ਪੁਲਸ ਮੁਲਾਜ਼ਮਾਂ ''ਚ ਦਿਨੋ-ਦਿਨ ਵਧ ਰਹੀ ''ਅਨੁਸ਼ਾਸਨਹੀਣਤਾ ਅਤੇ ਮਨਮਰਜ਼ੀਆਂ''

Sunday, Aug 11, 2019 - 04:58 AM (IST)

ਪੁਲਸ ਮੁਲਾਜ਼ਮਾਂ ''ਚ ਦਿਨੋ-ਦਿਨ ਵਧ ਰਹੀ ''ਅਨੁਸ਼ਾਸਨਹੀਣਤਾ ਅਤੇ ਮਨਮਰਜ਼ੀਆਂ''

ਹਾਲਾਂਕਿ ਪੁਲਸ ਵਿਭਾਗ 'ਤੇ ਦੇਸ਼ਵਾਸੀਆਂ ਦਾ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਤੋਂ ਅਨੁਸ਼ਾਸਿਤ ਅਤੇ ਫਰਜ਼ਾਂ ਦੀ ਪਾਲਣਾ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅੱਜ ਦੇਸ਼ 'ਚ ਕਈ ਪੁਲਸ ਮੁਲਾਜ਼ਮ ਆਪਣੇ ਆਦਰਸ਼ਾਂ ਤੋਂ ਭਟਕ ਕੇ ਨਸ਼ਾਖੋਰੀ, ਲੁੱਟਮਾਰ, ਬਲਾਤਕਾਰ ਅਤੇ ਰਿਸ਼ਵਤਖੋਰੀ ਵਰਗੇ ਅਪਰਾਧਾਂ 'ਚ ਸ਼ਾਮਲ ਪਾਏ ਜਾ ਰਹੇ ਹਨ।
ਇਹੀ ਨਹੀਂ, ਕਈ ਥਾਵਾਂ 'ਤੇ ਪੁਲਸ ਮੁਲਾਜ਼ਮਾਂ ਦੇ ਕਈ-ਕਈ ਦਿਨਾਂ ਬਲਕਿ ਮਹੀਨਿਆਂ ਤਕ ਬਿਨਾਂ ਛੁੱਟੀ ਲਏ ਡਿਊਟੀ ਤੋਂ ਗਾਇਬ ਰਹਿਣ ਅਤੇ ਸਿਆਸੀ ਸੁਰੱਖਿਆ ਕਾਰਣ ਵਿਭਾਗੀ ਕਾਰਵਾਈ ਤੋਂ ਬਚ ਨਿਕਲਣ ਦੀਆਂ ਸ਼ਿਕਾਇਤਾਂ ਵੀ ਆਮ ਹਨ।
ਇਸੇ ਕਾਰਣ ਹਾਲ ਹੀ 'ਚ ਮੋਗਾ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਜ਼ਿਲੇ ਦੇ ਵੱਖ-ਵੱਖ ਥਾਣਿਆਂ 'ਚ ਤਾਇਨਾਤ 64 ਅਜਿਹੇ ਮੁਲਾਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ 'ਚੋਂ 17 ਪੁਲਸ ਮੁਲਾਜ਼ਮਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਹੈ। ਇਨ੍ਹਾਂ 'ਚੋਂ ਕਈ ਡਿਊਟੀ ਦੌਰਾਨ ਗੈਰ-ਹਾਜ਼ਰ ਜਾਂ ਸ਼ਰਾਬ ਪੀ ਕੇ ਡਿਊਟੀ ਕਰਦੇ ਦੇਖੇ ਗਏ।
ਇਨ੍ਹਾਂ ਤੋਂ ਇਲਾਵਾ ਵੀ ਵੱਖ-ਵੱਖ ਸੂਬਿਆਂ 'ਚ ਬੇਨਿਯਮੀਆਂ ਵਿਚ ਸ਼ਾਮਲ ਪਾਏ ਜਾਣ ਵਾਲੇ ਪੁਲਸ ਮੁਲਾਜ਼ਮਾਂ ਦੀ ਸੂਚੀ ਬਹੁਤ ਲੰਬੀ ਹੈ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 16 ਜੁਲਾਈ ਨੂੰ ਪਟਨਾ ਦੇ ਗਾਂਧੀ ਮੈਦਾਨ ਥਾਣੇ ਦੇ ਪੁਲਸ ਅਧਿਕਾਰੀਆਂ ਨੇ ਭੇਤਭਰੇ ਢੰਗ ਨਾਲ ਲਾਪਤਾ ਹੋਏ ਆਪਣੇ ਹੀ ਵਿਭਾਗ ਦੇ ਇਕ ਕਾਂਸਟੇਬਲ ਦੀ ਲਾਸ਼ ਨੂੰ ਲਾਵਾਰਿਸ ਦੱਸ ਕੇ ਉਸ ਦਾ ਦਾਹ ਸੰਸਕਾਰ ਕਰ ਦਿੱਤਾ।

* 1 ਅਗਸਤ ਨੂੰ ਰੋਹਤਕ 'ਚ ਵਿਜੀਲੈਂਸ ਦੇ ਡੀ. ਐੱਸ. ਪੀ. ਨਰਿੰਦਰ 'ਤੇ ਉਨ੍ਹਾਂ ਦੀ ਮਾਤਹਿਤ ਮਹਿਲਾ ਸਿਪਾਹੀ ਨੇ ਉਸ ਨਾਲ ਛੇੜਛਾੜ ਕਰਨ ਅਤੇ ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਅਤੇ ਸ਼ਿਕਾਇਤ ਦਰਜ ਕਰਵਾਈ।

* 01 ਅਗਸਤ ਨੂੰ ਪੁਲਸ ਚੌਕੀ ਜੇਜੋਂ ਦੁਆਬਾ ਦੇ ਇੰਚਾਰਜ ਐੱਸ. ਆਈ. ਜਗਦੀਸ਼ ਲਾਲ ਨੂੰ ਵਿਜੀਲੈਂਸ ਨੇ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।

* 02 ਅਗਸਤ ਰਾਤ ਨੂੰ ਲੁਧਿਆਣਾ ਪੁਲਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਅਤੇ ਉਸ ਦੇ ਬੇਟੇ ਨੇ ਕੁਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਸੁੰਦਰਨਗਰ 'ਚ ਆਪਣੇ ਗੁਆਂਢੀ ਦੇ ਘਰ 'ਤੇ ਪੱਥਰ ਵਰ੍ਹਾਏ ਅਤੇ ਉਨ੍ਹਾਂ ਦੀਆਂ ਦੋ ਗੱਡੀਆਂ ਨੂੰ ਵੀ ਤੋੜ ਦਿੱਤਾ।

* 05 ਅਗਸਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਪੁਲਸ ਥਾਣੇ 'ਚ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ ਸੁਣਵਾਈ ਲਈ ਬੰਗਾਲ ਲਿਜਾਈ ਜਾ ਰਹੀ ਤਿਹਾੜ ਜੇਲ ਦੀ ਇਕ ਮਹਿਲਾ ਕੈਦੀ ਨਾਲ ਚੱਲਦੀ ਗੱਡੀ 'ਚ ਇਕ ਸਿਪਾਹੀ ਨੇ ਬਲਾਤਕਾਰ ਕਰ ਦਿੱਤਾ।

* 05 ਅਗਸਤ ਨੂੰ ਕਾਨਪੁਰ ਦੇ ਚਕੇਰੀ ਥਾਣੇ 'ਚ ਤਾਇਨਾਤ ਕਲੀਮ ਨਾਂ ਦੇ ਇਕ ਸਿਪਾਹੀ ਨੇ ਮਾਲਖਾਨੇ 'ਚ ਪਈ ਜ਼ਬਤ ਚਰਸ ਦੀ ਖੇਪ 'ਚੋਂ 5 ਕਿਲੋ ਚਰਸ ਵੇਚ ਦਿੱਤੀ।

* 08 ਅਗਸਤ ਨੂੰ ਲੁਧਿਆਣਾ ਸੈਂਟਰਲ ਜੇਲ ਸਕਿਓਰਿਟੀ ਜ਼ੋਨ 'ਚ ਤਾਇਨਾਤ ਕਾਂਸਟੇਬਲ ਜਤਿੰਦਰ ਕੁਮਾਰ ਨੂੰ ਜੇਲ 'ਚ ਬੰਦ ਇਕ ਗੈਂਗਸਟਰ ਲਈ ਲੰਚ ਬਾਕਸ 'ਚ ਰੋਟੀ ਦੇ ਵਿਚ ਲੁਕੋ ਕੇ ਇਕ ਮੋਬਾਇਲ ਲਿਜਾਂਦੇ ਹੋਏ ਫੜਿਆ ਗਿਆ।

* 09 ਅਗਸਤ ਨੂੰ ਬਿਹਾਰ ਦੇ ਗੋਪਾਲਗੰਜ ਜ਼ਿਲੇ ਦੇ ਥਾਣੇ 'ਚ ਪਈ ਜ਼ਬਤਸ਼ੁਦਾ ਸ਼ਰਾਬ ਵੇਚਦੇ ਹੋਏ 4 ਪੁਲਸ ਕਰਮਚਾਰੀ ਫੜੇ ਗਏ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਿਭਾਗ ਅੱਜ ਕਿਸ ਹੱਦ ਤਕ ਆਪਣੇ ਫਰਜ਼ਾਂ ਤੋਂ ਭਟਕ ਚੁੱਕਾ ਹੈ। ਲਿਹਾਜ਼ਾ ਜਿਸ ਤਰ੍ਹਾਂ ਮੋਗਾ ਜ਼ਿਲੇ ਦੇ 17 ਪੁਲਸ ਮੁਲਾਜ਼ਮਾਂ ਨੂੰ ਜਬਰੀ ਰਿਟਾਇਰ ਕੀਤਾ ਗਿਆ, ਉਸੇ ਤਰ੍ਹਾਂ ਦੇਸ਼ ਭਰ 'ਚ ਅਜਿਹੇ ਫਰਜ਼ ਤੋਂ ਬੇਮੁੱਖ ਪੁਲਸ ਮੁਲਾਜ਼ਮਾਂ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਨਸੀਹਤਯੋਗ ਸਜ਼ਾ ਦੇਣੀ ਚਾਹੀਦੀ ਹੈ।

                                                                                    —ਵਿਜੇ ਕੁਮਾਰ


author

KamalJeet Singh

Content Editor

Related News