ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ, ਹੋਟਲਾਂ, ਸਪਾ ਤੇ ਘਰਾਂ ਤੱਕ ’ਚ ਹੋ ਰਿਹਾ ਅਨੈਤਿਕ ਧੰਦਾ

04/01/2023 2:45:47 AM

ਦੇਸ਼ ’ਚ ਦੇਹ ਵਪਾਰ ਚਿੰਤਾਜਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਵੱਡੇ ਪੈਮਾਨੇ ’ਤੇ ਹੋਟਲਾਂ ਅਤੇ ਸਪਾ ਸੈਂਟਰਾਂ ’ਚ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਹ ਅਨੈਤਿਕ ਧੰਦਾ ਚਲਾਉਣ ’ਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਹੁਣ ਸ਼ਾਮਲ ਪਾਈਆਂ ਜਾ ਰਹੀਆਂ ਹਨ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 15 ਫਰਵਰੀ, 2023 ਨੂੰ ਗਾਜ਼ੀਆਬਾਦ ਦੇ ਕਵੀ ਨਗਰ ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ 20,000 ਰੁਪਏ ਮਹੀਨਾ ਕਿਰਾਏ ’ਤੇ ਲਈ ਇਕ ਕੋਠੀ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰ ਕੇ ਪੁਲਸ ਨੇ ਗਿਰੋਹ ਦੀ ਸਰਗਣਾ ਔਰਤ ਨੂੰ 2 ਲੜਕੀਆਂ ਅਤੇ 2 ਗਾਹਕਾਂ ਦੇ ਨਾਲ ਗ੍ਰਿਫਤਾਰ ਕਰ ਕੇ ਉੱਥੋਂ ਕੱਪੜੇ, ਹੁੱਕਾ ਅਤੇ ਇਤਰਾਜ਼ਯੋਗ ਸਮੱਗਰੀ ਸਮੇਤ ਮੋਬਾਇਲ ਫੋਨ ਬਰਾਮਦ ਕੀਤੇ।

* 3 ਮਾਰਚ ਨੂੰ ਪੁਲਸ ਨੇ ਫਿਰੋਜ਼ਾਬਾਦ (ਉੱਤਰ ਪ੍ਰਦੇਸ਼) ਸਥਿਤ ਇਕ ਹੋਟਲ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਉੱਥੋਂ 2 ਲੜਕੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ। ਹੋਟਲ ਦਾ ਸੰਚਾਲਕ ਫਰਾਰ ਹੋ ਗਿਆ ਅਤੇ ਹੋਟਲ ਨੂੰ ਸੀਲ ਕਰ ਦਿੱਤਾ ਗਿਆ।

* 15 ਮਾਰਚ ਨੂੰ ਚੇਨਈ (ਤਮਿਲਨਾਡੂ) ਸਥਿਤ ਕੰਮਕਾਜੀ ਔਰਤਾਂ ਦੇ ਹੋਸਟਲ ’ਚ ਚਲਾਏ ਜਾ ਰਹੇ ਵੇਸਵਾਪੁਣੇ ਦੇ ਅੱਡੇ ਦਾ ਪਤਾ ਲੱਗਣ ’ਤੇ ਪੁਲਸ ਨੇ ਉੱਥੋਂ 3 ਔਰਤਾਂ ਨੂੰ ਮੁਕਤ ਕਰਵਾ ਕੇ ਸਰਕਾਰੀ ਪਨਾਹਗਾਹ ’ਚ ਭਿਜਵਾਇਆ। ਇਸ ਸਿਲਸਿਲੇ ’ਚ ਪੁਲਸ ਨੇ ਇਕ ਔਰਤ ਅਤੇ 2 ਮਰਦਾਂ ਨੂੰ ਗਿਰੋਹ ਚਲਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

ਪੁਲਸ ਅਨੁਸਾਰ ਇਸ ਗਿਰੋਹ ਦੇ ਮੈਂਬਰ ਖੁਦ ਨੂੰ ਵੱਡੀਆਂ ਕੰਪਨੀਆਂ ਦੇ ਨੁਮਾਇੰਦੇ ਦੱਸ ਕੇ ਵੱਖ-ਵੱਖ ਸ਼ਹਿਰਾਂ ਤੋਂ ਔਰਤਾਂ ਨੂੰ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇੱਥੇ ਲਿਆਉਂਦੇ ਅਤੇ ਵੇਸਵਾਪੁਣੇ ’ਚ ਧੱਕ ਦਿੰਦੇ ਸਨ।

* 7 ਮਾਰਚ ਨੂੰ ਰੇਵਾੜੀ (ਹਰਿਆਣਾ) ’ਚ ਪੁਲਸ ਨੇ ਇਕ ਹੋਟਲ ’ਚ ਛਾਪੇਮਾਰੀ ਕਰ ਕੇ ਹੋਟਲ ਦੇ ਸੰਚਾਲਕ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉੱਥੋਂ ਦੇਹ ਵਪਾਰ ’ਚ ਜ਼ਬਰਦਸਤੀ ਧੱਕੀਆਂ ਗਈਆਂ 5 ਲੜਕੀਆਂ ਨੂੰ ਮੁਕਤ ਕਰਵਾਇਆ।

* 20 ਮਾਰਚ ਨੂੰ ਪੁਣੇ ਸਿਟੀ ਪੁਲਸ ਨੇ ਕੋਰੇਗਾਓਂ ਪਾਰਕ ਇਲਾਕੇ ’ਚ ਇਕ ‘ਸਪਾ ਸੈਂਟਰ’ ਦੀ ਆੜ ਹੇਠ ਵੇਸਵਾਪੁਣੇ ਦਾ ਅੱਡਾ ਚਲਾਉਣ ਵਾਲੇ ਇਕ ਗਿਰੋਹ ਦੇ ਸਰਗਣਾ ਨੂੰ ਗ੍ਰਿਫਤਾਰ ਕਰ ਕੇ ਉੱਥੋਂ 7 ਔਰਤਾਂ ਨੂੰ ਮੁਕਤ ਕਰਵਾਇਆ। ਇਨ੍ਹਾਂ ’ਚ 4 ਥਾਈਲੈਂਡ ਦੀਆਂ, 2 ਮਹਾਰਾਸ਼ਟਰ ਅਤੇ 1 ਪੱਛਮੀ ਬੰਗਾਲ ਦੀ ਰਹਿਣ ਵਾਲੀ ਸੀ।

* 22 ਮਾਰਚ ਨੂੰ ਬਾਲਾਸੋਰ (ਓਡਿਸ਼ਾ) ਪੁਲਸ ਨੇ ਦੇਹ ਵਪਾਰ ਦੇ ਇਕ ਅੱਡੇ ਦਾ ਪਤਾ ਲਗਾ ਕੇ ਉੱਥੋਂ 4 ਔਰਤਾਂ ਸਮੇਤ 13 ਲੋਕਾਂ ਨੂੰ ਗ੍ਰਿਫਤਾਰ ਕਰ ਕੇ 8 ਔਰਤਾਂ ਨੂੰ ਮੁਕਤ ਕਰਵਾਇਆ। ਇਨ੍ਹਾਂ ’ਚ 6 ਪੱਛਮੀ ਬੰਗਾਲ ਦੀਆਂ ਅਤੇ 2 ਬੰਗਲਾਦੇਸ਼ ਤੋਂ ਲਿਆਂਦੀਆਂ ਗਈਆਂ ਸਨ।

* 23 ਮਾਰਚ ਨੂੰ ਪੁਲਸ ਨੇ ਅਸਾਮ ਦੇ ‘ਨਾਗਾਓਂ’ ’ਚ ਇਕ ਢਾਬੇ ਦੇ ਅੰਦਰ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਤਾ ਲਗਾ ਕੇ ਢਾਬੇ ਦੇ ਮਾਲਕ ਸਮੇਤ 17 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਦੇਹ ਵਪਾਰ ਲਈ ਲਿਆਂਦੀਆਂ ਗਈਆਂ 5 ਔਰਤਾਂ ਨੂੰ ਮੁਕਤ ਕਰਵਾਇਆ।

* 26 ਮਾਰਚ ਨੂੰ ਅਰਬਨ ਅਸਟੇਟ, ਹਿਸਾਰ ਦੀ ਪੁਲਸ ਨੇ ਛਾਪਾ ਮਾਰ ਕੇ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਬੇਸਹਾਰਾ ਲੜਕੀਆਂ ਨੂੰ ਹਿਸਾਰ ਲਿਆ ਕੇ ਉਨ੍ਹਾਂ ਕੋਲੋਂ ਦੇਹ ਵਪਾਰ ਕਰਵਾਉਣ ਵਾਲੇ ਇਕ ਗਿਰੋਹ ਦਾ ਭਾਂਡਾ ਭੰਨ ਕੇ ਅਨੇਕਾਂ ਲੜਕੀਆਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ।

ਇਸੇ ਦੌਰਾਨ ਪੰਜਾਬ ’ਚ ਜਲੰਧਰ ਦੀ ਮਕਸੂਦਾਂ ਮੰਡੀ ’ਚ ਸ਼ਰੇਆਮ ਦੇਹ ਵਪਾਰ ਦਾ ਅੱਡਾ ਚਲਾਏ ਜਾਣ ਦਾ ਪਤਾ ਲੱਗਾ ਹੈ ਜਿੱਥੇ 3 ਤੋਂ 4 ਲੜਕੀਆਂ ਫਰੂਟ ਮੰਡੀ ਵਾਲੀ ਸਾਈਡ ’ਚ ਆਪਣੇ ਗਾਹਕਾਂ ਨਾਲ ਡੀਲ ਕਰਦੀਆਂ ਹਨ ਅਤੇ ਉੱਥੇ ਹੀ ਬਣੇ ਬਾਥਰੂਮ ’ਚ ਗਲਤ ਕੰਮ ਕੀਤਾ ਜਾਂਦਾ ਹੈ। ਇਨ੍ਹਾਂ ਲੜਕੀਆਂ ਦਰਮਿਆਨ ਇਕ ਐੱਚ. ਆਈ. ਵੀ. ਪਾਜ਼ੇਟਿਵ ਲੜਕੀ ਵੀ ਸ਼ਾਮਲ ਦੱਸੀ ਜਾਂਦੀ ਹੈ।

ਇਹ ਵੀ ਪਤਾ ਲੱਗਾ ਹੈ ਕਿ ਕੁਝ ਲੜਕੀਆਂ ਇਕ ਮਹਿਲਾ ਸਮੱਗਲਰ ਦੇ ਕੋਲ ਵੀ ਕੰਮ ਕਰਦੀਆਂ ਹਨ ਜੋ ਰਾਤ ਦੇ ਸਮੇਂ ਦੇਹ ਵਪਾਰ ਤੋਂ ਇਲਾਵਾ ਚਿੱਟਾ ਵੇਚਣ ਦਾ ਕੰਮ ਵੀ ਕਰਦੀਆਂ ਹਨ ਪਰ ਪੁਲਸ ਦੀ ਪੈਟਰੋਲਿੰਗ ਜ਼ੀਰੋ ਦੇ ਬਰਾਬਰ ਹੋਣ ਕਾਰਨ ਉਹ ਆਪਣਾ ਧੰਦਾ ਬੇਰੋਕ-ਟੋਕ ਜਾਰੀ ਰੱਖੇ ਹੋਏ ਹਨ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਮਾਜ ਵਿਰੋਧੀ ਤੱਤ ਕਿਸ ਤਰ੍ਹਾਂ ਜ਼ਰੂਰਤਮੰਦ ਵਰਗ ਦੀਆਂ ਔਰਤਾਂ ਦੀ ਮਜਬੂਰੀ ਅਤੇ ਅਗਿਆਨਤਾ ਦਾ ਅਣਉਚਿਤ ਲਾਭ ਉਠਾ ਕੇ ਉਨ੍ਹਾਂ ਨੂੰ ਇਸ ਗੈਰ-ਮਨੁੱਖੀ ਧੰਦੇ ’ਚ ਧੱਕ ਰਹੇ ਹਨ।

ਇਸ ਲਈ ਇਸ ਧੰਦੇ ’ਚ ਸ਼ਾਮਲ ਲੋਕਾਂ ਅਤੇ ਇਸ ਕੰਮ ’ਚ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਜਿੱਥੇ ਸਖਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਉੱਥੇ ਹੀ ਇਸ ਨੂੰ ਅਪਣਾਉਣ ਲਈ ਮਜਬੂਰ ਲੜਕੀਆਂ ਨੂੰ ਇਸ ਚਿੱਕੜ ’ਚੋਂ ਕੱਢ ਕੇ ਉਨ੍ਹਾਂ ਦਾ ਮੁੜ-ਵਸੇਬਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਉਠਾਉਣ ਦੀ ਵੀ ਲੋੜ ਹੈ।

ਅਜਿਹੀਆਂ ਔਰਤਾਂ ਨੂੰ ਵੱਖ-ਵੱਖ ਕਲਾਵਾਂ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਸਿਲਾਈ, ਕਢਾਈ, ਕੰਪਿਊਟਰ, ਬਿਊਟੀਸ਼ੀਅਨ ਆਦਿ ਦੀ ਟ੍ਰੇਨਿੰਗ ਦੇਣ ਦੇ ਕੇਂਦਰ ਵੀ ਖੋਲ੍ਹਣੇ ਚਾਹੀਦੇ ਹਨ।

-ਵਿਜੇ ਕੁਮਾਰ


Mukesh

Content Editor

Related News