ਹੁਣ ਦੇਸ਼ ’ਚ ਤੇਜ਼ ਹੋ ਗਈਆਂ ATM ਲੁੱਟਣ ਦੀਆਂ ਵਾਰਦਾਤਾਂ

07/20/2022 1:44:57 AM

ਵਿਸ਼ਵ ਭਰ ’ਚ ਸਾਰੇ ਬੈਂਕਾਂ ਨੇ ਏ. ਟੀ. ਐੱਮ. ਲਗਾ ਕੇ ਖਾਤਾਧਾਰਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਉਹ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ਤੋਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਮਦਦ ਨਾਲ ਪੈਸੇ ਕਢਵਾ ਲੈਣ। ਇਹ ਸਹੂਲਤ ਇਕ ਵਰਦਾਨ ਹੈ ਪਰ ਅਪਰਾਧੀ ਤੱਤਾਂ ਵੱਲੋਂ ਏ. ਟੀ. ਐੱਮ. ਲੁੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਜਿਸ ਦੀਆਂ ਪਿਛਲੇ ਸਿਰਫ ਇਕ ਮਹੀਨੇ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ : 
* 14 ਜੂਨ ਨੂੰ ਬਾੜਮੇਰ ਸ਼ਹਿਰ (ਰਾਜਸਥਾਨ) ਦੇ ਭੀੜ-ਭੜੱਕੇ ਵਾਲੇ ਇਲਾਕੇ ’ਚ ਕਾਰ ’ਚ ਆਏ ਕੁਝ ਲੁਟੇਰੇ ਸਿਰਫ 12 ਮਿੰਟ ’ਚ 38 ਲੱਖ ਰੁਪਿਆਂ ਨਾਲ ਭਰਿਆ ਇਕ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲੈ ਗਏ। 
* 15 ਜੂਨ ਨੂੰ ਸਿਰੋਹੀ (ਰਾਜਸਥਾਨ) ਦੇ ਕਵਾਸ ਕਸਬੇ ’ਚ ਸਥਿਤ ਸਟੇਟ ਬੈਂਕ ਦੇ ਏ. ਟੀ. ਐੱਮ. ਬੂਥ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋੜਨ ਦੇ ਬਾਅਦ ਨਕਾਬਪੋਸ਼ ਲੁਟੇਰੇ ਰੁਪਿਆਂ ਨਾਲ ਭਰਿਆ ਏ. ਟੀ. ਐੱਮ. ਪੁੱਟ ਕੇ ਲੈ ਗਏ। 
* 16 ਜੂਨ ਨੂੰ ਗਿਰਿਡੀਹ (ਝਾਰਖੰਡ) ’ਚ ਚੋਰਾਂ ਦਾ ਇਕ ਗੈਂਗ 27 ਲੱਖ ਰੁਪਏ ਨਾਲ ਭਰਿਆ ਏ. ਟੀ. ਐੱਮ. ਪੁੱਟ ਕੇ ਲੈ ਗਿਆ। 
* 25 ਜੂਨ  ਨੂੰ ਹਲਦੀਪਾੜਾ (ਓਡਿਸ਼ਾ) ਦੇ ਪਦਮਪੁਰ ਹਾਟ ’ਚ ਬਦਮਾਸ਼ ਐੱਸ. ਬੀ. ਆਈ. ਦੇ ਏ. ਟੀ. ਐੱਮ. ’ਚ ਰੱਖੀ ਰਕਮ ਲੈ ਕੇ ਫਰਾਰ ਹੋ ਗਏ। 
* 29 ਜੂਨ ਨੂੰ ਗੋਪਾਲਗੰਜ (ਬਿਹਾਰ) ’ਚ ਵੈਕੁੰਠਪੁਰ ’ਚ ਲੁਟੇਰਿਆਂ ਦੇ ਇਕ ਗਿਰੋਹ ਨੇ ਇਕ ਬੈਂਕ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਤੇ ਕਾਲਖ ਮਲਣ ਅਤੇ 2 ਏ. ਟੀ. ਐੱਮ. ਮਸ਼ੀਨਾਂ ਨੂੰ ਗੈਸ ਕਟਰ ਨਾਲ ਕੱਟ ਕੇ ਉਨ੍ਹਾਂ ’ਚ ਰੱਖੇ 11 ਲੱਖ ਰੁਪਏ ਚੋਰੀ ਕਰ ਲਏ। 
* 2 ਜੁਲਾਈ ਨੂੰ ਬਾਂਸਵਾੜਾ (ਰਾਜਸਥਾਨ) ’ਚ ਬਦਮਾਸ਼ ਸਿਰਫ 47 ਮਿੰਟ ’ਚ ਇਕ ਬੈਂਕ ਦਾ ਏ. ਟੀ. ਐੱਮ. ਤੋੜ ਕੇ 17 ਲੱਖ ਰੁਪਏ ਲੈ ਉੱਡੇ। 
* 5-6 ਜੁਲਾਈ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਅੰਮ੍ਰਿਤਸਰ ’ਚ ਮਜੀਠਾ ਰੋਡ ’ਤੇ ਸਥਿਤ ਇਕ ਨਿੱਜੀ ਬੈਂਕ ਦਾ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ। 
* 8 ਜੁਲਾਈ ਨੂੰ ਟੋਹਾਨਾ ’ਚ ਨਕਾਬਪੋਸ਼ ਲੁਟੇਰੇ ਨੇ ਇਕ ਨਿੱਜੀ ਬੈਂਕ ਦਾ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼ ਕੀਤੀ। 
* 9 ਜੁਲਾਈ ਨੂੰ ਵੈਸ਼ਾਲੀ (ਬਿਹਾਰ) ਦੇ ਜਨਦਾਹਾ ਕਸਬੇ ’ਚ ਇਕ ਬੈਂਕ ਦੇ ਏ. ਟੀ. ਐੱਮ. ’ਚ ਮਕੈਨਿਕ ਬਣ ਕੇ ਆਏ 2 ਲੁਟੇਰਿਆਂ ਨੇ ਏ. ਟੀ. ਐੱਮ. ਖੋਲ੍ਹ ਕੇ ਉਸ ’ਚੋਂ ਲਗਭਗ 22 ਲੱਖ ਰੁਪਏ ਕੱਢੇ ਅਤੇ ਆਪਣੇ ਨਾਲ ਲਿਆਂਦੇ ਪਿੱਠੂ ਬੈਗਾਂ ’ਚ ਭਰ ਕੇ ਲੈ ਗਏ। 
* 9 ਜੁਲਾਈ ਨੂੰ ਹੀ ਛਤਰਪੁਰ (ਮੱਧ ਪ੍ਰਦੇਸ਼) ’ਚ ਚੋਰਾਂ ਨੇ ਸਟਈ ਰੋਡ ’ਤੇ ਸਥਿਤ ਇਕ ਬੈਂਕ ਦੇ ਏ. ਟੀ. ਐੱਮ. ਬੂਥ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਲੈਂਜ਼ ’ਤੇ ਕਾਲੇ ਰੰਗ ਦਾ ਸਪ੍ਰੇਅ ਕਰ ਕੇ ਸਾਇਰਨ ਦੀ ਤਾਰ ਕੱਟਣ ਦੇ ਬਾਅਦ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਉਸ ’ਚ ਰੱਖੇ 17.38 ਲੱਖ ਰੁਪਏ ਚੋਰੀ ਕਰ ਲਓ। 
* 9 ਜੁਲਾਈ ਨੂੰ ਹੀ ‘ਉੱਤਰ 24 ਪਰਗਨਾ’ (ਪੱਛਮੀ ਬੰਗਾਲ) ਦੇ ‘ਬਾਗਦਾ’ ’ਚ ਚੋਰ ਇਕ ਏ. ਟੀ. ਐੱਮ. ਨੂੰ ਤੋੜ ਕੇ ਉਸ ’ਚੋਂ ਰੁਪਏ ਕੱਢਣ ’ਚ ਅਸਫਲ ਰਹਿਣ ’ਤੇ ਸਮੁੱਚਾ ਏ. ਟੀ. ਐੱਮ. ਹੀ ਪੁੱਟ ਕੇ ਲੈ ਗਏ। 
* 11 ਜੁਲਾਈ ਨੂੰ ਆਗਰਾ (ਉੱਤਰ ਪ੍ਰਦੇਸ਼) ’ਚ ਚੋਰਾਂ ਨੇ ਸ਼ਮਸਾਬਾਦ ਰੋਡ ’ਤੇ ਇਕ ਏ. ਟੀ. ਐੱਮ. ਨੂੰ ਨਿਸ਼ਾਨਾ ਬਣਾਇਆ ਪਰ ਉਸ ਨੂੰ ਲੁੱਟਣ ’ਚ ਸਫਲ ਨਹੀਂ ਹੋ ਸਕੇ। 
* 13 ਜੁਲਾਈ ਨੂੰ ਇੰਦੌਰ ’ਚ ਇਕ ਹੀ ਦਿਨ ’ਚ ਲੁਟੇਰਿਆਂ ਨੇ 2 ਨਿੱਜੀ ਬੈਂਕਾਂ ਦੇ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼ ਕੀਤੀ। 
* 15-16 ਜੁਲਾਈ ਨੂੰ ਪਟਿਆਲਾ ਦੇ ਪਿੰਡ ਗੁਰਦਿੱਤਪੁਰਾ ’ਚ ਸਥਿਤ ਇਕ ਬੈਂਕ ਦੇ ਏ. ਟੀ. ਐੱਮ. ਬੂਥ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਸਪ੍ਰੇਅ ਕਰ ਕੇ ਗੈਸ ਕਟਰ ਨਾਲ ਏ. ਟੀ. ਐੱਮ. ਕੱਟ ਕੇ ਲੁਟੇਰੇ 15 ਮਿੰਟ ’ਚ 14.76 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।  
* ਅਤੇ ਹੁਣ 17 ਜੁਲਾਈ ਨੂੰ ਗਵਾਲੀਅਰ ਦੇ ਮੁਰਾਰ ’ਚ ਲੁਟੇਰੇ ਇਕ ਬੈਂਕ ਦੇ ਏ. ਟੀ. ਐੱਮ. ਤੋਂ 24 ਲੱਖ ਰੁਪਏ ਲੁੱਟ ਕੇ ਲੈ ਗਏ। 
ਕਈ ਏ. ਟੀ. ਐੱਮ. ’ਤੇ ਸੁਰੱਖਿਆ ਗਾਰਡ ਨਾ ਹੋਣ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਲਾਪ੍ਰਵਾਹੀ ਨਾਲ ਇਹ ਘਟਨਾਵਾਂ ਹੋ ਰਹੀਆਂ ਹਨ। ਅਕਸਰ ਦੇਖਿਆ ਗਿਆ ਕਿ ਅਪਰਾਧੀ ਏ. ਟੀ. ਐੱਮ. ’ਚ ਲਗਾਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਕੰਮ ਨਾ ਕਰਨ ਦੇ ਕਾਰਨ ਬਚ ਨਿਕਲਦੇ ਹਨ ਜਾਂ ਕੈਮਰਿਆਂ ’ਤੇ ਰੰਗ ਛਿੜਕ ਕੇ ਉਨ੍ਹਾਂ  ਨੂੰ ਨਕਾਰਾ ਬਣਾ ਦਿੰਦੇ ਹਨ। ਇਸ ਲਈ ਸਾਰੇ ਏ. ਟੀ. ਐੱਮ. ਅਜਿਹੀਆਂ ਥਾਵਾਂ ’ਤੇ ਲਾਏ ਜਾਣ ਜਿਨ੍ਹਾਂ ਦੇ ਨੇੜੇ-ਤੇੜੇ ਪੁਲਸ ਦਾ ਪਹਿਰਾ ਅਤੇ ਲੋੜੀਂਦੀ ਰੌਸ਼ਨੀ ਰਹਿੰਦੀ ਹੋਵੇ।  
ਏ. ਟੀ. ਐੱਮ. ਨੂੰ ਵੱਧ ਮਜ਼ਬੂਤੀ ਨਾਲ ਜ਼ਮੀਨ ਦੇ ਨਾਲ ਜੋੜਨ ਅਤੇ ਉਨ੍ਹਾਂ ’ਚ ਅਜਿਹੀ ਵਿਵਸਥਾ ਕਰਨ ਦੀ ਵੀ ਲੋੜ ਹੈ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰਨ ’ਤੇ ਬੈਂਕ ਅਤੇ ਨੇੜਲੇ ਥਾਣੇ ’ਚ ਖਤਰੇ ਦਾ ਅਲਾਰਮ ਵੱਜ ਉੱਠੇ। 
ਇਸ ਦੇ ਇਲਾਵਾ ਬੈਂਕ  ਮੈਨੇਜਮੈਂਟ ਵੱਲੋਂ ਸਾਰੇ ਏ. ਟੀ. ਐੱਮ. ’ਤੇ ਸੁਰੱਖਿਆ ਗਾਰਡ ਤਾਇਨਾਤ ਕਰਕੇ ਅਤੇ ਹੋਰਨਾਂ ਉਪਾਵਾਂ ਰਾਹੀਂ ਏ. ਟੀ. ਐੱਮ. ਦੀ ਸੁਰੱਖਿਆ ਮਜ਼ਬੂਤ ਕਰਨ ਦੀ ਵੀ ਲੋੜ ਹੈ, ਤਾਂ ਕਿ ਇਹ ਲੁਟੇਰਿਆਂ ਤੋਂ ਬਚੇ ਰਹਿਣ।    

ਵਿਜੇ ਕੁਮਾਰ  


Karan Kumar

Content Editor

Related News