‘ਅਪਰਾਧੀਆਂ ਨੂੰ ਫੜਨ ਵਾਲੇ ਪੁਲਸ ਮੁਲਾਜ਼ਮ ਖੁਦ ਕਰ ਰਹੇ ਘਿਨੌਣੇ ਸੈਕਸ ਅਪਰਾਧ’

09/14/2021 3:49:24 AM

ਹਾਲਾਂਕਿ ਪੁਲਸ ਵਿਭਾਗ ’ਤੇ ਦੇਸ਼ ਵਾਸੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਇਨ੍ਹਾਂ ਕੋਲੋਂ ਅਨੁਸ਼ਾਸਿਤ ਅਤੇ ਫਰਜ਼ ਸ਼ਨਾਸ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਪੁਲਸ ਮੁਲਾਜ਼ਮ ਹੋਰਨਾਂ ਅਪਰਾਧਾਂ ਤੋਂ ਇਲਾਵਾ ਘਿਨੌਣੇ ਅਤੇ ਅਸ਼ਲੀਲ ਸੈਕਸ ਅਪਰਾਧਾਂ ਤਕ ’ਚ ਸ਼ਾਮਲ ਪਾਏ ਜਾ ਰਹੇ ਹਨ।

* 29 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਬਿਧਰੀ ਚੈਨਪੁਰ ਥਾਣੇ ਦੇ ਸਿਪਾਹੀਆਂ ਨੇ ਇਕ ਕੁੜੀ ਨੂੰ ਦੇਖ ਕੇ ਹੂਟਿੰਗ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਥੇ ਮੌਜੂਦ ਇਕ ਦਰੋਗਾ ਨੇ ਉਨ੍ਹਾਂ ਨੂੰ ਟੋਕਿਆ ਤਾਂ ਮਾਫੀ ਮੰਗਣ ਦੀ ਬਜਾਏ ਗੁੱਸੇ ’ਚ ਭੜਕੇ ਸਿਪਾਹੀਆਂ ਨੇ ਦਰੋਗਾ ਦਾ ਮੋਬਾਇਲ ਹੀ ਖੋਹ ਕੇ ਤੋੜ ਦਿੱਤਾ।

* 2 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿਖੇ ਇਕ ਅੱਲ੍ਹੜ ਕੁੜੀ ਨੂੰ ਪ੍ਰੇਮ ਜਾਲ ’ਚ ਫਸਾ ਕੇ ਤਿੰਨ ਮਹੀਨੇ ਉਸ ਦੀ ਇੱਜ਼ਤ ਨਾਲ ਖੇਡਣ ਅਤੇ ਉਸ ਵਲੋਂ ਵਿਆਹ ਦੀ ਜ਼ਿੱਦ ਕਰਨ ’ਤੇ ਉਸ ਨਾਲ ਮੰਦਿਰ ’ਚ ਵਿਆਹ ਕਰਨ ਪਿੱਛੋਂ ਉਸ ਨੂੰ ਪਿੰਡ ਨੇੜੇ ਛੱਡ ਕੇ ਦੌੜ ਜਾਣ ਦੇ ਦੋਸ਼ ਹੇਠ ਇਕ ਸਿਪਾਹੀ ਵਿਰੁੱਧ ਕੇਸ ਦਰਜ ਕੀਤਾ ਗਿਆ।

* 4 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ’ਚ ਤਾਇਨਾਤ ਇਕ ਸਿਪਾਹੀ ਸ਼ਿਆਮ ਸੁੰਦਰ ਨੂੰ ਇਕ ਮੁਟਿਆਰ ਨਾਲ ਫੇਸਬੁੱਕ ’ਤੇ ਦੋਸਤੀ ਕਰਨ ਪਿੱਛੋਂ ਵਿਆਹ ਦਾ ਝਾਂਸਾ ਦੇਣ, ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਮੁਅੱਤਲ ਕੀਤਾ ਗਿਆ।

* 11 ਸਤੰਬਰ ਨੂੰ ਰਾਜਸਥਾਨ ਪੁਲਸ ਦੇ ਡੀ. ਐੱਸ. ਪੀ. ਹੀਰਾ ਲਾਲ ਸੈਣੀ ਅਤੇ ਇਕ ਮਹਿਲਾ ਕਾਂਸਟੇਬਲ ਵਲੋਂ ਸਵਿਮਿੰਗ ਪੂਲ ’ਚ ਅਤਿਅੰਤ ਅਸ਼ਲੀਲ ਹਰਕਤਾਂ ਕਰਨ ਦੀਆਂ 2 ਵੀਡੀਓ ਸਾਹਮਣੇ ਆਈਆਂ। ਇਹ ਵੀਡੀਓ ਇੰਨੀਆਂ ਅਸ਼ਲੀਲ ਹਨ ਕਿ ਇਸ ਸਬੰਧੀ ਕੁਝ ਵੀ ਲਿਖਣਾ ਸੰਭਵ ਨਹੀਂ ਹੈ।

ਇਨ੍ਹਾਂ ’ਚ ਮਹਿਲਾ ਕਾਂਸਟੇਬਲ ਦਾ 6 ਸਾਲ ਦਾ ਬੇਟਾ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ ਡੀ. ਐੱਸ. ਪੀ. ਵਿਰੁੱਧ ‘ਚਾਈਲਡ ਪੋਰਨੋਗ੍ਰਾਫੀ ਯੂਨਿਟ’ ਵਲੋਂ ‘ਪੋਕਸੋ’ ਲਗਾਉਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ।

10 ਜੁਲਾਈ ਨੂੰ ਮਹਿਲਾ ਕਾਂਸਟੇਬਲ ਦੇ ਬੇਟੇ ਦਾ ਜਨਮ ਦਿਨ ਸੀ। ਉਹ ਕਈ ਵਾਰ ਆਪਣੀ ਮਾਂ ਕੋਲ ਸਵਿਮਿੰਗ ਪੂਲ ਜਾਣ ਦੀ ਇੱਛਾ ਪ੍ਰਗਟਾ ਚੁੱਕਾ ਸੀ। ਇਸ ਲਈ ਬੱਚੇ ਦੀ ਇੱਛਾ ਪੂਰੀ ਕਰਨ ਲਈ ਉਹ ਤਿੰਨੋਂ 10 ਜੁਲਾਈ ਨੂੰ ਪੁਸ਼ਕਰ ਆ ਗਏ ਅਤੇ 2 ਦਿਨ ਬੱਚੇ ਨਾਲ ਸੂਰਜਕੁੰਡ ਸਥਿਤ ਰਿਜ਼ਾਰਟ ’ਚ ਠਹਿਰੇ।

ਇਨ੍ਹਾਂ ਲਈ ਕਮਰਾ ਪੁਸ਼ਕਰ ਦੇ ਸਾਬਕਾ ਥਾਣਾ ਮੁਖੀ ਰਾਜੇਸ਼ ਮੀਣਾ ਨੇ ਬੁੱਕ ਕਰਵਾਇਆ ਸੀ। ਰਿਜ਼ਾਰਟ ਦੀ ਰਿਸੈਪਸ਼ਨ ’ਤੇ ਜਦੋਂ ਹੀਰਾ ਲਾਲ ਸੈਣੀ ਕੋਲੋਂ ਪਛਾਣ-ਪੱਤਰ ਮੰਗਿਆ ਗਿਆ ਤਾਂ ਉਸ ਨੇ ਪੁਲਸੀਆ ਧੌਂਸ ਦਿਖਾਉਂਦੇ ਹੋਏ ਪਹਿਲਾਂ ਤਾਂ ਪਛਾਣ-ਪੱਤਰ ਦੇਣ ਤੋਂ ਨਾਂਹ ਕਰ ਦਿੱਤੀ। ਬਾਅਦ ’ਚ ਦੋਵਾਂ ਨੇ ਆਪਣੇ ਪਛਾਣ-ਪੱਤਰ ਦੇ ਦਿੱਤੇ ਸਨ।

ਹੀਰਾ ਲਾਲ ਸੈਣੀ ਅਤੇ ਮਹਿਲਾ ਕਾਂਸਟੇਬਲ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਪਿੱਛੋਂ ਸੈਣੀ ਦੀ ਮੁਅੱਤਲੀ ਅਤੇ ਗ੍ਰਿਫਤਾਰੀ ਪਿੱਛੋਂ ਮਹਿਲਾ ਕਾਂਸਟੇਬਲ ਨੂੰ ਵੀ 12 ਸਤੰਬਰ ਨੂੰ ਗ੍ਰਿਫਤਾਰ ਕਰ ਕੇ ਦੋਵਾਂ ਨੂੰ 17 ਸਤੰਬਰ ਤਕ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪਹਿਲਾਂ ਵੀ ਸੈਣੀ ਦੇ ਕਈ ਮਹਿਲਾ ਕਾਂਸਟੇਬਲਾਂ ਨਾਲ ਸੰਬੰਧ ਰਹਿ ਚੁੱਕੇ ਹਨ।

ਪਤਾ ਲੱਗਾ ਹੈ ਕਿ ਦੋਵਾਂ ਦਰਮਿਆਨ 5 ਸਾਲ ਤੋਂ ਦੋਸਤੀ ਸੀ। ਮਹਿਲਾ ਕਾਂਸਟੇਬਲ ਨੇ ਆਪਣੇ ਮੋਬਾਇਲ ’ਚ ਹੀਰਾ ਲਾਲ ਸੈਣੀ ਅਤੇ ਉਸ ਦਰਮਿਆਨ ਸੰਬੰਧਾਂ ਦੀ ਵੀਡੀਓ ਅਤੇ ਫੋਟੋ ‘ਸੇਵ’ ਕਰ ਕੇ ਰੱਖੀ ਹੋਈ ਸੀ। ਉਹ ਇਸ ਨੂੰ ਵੱਖ ਫੋਲਡਰ ’ਚ ਰੱਖਣਾ ਚਾਹੁੰਦੀ ਸੀ ਪਰ ਉਸ ਦੀ ਗਲਤੀ ਨਾਲ ਇਹ ਵਾਇਰਲ ਹੋ ਗਿਆ।

ਮਹਿਲਾ ਦੇ ਇਸ ਵੀਡੀਓ ਨੂੰ ਲੈ ਕੇ ਸਭ ਤੋਂ ਪਹਿਲਾਂ ਉਸ ਦੇ ਪਤੀ ਨੇ ਹੀ ਗੱਲ ਉਠਾਈ ਸੀ। ਚਰਚਾ ਇਹ ਵੀ ਹੈ ਕਿ ਮਹਿਲਾ ਦੇ ਪਤੀ ਦੀ ਰਿਪੋਰਟ ’ਤੇ ਕੋਈ ਕਾਰਵਾਈ ਨਾ ਕਰਨ ਅਤੇ ਰਾਜ਼ੀਨਾਮਾ ਕਰਨ ਦੇ ਬਦਲੇ ਡੀ. ਐੱਸ. ਪੀ. ਹੀਰਾ ਲਾਲ ਸੈਣੀ ਨਾਲ ਇਕ ਹੋਰ ਪੁਲਸ ਅਧਿਕਾਰੀ ਨੇ 50 ਲੱਖ ਰੁਪਏ ’ਚ ਸੌਦਾ ਕੀਤਾ ਸੀ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਿਭਾਗ ਅੱਜ ਕਿਸ ਹੱਦ ਤਕ ਆਪਣੇ ਰਾਹ ਤੋਂ ਭਟਕ ਚੁੱਕਾ ਹੈ। ਜੇ ਲੋਕਾਂ ਦੀ ਰਾਖੀ ਕਰਨ ਵਾਲੇ ਹੀ ਖੁਦ ਅਪਰਾਧਾਂ ਵਿਚ ਸ਼ਾਮਲ ਹੋਣ ਲੱਗਣਗੇ ਤਾਂ ਫਿਰ ਭਲਾ ਅਪਰਾਧ ਕਿਵੇਂ ਰੁਕ ਸਕਦੇ ਹਨ!

ਇਸ ਲਈ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਿੱਖਿਆਦਾਇਕ ਤੇ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸਮੁੱਚੇ ਪੁਲਸ ਵਿਭਾਗ ਵਿਚ ਇਸ ਦਾ ਸੰਦੇਸ਼ ਜਾਵੇ ਅਤੇ ਉਹ ਅਪਰਾਧਾਂ ਤੋਂ ਬਾਜ਼ ਆਉਣ, ਪੁਲਸ ਦੀ ਵਰਦੀ ’ਤੇ ਦਾਗ ਨਾ ਲੱਗੇ ਅਤੇ ਉਸ ਦਾ ਅਕਸ ਬੇਦਾਗ ਰਹੇ।

–ਵਿਜੇ ਕੁਮਾਰ


Bharat Thapa

Content Editor

Related News