‘ਹੁਣ ਖੁੱਲ੍ਹੇਗੀ ਭ੍ਰਿਸ਼ਟ ਪੁਲਸ ਅਫਸਰਾਂ ਦੀ ਪੋਲ’ ‘ਲੱਗਣਗੀਆਂ ਥਾਣਿਆਂ ਤੇ ਸੋਸ਼ਲ ਮੀਡੀਆ ’ਤੇ ਫੋਟੋ’

11/18/2020 2:20:31 AM

ਸਾਡੇ ਦੇਸ਼ ’ਚ ਰਿਸ਼ਵਤਖੋਰੀ ਦੇ ਰੋਗ ਨੇ ‘ਮਹਾਮਾਰੀ’ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਵੱਡੇ ਪੱਧਰ ’ਤੇ ਸਰਕਾਰੀ ਕਰਮਚਾਰੀ ਰੋਜ਼ ਰਿਸ਼ਵਤ ਲੈਂਦੇ ਹੋਏ ਫੜੇ ਜਾ ਰਹੇ ਹਨ। ਸ਼ਾਇਦ ਹੀ ਕੋਈ ਵਿਭਾਗ ਅਜਿਹਾ ਹੋਵੇਗਾ ਜੋ ਇਸ ਤੋਂ ਬਚਿਆ ਹੋਵੇ।

ਤ੍ਰਾਸਦੀ ਇਹ ਹੈ ਕਿ ਪੁਲਸ ਵਰਗਾ ਵਿਭਾਗ, ਜਿਸ ’ਤੇ ਕਾਨੂੰਨ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਹੈ, ਨਾਲ ਜੁੜੇ ਅਫਸਰ ਵੀ ਖੁਦ ਭ੍ਰਿਸ਼ਟਾਚਾਰ ਦੇ ਮਾਮਲਿਅਾਂ ’ਚ ਬੁਰੀ ਤਰ੍ਹਾਂ ਸ਼ਾਮਲ ਪਾਏ ਜਾ ਰਹੇ ਹਨ ਜਿਸ ਦੀਆਂ ਸਿਰਫ 7 ਦਿਨਾਂ ਦੀਅਾਂ 10 ਉਦਾਹਰਣਾਂ ਹੇਠਾਂ ਦਰਜ ਹਨ :

* 10 ਨਵੰਬਰ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਅਧਿਕਾਰੀਅਾਂ ਨੇ ਪੁਲਸ ਥਾਣਾ ਅਖਨੂਰ ਦੇ ਜਾਂਚ ਅਧਿਕਾਰੀ ਮੁਹੰਮਦ ਰਫੀਕ ਨੂੰ ਇਕ ਸੜਕ ਹਾਦਸੇ ਦੇ ਸਿਲਸਿਲੇ ’ਚ 10,000 ਰੁਪਏ ਦੀ ਰਿਸ਼ਵਤ-ਰਾਸ਼ੀ ਦੇ ਨਾਲ ਫੜਿਆ।

* 10 ਨਵੰਬਰ ਨੂੰ ਹੀ ਸੀ. ਆਈ. ਏ. ਸਟਾਫ ਅੰਮ੍ਰਿਤਸਰ ਨੇ ਇਕ ਕਿਲੋ ਸਮੈਕ ਦੇ ਨਾਲ 2 ਸਮੱਗਲਰ ਫੜੇ। ਉਨ੍ਹਾਂ ਨੇ ਦੱਸਿਆ ਕਿ ਉਹ ਇਹ ਸਮੈਕ ਗੌਰਮਿੰਟ ਰੇਲਵੇ ਪੁਲਸ (ਜੀ. ਆਰ. ਪੀ.) ਦੇ ਮੁਨਸ਼ੀ ਕੁਲਜੀਤ ਸਿੰਘ ਤੋਂ ਲਿਆਏ ਸਨ ਜਿਸ ’ਤੇ ਪੁਲਸ ਨੇ ਮੁਨਸ਼ੀ ਦੇ ਵਿਰੁੱਧ ਵੀ ਕੇਸ ਦਰਜ ਕੀਤਾ ਹੈ।

* 11 ਨਵੰਬਰ ਨੂੰ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਦੇ ਸਟਾਫ ਨੇ 20,000 ਰੁਪਏ ਲੈ ਕੇ ਰਾਜ਼ੀਨਾਮਾ ਕਰਵਾਉਣ ਦੇ ਦੋਸ਼ ’ਚ ਏ. ਐੱਸ. ਆਈ. ਪਵਨ ਕੁਮਾਰ ਨੂੰ ਫੜਿਆ ਅਤੇ ਇਸੇ ਕੇਸ ’ਚ ਸ਼ਾਮਲ ਇੰਸਪੈਕਟਰ ਮਨੋਜ ਕੁਮਾਰ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।

* 12 ਨਵੰਬਰ ਨੂੰ ਮੋਗਾ ’ਚ ਨਸ਼ਾ ਸਮੱਗਲਿੰਗ ’ਚ ਫਸਾਉਣ ਦੀ ਧਮਕੀ ਦੇ ਕੇ 50,000 ਰੁਪਏ ਰਿਸ਼ਵਤ ਲੈਣ ਵਾਲੇ ਪੀ. ਸੀ. ਆਰ. ਕਰਮਚਾਰੀ ਅਤੇ ਉਸ ਦੇ ਸਾਥੀ ਨੂੰ ਫੜਿਆ ਗਿਆ।

* 12 ਨਵੰਬਰ ਨੂੰ ਹੀ ‘ਝਾਰਖੰਡ’ ਦੇ ਰਾਮਗੜ੍ਹ ’ਚ ਇਕ ਪੁਲਸ ਕਰਮਚਾਰੀ ਦੇ ਖੇਤ ’ਚ ਗਊ ਦਾਖਲ ਹੋ ਗਈ ਤਾਂ ਪੁਲਸ ਕਰਮਚਾਰੀ ਨੇ ਉਸ ਦੇ ਮਾਲਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

* 13 ਨਵੰਬਰ ਨੂੰ ਹੀ ਉੱਤਰ ਪ੍ਰਦੇਸ਼ ’ਚ ਬਿਜਨੌਰ ਦੇ ‘ਬੜਾਪੁਰ’ ਥਾਣੇ ’ਚ ਤਾਇਨਾਤ ਤਿੰਨ ਪੁਲਸ ਕਰਮਚਾਰੀਅਾਂ ਨੂੰ ਸ਼ਿਕਾਇਤਕਰਤਾ ਦੀ ਰੇਤ ਨਾਲ ਭਰੀ ਗੱਡੀ ਫੜਨ ਤੋਂ ਬਾਅਦ 1500 ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡ ਦੇਣ ਦੇ ਦੋਸ਼ ’ਚ ਫੜਿਆ ਗਿਆ।

* 13 ਨਵੰਬਰ ਨੂੰ ਹੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨੀਆ ਥਾਣੇ ਦੇ ਇੰਸਪੈਕਟਰ ਨੂੰ ਇਕ ਦਰੱਖਤ ਕੱਟਣ ਵਾਲੇ ਠੇਕੇਦਾਰ ਤੋਂ ਰਿਸ਼ਵਤ ਮੰਗਣ ’ਤੇ ਸਸਪੈਂਡ ਕੀਤਾ ਗਿਆ।

* 13 ਨਵੰਬਰ ਨੂੰ ਰਾਜਸਥਾਨ ਦੇ ਸੀਕਰ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਇਕ ਰਿਟਾਇਰਡ ਫੌਜ ਅਧਿਕਾਰੀ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਦਾ ਮਾਮਲਾ ਨਿਪਟਾਉਣ ਦੇ ਬਦਲੇ ’ਚ ਇਕ ਏ. ਐੱਸ. ਆਈ. ਨੂੰ 15000 ਰੁਪਏ ਰਿਸ਼ਵਤ ਲੈਂਦੇ ਹੋੋਏ ਫੜਿਆ।

* 17 ਨਵੰਬਰ ਨੂੰ ਸ਼ਿਕਾਇਤਕਰਤਾ ਵਲੋਂ 1500 ਰੁਪਏ ਰਿਸ਼ਵਤ ਨਾ ਦੇਣ ’ਤੇ ਕੁੱਟ ਕੇ ਉਸ ਨੂੰ ਜ਼ਖਮੀ ਕਰਨ ਦੇ ਦੋਸ਼ ’ਚ ਉੱਤਰ ਪ੍ਰਦੇਸ਼ ’ਚ ‘ਭਦੋਹੀ’ ਦੀ ‘ਗਿਆਨਪੁਰ’ ਪੁਲਸ ਚੌਕੀ ਦੇ ਸਿਪਾਹੀ ਰਵੀ ਕੁਮਾਰ ਨੂੰ ਫੜਿਆ।

* 17 ਨਵੰਬਰ ਨੂੰ ਹੀ ਗਾਜ਼ੀਆਬਾਦ ਦੇ ‘ਲੋਨੀ’ ਥਾਣੇ ਦਾ ਵਧੀਕ ਇੰਸਪੈਕਟਰ ਬੀ. ਕੇ. ਤ੍ਰਿਪਾਠੀ ਇਕ ਮੁਕੱਦਮੇ ਦੀ ਜਾਂਚ ’ਚ ਸ਼ਿਕਾਇਤਕਰਤਾ ਦਾ ਬਚਾਅ ਕਰਨ ਦੇ ਨਾਂ ’ਤੇ ਇਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਕਾਬੂ।

ਅਜਿਹੀਅਾਂ ਹੀ ਘਟਨਾਵਾਂ ਨਾਲ ਪੁਲਸ ਵਿਭਾਗ ਦੀ ਹੋ ਰਹੀ ਬਦਨਾਮੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਬੁਰਾਈ ਨਾਲ ਨਜਿੱਠਣ ਲਈ ਹੁਣ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ।

ਇਸ ਦੇ ਤਹਿਤ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਸਾਰੇ ਪੁਲਸ ਥਾਣਿਅਾਂ ਨੂੰ ਜਾਰੀ ਨਿਰਦੇਸ਼ਾਂ ’ਚ ਹੁਣ ਭ੍ਰਿਸ਼ਟ ਪੁਲਸ ਅਫਸਰਾਂ ਦੇ ਚਿੱਤਰ, ਅਪਰਾਧ ’ਚ ਉਨ੍ਹਾਂ ਦੀ ਹਿੱਸੇਦਾਰੀ ਦੇ ਪੂਰੇ ਬਿਓਰੇ ਦੇ ਨਾਲ ਥਾਣੇ ਦੇ ਨੋਟਿਸ ਬੋਰਡਾਂ ’ਤੇ ਲਾਉਣ ਤੋਂ ਇਲਾਵਾ ਇਸ ਨੂੰ ‘ਸੋਸ਼ਲ ਮੀਡੀਆ’ ਉੱਤੇ ਵੱਡੇ ਪੱਧਰ ’ਤੇ ਪ੍ਰਚਾਰਿਤ ਕਰਨ ਅਤੇ ਇਹ ਲਿਖਣ ਦਾ ਵੀ ਹੁਕਮ ਜਾਰੀ ਕੀਤਾ ਕਿ ਦੋਸ਼ੀਆਂ ਵਿਰੁੱਧ ਕੀ ਐਕਸ਼ਨ ਲਿਆ ਗਿਆ ਹੈ?

ਇਹ ਫੈਸਲਾ ਸਿਰਫ ਹੇਠਲੇ ਪੱਧਰ ’ਤੇ ਕਰਮਚਾਰੀਅਾਂ ਤਕ ਹੀ ਸੀਮਤ ਨਾ ਰਹਿ ਕੇ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਨਾਲ ਜੁੜੇ ਭ੍ਰਿਸ਼ਟ ਅਫਸਰਾਂ ’ਤੇ ਵੀ ਲਾਗੂ ਹੋਵੇਗਾ ਅਤੇ ਉਨ੍ਹਾਂ ਦੇ ਚਿੱਤਰ ਵੀ ਥਾਣਿਅਾਂ ’ਚ ਪ੍ਰਮੁੱਖਤਾ ਨਾਲ ਲਾਏ ਜਾਣਗੇ।

ਭ੍ਰਿਸ਼ਟ ਪੁਲਸ ਕਰਮਚਾਰੀਅਾਂ ਨੂੰ ਫੜਨ ਲਈ ਪੁਲਸ ਬਲਾਂ ਦੀ ‘ਅੰਦਰੂਨੀ ਵਿਜੀਲੈਂਸ ਇਕਾਈ’ ਮਜ਼ਬੂਤ ਕੀਤੀ ਗਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਦੇ ਅਨੁਸਾਰ ‘ਫਰਜ਼ ਦੀ ਪਾਲਣਾ ਤੋਂ ਭੱਜਣ ਦੀ ਆਦਤ’ ਭ੍ਰਿਸ਼ਟਾਚਾਰ ਨੂੰ ਵਧਾ ਰਹੀ ਹੈ। ਇਸ ਲਈ ਸਰਕਾਰ ਨੇ ਸਾਰੇ ਪੁਲਸ ਮੁਖੀਅਾਂ ਦੇ ਸੋਸ਼ਲ ਮੀਡੀਆ ਕੰਟੈਂਟ ਦਾ ਵਿਸ਼ਲੇਸ਼ਣ ਕਰਨ ਲਈ ‘ਇਨਹਾਊਸ ਟੀਮ’ ਬਣਾਉਣ ਦਾ ਨਿਰਦੇਸ਼ ਵੀ ਦਿੱਤਾ ਹੈ।

ਪੁਲਸ ਵਿਭਾਗ ’ਚ ਫੈਲੇ ਭ੍ਰਿਸ਼ਟਾਚਾਰ ਅਤੇ ਇਸ ਦੇ ਨਤੀਜੇ ਵਜੋਂ ਦੇਸ਼ ਅਤੇ ਆਮ ਜਨਤਾ ਨੂੰ ਵੱਡੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦਾ ਇਹ ਫੈਸਲਾ ਅਤਿ ਉਪਯੋਗੀ ਸਿੱਧ ਹੋਵੇਗਾ।

ਇਕੱਲੇ ਪੁਲਸ ਵਿਭਾਗ ਨਾਲ ਜੁੜੇ ਵੱਡੇ ਕਰਮਚਾਰੀਅਾਂ ਅਤੇ ਅਫਸਰਾਂ ਦੇ ਹੀ ਨਹੀਂ, ਹੋਰ ਵਿਭਾਗਾਂ ਨਾਲ ਜੁੜੇ ਕਰਮਚਾਰੀਅਾਂ ਅਤੇ ਅਫਸਰਾਂ ਦੇ ਚਿੱਤਰ ਵੀ ਉਨ੍ਹਾਂ ਦੇ ਅਪਰਾਧਾਂ ਸਮੇਤ ਉਨ੍ਹਾਂ ਵਿਰੁੱਧ ਕੀਤੀ ਗਈ ਸਜ਼ਾਯੋਗ ਕਾਰਵਾਈ ਦੇ ਬਿਓਰੇ ਨਾਲ ਪ੍ਰਦਰਸ਼ਿਤ ਕੀਤੇ ਜਾਣ।

ਇਸ ਤਰ੍ਹਾਂ ਉਨ੍ਹਾਂ ਨੂੰ ਨਸੀਹਤ ਮਿਲੇਗੀ ਅਤੇ ਉਹ ਅਜਿਹਾ ਵਿਵਹਾਰ ਕਰਨ ਤੋਂ ਪਹਿਲਾਂ ਇਸ ’ਤੇ ਜ਼ਰੂਰ ਵਿਚਾਰ ਕਰਨਗੇ।

–ਵਿਜੇ ਕੁਮਾਰ


Bharat Thapa

Content Editor

Related News