ਫਿਰਕੂ ਏਕਤਾ ਦੀ ਮਿਸਾਲ ਪੇਸ਼ ਕਰ ਰਹੀਆਂ ਰਾਮਲੀਲਾਵਾਂ
Sunday, Oct 02, 2022 - 03:34 AM (IST)
ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਦੇਸ਼ ’ਚ ਸਰਦੀਆਂ ਦੀ ਰੁੱਤ ਦੇ ਨਰਾਤੇ ਸ਼ੁਰੂ ਹੁੰਦਿਆਂ ਹੀ ਰਾਮਲੀਲਾਵਾਂ ਦੇ ਆਯੋਜਨ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ’ਚ ਸਾਰੇ ਭਾਈਚਾਰਿਆਂ ਦੇ ਲੋਕ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਅੱਜਕਲ ਪੂਰੇ ਦੇਸ਼ ’ਚ ਖੇਡੀਆਂ ਜਾ ਰਹੀਆਂ ਰਾਮਲੀਲਾਵਾਂ ’ਚ ਹਿੱਸਾ ਲੈ ਕੇ ਸਭ ਧਰਮਾਂ ਦੇ ਕਲਾਕਾਰ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਰਾਹੀਂ ਧਾਰਮਿਕ ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ‘‘ਪ੍ਰੇਮ, ਦਯਾ, ਮੁਆਫੀ, ਭਾਈਚਾਰਾ ਅਤੇ ਮਨੁੱਖੀ ਕਲਿਆਣ, ਮਾਤਾ-ਪਿਤਾ ਦੇ ਹੁਕਮ ਦਾ ਪਾਲਣ ਆਦਿ ਆਦਰਸ਼ਾਂ ਨੂੰ ਅਪਣਾ ਕੇ ਹੀ ਮਨੁੱਖ ਅਤੇ ਸਮਾਜ ਦਾ ਕਲਿਆਣ ਹੋ ਸਕਦਾ ਹੈ।’’
* ਲਖਨਊ ’ਚ ‘ਬਖਸ਼ੀ ਕਾ ਤਲਾਬ’ (ਬੀ. ਕੇ. ਟੀ.) ’ਚ ਲਗਭਗ 48 ਸਾਲ ਤੋਂ ਆਯੋਜਿਤ ਹੋਣ ਵਾਲੀ ਰਾਮਲੀਲਾ ’ਚ ਸਭ ਮੁੱਖ ਕਿਰਦਾਰ ਮੁਸਲਿਮ ਕਲਾਕਾਰ ਨਿਭਾਉਂਦੇ ਹਨ। ਇਸ ਸਾਲ ਅਯੁੱਧਿਆ ’ਚ ਆਯੋਜਿਤ ਰਾਮਲੀਲਾ ’ਚ ਬਾਲੀਵੁੱਡ ਅਭਿਨੇਤਾ ਰਜ਼ਾ ਮੁਰਾਦ ਨੂੰ ਰਿਸ਼ੀ ਵਿਸ਼ਵਾਮਿੱਤਰ ਦੀ ਭੂਮਿਕਾ ਸੌਂਪੀ ਗਈ ਹੈ। ਸੰਸਦ ਮੈਂਬਰ ਅਤੇ ਭੋਜਪੁਰੀ ਫਿਲਮਾਂ ਦੇ ਅਭਿਨੇਤਾ ਮਨੋਜ ਤਿਵਾੜੀ ਇਸ ਰਾਮਲੀਲਾ ’ਚ ਭਗਵਾਨ ਪਰਸ਼ੂਰਾਮ ਅਤੇ ਦਿਨੇਸ਼ ਲਾਲ ਉਰਫ ‘ਨਿਰਹੂਆ’ ਲਕਸ਼ਮਣ ਜੀ ਦੀ ਭੂਮਿਕਾ ’ਚ ਹਨ। ਅਭਿਨੇਤਰੀ ਸ਼ੀਬਾ ਖਾਨ ਇਸੇ ਰਾਮਲੀਲਾ ’ਚ ਰਾਵਣ ਦੀ ਪਤਨੀ ਮੰਦੋਦਰੀ ਦੀ ਭੂਮਿਕਾ ਨਿਭਾਅ ਚੁੱਕੀ ਹੈ।
* ਕੁਰੂਕਸ਼ੇਤਰ ’ਚ ‘ਲਕਸ਼ਮੀ ਰਾਮਲੀਲਾ ਡ੍ਰਾਮਾਟਿਕ ਕਲੱਬ’ ਵੱਲੋਂ ਆਯੋਜਿਤ ਰਾਮਲੀਲਾ ’ਚ ਪਿਛਲੇ 50 ਸਾਲ ਤੋਂ ਸਿੱਖ ਭਾਈਚਾਰੇ ਨਾਲ ਸਬੰਧਤ ਕੁਲਵੰਤ ਸਿੰਘ ਭੱਟੀ ਰਾਮ ਭਗਤ ਹਨੂਮਾਨ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ, ਜਦੋਂ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਪੁੱਤਰ ਸਾਹਿਬ ਸਿੰਘ ਭੱਟੀ ਹਨੂਮਾਨ ਜੀ ਦੇ ਪੁੱਤਰ ਮਕਰਧਵਜ ਦੀ ਭੂਮਿਕਾ ਨਿਭਾਉਂਦਾ ਹੈ।
* ਮਿਰਜ਼ਾਪੁਰ ਜ਼ਿਲ੍ਹੇ ਦੇ ਦੇਵਪੁਰਾ ਵਿਖੇ ‘ਆਦਰਸ਼ ਰਾਮਲੀਲਾ ਸਮਿਤੀ’ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਜਾਣ ਵਾਲੀ ਰਾਮਲੀਲਾ ’ਚ ਪਿੰਡ ਦੇ ਕਈ ਮੁਸਲਿਮ ਭਾਈਚਾਰੇ ਦੇ ਮੈਂਬਰ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਹਨ।
* ਦਿੱਲੀ ’ਚ ਦਵਾਰਕਾ ਦੀ ‘ਸ਼੍ਰੀ ਰਾਮਲੀਲਾ ਸੁਸਾਇਟੀ’ ਵੱਲੋਂ ਆਯੋਜਿਤ ਰਾਮਲੀਲਾ ’ਚ ਰੰਗਮੰਚ ਦੇ ਕਲਾਕਾਰ ਸਾਹਿਲ ਹੁਸੈਨ ਮਿਥਿਲਾ ਨਰੇਸ਼ ਰਾਜਾ ਜਨਕ ਦੀ ਭੂਮਿਕਾ ’ਚ ਹਨ। ਉਹ ਇਸ ’ਚ ਰਾਜਾ ਦਸ਼ਰਥ ਦੇ ਮੰਤਰੀ ਸੁਮੰਤ ਅਤੇ ਰਾਵਣ ਦੇ ਛੋਟੇ ਭਰਾ ਵਿਭੀਸ਼ਣ ਦੀਆਂ ਭੂਮਿਕਾਵਾਂ ਵੀ ਨਿਭਾਅ ਚੁੱਕੇ ਹਨ।
ਇਹ ਤਾਂ ਕੁਝ ਉਦਾਹਰਣਾਂ ਹੀ ਹਨ, ਅਜਿਹੇ ਕਲਾਕਾਰਾਂ ਦੀ ਸੂਚੀ ਕਾਫੀ ਲੰਬੀ ਹੈ। ਇਹੀ ਨਹੀਂ, ਮੁਸਲਿਮ ਭਾਈਚਾਰੇ ਦੇ ਮੈਂਬਰ ਕਲਾਕਾਰਾਂ ਦੀ ਸਜਾਵਟ, ਪਹਿਰਾਵਾ ਅਤੇ ਪੁਤਲਿਆਂ ਦੇ ਨਿਰਮਾਣ ਅਤੇ ਗੀਤ-ਸੰਗੀਤ ਆਦਿ ’ਚ ਭਰਪੂਰ ਸਹਿਯੋਗ ਦਿੰਦੇ ਹਨ। ਅਸਲ ’ਚ ਰਾਮਲੀਲਾ ਦੇ ਆਯੋਜਕਾਂ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਬਾਲਕਾਲ ਤੋਂ ਲੈ ਕੇ ਯੁਵਾ ਦਸ਼ਰਥ ਵੱਲੋਂ ਅਣਜਾਣੇ ’ਚ ਸ਼ਰਵਣ ਕੁਮਾਰ ਦੇ ਵਧ, ਸੀਤਾ ਸਵੰਬਰ, ਬਨਵਾਸ, ਸੀਤਾ ਜੀ ਦਾ ਹਰਨ, ਹਨੂਮਾਨ ਜੀ ਵੱਲੋਂ ਲੰਕਾ ਦਹਿਣ, ਲੰਕਾ ’ਤੇ ਸ਼੍ਰੀ ਰਾਮ ਵੱਲੋਂ ਚੜ੍ਹਾਈ ਅਤੇ ਕੁੰਭਕਰਨ, ਮੇਘਨਾਦ ਆਦਿ ਦੇ ਵਧ ਨਾਲ ਹੀ ਆਖਰੀ ਦਿਨ ਰਾਵਣ ਦੀ ਮੌਤ ਦੇ ਪ੍ਰਸੰਗ ਨੂੰ ਪੇਸ਼ ਕੀਤਾ ਜਾਂਦਾ ਹੈ। ਹਰ ਉਮਰ ਵਰਗ ਦੇ ਲੋਕ ਰਾਮਲੀਲਾ ਦੇ ਪ੍ਰੋਗਰਾਮ ਨੂੰ ਵੇਖਣ ਲਈ ਉਤਸ਼ਾਹ ਨਾਲ ਆਉਂਦੇ ਹਨ। ਮੈਨੂੰ ਵੀ ਹੁਣੇ ਜਿਹੇ ਹੀ ਜਲੰਧਰ ’ਚ ਵੱਖ-ਵੱਖ ਕਲੱਬਾਂ ਵੱਲੋਂ ਆਯੋਜਿਤ ਰਾਮਲੀਲਾਵਾਂ ਨੂੰ ਦੇਖਣ ਦਾ ਮੌਕਾ ਮਿਲਿਆ।
ਇਨ੍ਹਾਂ ’ਚੋਂ ਇਕ ਕਲੱਬ ਦੇ ਕਲਾਕਾਰਾਂ ਵੱਲੋਂ ਮੰਚਿਤ ਰਾਮਲੀਲਾ ’ਚ ਰਾਜਾ ਦਸ਼ਰਥ ਵੱਲੋਂ ਅਣਜਾਣੇ ’ਚ ਸ਼ਰਵਣ ਕੁਮਾਰ ਦੇ ਵਧ ਦਾ ਭਾਵਪੂਰਨ ਦ੍ਰਿਸ਼ ਅਤੇ ਉਸ ਦੇ ਮਾਤਾ-ਪਿਤਾ ਦਾ ਵਿਰਲਾਪ, ਜੋ ਕਹਿ ਰਹੇ ਸਨ ਕਿ ਹੁਣ ਉਨ੍ਹਾਂ ਨੂੰ ਪਾਣੀ ਕੌਣ ਪਿਆਵੇਗਾ ਅਤੇ ਪੁੱਤਰ ਸ਼ੋਕ ’ਚ ਦਰਦ ਭਰੀ ਪੁਕਾਰ ਕਰਦੇ ਹੋਏ ਪ੍ਰਾਣ ਤਿਆਗਦੇ ਦੇਖ ਕੇ ਮਨ ਪ੍ਰੇਸ਼ਾਨ ਹੋ ਉੱਠਿਆ। ਬਦਲਦੇ ਸਮੇਂ ਦੇ ਨਾਲ-ਨਾਲ ਰਾਮਲੀਲਾਵਾਂ ਦੀ ਪੇਸ਼ਕਾਰੀ ’ਚ ਵੀ ਵਾਧਾ ਹੋ ਰਿਹਾ ਹੈ ਅਤੇ ਇਨ੍ਹਾਂ ’ਚ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਇਹ ਪਹਿਲਾਂ ਤੋਂ ਵੱਧ ਦਿਲਖਿੱਚਵੀਆਂ ਅਤੇ ਤਕਨੀਕੀ ਪੱਖੋਂ ਉੱਨਤ ਹੋ ਗਈਆਂ ਹਨ।
ਦੇਸ਼ ਦੇ ਮਾਣ ਭਰੇ ਪਿਛੋਕੜ ਦੀ ਜਾਣਕਾਰੀ ਦੇਣ ਦੇ ਨਾਲ ਹੀ ਰਾਮਲੀਲਾਵਾਂ ਵੱਡੀ ਗਿਣਤੀ ’ਚ ਇਨ੍ਹਾਂ ਨਾਲ ਜੁੜੇ ਵੱਖ-ਵੱਖ ਕਾਰੋਬਾਰਾਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣ ਗਈਆਂ ਹਨ। ਇੱਥੋਂ ਤੱਕ ਕਿ ਰਾਮਲੀਲਾ ਦੇ ਆਯੋਜਨ ਵਾਲੀਆਂ ਥਾਵਾਂ ਦੇ ਆਸ-ਪਾਸ ਲੱਗਣ ਵਾਲੀਆਂ ਰੇਹੜੀਆਂ ਆਦਿ ਵਾਲੇ ਵੀ ਵੱਖ-ਵੱਖ ਵਸਤਾਂ ਵੇਚ ਕੇ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰ ਲੈਂਦੇ ਹਨ। ਇਨ੍ਹਾਂ ਰਾਮਲੀਲਾਵਾਂ ਨੇ ਵੱਡੀ ਗਿਣਤੀ ’ਚ ਦੇਸ਼ ਨੂੰ ਕਲਾਕਾਰ, ਲੇਖਕ, ਨਿਰਦੇਸ਼ਕ ਅਤੇ ਤਕਨੀਸ਼ੀਅਨ ਵੀ ਦਿੱਤੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸਮੁੱਚੀ ਦੁਨੀਆ ’ਚ ਰਾਮਲੀਲਾਵਾਂ ਦੇ ਆਯੋਜਕ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦੀਆਂ ਲੀਲਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ ਹੀ ਕਲਾ ਅਤੇ ਸੰਸਕ੍ਰਿਤੀ ਦੀ ਵੀ ਸੇਵਾ ਕਰ ਰਹੇ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਤੱਕ ਸਾਡੇ ਦੇਸ਼ ’ਚ ਰਾਮਲੀਲਾਵਾਂ ਦਾ ਮੰਚਨ ਹੁੰਦਾ ਰਹੇਗਾ, ਉਦੋਂ ਤੱਕ ਵੰਡਪਾਊ ਸ਼ਕਤੀਆਂ ਸਾਡੇ ਭਾਈਚਾਰੇ ਦੇ ਰਵਾਇਤੀ ਤਾਣੇ-ਬਾਣੇ ਨੂੰ ਤੋੜਨ ’ਚ ਸਫਲ ਨਹੀਂ ਹੋ ਸਕਣਗੀਆਂ। ਭਾਈਚਾਰੇ ਦੇ ਬੰਧਨ ਮਜ਼ਬੂਤ ਹੁੰਦੇ ਰਹਿਣਗੇ ਅਤੇ ਹਮੇਸ਼ਾ ਹੀ ਝੂਠ ’ਤੇ ਸੱਚ ਦੀ ਅਤੇ ਮੰਦਭਾਵਨਾ ’ਤੇ ਸਦਭਾਵਨਾ ਦੀ ਜਿੱਤ ਹੁੰਦੀ ਰਹੇਗੀ।
-ਵਿਜੇ ਕੁਮਾਰ