸਲ ਦੀ ਸਾਲਾਨਾ ਕਟਾਈ ਸ਼ੁਰੂ ਹੁੰਦੀ ਹੈ, ਜੋ ਗਰਮੀਆਂ ਤਕ ਚੱਲਦੀ ਹੈ ਅਤੇ ਇਹੋ ਤਾਲਿਬਾਨ ਦੀ ਆਮਦਨ ਦਾ ਮੁੱਖ ਸਾਧਨ ਵੀ ਹੈ।  ਇੰਨਾ ਹੀ ਨਹੀਂ, ਈਰਾਨ ਅਤੇ ਰੂਸ ਤੋਂ ਤਾਲਿਬਾਨ ਨੂੰ ਆਰਥਿਕ ਤੇ ਛੋਟੇ ਹਥਿਆਰਾਂ ਦੀ ਸਹਾਇਤਾ 'ਚ ਵੀ ਭਾਰੀ ਵਾਧਾ ਹੋਇਆ ਹੈ ਅਤੇ ਇਸ ਤਰ੍ਹਾਂ ਅਮਰੀਕੀ ਸ਼ਾਂਤੀ ਯਤਨ ਉਲਝ ਗਏ ਹਨ, ਜਿਸ  ਨਾਲ  ਇਨ੍ਹਾਂ  ਦੀ ਸਫਲਤਾ 'ਤੇ  ਸਵਾਲੀਆ ਨਿਸ਼ਾਨ ਲੱਗ ਗਿਆ ਹੈ। 
ਇਨ੍ਹਾਂ ਤਰਸਯੋਗ ਹਾਲਾਤ 'ਚ ਤਾਲਿਬਾਨ ਕਮਾਂਡਰਾਂ ਦੇ ਨਾਲ ਸ਼ਾਂਤੀ ਸਮਝੌਤੇ 'ਚ ਸਹਾਇਤਾ ਹਾਸਿਲ ਕਰਨ ਲਈ ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਅਪੀਲ ਕੀਤੀ ਹੈ। ਅਜਿਹੇ ਹਾਲਾਤ 'ਚ ਅਮਰੀਕੀ ਕਾਂਗਰਸ 'ਚ ਰਿਪਬਲਿਕਨ ਪਾਰਟੀ ਦੇ ਨੇਤਾ ਮਿਕ ਮੈਕਕੋਨਲ ਨੇ ਰਾਸ਼ਟਰਪਤੀ ਟਰੰਪ ਨੂੰ ਸਾਵਧਾਨ ਕੀਤਾ ਹੈ ਕਿ ''ਇਸ ਕਿਸਮ ਦੀ ਟੈਲੀਗ੍ਰਾਫਿਕ ਨਿਕਾਸੀ ਦਾ ਨਤੀਜਾ ਸਾਡੇ ਸ਼ਹਿਰਾਂ 'ਚ ਟਕਰਾਵਾਂ ਦੇ ਰੂਪ 'ਚ ਨਿਕਲੇਗਾ।''
ਹੁਣ ਜਦਕਿ ਅਫਗਾਨਿਸਤਾਨ 'ਚ ਜੁਲਾਈ 'ਚ ਚੋਣਾਂ ਹੋਣ ਜਾ ਰਹੀਆਂ ਹਨ, ਜੇਕਰ ਅਮਰੀਕਾ ਉਦੋਂ ਤਕ ਚਲਾ ਗਿਆ ਤਾਂ ਤਾਲਿਬਾਨ ਸਿਰਫ ਭਾਰਤ ਨੂੰ ਹੀ ਨਹੀਂ, ਸਗੋਂ ਸਮੁੱਚੇ ਏਸ਼ੀਆ ਨੂੰ ਇਕ ਵੱਡੀ ਸ਼ਕਤੀ ਦੇ ਰੂਪ 'ਚ ਚੁਣੌਤੀ ਪੇਸ਼ ਕਰਨਗੇ।


Related News