ਆਰਟੀਕਲ 370 ਦੇ ਮੁੱਦੇ ’ਤੇ ਪਾਕਿਸਤਾਨ ਦੇ ਭਾਰਤ ਵਿਰੋਧੀ ਤੇਵਰ ਜਾਰੀ

Wednesday, Aug 28, 2019 - 06:27 AM (IST)

ਆਰਟੀਕਲ 370 ਦੇ ਮੁੱਦੇ ’ਤੇ ਪਾਕਿਸਤਾਨ ਦੇ ਭਾਰਤ ਵਿਰੋਧੀ ਤੇਵਰ ਜਾਰੀ

ਸੰਵਿਧਾਨ ਦੇ ਆਰਟੀਕਲ 370 ਨੂੰ ਖਤਮ ਕੀਤੇ ਜਾਣ ’ਤੇ ਭੜਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰ ਨੇਤਾਵਾਂ ਵਲੋਂ ਭਾਰਤ ਵਿਰੁੱਧ ਜ਼ਹਿਰ ਉਗਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਉਨ੍ਹਾਂ ਦੇ ਭਾਰਤ ਵਿਰੋਧੀ ਤੇਵਰ ਠੰਡੇ ਨਹੀਂ ਪੈ ਰਹੇ। ਯੂ. ਐੱਨ. ਤੋਂ ਲੈ ਕੇ ਮੁਸਲਿਮ ਦੇਸ਼ਾਂ ਤਕ ਦਾ ਦਰਵਾਜ਼ਾ ਖੜਕਾ ਕੇ ਨਿਰਾਸ਼ਾ ਹੱਥ ਲੱਗਣ ’ਤੇ ਵੀ ਪਾਕਿਸਤਾਨ ਦੇ ਨੇਤਾਵਾਂ ਨੇ ਆਪਣੀ ਆਕੜ ਨਹੀਂ ਛੱਡੀ ਹੈ।

ਹਾਲਾਂਕਿ ਫਰਾਂਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕਹਿ ਚੁੱਕੇ ਹਨ ਕਿ ਕਸ਼ਮੀਰ ਦਾ ਮਾਮਲਾ ਦੁਵੱਲਾ ਹੈ ਪਰ ਇਸ ਤੋਂ ਕੁਝ ਦੇਰ ਬਾਅਦ ਹੀ ਇਮਰਾਨ ਖਾਨ ਨੇ ਭਾਰਤ ’ਤੇ ਪ੍ਰਮਾਣੂ ਹਮਲੇ ਦੀ ਗਿੱਦੜ-ਭਬਕੀ ਦੇ ਦਿੱਤੀ ਅਤੇ ਕਿਹਾ ਕਿ ਉਹ ਕਸ਼ਮੀਰ ਲਈ ਕਿਸੇ ਵੀ ਹੱਦ ਤਕ ਜਾਣਗੇ ਅਤੇ ਹਰ ਕੌਮਾਂਤਰੀ ਮੰਚ ’ਤੇ ਇਹ ਮੁੱਦਾ ਉਠਾਉਣਗੇ।

ਇੰਨਾ ਹੀ ਨਹੀਂ, ਇਮਰਾਨ ਖਾਨ ਨੇ 26 ਅਗਸਤ ਨੂੰ ਇਕ ਮਹੀਨੇ ਵਿਚ ਦੂਜੀ ਵਾਰ ਆਪਣੇ ਸਹਿਯੋਗੀ ਦੇਸ਼ ਸਾਊਦੀ ਅਰਬ ਦੇ ‘ਵਲੀ ਅਹਿਦ’ ਮੁਹੰਮਦ ਬਿਨ ਸਲਮਾਨ ਨਾਲ ਕਸ਼ਮੀਰ ਦੇ ਮੁੱਦੇ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਖੇਤਰਾਂ ’ਚ ਵੰਡਣ ਤੋਂ ਬਾਅਦ ਦੇ ਘਟਨਾਚੱਕਰ ਬਾਰੇ ਦੱਸਿਆ।

ਇਸ ਤੋਂ ਪਹਿਲਾਂ ਇਮਰਾਨ ਨੇ 7 ਅਗਸਤ ਨੂੰ ਵੀ ਸਾਊਦੀ ਅਰਬ ਦੇ ਵਲੀ ਅਹਿਦ ਨਾਲ ਇਸੇ ਮੁੱਦੇ ’ਤੇ ਗੱਲ ਕੀਤੀ ਸੀ, ਜਦੋਂ 2 ਦਿਨ ਪਹਿਲਾਂ ਹੀ ਭਾਰਤ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲਾ ਆਰਟੀਕਲ 370 ਹਟਾਇਆ ਸੀ।

ਇਹੀ ਨਹੀਂ, 26 ਅਗਸਤ ਨੂੰ ਹੀ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਰਾਵਲਪਿੰਡੀ ਸਥਿਤ ਪਾਕਿਸਤਾਨੀ ਫੌਜ ਦੇ ਮੁੱਖ ਦਫਤਰ ’ਚ ਚੀਨ ਦੇ ਕੇਂਦਰੀ ਫੌਜੀ ਕਮਿਸ਼ਨ ਦੇ ਉਪ-ਪ੍ਰਧਾਨ ਜਨਰਲ ਜੂ-ਕਿਲੀ-ਯਾਂਗ ਨਾਲ ਮੁਲਾਕਾਤ ਕੀਤੀ, ਜਿਸ ’ਚ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਸਹਿਯੋਗ ਅਤੇ ਪਾਕਿਸਤਾਨੀ ਫੌਜ ਦੀ ਨਿਰਮਾਣ ਸਮਰੱਥਾ ਵਧਾਉਣ ਲਈ ਇਕ ਐੱਮ. ਓ. ਯੂ. ’ਤੇ ਦਸਤਖਤ ਕਰਨ ਤੋਂ ਇਲਾਵਾ ਕਸ਼ਮੀਰ ਦੀ ਸਥਿਤੀ ’ਤੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ।

ਭਾਰਤ ਕੌਮਾਂਤਰੀ ਭਾਈਚਾਰੇ ਨੂੰ ਸਪੱਸ਼ਟ ਤੌਰ ’ਤੇ ਦੱਸਦਾ ਆ ਰਿਹਾ ਹੈ ਕਿ ਆਰਟੀਕਲ 370 ਦੀਆਂ ਵਿਵਸਥਾਵਾਂ ਨੂੰ ਹਟਾਉਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਪਾਕਿਸਤਾਨ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਕਸ਼ਮੀਰ ਦੇ ਮੁੱਦੇ ’ਤੇ ਵਿਸ਼ਵ ਭਰ ’ਚ ਨਿਰਾਸ਼ਾ ਦਾ ਮੂੰਹ ਦੇਖਣ ਤੋਂ ਬਾਅਦ ਹੁਣ ਇਮਰਾਨ ਖਾਨ ਨੂੰ ਆਪਣੇ ਹੀ ਘਰ ’ਚ ਵੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

‘ਪਾਕਿਸਤਾਨ ਪੀਪੁਲਜ਼ ਪਾਰਟੀ’ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਵੀ ਸਰਕਾਰ ਨੂੰ ਪੂਰੀ ਤਰ੍ਹਾਂ ਨਾਕਾਮ ਦੱਸਦੇ ਹੋਏ ਕਿਹਾ ਹੈ ਕਿ ‘‘ਪਹਿਲਾਂ ਸਾਡੀ ਨੀਤੀ ਸੀ ਕਿ ਸ਼੍ਰੀਨਗਰ ਕਿਵੇਂ ਹਾਸਿਲ ਕਰੀਏ ਪਰ ਹੁਣ ਮੁਜ਼ੱਫਰਾਬਾਦ ਬਚਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਇਮਰਾਨ ਖਾਨ ਤਾਂ ਨਰਿੰਦਰ ਮੋਦੀ ਸਾਹਮਣੇ ਚੂੰ ਵੀ ਨਹੀਂ ਕਰ ਸਕਦੇ ਅਤੇ ਭਿੱਜੀ ਬਿੱਲੀ ਬਣ ਜਾਂਦੇ ਹਨ।’’

ਇਸ ਦੇ ਨਾਲ ਹੀ ਬਿਲਾਵਲ ਨੇ ਕਿਹਾ, ‘‘ਇਮਰਾਨ ਖਾਨ ਪਾਕਿਸਤਾਨ ਦੇ ‘ਇਲੈਕਟਿਡ’ ਪ੍ਰਧਾਨ ਮੰਤਰੀ ਨਹੀਂ, ਸਗੋਂ ‘ਸਿਲੈਕਟਿਡ’ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਕੁਝ ਲੋਕਾਂ ਨੇ ਕਠਪੁਤਲੀ ਬਣਾ ਕੇ ਸੱਤਾ ’ਤੇ ਬਿਠਾਇਆ ਹੈ। ਇਮਰਾਨ ਸਿਰਫ ਆਪਣੇ ‘ਸਿਲੈਕਟਰਜ਼’ ਨੂੰ ਖੁਸ਼ ਰੱਖਦੇ ਹਨ। ਇਥੋਂ ਦੀ ਜਨਤਾ ਮਹਿੰਗਾਈ ਦੀ ਸੁਨਾਮੀ ’ਚ ਡੁੱਬ ਰਹੀ ਹੈ ਅਤੇ ਕਸ਼ਮੀਰ ਸਾਡੇ ਹੱਥੋਂ ਚਲਾ ਗਿਆ।’’

ਸਪੱਸ਼ਟ ਹੈ ਕਿ ਇਕ ਪਾਸੇ ਜਿੱਥੇ ਇਮਰਾਨ ਖਾਨ ਨੂੰ ਕੌਮਾਂਤਰੀ ਮੰਚ ’ਤੇ ਆਰਟੀਕਲ 370 ਦੇ ਮਾਮਲੇ ’ਤੇ ਮੂੰਹ ਦੀ ਖਾਣੀ ਪਈ ਹੈ, ਉਥੇ ਹੀ ਆਪਣੇ ਦੇਸ਼ ਵਿਚ ਵੀ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲਿਹਾਜ਼ਾ ਉਨ੍ਹਾਂ ਲਈ ਭਾਰਤ ਅਤੇ ਆਰਟੀਕਲ 370 ਪ੍ਰਤੀ ਆਪਣਾ ਤੰਗ ਨਜ਼ਰੀਆ ਤਿਆਗ ਕੇ ਭਾਰਤ ਨਾਲ ਸ਼ਾਂਤੀਪੂਰਨ ਸਹਿਹੋਂਦ ਦੀ ਭਾਵਨਾ ਨਾਲ ਵਾਰਤਾ ਦੇ ਮੰਚ ’ਤੇ ਆਉਣਾ ਹੀ ਬਿਹਤਰ ਹੈ, ਨਹੀਂ ਤਾਂ ਭਾਰਤ ਵਿਰੁੱਧ ਨਕਾਰਾਤਮਕ ਰਵੱਈਆ ਜਾਰੀ ਰੱਖ ਕੇ ਤਾਂ ਉਹ ਬੇਸ਼ੁਮਾਰ ਘਰੇਲੂ ਸਮੱਸਿਆਵਾਂ ਅਤੇ ਆਰਥਿਕ ਕੰਗਾਲੀ ਦੇ ਸ਼ਿਕਾਰ ਪਾਕਿਸਤਾਨ ਦਾ ਅਹਿੱਤ ਹੀ ਕਰਨਗੇ।

–ਵਿਜੇ ਕੁਮਾਰ\\\
 


author

Bharat Thapa

Content Editor

Related News