‘ਭਾਰਤ ਵਿਰੋਧੀ ਨੇਪਾਲੀ ਪ੍ਰਧਾਨ ਮੰਤਰੀ’ ‘ਓਲੀ ਨੇ ਬਹੁਮਤ ਗੁਆਇਆ : ਭਵਿੱਖ ਦਾਅ ’ਤੇ’
Friday, May 07, 2021 - 03:11 AM (IST)

ਭਾਰਤ ਅਤੇ ਨੇਪਾਲ ਦਾ ਰੋਟੀ-ਬੇਟੀ ਦਾ ਨਾਤਾ ਹੈ ਪਰ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ‘ਓਲੀ’ ਨੇ ਸਦੀਆਂ ਪੁਰਾਣੇ ਇਸ ਰਿਸ਼ਤੇ ’ਚ ਤਰੇੜ ਪਾਉਣ ’ਚ ਕੋਈ ਕਸਰ ਨਹੀਂ ਛੱਡੀ।’
‘ਓਲੀ’ ਨੇ ਨੇਪਾਲ ਦੇ ਘਰੇਲੂ ਮਾਮਲਿਆਂ ’ਚ ਮਨਮਰਜ਼ੀ ਦੇ ਫੈਸਲੇ ਲੈਣ ਦੇ ਨਾਲ-ਨਾਲ ਚੀਨ ਦੀ ਚੁਕ ’ਤੇ ਭਾਰਤ ਦੇ ਤਿੰਨ ਇਲਾਕਿਆਂ ‘ਲਿਪੁਲੇਖ’, ‘ਕਾਲਾਪਾਨੀ’ ਤੇ ‘ਲਿੰਪਿਆਧੁਰਾ’ ’ਤੇ ਦਾਅਵਾ ਪ੍ਰਗਟਾਉਣ ਦੇ ਇਲਾਵਾ ਕਈ ਭਾਰਤੀ ਵਿਰੋਧੀ ਕਦਮ ਚੁੱਕੇ। ਉਸ ਨੇ ਭਾਰਤ ਵਿਰੋਧੀ ਕਈ ਬਿਆਨ ਦਿੱਤੇ ਅਤੇ ਨੇਪਾਲ ’ਚ ਕੋਰੋਨਾ ਦੇ ਪ੍ਰਸਾਰ ਦੇ ਲਈ ਵੀ ਭਾਰਤ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ।
ਫਿਲਹਾਲ, ਨੇਪਾਲ ’ਤੇ ਕਬਜ਼ਾ ਬਣਾਈ ਰੱਖਣ ਦੀ ਰਣਨੀਤੀ ਦੇ ਤਹਿਤ ਜਦੋਂ ‘ਓਲੀ’ ਨੇ 20 ਦਸੰਬਰ, 2020 ਨੂੰ ਨੇਪਾਲ ਦੀ ਰਾਸ਼ਟਰਪਤੀ ਵਿਦਿਆਦੇਵੀ ਭੰਡਾਰੀ ਤੋਂ ਨੇਪਾਲ ਦੀ ਸੰਸਦ ਭੰਗ ਕਰਨ ਅਤੇ 30 ਅਪ੍ਰੈਲ ਤੇ 10 ਮਈ, 2021 ਨੂੰ ਦੇਸ਼ ’ਚ ਚੋਣਾਂ ਦਾ ਐਲਾਨ ਕਰਵਾ ਦਿੱਤਾ ਤਾਂ ਉਸ ਦੇ ਵਿਰੁੱਧ ਦੇਸ਼ ’ਚ ਰੋਸ ਭੜਕ ਉੱਠਿਆ।
‘ਓਲੀ’ ਦੇ ਇਸ ਕਦਮ ਨੂੰ ਗੈਰ-ਸੰਵਿਧਾਨਕ, ਗੈਰ-ਲੋਕਤੰਤਰਿਕ, ਬੇਲਗਾਮ ਤੇ ਲੋਕ ਫਤਵੇ ਦੇ ਵਿਰੁੱਧ ਦੱਸਦੇ ਹੋਏ ਰੋਸ ਵਜੋਂ ‘ਨੇਪਾਲ ਕਮਿਊਨਿਸਟ ਪਾਰਟੀ’ ਦੋਫਾੜ ਹੋ ਗਈ। ਵਿਰੋਧੀ ਪਾਰਟੀਅਾਂ ਨੇ ਇਸ ਦੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ਨੇ ‘ਓਲੀ’ ਨੂੰ ਝਟਕਾ ਦਿੰਦੇ ਹੋਏ ਪ੍ਰਤੀਨਿਧੀ ਸਦਨ ਬਹਾਲ ਕਰ ਦਿੱਤਾ।
ਇਸੇ ਦਰਮਿਆਨ ਜਿੱਥੇ ਇਕ ਪਾਸੇ ਪ੍ਰਧਾਨ ਮੰਤਰੀ ਓਲੀ ਆਪਣੀ ਸਰਕਾਰ ਬਚਾਉਣ ਦੇ ਲਈ ਜੋੜ-ਤੋੜ ਕਰਨ ਲੱਗਾ ਤਾਂ ਦੂਸਰੇ ਪਾਸੇ ਦੇਸ਼ ਦੇ 85 ਫੀਸਦੀ ਹਿੰਦੂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮਕਸਦ ਨਾਲ ਖੁਦ ਨੂੰ ਇਕ ਹਿੰਦੂਵਾਦੀ ਨੇਤਾ ਦੇ ਰੂਪ ’ਚ ਪੇਸ਼ ਕਰਨ ਲਈ ਧਾਰਮਿਕ ਯੱਗਾਂ ’ਚ ਹਿੱਸਾ ਲੈਣ ਲੱਗਾ।
ਇਸੇ ਰਣਨੀਤੀ ਦੇ ਤਹਿਤ ਜਨਵਰੀ ’ਚ ਉਹ ਕਾਠਮਾਂਡੂ ਦੇ ‘ਪਸ਼ੂਪਤੀ ਨਾਥ ਮੰਦਰ’ ’ਚ ਪਤਨੀ ਰਾਧਿਕਾ ਦੇ ਨਾਲ ਪੂਜਨ ਦੇ ਲਈ ਗਿਆ। ਉਸ ਨੇ ਉੱਥੇ ਪੂਜਾ-ਅਰਚਨਾ ਕਰਨ ਦੇ ਇਲਾਵਾ ਦੇਸੀ ਘਿਓ ਦੇ ਸਵਾ ਲੱਖ ਦੀਵੇ ਜਗਾਏ ਅਤੇ ਮੰਦਰ ਦੇ ਸੁੰਦਰੀਕਰਨ ਦੇ ਲਈ 108 ਕਿਲੋ ਸੋਨੇ ਦੀ ਖਰੀਦ ਲਈ 30 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਕੇ. ਪੀ. ਸ਼ਰਮਾ ‘ਓਲੀ’ ਇਸ ਤੋਂ ਪਹਿਲਾਂ ਕਦੀ ਕਿਸੇ ਮੰਦਰ ’ਚ ਨਹੀਂ ਗਿਆ ਸੀ। ਉਸ ਦੇ ਇਸ ਕਦਮ ਨੂੰ ਉਸ ਦੇ ਵਿਰੋਧੀਆਂ ਨੇ ਸੰਵਿਧਾਨ ’ਤੇ ਹਮਲਾ ਦੱਸਿਆ ਕਿਉਂਕਿ ਦੇਸ਼ ਦੇ ਸੰਵਿਧਾਨ ’ਚ ਨੇਪਾਲ ਨੂੰ ਇਕ ਧਰਮਨਿਰਪੱਖ ਦੇਸ਼ ਦਾ ਦਰਜਾ ਦਿੱਤਾ ਗਿਆ ਹੈ।
ਇਸੇ ਰਣਨੀਤੀ ਦੇ ਤਹਿਤ ਉਸ ਨੇ ਕਾਠਮਾਂਡੂ ਤੋਂ 150 ਕਿਲੋਮੀਟਰ ਦੂਰ ‘ਚਿਤਵਨ’ ਦੇ ਮਾਡੀ ਇਲਾਕੇ ’ਚ ਭਗਵਾਨ ਸ਼੍ਰੀ ਰਾਮ, ਸੀਤਾ ਅਤੇ ਲਛਮਣ ਦੀਅਾਂ ਮੂਰਤੀਆਂ ਸਥਾਪਿਤ ਕਰਨ ਦੇ ਸਮਾਗਮ ਤੋਂ ਪਹਿਲਾਂ 20 ਅਪ੍ਰੈਲ ਨੂੰ ਇਨ੍ਹਾਂ ਮੂਰਤੀਆਂ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਮੰਗਵਾ ਕੇ ਉਨ੍ਹਾਂ ਦੀ ਪੂਜਾ-ਅਰਚਨਾ ’ਚ ਸਮਾਂ ਬਿਤਾਇਆ।
‘ਓਲੀ’ ਦੀ ਵਿਚਾਰਧਾਰਾ ’ਚ ਅਚਾਨਕ ਹਿੰਦੂਤਵ ਦੇ ਪ੍ਰਤੀ ਇਹ ਝੁਕਾਅ ਅਜਿਹੇ ਸਮੇਂ ’ਚ ਆਇਆ ਜਦੋਂ ਦੇਸ਼ ’ਚ 2008 ਤੋਂ ਪਹਿਲਾਂ ਦੀ ਇਕ ਹਿੰਦੂ ਰਾਸ਼ਟਰ ਦੀ ਸਥਿਤੀ ਬਹਾਲ ਕਰਨ ਦੀ ਮੰਗ ’ਤੇ ਜ਼ੋਰ ਦੇਣ ਦੇ ਲਈ ਰੋਸ ਵਿਖਾਵੇ ਅਜੇ ਵੀ ਜਾਰੀ ਹਨ।
ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਸੱਤਾ ’ਤੇ ਆਪਣੀ ਪਕੜ ਬਣਾਈ ਰੱਖਣ ਦੇ ਲਈ ਪ੍ਰਤੀਨਿਧੀ ਸਦਨ ’ਚ ਭਰੋਸੇ ਦੀ ਵੋਟ ਹਾਸਲ ਕਰਨ ਦੇ ਲਈ ਅਚਾਨਕ 3 ਮਈ ਨੂੰ ਓਲੀ ਨੇ 10 ਮਈ ਨੂੰ ਸੰਸਦ ਦਾ ਇਜਲਾਸ ਸੱਦਣ ਦਾ ਐਲਾਨ ਕਰ ਦਿੱਤਾ।
ਉਸ ਸਮੇਂ ਜਦਕਿ ‘ਓਲੀ’ ਦੇ ਭਰੋਸੇ ਦੀ ਵੋਟ ਹਾਸਲ ਕਰਨ ’ਚ 5 ਦਿਨ ਹੀ ਬਾਕੀ ਸਨ, ਇਕ ਨਾਟਕੀ ਘਟਨਾਕ੍ਰਮ ’ਚ ਉਸ ਦੇ ਵਿਰੋਧੀ ਪੁਸ਼ਪਕਮਲ ਦਹਲ ‘ਪ੍ਰਚੰਡ’ ਦੀ ਅਗਵਾਈ ਵਾਲੀ ਸੀ. ਪੀ. ਐੱਨ. (ਮਾਓਵਾਦੀ ਸੈਂਟਰ) ਵੱਲੋਂ 5 ਮਈ ਨੂੰ ਹੀ ‘ਓਲੀ’ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਐਲਾਨ ਕਰ ਦੇਣ ਨਾਲ ਉਸ ਨੇ ਬਹੁਮਤ ਗੁਆ ਦਿੱਤਾ ਹੈ।
ਸੀ. ਪੀ. ਐੱਨ. (ਮਾਓਵਾਦੀ ਸੈਂਟਰ) ਦੇ ਮੁੱਖ ਵ੍ਹਿਪ ਦੇਵ ਗੁਰੁੰਗ ਨੇ ਸੰਸਦ ਸਕੱਤਰੇਤ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਸੌਂਪਦੇ ਹੋਏ ‘ਓਲੀ’ ’ਤੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਦੇਸ਼ ਦੀ ਪ੍ਰਭੂਸੱਤਾ ਦੇ ਲਈ ਖਤਰਾ ਪੈਦਾ ਹੋ ਗਿਆ ਹੈ।
ਵਰਨਣਯੋਗ ਹੈ ਕਿ 275 ਮੈਂਬਰਾਂ ਵਾਲੇ ਪ੍ਰਤੀਨਿਧੀ ਸਦਨ ’ਚ ‘ਓਲੀ’ ਦੀ ਪਾਰਟੀ ਦੇ ਕੋਲ 121 ਅਤੇ ਪ੍ਰਚੰਡ ਦੀ ਪਾਰਟੀ ਦੇ ਕੋਲ 49 ਮੈਂਬਰ ਹਨ। ਕਿਉਂਕਿ ਪ੍ਰਤੀਨਿਧੀ ਸਭਾ ਦੇ 4 ਮੈਂਬਰ ਮੁਅੱਤਲ ਹਨ ਇਸ ਲਈ ਭਰੋਸੇ ਦੀ ਵੋਟ ਹਾਸਲ ਕਰਨ ਲਈ ‘ਓਲੀ’ ਨੂੰ ਘੱਟ ਤੋਂ ਘੱਟ 136 ਵੋਟਾਂ ਦੀ ਲੋੜ ਹੈ। ਇਸ ਲਈ ਇਨ੍ਹਾਂ ਹਾਲਾਤ ’ਚ ਆਪਣੀ ਸਰਕਾਰ ਬਚਾਉਣ ਲਈ ‘ਓਲੀ’ ਦੇ ਕੋਲ ਹੁਣ 15 ਸੰਸਦ ਮੈਂਬਰ ਘੱਟ ਹੋ ਗਏ ਹਨ।
ਇਸੇ ਦਰਮਿਆਨ 5 ਮਈ ਨੂੰ ਹੀ ‘ਓਲੀ’ ਨੇ ਮੁੱਖ ਵਿਰੋਧੀ ਧਿਰ ਦੇ ਨੇਤਾ ਅਤੇ ਨੇਪਾਲੀ ਕਾਂਗਰਸ ਦੇ ਪ੍ਰਧਾਨ ‘ਸ਼ੇਰ ਬਹਾਦਰ ਦੇਓਬਾ’ ਤੋਂ ਸਰਕਾਰ ਬਚਾਉਣ ਲਈ ਸਮਰਥਨ ਮੰਗਿਆ ਪਰ ਨੇਪਾਲ ਕਾਂਗਰਸ ਕੁਝ ਦਿਨ ਪਹਿਲਾਂ ਹੀ ਦੂਸਰੀਆਂ ਪਾਰਟੀਆਂ ਦੇ ਨਾਲ ਰਲ ਕੇ ਆਪਣੇ ਤੌਰ ’ਤੇ ਸਰਕਾਰ ਬਣਾਉਣ ਦੇ ਇਰਾਦੇ ਦਾ ਐਲਾਨ ਕਰ ਚੁੱਕੀ ਹੈ।
ਅਜਿਹੇ ’ਚ ਲੱਗਦਾ ਹੈ ਕਿ ਹੁਣ ‘ਓਲੀ’ ਦੀ ਕੁਰਸੀ ਖਿਸਕਣ ਹੀ ਵਾਲੀ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਿਆਸਤ ਹੈ ਅਤੇ ਇਸ ’ਚ ਆਖਰੀ ਸਮੇਂ ’ਤੇ ਹਾਲਾਤ ਕਿਹੜੀ ਕਰਵਟ ਲੈਣਗੇ, ਕੁਝ ਕਿਹਾ ਨਹੀਂ ਜਾ ਸਕਦਾ।
-ਵਿਜੇ ਕੁਮਾਰ