ਧਾਰਮਿਕ ਸਥਾਨਾਂ ਤੇ ਵਿਆਹ ਸਮਾਗਮਾਂ ''ਚ ਲਾਊਡ ਸਪੀਕਰਾਂ ਦਾ ਰੌਲਾ ਬਣਿਆ ''ਸਿਰਦਰਦ''

12/01/2015 8:35:53 AM

ਸਵੇਰੇ-ਸਵੇਰੇ ਵੱਖ-ਵੱਖ ਧਾਰਮਿਕ ਸਥਾਨਾਂ ''ਤੇ ਲੱਗੇ ਲਾਊਡ ਸਪੀਕਰਾਂ ਤੋਂ ਆਉਂਦੀਆਂ ਧਾਰਮਿਕ ਪ੍ਰਵਚਨਾਂ ਤੇ ਸੰਗੀਤ ਦੀਆਂ ਆਵਾਜ਼ਾਂ ਕਾਰਨ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਬਾਰੇ ਮੁੰਬਈ ਦੇ ਇਕ ਜਾਗਰੂਕ ਸ਼ਹਿਰੀ ਵਲੋਂ ਦਾਇਰ ਕੀਤੀ ਜਨਹਿੱਤ ਪਟੀਸ਼ਨ ''ਤੇ ਸੁਣਵਾਈ ਕਰਦਿਆਂ ਬੰਬੇ ਹਾਈਕੋਰਟ ਦੇ ਜਸਟਿਸ ਵੀ. ਐੱਮ. ਕਨਾਡੇ ਅਤੇ ਜਸਟਿਸ ਰੇਵਤੀ ਮੋਹਿਤੇ ''ਤੇ ਆਧਾਰਿਤ ਡਵੀਜ਼ਨ ਬੈਂਚ ਨੇ ਕਿਹਾ ਕਿ ''''ਧਾਰਮਿਕ ਸਥਾਨਾਂ ਦੇ ਸਿਖਰ ''ਤੇ ਲਾਊਡ ਸਪੀਕਰ ਲਗਾਉਣਾ ਧਾਰਮਿਕ ਰਵਾਇਤ ਦਾ ਹਿੱਸਾ ਨਹੀਂ ਹੈ।''''
''''ਇਨ੍ਹਾਂ ਲਾਊਡ ਸਪੀਕਰਾਂ ਦੀ ਆਵਾਜ਼ ਉਸ ਇਲਾਕੇ ''ਚ ਰਹਿਣ ਵਾਲੇ ਲੋਕਾਂ ਲਈ ਬਹੁਤ ਵੱਡਾ ਸਿਰਦਰਦ ਬਣ ਰਹੀ ਹੈ। ਇਹ ਸਿਰਦਰਦ ਉਦੋਂ ਹੋਰ ਵੀ ਵਧ ਜਾਂਦੀ ਹੈ, ਜਦੋਂ ਨੇੜੇ-ਨੇੜੇ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵਿਚਾਲੇ ਆਪਣੇ ਲਾਊਡ ਸਪੀਕਰਾਂ ਦੀ ਆਵਾਜ਼ ਇਕ-ਦੂਜੇ ਨਾਲੋਂ ਵਧਾ-ਚੜ੍ਹਾਅ ਕੇ ਰੱਖਣ ਦੀ ਦੌੜ ਜਿਹੀ ਲੱਗ ਜਾਂਦੀ ਹੈ।''''
ਇਸ ਮੌਕੇ ''ਤੇ ਮੁੰਬਈ ਪੁਲਸ ਨੇ ਦੱਸਿਆ ਕਿ ਇਥੇ ਸਿਰਫ ਦੋ ਧਰਮਾਂ ਦੇ ਹੀ 3100 ਦੇ ਲੱਗਭਗ ਧਾਰਮਿਕ ਸਥਾਨਾਂ ਵਿਚੋਂ 977 ਧਾਰਮਿਕ ਸਥਾਨਾਂ ''ਤੇ ਲਾਊਡ ਸਪੀਕਰ ਲੱਗੇ ਹੋਏ ਹਨ, ਜਿਨ੍ਹਾਂ ''ਚੋਂ 926 ਨੇ ਇਨ੍ਹਾਂ ਦੀ ਵਰਤੋਂ ਲਈ ਲੋੜੀਂਦਾ ਲਾਇਸੈਂਸ ਨਹੀਂ ਲਿਆ ਹੋਇਆ, ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸੇ ਪਟੀਸ਼ਨ ''ਤੇ ਬੋਲਦਿਆਂ ਇਕ ਹੋਰ ਵਿਅਕਤੀ ਨੇ ਅਪੀਲ ਕੀਤੀ ਕਿ ਅਦਾਲਤ ਨੂੰ ਇਸ ਸੰਬੰਧ ''ਚ ਸਖਤ ਰਵੱਈਆ ਅਪਣਾਉਂਦਿਆਂ ਪੁਲਸ ਨੂੰ ਇਹ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਨਾਜਾਇਜ਼ ਤੌਰ ''ਤੇ ਲਗਾਏ ਗਏ ਲਾਊਡ ਸਪੀਕਰਾਂ ਨੂੰ ਹਟਾਉਣ ਸੰਬੰਧੀ ਅਦਾਲਤ ਦੇ 2014 ਵਾਲੇ ਹੁਕਮ ਨੂੰ ਲਾਗੂ ਕਰਵਾਏ, ਜਿਸ ''ਚ ਮੁੰਬਈ ਅਤੇ ਨਵੀ ਮੁੰਬਈ ਦੀ ਪੁਲਸ ਨੂੰ ਧਾਰਮਿਕ ਸਥਾਨਾਂ ''ਤੇ ਨਾਜਾਇਜ਼ ਤੌਰ ''ਤੇ ਲਗਾਏ ਲਾਊਡ ਸਪੀਕਰਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ।
ਧਾਰਮਿਕ ਸਥਾਨਾਂ ''ਤੇ ਲੱਗੇ ਲਾਊਡ ਸਪੀਕਰ ਹੀ ਨਹੀਂ, ਵਿਆਹਾਂ ਦੇ ਮੌਸਮ ''ਚ ਉੱਚੀ ਆਵਾਜ਼ ''ਚ ਸਾਰੀ-ਸਾਰੀ ਰਾਤ ਵੱਜਣ ਵਾਲੇ ਸੰਗੀਤ ਤੇ ਢੋਲ-ਢਮੱਕਿਆਂ ਦੀ ਆਵਾਜ਼ ਅਤੇ ਬੇਲੋੜੇ ਰੌਲੇ-ਰੱਪੇ ਕਾਰਨ ਲੋਕਾਂ ਨੂੰ, ਖਾਸ ਕਰਕੇ ਪੜ੍ਹਾਈ ਕਰਨ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਬੀਮਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਤੇ ਇਸ ਨਾਲ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ''ਤੇ ਉਲਟਾ ਅਸਰ ਪੈਂਦਾ ਹੈ, ਇਸ ਲਈ ਸੰਬੰਧਤ ਧਿਰਾਂ ਨੂੰ ਇਸ ਸੰਬੰਧ ''ਚ ਧਿਆਨ ਦੇਣ ਦੀ ਲੋੜ ਹੈ।                                             
—ਵਿਜੇ ਕੁਮਾਰ

 


Vijay Kumar Chopra

Chief Editor

Related News