ਘਟੀਆ ਦਵਾਈਆਂ ਦਾ ਨਿਰਮਾਣ ਰੋਕਣ ਲਈ ਛਾਪੇਮਾਰੀ ਤੇਜ਼ ਕੀਤੀ ਜਾਵੇ

02/23/2024 5:49:00 AM

ਹੁਣ ਤਾਂ ਦੇਸ਼ ਵਿਚ ਪ੍ਰਾਣ ਰੱਖਿਆ ਲਈ ਲਈਆਂ ਜਾਣ ਵਾਲੀਆਂ ਦਵਾਈਆਂ ਵੀ ਘਟੀਆ ਆਉਣ ਲੱਗੀਆਂ ਹਨ। ‘ਕੇਂਦਰੀ ਦਵਾ ਕੰਟਰੋਲ ਸੰਗਠਨ’ (ਸੀ. ਡੀ. ਐੱਸ. ਸੀ. ਓ.) ਵੱਲੋਂ ਜਾਰੀ ਡਰੱਗ ਅਲਰਟ ਅਨੁਸਾਰ ਹਾਲ ਹੀ ਵਿਚ ਦੇਸ਼ ਵਿਚ ਲਏ ਗਏ 932 ਦਵਾਈਆਂ ਦੇ ਨਮੂਨਿਆਂ ਵਿਚੋਂ 46 ਦਵਾਈਆਂ ਦੇ ਨਮੂਨੇ ਫੇਲ ਹੋ ਗਏ ਹਨ।

ਜਿਨ੍ਹਾਂ ਦਵਾਈਆਂ ਦੇ ਨਮੂਨੇ ਫੇਲ ਹੋਏ ਹਨ ਉਨ੍ਹਾਂ ਵਿਚ ਅਨੀਮੀਆ, ਸ਼ੂਗਰ, ਚਮੜੀ ਦੀ ਇਨਫੈਕਸ਼ਨ, ਐਂਟੀ-ਬਾਇਓਟਿਕ ਦਵਾਈਆਂ, ਐਲਰਜੀ, ਅੱਖ, ਬਲੱਡ ਕਲਾਟ, ਬੱਚੇਦਾਨੀ ਤੋਂ ਅਨਿਯਮਿਤ ਖੂਨ ਦਾ ਰਿਸਣਾ, ਐਸੀਡਿਟੀ ਅਤੇ ਦਰਦ ਤੋਂ ਆਰਾਮ ਦੀਆਂ ਦਵਾਈਆਂ ਸ਼ਾਮਲ ਹਨ।

ਹਿਮਾਚਲ ਪ੍ਰਦੇਸ਼ ਵਿਚ ਨਿਰਮਿਤ ਜੋ ਚੰਦ ਦਵਾਈਆਂ ਸਬ-ਸਟੈਂਡਰਡ (ਘਟੀਆ) ਪਾਈਆਂ ਗਈਆਂ ਹਨ, ਉਸ ਬਾਰੇ ਸੂਬੇ ਦੇ ਡਰੱਗ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਨਿਰਮਾਤਾਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਇਲਾਵਾ ਬਾਜ਼ਾਰ ਿਵਚੋਂ ਸਬ-ਸਟੈਂਡਰਡ ਦਵਾਈਆਂ ਦਾ ਸਟਾਕ ਤੁਰੰਤ ਵਾਪਸ ਮੰਗਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸੂਬੇ ਦੇ ਡਰੱਗ ਕੰਟਰੋਲਰ ਮਨੀਸ਼ ਕਪੂਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਾਰੇ ਜ਼ਰੂਰੀ ਕਾਰਵਾਈ ਅਮਲ ਵਿਚ ਲਿਆਉਣ ਦੇ ਨਾਲ-ਨਾਲ ਭਵਿੱਖ ਵਿਚ ਦਵਾਈਆਂ ਦੀ ਗੁਣਵੱਤਾ ਸੁਧਾਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

ਕੋਰੋਨਾ ਪ੍ਰਕੋਪ ਦੌਰਾਨ ਸਾਡੀ ਵੈਕਸੀਨ ਨੇ ਦੁਨੀਆ ਭਰ ਵਿਚ ਅਣਗਿਣਤ ਲੋਕਾਂ ਦੀ ਜਾਨ ਬਚਾਈ ਹੈ ਜਿਸ ਕਾਰਨ ਭਾਰਤ ਨੂੰ ‘ਵਿਸ਼ਵ ਦੀ ਫਾਰਮੇਸੀ’ ਵੀ ਕਿਹਾ ਜਾਣ ਲੱਗਾ ਹੈ ਪਰ ਚੰਦ ਸਬ-ਸਟੈਂਡਰਡ ਦਵਾਈਆਂ ਬਣਾਉਣ ਵਾਲੇ ਦੇਸ਼ ਦੀ ਸ਼ਾਨ ਨੂੰ ਵੱਟਾ ਲਾ ਰਹੇ ਹਨ।

ਇਸ ਲਈ ਹਿਮਾਚਲ ਪ੍ਰਦੇਸ਼ ਵਾਂਗ ਹੀ ਹੋਰ ਸੂਬਿਆਂ ’ਚ ਵੀ ਸਬ-ਸਟੈਂਡਰਡ ਦਵਾਈਆਂ ਦਾ ਨਿਰਮਾਣ ਕਰਨ ਵਾਲਿਆਂ ’ਤੇ ਰੋਕ ਲਾਉਣ ਲਈ ਛਾਪੇਮਾਰੀ ਅਤੇ ਬਣਦੀ ਕਾਰਵਾਈ ਤੇਜ਼ ਕਰਨੀ, ਦੋਸ਼ੀਆਂ ਨੂੰ ਢੁੱਕਵੀਂ ਸਜ਼ਾ ਦੇਣੀ ਅਤੇ ਬਾਜ਼ਾਰ ’ਚ ਭੇਜੀਆਂ ਗੲੀਆਂ ਘਟੀਆ ਦਵਾਈਆਂ ਵਾਪਸ ਮੰਗਵਾਉਣੀਆਂ ਚਾਹੀਦੀਆਂ ਹਨ।

-ਵਿਜੇ ਕੁਮਾਰ


Anmol Tagra

Content Editor

Related News