ਬਲਾਤਕਾਰ ਦੇ ਵਿਰੁੱਧ ਆਵਾਜ਼ ਹਨ ਇਸ ਵਾਰ ਦੇ ਨੋਬਲ ਸ਼ਾਂਤੀ ਪੁਰਸਕਾਰ
Monday, Oct 08, 2018 - 06:54 AM (IST)

ਬਹਿਸ ਚਾਹੇ ਕਾਲਜ ’ਚ ਹੋ ਰਹੀ ਹੋਵੇ ਜਾਂ ਕਿਸੇ ਰੈਲੀ ’ਚ ਜਾਂ ਟੀ. ਵੀ. ਚੈਨਲ ’ਤੇ, ਕਿਸੇ ਸਮੱਸਿਆ ਦੀ ਅਣਦੇਖੀ ਕਰਨੀ ਹੋਵੇ ਤਾਂ ਅਕਸਰ ਉਸ ਨੂੰ ‘ਫਸਟ ਵਰਲਡ ਪ੍ਰਾਬਲਮ’ ਦੱਸ ਦਿੱਤਾ ਜਾਂਦਾ ਹੈ। ਕਿਸੇ ਸਵਾਲ ਨੂੰ ਟਾਲਣ ਜਾਂ ਕਿਸੇ ਸਮੱਸਿਆ ਦੀ ਮਹੱਤਤਾ ਜਾਂ ਗੰਭੀਰਤਾ ਨੂੰ ਖਤਮ ਕਰਨ ਲਈ ਰਾਜਨੇਤਾ ਅਕਸਰ ਇਸ ਵਾਕਅੰਸ਼ ਦੀ ਵਰਤੋਂ ਕਰਦੇ ਹਨ।
ਪਰ ਇਕ ਸਮੱਸਿਆ, ਜਿਸ ਨਾਲ ਸਾਰੇ ਦੇਸ਼ਾਂ ਤੇ ਸਾਰੇ ਵਰਗਾਂ ਦੀਅਾਂ ਔਰਤਾਂ ਨੂੰ ਜੂਝਣਾ ਪੈ ਰਿਹਾ ਹੈ, ਉਹ ਹੈ ਔਰਤਾਂ ਦਾ ਲਗਾਤਾਰ ਹੋ ਰਿਹਾ ਸਰੀਰਕ ਤੇ ਮਾਨਸਿਕ ਸ਼ੋਸ਼ਣ। ਕੰਮ ਵਾਲੀਅਾਂ ਥਾਵਾਂ ’ਤੇ ਬਲਾਤਕਾਰ, ਕੋਚਿੰਗ ਸੈਂਟਰ ਦੇ ਬਾਹਰ, ਮੰਦਰ ’ਚ ਅਤੇ ਸਕੂਲ ਤਕ ’ਚ ਬਲਾਤਕਾਰ ਹੋ ਰਹੇ ਹਨ।
ਜੰਗ ਦੇ ਖੇਤਰਾਂ ’ਚ ਦੁਸ਼ਮਣਾਂ ਨੂੰ ਗੁਲਾਮ ਬਣਾਉਣ ਜਾਂ ਉਨ੍ਹਾਂ ਦਾ ਮਨੋਬਲ ਤੋੜਣ ਲਈ ਉਨ੍ਹਾਂ ਦੀਅਾਂ ਔਰਤਾਂ ਨਾਲ ਬਲਾਤਕਾਰ ਦੀ ਵਰਤੋਂ ਇਕ ਹਥਿਆਰ ਵਜੋਂ ਕੀਤੀ ਜਾਂਦੀ ਸੀ।
ਅਜਿਹੇ ਮਾਹੌਲ ’ਚ ਇਸ ਸਾਲ ਨਾਦੀਆ ਮੁਰਾਦ ਅਤੇ ਡਾ. ਡੈਨਿਸ ਮੁਕਵੇਗੇ ਨੂੰ ਦਿੱਤਾ ਗਿਆ ਨੋਬਲ ਸ਼ਾਂਤੀ ਪੁਰਸਕਾਰ ‘ਰੇਪ ਕਲਚਰ’ ਵਿਰੁੱਧ ਇਹ ਮਜ਼ਬੂਤ ਸੰਦੇਸ਼ ਹੈ ਕਿ ਸ਼ਰਮਿੰਦਾ ਬਲਾਤਕਾਰ ਪੀੜਤਾ ਨੂੰ ਨਹੀਂ, ਸਗੋਂ ਬਲਾਤਕਾਰੀ ਨੂੰ ਹੋਣਾ ਚਾਹੀਦਾ ਹੈ।
24 ਸਾਲ ਦੀ ਉਮਰ ’ਚ ਨੋਬਲ ਪੁਰਸਕਾਰ ਹਾਸਿਲ ਕਰਨ ਵਾਲੀ ਨਾਦੀਆ ਦੂਜੀ ਸਭ ਤੋਂ ਛੋਟੀ ਉਮਰ ਦੀ ਔਰਤ ਹੈ। ਹਾਲਾਂਕਿ ਇਸ ਵਾਰ ਦਾ ਨੋਬਲ ਸ਼ਾਂਤੀ ਪੁਰਸਕਾਰ 2 ਬੇਮਿਸਾਲ ਹਸਤੀਅਾਂ ਸਾਂਝਾ ਕਰ ਰਹੀਅਾਂ ਹਨ।
ਡਾ. ਡੈਨਿਸ ਮੁਕਵੇਗੇ ਨੇ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ’ਚ ਸ਼ਾਂਤੀ ਦੀ ਸਥਾਪਨਾ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਤਾਂ ਨਾਦੀਆ ਮੁਰਾਦ ਨੇ ਕਤਲੇਆਮ ਵਰਗਾ ਅੱਤਿਆਚਾਰ ਝੱਲ ਰਹੀਅਾਂ ਯਜੀਦੀ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਜੀਅ-ਜਾਨ ਲਾ ਦਿੱਤੀ ਹੈ।
ਮੁਕਵੇਗੇ ਨੇ ਬਲਾਤਕਾਰ ਅਤੇ ਭਿਆਨਕ ਅੰਦਰੂਨੀ ਸੱਟਾਂ ਦੀਅਾਂ ਸ਼ਿਕਾਰ ਔਰਤਾਂ ਦਾ ਇਲਾਜ ਕਰਦਿਅਾਂ ਇਕ ਡਾਕਟਰ ਵਜੋਂ ਸ਼ੁਰੂਆਤ ਕੀਤੀ। ਨਾਸੂਰਾਂ ਦੀ ਸਿਲਾਈ ਕਰਦਿਅਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਹਿੰਸਾ ਦਾ ਇਲਾਜ ਸਿਰਫ ਟਾਂਕਿਅਾਂ ਨਾਲ ਨਹੀਂ ਹੋਵੇਗਾ, ਇਸ ਬਾਰੇ ਸਮਾਜ ’ਚ ਜਾਗਰੂਕਤਾ ਲਿਆਉਣੀ ਬੇਹੱਦ ਜ਼ਰੂਰੀ ਹੈ।
ਇਸ ਮੁੱਦੇ ’ਤੇ ਖੁੱਲ੍ਹ ਕੇ ਆਪਣੀ ਗੱਲ ਰੱਖ ਕੇ ਉਨ੍ਹਾਂ ਨੇ ਆਪਣੇ ਦੇਸ਼ ਦੇ ਤਾਨਾਸ਼ਾਹ ਰਾਸ਼ਟਰਪਤੀ ਜੋਸਫ ਕਬੀਲਾ ਅਤੇ ਗੁਅਾਂਢੀ ਰਵਾਂਡਾ ਨਾਲ ਵੀ ਦੁਸ਼ਮਣੀ ਮੁੱਲ ਲੈ ਲਈ। 2012 ’ਚ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਜਿਸ ’ਚ ਉਨ੍ਹਾਂ ਦਾ ਡਰਾਈਵਰ ਮਾਰਿਆ ਗਿਆ। ਉਨ੍ਹਾਂ ਦੇ ਪਰਿਵਾਰ ਨੂੰ ਬੰਧਕ ਬਣਾਏ ਜਾਣ ਦੇ ਬਾਵਜੂਦ ਉਨ੍ਹਾਂ ਨੇ ‘ਕਤਲਾਂ ਦੀ ਰਾਜਧਾਨੀ’ ਦੇ ਨਾਂ ਨਾਲ ਬਦਨਾਮ ਹੋ ਚੁੱਕੇ ਕਾਂਗੋ ’ਚ ਆਪਣਾ ਸੰਘਰਸ਼ ਜਾਰੀ ਰੱਖਿਆ, ਜਿੱਥੇ ‘ਆਟੋਕੈਨਿਬੇਲਿਜ਼ਮ’ (ਸਵਭਕਸ਼ਣ) ਅਤੇ ‘ਰੀਰੇਪ’ (ਦੁਬਾਰਾ ਬਲਾਤਕਾਰ) ਵਰਗੇ ਸ਼ਬਦਾਂ ਦਾ ਜਨਮ ਹੋਇਆ ਹੈ।
ਮੁਕਵੇਗੇ ਦੀ ਕਹਾਣੀ ਬੇਹੱਦ ਪ੍ਰੇਰਨਾਦਾਇਕ ਹੈ ਅਤੇ ਬਲਾਤਕਾਰ ਪੀੜਤ ਔਰਤਾਂ ਨੂੰ ਦਿੱਤੀ ਗਈ ਉਨ੍ਹਾਂ ਦੀ ਸਹਾਇਤਾ ਵੀ ਸ਼ਲਾਘਾ ਤੋਂ ਜ਼ਿਆਦਾ ਦੀ ਹੱਕਦਾਰ ਹੈ। ਇਸ ਪੁਰਸਕਾਰ ਦੀ ਸੱਚੀ ਹੱਕਦਾਰ ਨਾਦੀਆ ਮੁਰਾਦ ਵੀ ਹੈ।
ਹੁਣ ਮਨੁੱਖਤਾਵਾਦੀ ਨੇਤਾ ਵਜੋਂ ਪ੍ਰਸਿੱਧ ਹੋ ਚੁੱਕੀ ਨਾਦੀਆ ਇਕ ਯਜੀਦੀ ਹੈ, ਜੋ ਸੀਰੀਆ-ਇਰਾਕ ਦੀ ਸਰਹੱਦ ’ਤੇ ਇਕ ਪਿੰਡ ’ਚ ਰਹਿੰਦੀ ਸੀ। 2014 ’ਚ ਉਸ ਦੇ ਯਜੀਦੀ ਪਿੰਡ ’ਚ ਕਤਲੇਆਮ ਕੀਤਾ ਗਿਆ ਤੇ ਉਸ ਦੀ ਮਾਂ ਨਾਲ ਬਲਾਤਕਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਖ਼ੁਦ ਉਸ ਨੇ 3 ਮਹੀਨੇ ਆਈ. ਐੱਸ. ਅੱਤਵਾਦੀਅਾਂ ਦੀ ‘ਸੈਕਸ ਗੁਲਾਮ’ ਵਜੋਂ ਬਿਤਾਏ। ਪਤਾ ਨਹੀਂ ਉਸ ਨੂੰ ਕਿੰਨੀ ਵਾਰ ਵੇਚਿਆ ਤੇ ਖਰੀਦਿਆ ਗਿਆ ਤੇ ਕੈਦ ਦੌਰਾਨ ਸਰੀਰਕ ਅੱਤਿਆਚਾਰ ਦਾ ਸ਼ਿਕਾਰ ਹੋਈ। ਉਹ ਕਿਸੇ ਤਰ੍ਹਾਂ ਉਨ੍ਹਾਂ ਦੀ ਕੈਦ ’ਚੋਂ ਭੱਜ ਨਿਕਲੀ ਤੇ ਇਕ ਐਕਟੀਵਿਸਟ ਬਣ ਗਈ। ਉਸ ਨੇ ਬਹੁਤ ਸਾਰੀਆਂ ਔਰਤਾਂ ਨੂੰ ਆਈ. ਐੈੱਸ. ਤੋਂ ਬਚਾਇਆ।
ਰੂੜੀਵਾਦੀ ਯਜੀਦੀ ਕਲਚਰ ਦੀ ਵਜ੍ਹਾ ਕਰਕੇ ਉਸ ਵਰਗੇ ਅੱਤਿਆਚਾਰਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਜ਼ਿਆਦਾਤਰ ਯਜੀਦੀ ਔਰਤਾਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀਅਾਂ ਪਰ ਨਾਦੀਆ ਨੇ ਆਪਣੀ ਕਹਾਣੀ ਵਾਰ-ਵਾਰ ਲੋਕਾਂ ਦੇ ਸਾਹਮਣੇ ਰੱਖੀ ਤਾਂ ਕਿ ਇਸ ਮੁੱਦੇ ਵੱਲ ਦੁਨੀਆ ਦਾ ਧਿਆਨ ਜਾਵੇ ਤੇ ਨਾਲ ਹੀ ਇਸ ਨੂੰ ਲੈ ਕੇ ਉਸ ਦੇ ਆਪਣੇ ਲੋਕਾਂ ਦੀ ਸੋਚ ਬਦਲ ਸਕੇ।
ਪਹਿਲਾਂ ਬਲਾਤਕਾਰ ਦੀਅਾਂ ਸ਼ਿਕਾਰ ਯਜੀਦੀ ਔਰਤਾਂ ਨਾਲ ਕੋਈ ਮਰਦ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੁੰਦਾ ਸੀ ਪਰ ਨਾਦੀਆ ਵਲੋਂ ਆਵਾਜ਼ ਉਠਾਉਣ ਤੋਂ ਬਾਅਦ ਯਜੀਦੀ ਮਰਦ ਬਲਾਤਕਾਰ ਦੀਅਾਂ ਸ਼ਿਕਾਰ ਔਰਤਾਂ ਨਾਲ ਵਿਆਹ ਕਰਵਾਉਣ ਲਈ ਅੱਗੇ ਆ ਰਹੇ ਹਨ।
ਇਹ ਨੋਬਲ ਸ਼ਾਂਤੀ ਪੁਰਸਕਾਰ ਉਦੋਂ ਆਇਆ ਹੈ, ਜਦੋਂ ਪੱਛਮੀ ਦੇਸ਼ਾਂ ’ਚ ‘ਮੀ ਟੂ’ ਮੁਹਿੰਮ ਬਲਾਤਕਾਰ ਵੱਲ ਸਭ ਦਾ ਧਿਆਨ ਖਿੱਚ ਰਹੀ ਹੈ ਕਿ ਕਿਸ ਤਰ੍ਹਾਂ ਸਮਾਜ ’ਚ ਔਰਤਾਂ ਨੂੰ ਕੁਚਲਣ ਲਈ ਬਲਾਤਕਾਰ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।
ਪਰ ਭਾਰਤ ’ਚ ਬਲਾਤਕਾਰ ਤੋਂ ਪੀੜਤ ਕਈ ਔਰਤਾਂ ਵਲੋਂ ਐੱਫ. ਆਈ. ਆਰ. ਦਰਜ ਕਰਵਾਉਣ ਲਈ ਸਾਹਮਣੇ ਆਉਣ ਦੇ ਬਾਵਜੂਦ ਸਾਡੇ ਇਥੇ ‘ਮੀ ਟੂ’ ਮੁਹਿੰਮ ਜ਼ੋਰ ਨਹੀਂ ਫੜ ਸਕੀ ਹੈ। ਲੋਕਾਂ ਨੂੰ ਅੱਜ ਵੀ ਲੱਗਦਾ ਹੈ ਕਿ ਔਰਤਾਂ ਨੂੰ ਸੈਕਸ ਸ਼ੋਸ਼ਣ ਦੇ ਵਿਰੁੱਧ ਨਹੀਂ ਬੋਲਣਾ ਚਾਹੀਦਾ ਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਔਰਤਾਂ ਨੂੰ ਅਜਿਹੇ ਮਾਮਲੇ ਉਠਾਉਣੇ ਹੀ ਨਹੀਂ ਚਾਹੀਦੇ।
ਅਜਿਹੀ ਸੋਚ ਦਰਮਿਆਨ ਸਰੀਰਕ, ਮਾਨਸਿਕ ਅਪਰਾਧ ਕਿਵੇਂ ਰੁਕਣਗੇ?