ਹਵਾਈ ਫੌਜ ਦੇ ਪੁਰਾਣੇ ਜਹਾਜ਼ਾਂ ਨੂੰ ਹੁਣ ਛੇਤੀ ਤੋਂ ਛੇਤੀ ਬਦਲਣਾ ਚਾਹੀਦੈ

10/01/2019 12:53:30 AM

ਇਕ ਪਾਸੇ ਅਤਿ-ਆਧੁਨਿਕ ‘ਰਾਫੇਲ’ ਅਤੇ ਹੋਰ ਜਹਾਜ਼ਾਂ ਨਾਲ ਭਾਰਤੀ ਹਵਾਈ ਫੌਜ ਨੂੰ ਹੋਰ ਮਜ਼ਬੂਤ ਅਤੇ ਅਤਿ-ਆਧੁਨਿਕ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਭਾਰਤੀ ਹਵਾਈ ਫੌਜ ਅਤੇ ਮਿਲਟਰੀ ’ਚ ਸ਼ਾਮਲ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਪੁਰਾਣੇ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਦਾ ਇਸਤੇਮਾਲ ਹਵਾਈ ਫੌਜ ਦੇ ਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ।

ਇਸੇ ਸਾਲ ਜਹਾਜ਼ਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਇਕ ਪਟੀਸ਼ਨ ਦੀ ਸੁਣਵਾਈ ’ਤੇ ਤਲਖ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ, ‘‘ਹਵਾਈ ਫੌਜ ਦੇ ਮਿਰਾਜ਼ ਜਹਾਜ਼ ਕਾਫੀ ਪੁਰਾਣੇ ਹਨ, ਜੋ ਕ੍ਰੈਸ਼ ਹੋਣੇ ਹੀ ਹਨ।’’ ਕੁਝ ਸਮਾਂ ਪਹਿਲਾਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਨੇ ਵੀ ਕਿਹਾ, ‘‘ਸਾਡੀ ਹਵਾਈ ਫੌਜ ਜਿੰਨੇ ਪੁਰਾਣੇ ਮਿੱਗ ਜਹਾਜ਼ਾਂ ਨੂੰ ਉਡਾ ਰਹੀ ਹੈ, ਓਨੀ ਪੁਰਾਣੀ ਤਾਂ ਕੋਈ ਕਾਰ ਵੀ ਨਹੀਂ ਚਲਾਉਂਦਾ।’’

1971 ਤੋਂ 2012 ਤਕ 482 ਮਿੱਗ ਜਹਾਜ਼ਾਂ ਦੇ ਹਾਦਸੇ ’ਚ 171 ਲੜਾਕੂ ਪਾਇਲਟਾਂ, 39 ਆਮ ਨਾਗਰਿਕਾਂ, 8 ਫੌਜੀ ਮੁਲਾਜ਼ਮਾਂ ਅਤੇ ਅਮਲੇ ਦੇ ਇਕ ਮੈਂਬਰ ਦੀ ਮੌਤ ਹੋਈ ਪਰ ਸਿਰਫ ਮਿੱਗ ਹੀ ਨਹੀਂ ਸਗੋਂ ਭਾਰਤੀ ਹਵਾਈ ਫੌਜ ਅਤੇ ਮਿਲਟਰੀ ਦੇ ਪੁਰਾਣੇ ਹੋ ਚੁੱਕੇ ਹੋਰ ਜਹਾਜ਼ ਅਤੇ ਹੈਲੀਕਾਪਟਰ ਵੀ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ :

* 28 ਜਨਵਰੀ ਨੂੰ ਹਵਾਈ ਫੌਜ ਦਾ ਜੈਗੁਆਰ ਲੜਾਕੂ ਜਹਾਜ਼ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ।

* 27 ਫਰਵਰੀ ਨੂੰ ਬੜਗਾਮ ਦੇ ਨਸਲਾਪੁਰ ’ਚ ਹਵਾਈ ਫੌਜ ਦਾ ਇਕ ਮਿੱਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਣ ਨਾਲ ਹਵਾਈ ਫੌਜ ਦੇ 2 ਪਾਇਲਟਾਂ ਦੀ ਮੌਤ ਹੋ ਗਈ।

* 25 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਹਵਾਈ ਫੌਜ ਦਾ ਇਕ ਮਿੱਗ 21 ਟ੍ਰੇਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

* ਅਤੇ ਹੁਣ ਬੀਤੀ 27 ਸਤੰਬਰ ਨੂੰ ਪੂਰਬੀ ਭੂਟਾਨ ਦੇ ਯੋਂਗਫੁਲਾ ’ਚ ਭਾਰਤੀ ਥਲ ਸੈਨਾ ਦਾ ਸਿੰਗਲ ਇੰਜਣ ਵਾਲਾ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਜਾਣ ਨਾਲ ਉਸ ’ਚ ਸਵਾਰ ਦੋਵੇਂ ਪਾਇਲਟਾਂ ਲੈਫਟੀਨੈਂਟ ਕਰਨਲ ਰਜਨੀਸ਼ ਪਰਮਾਰ ਅਤੇ ਉਨ੍ਹਾਂ ਦੇ ਕੋ-ਪਾਇਲਟ ਭੂਟਾਨ ਫੌਜ ਦੇ ‘ਕਾਲਜਾਂਗ ਵਾਗਦੀ’ ਦੀ ਮੌਤ ਹੋ ਗਈ।

ਇਸ ਬਾਰੇ ਰਜਨੀਸ਼ ਪਰਮਾਰ ਦੇ ਚਾਚੇ ਵੇਦ ਪਰਮਾਰ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ :

‘‘ਪੁਰਾਣੇ ਹੈਲੀਕਾਪਟਰ ਵੱਡੀ ਗਿਣਤੀ ’ਚ ਸਾਡੇ ਜਵਾਨਾਂ ਦੀਆਂ ਜਾਨਾਂ ਲੈ ਰਹੇ ਹਨ ਲਿਹਾਜ਼ਾ ਇਨ੍ਹਾਂ ਨੂੰ ਬਦਲਿਆ ਜਾਵੇ। ਇਥੋਂ ਤਕ ਕਿ ਵਾਹਨ ਵੀ ਹਰੇਕ 15 ਸਾਲਾਂ ਬਾਅਦ ਬਦਲ ਦਿੱਤੇ ਜਾਂਦੇ ਹਨ। ਸਾਡੇ ਬੱਚੇ ਤਾਂ ਕਦੇ ਵਾਪਸ ਨਹੀਂ ਆਉਣਗੇ ਪਰ ਪੁਰਾਣੇ ਹੈਲੀਕਾਪਟਰਾਂ ਨੂੰ ਨਵੇਂ ਹੈਲੀਕਾਪਟਰਾਂ ਨਾਲ ਬਦਲ ਕੇ ਹੋਰ ਕਈ ਜਵਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।’’

ਚੀਤਾ ਹੈਲੀਕਾਪਟਰਾਂ ਨੂੰ ਭਾਰਤੀ ਫੌਜ ’ਚ ਸ਼ਾਮਲ ਹੋਇਆਂ 40 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਅਤੀਤ ’ਚ ਇਨ੍ਹਾਂ ਨੂੰ ਬਦਲਣ ਦੇ ਸਾਰੇ ਯਤਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਅਸਫਲ ਹੁੰਦੇ ਰਹੇ ਹਨ।

ਸਮੇਂ ਦੀ ਮੰਗ ਹੈ ਕਿ ਭਾਰਤੀ ਫੌਜ ਅਤੇ ਹਵਾਈ ਫੌਜ ’ਚ ਇਸਤੇਮਾਲ ਹੋ ਰਹੇ ਪੁਰਾਣੇ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਆਦਿ ਨੂੰ ਛੇਤੀ ਤੋਂ ਛੇਤੀ ਬਦਲਿਆ ਜਾਵੇ ਤਾਂ ਕਿ ਸਾਡੀ ਰੱਖਿਆ ਪ੍ਰਭਾਵਿਤ ਨਾ ਹੋਵੇ ਅਤੇ ਸਾਡੇ ਵਡਮੁੱਲੇ ਜਵਾਨਾਂ ਨੂੰ ਬੇਵਕਤੀ ਮੌਤ ਦਾ ਸ਼ਿਕਾਰ ਵੀ ਨਾ ਹੋਣਾ ਪਵੇ।

–ਵਿਜੇ ਕੁਮਾਰ


Bharat Thapa

Content Editor

Related News